33 ਤਰੀਕਿਆਂ ਨਾਲ ‘ਸੌਂਕਣ’ ਤੋਂ ਛੁਟਕਾਰਾ ਦੁਆ ਸਕਦਾ ਹੈ ‘ਲਵ ਹਸਪਤਾਲ’!

    • ਲੇਖਕ, ਐਡ ਬਟਲਰ
    • ਰੋਲ, ਪੱਤਰਕਾਰ, ਬੀਬੀਸੀ

ਚੀਨ ਵਿੱਚ ਧੋਖੇਬਾਜ਼ ਜੋੜਿਆਂ ਨੂੰ ਉਨ੍ਹਾਂ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਤੋਂ ਨਿਜਾਤ ਦਵਾਈ ਜਾਂਦੀ ਹੈ। ਲੋਕ ਵਿਆਹ ਤੋਂ ਬਾਹਰਲੇ ਪ੍ਰੇਮੀਆਂ ਤੋਂ ਛੁਟਕਾਰਾ ਹਾਸਲ ਕਰਨ ਲਈ ਹਜ਼ਾਰਾਂ ਡਾਲਰ ਖਰਚ ਵੀ ਕਰ ਰਹੇ ਹਨ।

ਇੱਕ ਅਧਖੜ੍ਹ ਉਮਰ ਦੀ ਔਰਤ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ (ਇਸ ਲਈ ਮੈਂ ਉਨ੍ਹਾਂ ਨੂੰ ਸ਼੍ਰੀਮਤੀ ਐਕਸ ਕਹਾਂਗਾ) ਵੀਕਿੰਗ ਲਵ ਹਸਪਤਾਲ ਦੇ ਕਲਾਈਂਟ ਵਜੋਂ ਆਪਣੇ ਤਜਰਬੇ ਸਾਂਝੇ ਕੀਤੇ।

ਇਹ ਹਸਪਤਾਲ ਸ਼ੰਘਾਈ ਦਾ ਇਸ ਸਬੰਧ ਵਿੱਚ ਸਭ ਤੋਂ ਬਿਹਤਰੀਨ ਹਸਪਤਾਲ ਹੈ।

'ਇਲਾਜ ਬਾਅਦ ਰਿਸ਼ਤਾ ਮਜ਼ਬੂਤ ਹੋਇਆ'

ਕੰਬਦੀ ਹੋਈ ਆਵਾਜ਼ ਵਿੱਚ ਉਨ੍ਹਾਂ ਦੱਸਿਆ ਕਿ ਇਸ ਇਲਾਜ ਮਗਰੋਂ ਉਨ੍ਹਾਂ ਦਾ ਆਪਣੇ ਪਤੀ ਨਾਲ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਹੈ।

"ਪਹਿਲਾਂ ਤਾਂ ਇਹ ਵਿਆਹ ਹੀ ਸੀ, ਪਰ ਇਸ ਮਗਰੋਂ ਇਹ ਬਿਹਤਰ ਤੇ ਸਜੀਵ ਹੋ ਗਿਆ ਹੈ।"

ਇਸ ਇਲਾਜ ਵਿੱਚ ਉਨ੍ਹਾਂ ਨੂੰ ਕਈ ਮਹੀਨੇ ਸਲਾਹ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਸਕਾਰਾਤਮਕ ਰਹਿਣ ਬਾਰੇ ਤੇ ਕਿਵੇਂ ਇੱਕ ਫਰਜ਼ ਨਿਭਾਉਣ ਵਾਲੀ ਪਤਨੀ ਬਣਿਆ ਜਾਵੇ ਇਸ ਬਾਰੇ ਕਾਊਂਸਲਿੰਗ ਦਿੱਤੀ ਗਈ।

ਵੀਕਿੰਗ ਦੇ ਸਹਿ ਸੰਸਥਾਪਕ ਅਜਿਹੀਆਂ ਹੀ ਔਰਤਾਂ ਦਾ ਮਾਰਗ ਦਰਸ਼ਨ ਕਰਦੇ ਹਨ। ਔਰਤਾਂ ਵਿਆਹ ਦੇ ਰਹੱਸਾਂ ਬਾਰੇ ਅਤੇ ਆਪਣੇ ਪਤੀਆਂ ਦਾ ਧਿਆਨ ਭਟਕਣ ਤੋਂ ਰੋਕਣ ਬਾਰੇ ਜਾਨਣ ਲਈ ਆਉਂਦੀਆਂ ਹਨ।

