ਮਿਲੋ, ਇੱਕ ਹਿੰਦੂ ਨੂੰ ਜਿਸਨੇ ਮੁਸਲਮਾਨਾਂ ਲਈ ਮਸਜਿਦ ਬਣਾਈ

- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ, ਅਬੂ ਧਾਬੀ
''ਮੈਂ ਜਨਸੰਘੀ ਹਾਂ। ਤੁਸੀਂ ਮੇਰੇ ਜਨਸੰਘ ਪਿਛੋਕੜ ਬਾਰੇ ਕੁਝ ਨਹੀਂ ਪੁੱਛਿਆ।'' ਇਹ ਸ਼ਬਦ ਅਬੂ ਧਾਬੀ ਵਿੱਚ ਪ੍ਰਵਾਸੀ ਭਾਰਤੀ ਡਾਕਟਰ ਬੀ ਆਰ ਸ਼ੇਟੀ ਦੇ ਹਨ। ਇਸ ਤੋਂ ਪਹਿਲਾਂ ਕਿ ਮੈਂ ਉਨ੍ਹਾਂ ਦੇ ਜਨਸੰਘ ਲਿੰਕ ਬਾਰੇ ਪੁੱਛਦਾ, ਉਹ ਇੰਟਰਵਿਊ ਦੇ ਦੌਰਾਨ ਖ਼ੁਦ ਹੀ ਬੋਲ ਪਏ।
ਅਬਰਾਂ ਡਾਲਰ ਦੇ ਮਾਲਕ ਡਾਕਟਰ ਸ਼ੇਟੀ ਇੱਕ ਜਨਸੰਘੀ ਤਾਂ ਹਨ ਪਰ ਖੁੱਲ੍ਹੇ ਵਿਚਾਰਾਂ ਦੇ।
ਉਹ ਸ਼ਾਇਦ ਅਜਿਹੇ ਪਹਿਲੇ ਜਨਸੰਘੀ ਹੋਣਗੇ ਜਿਨ੍ਹਾਂ ਨੇ ਮੁਸਲਮਾਨਾਂ ਲਈ ਮਸਜਿਦ ਬਣਵਾਈ ਹੈ।
ਅਬੂ ਧਾਬੀ ਵਿੱਚ ਉਨ੍ਹਾਂ ਦੇ ਹਸਪਤਾਲ ਵਿੱਚ ਬਣੀ ਇਹ ਮਸਜਿਦ ਛੋਟੀ ਹੈ ਪਰ ਸੋਹਣੀ ਹੈ।
ਸ਼ੇਟੀ ਉਸ ਸਮਿਤੀ ਦੇ ਪ੍ਰਧਾਨ ਵੀ ਹਨ ਜਿਸ 'ਤੇ ਅਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਿਰ ਦੇ ਨਿਰਮਾਣ ਦੀ ਜ਼ਿੰਮੇਦਾਰੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿੱਚ ਅਮੀਰਾਤ ਦਾ ਦੌਰਾ ਕੀਤਾ ਸੀ। ਉਸ ਵੇਲੇ ਮੰਦਿਰ ਲਈ ਅਬੂ ਧਾਬੀ ਸਰਕਾਰ ਨੇ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ।

ਮੰਦਿਰ 'ਤੇ ਕੰਮ ਅਗਲੇ ਸਾਲ ਸ਼ੁਰੂ ਕਰਨ ਦੀ ਯੋਜਨਾ ਹੈ। ਇਹ ਸਾਰੀ ਜ਼ਿੰਮੇਦਾਰੀ ਸ਼ੇਟੀ ਦੇ ਮੋਢਿਆ 'ਤੇ ਹੈ। ਉਂਝ ਦੁਬਈ ਵਿੱਚ ਪਹਿਲਾਂ ਹੀ 2 ਮੰਦਿਰ ਅਤੇ ਇੱਕ ਗੁਰਦੁਆਰਾ ਹੈ।
