ਯੇਰੋਸ਼ਲਮ: ਇਜ਼ਰਾਇਲ ਨਾਲ ਰਿਸ਼ਤੇ ਖਤਮ ਕਰਨ ਦੀ ਦਿੱਤੀ ਚਿਤਾਵਨੀ

ਤਸਵੀਰ ਸਰੋਤ, Rrodrickbeiler
ਤੁਰਕੀ ਦੇ ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਹੈ ਕਿ ਤੁਰਕੀ ਇਜ਼ਰਾਇਲ ਨਾਲ ਸਾਰੇ ਰਿਸ਼ਤੇ ਖ਼ਤਮ ਕਰ ਦੇਵੇਗਾ ਜੇ ਅਮਰੀਕਾ ਨੇ ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ।
ਰਾਸ਼ਟਰਪਤੀ ਰਿਚਿਪ ਤਾਈਪ ਐਰਦੋਗਾਨ ਨੇ ਕਿਹਾ ਕਿ ਅਜਿਹੇ ਫੈਸਲੇ ਨੂੰ ਮੁਸਲਿਮਾਂ ਦੇ ਖਿਲਾਫ ਸਮਝਿਆ ਜਾਵੇਗਾ।
ਇਸ ਫੈਸਲੇ ਦੇ ਖਿਲਾਫ਼ ਮਿਲਦੀਆਂ ਚਿਤਾਵਨੀਆਂ ਦੇ ਵਿਚਾਲੇ ਡੋਨਾਲਡ ਟਰੰਪ ਨੇ ਮੱਧ-ਪੂਰਬੀ ਦੇਸਾਂ ਦੇ ਆਗੂਆਂ ਨਾਲ ਫੋਨ 'ਤੇ ਗੱਲਬਾਤ ਕੀਤੀ।
ਫਿਲਿਸਤੀਨ ਨੇ ਵੀ ਚਿਤਾਇਆ
ਫਿਲਿਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਉਸ ਬਿਆਨ ਮੁਤਾਬਕ ਅੱਬਾਸ ਵੱਲੋਂ ਡੋਨਾਲਡ ਟਰੰਪ ਨੂੰ ਚਿਤਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਅਮਰੀਕਾ ਦੇ ਸਿਫਾਰਤਖਾਨੇ ਨੂੰ ਯੇਰੋਸ਼ਲਮ ਵਿੱਚ ਬਣਾਏ ਜਾਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
ਇਜ਼ਰਾਇਲ ਨੇ ਯੋਰੋਸ਼ਲਮ ਨੂੰ ਆਪਣੀ ਰਾਜਧਾਨੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਦੂਜੇ ਪਾਸੇ ਫਿਲਿਸਤੀਨ ਵੱਲੋਂ ਪੂਰਬੀ ਯੇਰੋਸ਼ਲਮ ਨੂੰ ਭਵਿੱਖ ਵਿੱਚ ਫਿਲਿਸਤੀਨ ਦੀ ਰਾਜਧਾਨੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਜੇ ਅਮਰੀਕਾ ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਦੇ ਦਿੰਦਾ ਹੈ ਤਾਂ 1948 ਵਿੱਚ ਇਜ਼ਰਾਇਲ ਬਣਨ ਤੋਂ ਬਾਅਦ ਅਜਿਹਾ ਕਰਨ ਵਾਲਾ ਉਹ ਪਹਿਲਾ ਦੇਸ ਹੋਵੇਗਾ।
ਤੁਰਕੀ ਨੇ ਪਿਛਲੇ ਸਾਲ ਹੀ ਇਜ਼ਰਾਇਲ ਨਾਲ ਕੂਟਨੀਤਕ ਰਿਸ਼ਤੇ ਬਹਾਲ ਕੀਤੇ ਸੀ। 6 ਸਾਲ ਪਹਿਲਾਂ ਤੁਰਕੀ ਨੇ ਉਸ ਦੇ 9 ਫਿਲਿਸਤੀਨ ਹਮਾਇਤੀ ਨਾਗਰਿਕਾਂ ਦੀ ਇਜ਼ਰਾਇਲੀ ਕਮਾਂਡੋਸ ਨਾਲ ਹੋਈ ਝੜਪ ਦੌਰਾਨ ਮੌਤ ਮਗਰੋਂ ਇਜ਼ਰਾਇਲ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਸੀ।