ਸ਼੍ਰੀਮਤੀ ਐਕਸ ਨੇ ਦੱਸਿਆ ਕਿ, "ਜਦੋਂ ਮੈਨੂੰ ਰਿਸ਼ਤੇ ਦੇ ਬਾਰੇ ਪਤਾ ਲੱਗਿਆ ਤਾਂ ਮੈਂ ਆਪਣੇ ਪਤੀ ਨਾਲ ਗੱਲ ਕੀਤੀ। ਅਸੀਂ ਬਹੁਤ ਬੁਰੀ ਤਰ੍ਹਾਂ ਲੜੇ ਤੇ ਮੈਂ ਉਸਨੂੰ ਵਾਰ-ਵਾਰ ਪੁੱਛਿਆ ਕਿ ਕਿਉਂ-ਕਿਉਂ। ਪਹਿਲਾਂ ਤਾਂ ਉਸਨੇ ਗਲਤੀ ਮੰਨੀ ਪਰ ਬਾਅਦ ਵਿੱਚ ਉਸ ਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਫਿਰ ਮੈਂ ਮਦਦ ਲੈਣ ਦਾ ਫ਼ੈਸਲਾ ਲਿਆ।"

"ਅਸੀਂ ਕਾਫ਼ੀ ਕੁੱਝ ਇੱਕਠਿਆਂ ਵੇਖਿਆ ਹੈ। ਮੈਂ ਇਹ ਸਾਰਾ ਕੁਝ ਛੱਡ ਨਹੀਂ ਸਕਦੀ। ਮੈਂ ਵੱਖ ਹੋਣ ਬਾਰੇ ਕਦੇ ਸੋਚਿਆ ਹੀ ਨਹੀਂ। ਮੈਂ 50 ਸਾਲ ਦੀ ਹੋਣ ਵਾਲੀ ਹਾਂ ਤੇ ਮੇਰੀ ਉਮਰ ਦੀਆਂ ਔਰਤਾਂ ਲਈ ਬਾਹਰ ਕੁਝ ਵੀ ਨਹੀਂ ਹੈ।

10 ਲੱਖ ਤੋਂ ਵੱਧ ਕਲਾਈਂਟ

ਮਿੰਗ ਲੀ ਅਤੇ ਸਹਿ ਸੰਸਥਾਪਕ ਸ਼ੂ ਜ਼ਿਨ, 17 ਸਾਲਾਂ ਤੋਂ ਇਹ ਹਸਪਤਾਲ ਚਲਾ ਰਹੇ ਹਨ। ਉਹ ਦਾਅਵਾ ਕਰਦੇ ਹਨ ਕਿ ਹੁਣ ਤੱਕ ਦਸ ਲੱਖ ਤੋਂ ਵੱਧ ਕਲਾਈਂਟ ਆ ਚੁੱਕੇ ਹਨ।

ਉਹ ਵਿਆਹੇ ਜੀਵਨ ਲਈ ਸਲਾਹ ਦਿੰਦੇ ਹਨ ਤੇ ਇਸੇ ਬ੍ਰਾਂਡ ਦੀ ਪੇਸ਼ਕਾਰੀ ਕਰਦੇ ਹਨ - ਖਾਸ ਕਰਕੇ 'ਮਿਸਟ੍ਰੈਸ ਡੀਸਪੈਲਿੰਗ' ਦੇ ਹਥਿਆਰ ਦੀ ਖਾਸ ਢੰਗ ਨਾਲ ਹੀ ਮਸ਼ਹੂਰੀ ਕਰਦੇ ਹਨ।

ਕਿਵੇਂ ਦੂਰ ਕੀਤੀ ਜਾਂਦੀ ਹੈ ਪ੍ਰੇਮੀਕਾ?