ਹਜ਼ਾਰਾ ਪ੍ਰਵਾਸੀ ਭਾਰਤੀਆਂ ਨੇ ਅਮੀਰਾਤ ਵਿੱਚ ਮੋਦੀ ਦਾ ਸਵਾਗਤ ਕੀਤਾ ਸੀ। ਸਵਾਗਤ ਦੇ ਇਸ ਪ੍ਰੋਗ੍ਰਾਮ ਨੂੰ ਅੰਜਾਮ ਦੇਣ ਵਾਲੇ ਕੋਈ ਹੋਰ ਨਹੀਂ ਡਾਕਟਰ ਸ਼ੇਟੀ ਹੀ ਸੀ।
ਸ਼ੇਟੀ ਅਮੀਰਾਤ ਵਿੱਚ ਪੰਜ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਹਨ।
ਉਹ ਅਮੀਰਾਤ ਵਿੱਚ ਸਿਹਤ ਸੇਵਾਵਾਂ ਦੀ ਸਭ ਤੋਂ ਵੱਡੀ ਕੰਪਨੀ ਨਿਊ ਮੈਡੀਕਲ ਸੈਂਟਰ (ਐਨਐਮਸੀ) ਦੇ ਮਾਲਕ ਹਨ ਜਿਸਦੇ ਇਸ ਦੇਸ ਵਿੱਚ ਦਰਜਨਾਂ ਹਸਪਤਾਲ ਅਤੇ ਕਲੀਨਿਕ ਹਨ।
ਯੂਏਈ ਐਕਸਚੇਂਜ ਨਾਮੀ ਮਨੀ ਟ੍ਰਾਂਸਫਰ ਕੰਪਨੀ ਦੇ ਵੀ ਉਹ ਮਾਲਕ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ 2014 ਵਿੱਚ ਵਿਦੇਸ਼ੀ ਮੁਦਰਾ ਕੰਪਨੀ ''ਟ੍ਰੈਵੇਕਸ'' ਨੂੰ ਖ਼ਰੀਦ ਲਿਆ ਜਿਸਦੀਆਂ 27 ਦੇਸਾਂ ਵਿੱਚ ਬ੍ਰਾਂਚਾਂ ਹਨ।

ਡਾਕਟਰ ਸ਼ੇਟੀ ਦੀ ਆਪਬੀਤੀ ਰੰਕ ਤੋਂ ਰਾਜਾ ਬਣਨ ਦੀ ਕਹਾਣੀ ਹੈ।
ਉਹ ਕਰਨਾਟਕ ਦੇ ਉੜੂਪੀ ਵਿੱਚ 1942 'ਚ ਪੈਦਾ ਹੋਏ ਅਤੇ ਉੱਥੇ ਹੀ ਉਨ੍ਹਾਂ ਦੀ ਪੜ੍ਹਾਈ ਹੋਈ।
ਜੇਬ ਵਿੱਚ ਕੁਝ ਪੈਸੇ ਪਾ ਕੇ ਉਹ 1973 ਵਿੱਚ ਆਪਣੀ ਕਿਸਮਤ ਅਜ਼ਮਾਉਣ ਦੁਬਈ ਪਹੁੰਚੇ। ਉਸ ਵੇਲੇ ਉਨ੍ਹਾਂ ਕੋਲ ਨੌਕਰੀ ਵੀ ਨਹੀਂ ਸੀ।