ਤਸਵੀਰ ਸਰੋਤ, Getty Images
ਉੱਧਰ ਇਜ਼ਰਾਇਲ ਦੇ ਮੰਤਰੀ ਨਾਫਤਾਲੀ ਬੈਨੇਟ ਨੇ ਤੁਰਕੀ ਦੇ ਰਾਸ਼ਟਰਪਤੀ 'ਤੇ ਹਮਲਾ ਬੋਲਦਿਆਂ ਹੋਇਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਇਜ਼ਰਾਇਲ 'ਤੇ ਹਮਲਾ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਿਆ ਜਾਂਦਾ।
ਯੇਰੋਸ਼ਲਮ 'ਤੇ ਵਿਵਾਦ ਕਿਉਂ?
ਯੇਰੋਸ਼ਲਮ ਸ਼ਹਿਰ ਵਿੱਚ ਯਹੂਦੀ, ਈਸਾਈ ਤੇ ਇਸਲਾਮ ਧਰਮ ਨਾਲ ਸਬੰਧਿਤ ਧਾਰਮਿਕ ਥਾਂਵਾਂ ਮੌਜੂਦ ਹਨ।
1967 ਦੀ ਮੱਧ ਪੂਰਬੀ ਏਸ਼ੀਆ ਦੀ ਲੜਾਈ ਵਿੱਚ ਇਜ਼ਰਾਇਲ ਨੇ ਸ਼ਹਿਰ ਦਾ ਉਹ ਹਿੱਸਾ ਆਪਣੇ ਕਾਬੂ ਵਿੱਚ ਕਰ ਲਿਆ ਸੀ ਜੋ ਪਹਿਲਾਂ ਜਾਰਡਨ ਕੋਲ ਸੀ।
ਯੇਰੋਸ਼ਲਮ 'ਤੇ ਇਜ਼ਰਾਇਲ ਦੇ ਦਾਅਵੇ ਨੂੰ ਕਦੇ ਵੀ ਕੌਮਾਂਤਰੀ ਪੱਧਰ 'ਤੇ ਮਾਨਤਾ ਨਹੀਂ ਮਿਲੀ। ਉਸਦੇ ਖਾਸ ਸਹਿਯੋਗੀ ਅਮਰੀਕਾ ਸਣੇ ਸਾਰੇ ਦੇਸਾਂ ਦੇ ਸਿਫ਼ਾਰਤਖਾਨੇ ਤੈਲ ਅਵੀਵ ਵਿੱਚ ਹਨ।

ਤਸਵੀਰ ਸਰੋਤ, Getty Images
1967 ਵਿੱਚ ਇਜ਼ਰਾਇਲ ਨੇ 2,00,000 ਯਹੂਦੀਆਂ ਦੇ ਲਈ ਪੂਰਬੀ ਯੇਰੋਸ਼ਲਮ ਵਿੱਚ ਘਰ ਬਣਾਏ ਜਿਨ੍ਹਾਂ ਨੂੰ ਕੌਮਾਂਤਰੀ ਕਨੂੰਨ ਤਹਿਤ ਗੈਰ ਕਨੂੰਨੀ ਕਰਾਰ ਦਿੱਤਾ ਗਿਆ। ਭਾਵੇਂ ਇਜ਼ਰਾਇਲ ਵੱਲੋਂ ਇਸਦਾ ਵਿਰੋਧ ਵੀ ਕੀਤਾ ਗਿਆ।
ਕੀ ਰਹੀ ਕੌਮਾਂਤਰੀ ਪ੍ਰਤੀਕਿਰਿਆ?
ਫਰਾਂਸ ਦੇ ਰਾਸ਼ਰਪਤੀ ਇਮੈਨੁਅਲ ਮੈਕਰੋਨ ਨੇ ਇਸ ਮੁੱਦੇ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮੁੱਦੇ 'ਤੇ ਕੋਈ ਵੀ ਫੈਸਲਾ ਇਜ਼ਰਾਇਲ ਤੇ ਫਿਲਿਸਤੀਨ ਦੇ ਵਿਚਾਲੇ ਗੱਲਬਾਤ ਤੋਂ ਬਾਅਦ ਹੀ ਲਿਆ ਜਾਣਾ ਚਾਹੀਦਾ ਹੈ।
ਅਰਬ ਲੀਗ ਦੇ ਮੁਖੀ ਅਹਬੂਲ ਹਰੇਤ ਵੱਲੋਂ ਇਸ ਕਦਮ ਨੂੰ ਖਤਰਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
ਸਾਉਦੀ ਅਰਬ ਮੁਤਾਬਕ ਅਜਿਹੇ ਫੈਸਲੇ ਦਾ ਇਜ਼ਰਾਇਲ ਤੇ ਫਿਲਿਸਤੀਨ ਵਿਚਾਲੇ ਚੱਲ ਰਹੀ ਸ਼ਾਂਤੀ ਪ੍ਰਕਿਰਿਆ 'ਤੇ ਮਾੜਾ ਅਸਰ ਪਏਗਾ।