ਸ਼ੂ ਜਿਨ ਨੇ ਦੱਸਿਆ, "ਸਾਡੇ ਕੋਲ ਪ੍ਰੇਮੀਕਾ(ਮਿਸਟ੍ਰੈਸ) ਨੂੰ ਦੂਰ ਕਰਨ ਦੇ 33 ਤਰੀਕੇ ਹਨ। ਵਿਆਹ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਹੁੰਦੀਆਂ ਹਨ। ਇੰਨ੍ਹਾਂ ਵਿੱਚੋਂ ਇੱਕ ਹੈ ਵਿਆਹ ਤੋਂ ਬਾਹਰ ਰਿਸ਼ਤਾ ਹੋਣਾ। ਇਹ ਬਹੁਤ ਗੰਭੀਰ ਹੈ, ਪਰਿਵਾਰ ਅਤੇ ਸਮਾਜ ਦੀ ਸਥਿਰਤਾ ਲਈ ਬੁਰਾ ਹੈ।"

ਸ਼ੂ ਜਿਨ ਚਾਰ ਮੁੱਖ ਤਕਨੀਕਾਂ ਦਾ ਜ਼ਿਕਰ ਕਰਦੇ ਹਨ:

  • ਕਿਸੇ ਹੋਰ ਨਾਲ ਪਿਆਰ ਵਿੱਚ ਪੈਣ ਲਈ ਮਿਸਟ੍ਰੈਸ(ਪ੍ਰੇਮੀਕਾ) ਨੂੰ ਪ੍ਰੇਰਣਾ
  • ਪਤੀ ਦੇ ਬੌਸ ਨੂੰ ਉਸਦਾ ਦੂਜੇ ਸ਼ਹਿਰ ਤਬਾਦਲਾ ਕਰਨ ਲਈ ਕਹਿਣਾ
  • ਮਾਪਿਆਂ ਜਾਂ ਦੋਸਤਾਂ ਨੂੰ ਦਖਲ ਦੇਣ ਲਈ ਕਹਿਣਾ
  • ਪਤੀ ਦੇ ਗੰਦੇ ਚਰਿੱਤਰ ਅਤੇ ਭਿਆਨਕ ਖਾਨਦਾਨੀ ਰੋਗ ਬਾਰੇ ਦੱਸ ਕੇ ਪ੍ਰੇਮੀਕਾ ਦੇ ਮੰਨ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਨਾ।

29 ਹੋਰ ਵੀ ਤਰੀਕੇ ਹਨ, ਪਰ ਸ਼ੂ ਜਿਨ ਨੇ ਦੱਸਿਆ, "ਬਾਕੀ ਤਰੀਕੇ ਵਪਾਰ ਲਈ ਗੁਪਤ ਹਨ। ਅਸੀਂ ਮੀਡੀਆ ਵਿੱਚ ਉਸ ਬਾਰੇ ਜਨਤੱਕ ਤੌਰ 'ਤੇ ਗੱਲ ਨਹੀਂ ਕਰ ਸਕਦੇ।"

ਲਵ ਹਸਪਤਾਲ ਦਾ ਦਾਅਵਾ ਹੈ ਕਿ ਉਹ ਕਦੇ ਗੈਰ-ਕਾਨੂੰਨੀ ਕੰਮ ਨਹੀਂ ਕਰਦੇ।

ਜਸੂਸੀ ਏਜੰਸੀ ਕਿਵੇਂ ਕਰਦੀ ਹੈ ਮਦਦ?

ਸ਼ੰਘਾਈ ਵਿੱਚ ਡਾਈ ਪੈਂਗ ਜੂਨ ਇੱਕ ਨਿੱਜੀ ਡਿਟੈਕਟਿਵ ਏਜੰਸੀ ਚਲਾਉਂਦੇ ਹਨ ਜੋ ਕਿ ਆਪਣੀ ਟੀਮ ਨਾਲ ਮਿਲ ਕੇ ਮਰਦਾਂ ਤੋਂ ਉਨ੍ਹਾਂ ਦੀਆਂ ਪ੍ਰੇਮੀਕਾਵਾਂ ਨੂੰ ਵੱਖ ਕਰਦੇ ਹਨ।

ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਤੇ ਵੀਡੀਓਜ਼ ਹਾਸਿਲ ਕਰਕੇ ਕਲਾਈਂਟਸ ਨੂੰ ਦਿੰਦੇ ਹਾਂ। ਦੂਜੇ ਸ਼ਬਦਾਂ ਵਿੱਚ ਹਨੀਟ੍ਰੈਪ ਕਰਦੇ ਹਾਂ। ਜਦੋਂ ਪਤੀ ਨੂੰ ਇਹ ਦਿਖਾਇਆ ਜਾਂਦਾ ਹੈ ਕਿ ਉਸ ਦੀ ਮਿਸਟ੍ਰੈਸ ਧੋਖੇਬਾਜ਼ ਹੈ ਤਾਂ ਜ਼ਿਆਦਾਤਰ ਉਹ ਉਸ ਨੂੰ ਛੱਡ ਦਿੰਦੇ ਹਨ ਤੇ ਆਪਣੇ ਪਰਿਵਾਰ ਨਾਲ ਮੁੜ ਜੁੜ ਜਾਂਦੇ ਹਨ।"

ਡਾਈ ਦਾ ਦਾਅਵਾ ਹੈ ਕਿ ਚੀਨ ਵਿੱਚ ਜ਼ਿਆਦਾਤਰ ਅਮੀਰ ਮਰਦ 'ਇੱਕ ਹੋਰ ਔਰਤ' ਨੂੰ ਆਪਣੇ ਨਾਲ ਰੱਖਣ ਨੂੰ ਆਮ ਗੱਲ ਮੰਨਦੇ ਹਨ।

ਕਿਵੇਂ ਕੰਮ ਕਰਦੇ ਹਨ ਏਜੰਟ?

ਡਾਈ ਪੈਂਡ ਜੂਨ ਨੇ ਇੱਕ ਏਜੰਟ ਨਾਲ ਮੈਨੂੰ ਮਿਲਵਾਇਆ। ਉਹ ਆਪਣੇ ਕੰਮ ਨੂੰ ਇੱਕ ਸਰਜਨ ਵਰਗਾ ਦੱਸਦਾ ਹੈ।

"ਪੂਰੀ ਟੀਮ ਮੇਰੀ ਮਦਦ ਲਈ ਨਾਲ ਹੁੰਦੀ ਹੈ। ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਔਰਤ ਕੀ ਚਾਹੁੰਦੀ ਹੈ। ਜੇ ਉਸ ਨੂੰ ਅਨੰਦਮਈ ਰਹਿਣ-ਸਹਿਣ, ਮਹਿੰਗਾ ਸਮਾਨ ਤੇ ਮਹਿੰਗੇ ਰੈਸਟੋਰੈਂਟ ਵਿੱਚ ਜਾਣ ਪਸੰਦ ਹੈ ਤਾਂ ਅਸੀਂ ਉਹ ਸਭ ਦਿੰਦੇ ਹਾਂ। ਜ਼ਿਆਦਾਤਰ ਮਿਸਟ੍ਰੈਸ ਪੈਸੇ ਦੀ ਚਾਹਤ ਰਖਦੀਆਂ ਹਨ।"

90% ਮਾਮਲਿਆਂ ਵਿੱਚ ਪੈਸਾ ਕੰਮ ਕਰਦਾ ਹੈ ਤਾਕਿ ਏਜੰਟ ਔਰਤ ਦੇ ਨਜ਼ਦੀਕ ਆ ਸਕੇ। ਇੱਕ ਵਾਰੀ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਜ਼ਰੂਰੀ ਤਸਵੀਰਾਂ ਖਿੱਚ ਲੈਂਦਾ ਹੈ।

ਹੁਣ ਤੱਕ ਮਾਮਲੇ

ਇਹ ਕਹਿਣਾ ਮੁਸ਼ਕਿਲ ਹੈ ਕਿ ਇਸ ਤਰ੍ਹਾਂ ਮਿਸਟ੍ਰੈਸ ਨੂੰ ਦੂਰ ਕਰਨ ਦੇ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਹਨ। 17 ਸਾਲਾਂ ਵਿੱਚ ਵਿਕਿੰਗ ਦਾ ਦਾਅਵਾ ਹੈ ਕਿ ਇੱਕ ਲੱਖ ਮਾਮਲੇ ਸੁਲਝਾਏ ਹਨ।