ਉਹ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ,''ਮੈਂ ਕਰਜ਼ ਲਿਆ ਅਤੇ ਕੁਝ ਡਾਲਰਾਂ ਨਾਲ ਇੱਥੇ ਆ ਗਿਆ। ਓਪਨ ਵੀਜ਼ਾ ਲੈ ਕੇ ਆਇਆ, ਕੋਈ ਨੌਕਰੀ ਨਹੀਂ ਸੀ। ਉਸ ਵੇਲੇ ਮੈਨੂੰ ਕਿਤੇ ਨੌਕਰੀ ਨਹੀਂ ਮਿਲੀ। ਮੈਂ ਹਰ ਹਾਲ ਵਿੱਚ ਕੰਮ ਕਰਨਾ ਚਾਹੁੰਦਾ ਸੀ। ਘਰ ਦੀ ਜ਼ਿੰਮੇਵਾਰੀਆਂ ਮੇਰੇ 'ਤੇ ਸੀ। ਇਸ ਲਈ ਮੈਂ ਵਾਪਿਸ ਨਹੀਂ ਗਿਆ।''

ਨੌਕਰੀ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਹ ਭਾਰਤ ਤੋਂ ਫਾਰਮਾਸਿਸਟ ਦੀ ਡਿਗਰੀ ਲੈ ਕੇ ਦੁਬਈ ਆਏ ਸੀ। ਇਹ ਪੜ੍ਹਾਈ ਉਨ੍ਹਾਂ ਦੇ ਕੰਮ ਆਈ।
''ਮੈਂ ਸੈਲਜ਼ਮੈਨ ਦੀ ਨੌਕਰੀ ਕੀਤੀ। ਘਰ ਘਰ ਜਾ ਕੇ ਦਵਾਈ ਵੇਚਣੀ ਸ਼ੁਰੂ ਕਰ ਦਿੱਤੀ। ਡਾਕਟਰਾਂ ਕੋਲ ਸੈਂਪਲ ਲੈ ਕੇ ਗਿਆ ਅਤੇ ਇਸ ਤਰ੍ਹਾਂ ਮੈਂ ਸਯੁੰਕਤ ਅਰਬ ਅਮੀਰਾਤ ਦਾ ਪਹਿਲਾ ਮੈਡੀਕਲ ਰਿਪਰਜ਼ੈਂਟੇਟਿਵ ਬਣ ਗਿਆ।''
ਹੌਲੀ-ਹੌਲੀ ਅਮੀਰਾਤ ਵਿੱਚ ਉਨ੍ਹਾਂ ਦੇ ਪੈਰ ਲੱਗੇ ਅਤੇ ਉਹ ਕਾਮਯਾਬੀਆਂ ਦੀਆਂ ਪੌੜੀਆਂ ਚੜ੍ਹਦੇ ਰਹੇ।
ਭਾਰਤੀਆਂ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਪੈਸਾ ਭੇਜਣ ਵਿੱਚ ਦਿੱਕਤ ਹੁੰਦੀ ਹੈ ਤਾਂ ਉਨ੍ਹਾਂ ਨੇ 1980 ਵਿੱਚ ਯੂਏਈ ਐਕਸਚੇਂਜ ਦੀ ਸਥਾਪਨਾ ਕੀਤੀ।
ਹੁਣ ਇਹ ਇੱਕ ਵੱਡੀ ਕੰਪਨੀ ਬਣ ਗਈ ਹੈ।

ਉਹ ਕਹਿੰਦੇ ਹਨ, ''ਪੂਰੇ ਭਾਰਤ ਵਿੱਚ ਹੋਰ ਇਸਦੇ ਇਲਾਵਾ ਫਿਲੀਪੀਂਸ, ਸ਼੍ਰੀਲੰਕਾ ਸਮੇਤ 24 ਦੇਸਾਂ ਵਿੱਚ ਅਸੀਂ ਪੈਸਾ ਭੇਜ ਰਹੇ ਹਾਂ ਜਿਸਦੀ ਰਾਸ਼ੀ 8 ਅਰਬ ਡਾਲਰ ਸਲਾਨਾ ਹੈ।''
ਕੀ ਇੰਟਰਨੈੱਟ ਅਤੇ ਸਮਾਰਟ ਫੋ਼ਨ ਦੇ ਦੌਰ ਵਿੱਚ ਕਿਸੇ ਨੂੰ ਘਰ ਪੈਸੇ ਭੇਜਣ ਲਈ ਉਨ੍ਹਾਂ ਦੀ ਕੰਪਨੀ ਦੀ ਲੋੜ ਪਵੇਗੀ?
