ਟੇਂਬਿਨ ਤੂਫ਼ਾਨ 'ਚ ਮ੍ਰਿਤਕਾਂ ਦੀ ਗਿਣਤੀ 200 ਤੋਂ ਪਾਰ, ਲਗਭਗ 150 ਲਾਪਤਾ

ਦੱਖਣੀ ਫਿਲੀਪੀਨਜ਼ 'ਚ ਆਏ ਊਸ਼ਣ ਕਟੀਬੰਧੀ ਤੂਫ਼ਾਨ ਕਾਰਨ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ 100 ਤੋਂ ਵੱਧ ਲੋਕ ਲਾਪਤਾ ਹਨ।

ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਹਨ। ਪਿੰਡ ਦਲਾਮਾ ਤੂਫ਼ਾਨ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।

ਦਲਾਮਾ ਪਿੰਡ ਤਕਰੀਬਨ ਨਕਸ਼ੇ ਤੋਂ ਗਾਇਬ ਹੋ ਚੁੱਕਿਆ ਹੈ। ਅਜੇ ਦੂਰ-ਦਰਾਡੇ ਦੇ ਇਲਾਕਿਆਂ ਵਿੱਚ ਰਾਹਤ ਨਹੀਂ ਪਹੁੰਚ ਸਕੀ ਹੈ।

ਤੂਫ਼ਾਨ ਟੇਂਬਿਨ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਕਰਕੇ ਮਿੰਡਾਨੋ ਆਇਲੈਂਡ 'ਚ ਭਾਰੀ ਤਬਾਹੀ ਹੋਈ ਹੈ। ਹੁਣ ਤੂਫ਼ਾਨ ਵਿਅਤਨਾਮ ਵੱਲ ਵੱਧ ਰਿਹਾ ਹੈ।

ਫਿਲੀਪੀਨਜ਼ 'ਚ ਅਜਿਹੇ ਤੂਫ਼ਾਨ ਅਕਸਰ ਆਉਂਦੇ ਰਹਿੰਦੇ ਹਨ ਪਰ ਉਹ ਮਿੰਡਾਨੋ ਆਈਲੈਂਡ ਤੱਕ ਨਹੀਂ ਪਹੁੰਚਦੇ।

ਫਿਲੀਪੀਨਜ਼ 'ਚ ਵਿੰਟਾ ਨਾਂਅ ਨਾਲ ਜਾਣਿਆ ਜਾਣ ਵਾਲਾ ਟੇਂਬਿਨ ਤੂਫ਼ਾਨ ਸ਼ੁਕਰਵਾਰ ਨੂੰ ਮਿੰਡਾਨੋ ਪਹੁੰਚਿਆ ਸੀ।

ਇਸ ਦੇ ਨਾਲ ਹੀ ਕੁਝ ਇਲਾਕੇ ਲਨਾਓ ਡੇਲ ਨੋਰਤੇ ਅਤੇ ਲਨਾਓ ਡੇਲ ਸੁਰ ਵਿੱਚ ਸਰਕਾਰ ਵੱਲੋਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਰੇਪਲਰ ਵੈਬਸਾਈਟ ਨੇ ਸਰਕਾਰ ਦੇ ਹਵਾਲੇ ਨਾਲ ਕਿਹਾ ਹੈ ਕਿ ਸਭ ਤੋਂ ਵੱਧ ਜਾਨੀ ਨੁਕਸਾਨ ਲਨਾਓ ਡੇਲ ਲੋਰਤੇ 'ਚ ਹੋਇਆ। ਜਿੱਥੇ 127 ਮੌਤਾਂ ਦਰਜ ਹੋਈਆਂ ਹਨ। ਇਸਦੇ ਨਾਲ ਹੀ 50 ਤੋਂ ਵੱਧ ਜੰਬੋਅੰਗਾ ਅਤੇ ਘੱਟੋ-ਘੱਟ 18 ਲਨਾਓ ਡੇਲ ਸੁਰ ਵਿੱਚ ਹੋਈਆਂ ਹਨ।

ਤੋਬੋਦ ਪੁਲਿਸ ਅਧਿਕਾਰੀ ਗੇਰੀ ਪਰਾਮੀ ਨੇ ਏਐੱਫਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਲਨਾਓ ਡੇਲ ਨੋਰਤੇ ਦੇ ਪਿੰਡ 'ਚ ਘੱਟੋ ਘੱਟ 19 ਲੋਕਾਂ ਦੀ ਮੌਤ ਹੋਈ ਹੈ।

ਉਨ੍ਹਾਂ ਨੇ ਦੱਸਿਆ, "ਕਈ ਘਰ ਪਾਣੀ ਵਿੱਚ ਰੁੜ ਗਏ ਤੇ ਪੂਰਾ ਪਿੰਡ ਹੀ ਤਬਾਹ ਹੋ ਗਿਆ।"

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)