ਵੱਧਦੇ ਮਾਮਲਿਆਂ ਦੀ ਇੱਕ ਵਜ੍ਹਾ ਚੀਨ ਦਾ ਤਲਾਕ ਸਬੰਧੀ ਕਾਨੂੰਨ ਹੈ। ਜਿਸ ਦੇ ਤਹਿਤ ਪਤੀ ਨੂੰ ਤਲਾਕ ਲੈਣ ਦੌਰਾਨ ਪਤਨੀ ਨੂੰ ਆਪਣੀ ਜਾਇਦਾਦ ਦਾ ਹਿੱਸਾ ਦੇਣ ਦੀ ਲੋੜ ਨਹੀਂ। ਮਰਦ ਦੇ ਪਰਿਵਾਰ ਨੂੰ ਹੀ ਬੱਚਿਆਂ ਦੀ ਕਸਟਡੀ ਦਿੱਤੀ ਜਾਂਦੀ ਹੈ।

ਸ਼੍ਰੀਮਤੀ ਐਕਸ ਨੂੰ ਲਗਦਾ ਹੈ ਕਿ ਮਿਸਟ੍ਰੈਸ ਨੂੰ ਪਤੀ ਤੋਂ ਦੂਰ ਕਰਨਾ ਹੀ ਇੱਕ ਬਦਲ ਹੈ ਚਾਹੇ ਉਸ ਤੇ ਹਜ਼ਾਰਾਂ ਡਾਲਰ ਖਰਚ ਕਰ ਦਿੱਤੇ ਜਾਣ।

ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਪਤੀ ਨੂੰ ਹਾਲੇ ਵੀ ਪਿਆਰ ਕਰਦੀ ਹੈ? ਕੀ ਕੋਈ ਹੋਰ ਮਿਸਟ੍ਰੈਸ ਦੁਬਾਰਾ ਪਤੀ ਦੀ ਜ਼ਿੰਦਗੀ ਵਿੱਚ ਨਹੀਂ ਆ ਸਕਦੀ।

"ਬਿਲਕੁੱਲ ਮੈਂ ਉਸ ਨੂੰ ਹਾਲੇ ਵੀ ਪਿਆਰ ਕਰਦੀ ਹਾਂ। ਕਈ ਵਜ੍ਹਾ ਹਨ ਉਸ ਨੂੰ ਪਿਆਰ ਕਰਨ ਦੀਆਂ। ਮੈਨੂੰ ਪਤਾ ਹੈ ਕਿ ਮੁਸ਼ਕਿਲ ਕਿੱਥੇ ਹੈ। ਮੈਨੂੰ ਵਿਆਹੀ ਜ਼ਿੰਦਗੀ ਸੰਭਾਲਨੀ ਆਉਂਦੀ ਹੈ।"

ਲਵ ਹਸਪਤਾਲ ਦੇ ਸਹਿ-ਸੰਯੋਜਕ ਮਿੰਗ ਲੀ ਦਾ ਕਹਿਣਾ ਹੈ, "ਪ੍ਰੇਮੀਕਾ ਦਾ ਹੋਣਾ ਇੱਕ ਕੈਂਸਰ ਹੈ। ਸਭ ਤੋਂ ਪਹਿਲਾ ਕੰਮ ਹੈ ਇਸ ਕੈਂਸਰ ਤੋਂ ਛੁਟਕਾਰਾ ਪਾਉਣਾ। ਇਸ ਤੋਂ ਬਾਅਦ ਦੋਹਾਂ ਵਿੱਚ ਸਬੰਧ ਸੁਖਾਲੇ ਹੋ ਜਾਂਦੇ ਹਨ।

ਇਹ ਗੱਡੀ ਚਲਾਉਣੀ ਸਿੱਖਣ ਵਰਗਾ ਹੀ ਹੈ। ਚਲਾਉਣ ਲਈ ਲਾਈਸੈਂਸ ਲੈਣਾ ਔਖਾ ਹੈ, ਪਰ ਕੋਈ ਵੀ 18 ਸਾਲ ਦਾ ਵਿਆਹ ਕਰਵਾ ਸਕਦਾ ਹੈ। ਅਸੀਂ ਉਨ੍ਹਾਂ ਨੂੰ ਸਹੀ ਰਾਹ ਦਿਖਾ ਕੇ ਸੁਰੱਖਿਆ ਨਾਲ ਸੜਕ 'ਤੇ ਚੱਲਣ ਦੀ ਸਲਾਹ ਦਿੰਦੇ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)