ਸ਼ੇਟੀ ਮੁਤਾਬਿਕ ਇਸ ਨਾਲ ਉਨ੍ਹਾਂ ਦੀ ਕੰਪਨੀ ਨੂੰ ਫਾਇਦਾ ਹੋਇਆ ਹੈ, ਨੁਕਸਾਨ ਨਹੀਂ।
"ਮੋਬਾਇਲ ਐਪ ਦੇ ਕਾਰਨ ਮੈਨੂੰ ਹੁਣ ਨਵੀਂ ਬ੍ਰਾਂਚ ਖੋਲ੍ਹਣ ਲਈ ਪੈਸਾ ਖ਼ਰਚ ਨਹੀਂ ਕਰਨਾ ਪੈ ਰਿਹਾ। ਕਰਮਚਾਰੀਆਂ ਦੀਆਂ ਤਨਖ਼ਾਹਾਂ ਲਈ ਪੈਸਾ ਬਚਦਾ ਹੈ।"
ਉਨ੍ਹਾਂ ਕਿਹਾ, "ਹੁਣ ਤੁਸੀਂ ਆਪਣੇ ਫ਼ੋਨ ਦੇ ਐਪ ਨਾਲ ਪੈਸੇ ਘਰ ਭੇਜ ਸਕਦੇ ਹੋ ਅਤੇ ਤੁਹਾਡੇ ਦੇਸ ਵਿੱਚ ਇਹ ਪੈਸਾ ਸਿੱਧਾ ਤੁਹਾਡੇ ਅਕਾਊਂਟ ਵਿੱਚ ਚਲਾ ਜਾਵੇਗਾ। ਇਸ ਨਾਲ ਸਾਡੇ ਵਪਾਰ ਵਿੱਚ ਵਾਧਾ ਹੋਇਆ ਹੈ।"

ਸ਼ੇਟੀ ਨੇ 2003 ਵਿੱਚ ਫਾਰਮਾਸਊਟੀਕਲ ਨਿਰਮਾਤਾ ਐਨਐਮਸੀ ਨਿਊਫੋਰਮਾ ਦੀ ਸਥਾਪਨਾ ਕੀਤੀ ਜਿਸਦਾ ਉਦਘਾਟਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਏਪੀਜੀ ਅਬਦੁਲ ਕਲਾਮ ਨੇ ਕੀਤੀ ਸੀ।
ਅੱਜ ਉਹ ਇੱਕ ਅੰਦਾਜ਼ੇ ਮੁਤਾਬਕ ਲਗਭਗ 4 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਹਨ।
ਇੱਕ ਬੇਰੁਜ਼ਗਾਰ ਤੋਂ ਅਰਬਪਤੀ ਬਣਨ ਦਾ ਰਾਜ ਕੀ ਹੈ? ''ਮੇਰੀ ਕਾਮਯਾਬੀ ਦਾ ਸਭ ਤੋਂ ਵੱਡਾ ਰਾਜ਼ ਹੈ ਸ਼ੇਖ ਜ਼ਾਏਦ( ਜ਼ਾਏਦ ਬਿਨ ਸੁਲਤਾਨ ਅਲ ਨਾਹਯਾਨ ਅਮੀਰਾਤ ਦੇ ਸੰਸਥਾਪਕ ਅਤੇ ਇਸਦੇ ਰਈਸ) ਦੀ ਸਲਾਹ: ਗੁਣਵੱਤਾ ਅਤੇ ਸਮਰੱਥਾ। ਮੈਂ ਉਸ ਵਿੱਚ ਨੈਤਿਕਤਾ ਜੋੜ ਦਿੱਤੀ।''
ਸ਼ਾਇਦ ਇਸੇ ਲਈ ਉਨ੍ਹਾਂ ਨੂੰ ਸ਼ੇਖ ਜ਼ਾਏਦ ਦੇ ਅਮੀਰਾਤ ਨਾਲ ਗੂੜਾ ਪਿਆਰ ਹੈ। ਇਸ ਦੇਸ ਦੀ ਉਹ ਤਾਰੀਫ਼ ਕਰਦੇ ਨਹੀਂ ਥੱਕਦੇ।
''ਮੈਂ ਤੁਹਾਨੂੰ ਬਹੁਤ ਖੁਸ਼ੀ ਨਾਲ ਕਹਿਣਾ ਚਾਹੁੰਦਾ ਹਾਂ ਕਿ ਇਹ ਰਹਿਣ ਲਈ ਸਭ ਤੋਂ ਚੰਗਾ ਦੇਸ ਹੈ। ਮੈਂ ਇੱਥੇ ਸਹੀ ਸਮੇਂ ਤੇ ਆਇਆ। ਅੱਲਾਹ ਮੈਨੂੰ ਇੱਥੇ ਲੈ ਕੇ ਆਇਆ।''

ਜ਼ਾਹਿਰ ਹੈ ਅਮੀਰਾਤ ਨਾਲ ਬੇਹੱਦ ਪਿਆਰ ਦਾ ਕਾਰਨ ਇਹ ਵੀ ਹੈ ਕਿ ਇਸ ਦੇਸ ਨੇ ਸ਼ੇਟੀ ਨੂੰ ਸਭ ਕੁਝ ਦਿੱਤਾ।
ਉਹ ਕਹਿੰਦੇ ਹਨ ਜੇਕਰ ਉਹ ਭਾਰਤ ਵਿੱਚ ਰਹਿ ਜਾਂਦੇ ਤਾਂ ਉਨ੍ਹਾਂ ਨੂੰ ਐਨੀ ਕਾਮਯਾਬੀ ਨਹੀਂ ਮਿਲਦੀ।
ਤਾਂ ਕੀ ਉਨ੍ਹਾਂ ਨੂੰ ਆਪਣੇ ਦੇਸ ਭਾਰਤ ਨਾਲ ਲਗਾਵ ਨਹੀਂ?
ਉਹ ਤੁਰੰਤ ਇਸਦਾ ਡਿਪਲੋਮੈਟਿਕ ਜਵਾਬ ਇਸ ਤਰ੍ਹਾਂ ਦਿੰਦੇ ਹਨ,''ਮੈਂ ਹਮੇਸ਼ਾ ਕਹਿੰਦਾ ਹਾਂ ਮੇਰੀਆਂ 2 ਮਾਵਾਂ ਹਨ—ਇੱਕ ਆਪਣੀ ਮਾਤਭੂਮੀ (ਭਾਰਤ) ਅਤੇ ਇੱਕ ਇਹ (ਅਮੀਰਾਤ)ਜਿਸਨੇ ਮੇਰੀ ਦੇਖਭਾਲ ਕੀਤੀ। ਮੈਂ ਪੂਰੀ ਤਰ੍ਹਾਂ ਇਸ ਦੇਸ ਲਈ ਵਚਨਬੱਧ ਹਾਂ। ਨਾਲ ਹੀ ਆਪਣੇ ਦੇਸ ਲਈ ਵੀ ਵਚਨਬੱਧ ਹਾਂ।''
ਸ਼ੇਟੀ ਦੇ ਤਿੰਨ ਬੱਚੇ ਹਨ ਪਰ ਉਨ੍ਹਾਂ ਅਨੁਸਾਰ ਉਹ ਆਪਣੇ ਪੈਰਾਂ ਤੇ ਖ਼ੁਦ ਖੜ੍ਹੇ ਹੋਏ ਹਨ।
ਤਾਂ ਐਨਾ ਵੱਡਾ ਸਾਮਰਾਜ ਬੱਚਿਆਂ ਨੂੰ ਵਿਰਾਸਤ ਵਿੱਚ ਨਹੀਂ ਮਿਲੇਗਾ? ਜਵਾਬ ਆਇਆ ਨਹੀਂ।
ਸ਼ੇਟੀ ਇੱਕ ਟਰਸੱਟ ਬਣਾਉਣਾ ਚਾਹੁੰਦੇ ਹਨ ਜੋ ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਵਪਾਰ ਚਲਾਵੇਗਾ।













