ਉੱਤਰੀ ਕੋਰੀਆਂ ਦੇ ਨੇਤਾ ਕਿਮ ਜੋਂਗ ਉਨ ਕੌਸਮੈਟਿਕ ਉਤਪਾਦ ਦੇਖਣ ਪਹੁੰਚੇ

ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨਾਲ ਟਕਰਾਅ 'ਚੋਂ ਸਮਾਂ ਕੱਢ ਕੇ ਪਿਓਂਗਯਾਂਗ ਵਿਖੇ ਇੱਕ ਕੌਸਮੈਟਿਕ ਫੈਕਟਰੀ ਦਾ ਦੌਰਾ ਕੀਤਾ।

ਹਾਲ ਹੀ ਵਿੱਚ ਸੁਰਜੀਤ ਕੀਤੀ ਗਈ ਇਸ ਫੈਕਟਰੀ ਵਿੱਚ ਕਿਮ ਆਪਣੀ ਪਤਨੀ ਰੀ ਸੋਲ-ਜੂ ਅਤੇ ਇੱਕ ਹੋਰ ਸੀਨੀਅਰ ਪਾਰਟੀ ਮੈਂਬਰ ਨਾਲ ਗਏ।

ਇਸੇ ਫੈਕਟਰੀ ਵਿੱਚ 14 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਕਿਮ ਜੋਂਗ-ਇਲ ਵੀ ਗਏ ਸਨ। ਇਹ ਦੌਰਾ ਦੇਸ ਦੇ ਸਰਕਾਰੀ ਚੈਨਲ ਉੱਤੇ ਵਿਖਾਇਆ ਗਿਆ ਸੀ।

ਇਹ ਪਹਿਲਾ ਮੌਕਾ ਹੈ ਕਿ ਕਿਮ ਆਪਣੀ ਪਤਨੀ ਨਾਲ ਕੌਸਮੈਟਿਕ ਉਤਪਾਦਾਂ ਨਾਲ ਘਿਰੇ ਦਿਖੇ ਹਨ। ਕਿਮ ਨੇ ਕੰਪਨੀ ਦੀ ਸਿਫ਼ਤ ਵੀ ਕੀਤੀ ਅਤੇ ਵਿਸ਼ਵ ਪੱਧਰੀ ਉਤਪਾਦ ਬਣਾਉਣ ਲਈ ਪ੍ਰੇਰਿਤ ਕੀਤਾ।

ਇਸ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਕਿਹਾ ਸੀ ਕਿ ਦੇਸ ਕਦੇ ਵੀ ਉੱਤਰੀ ਕੋਰੀਆ ਨੂੰ ਪਰਮਾਣੂ ਤਾਕਤ ਵਜੋਂ ਸਵੀਕਾਰ ਨਹੀਂ ਕਰੇਗਾ।

ਸ਼ਨੀਵਾਰ ਨੂੰ ਦੱਖਣੀ ਕੋਰੀਆ ਦੇ ਦੌਰੇ ਦੌਰਾਨ ਮੈਟਿਸ ਨੇ ਕਿਹਾ ਕਿ ਜੇ ਉੱਤਰੀ ਕੋਰੀਆ ਅਜਿਹੇ ਹਥਿਆਰਾਂ ਦੀ ਕਿਸੇ ਵੀ ਢੰਗ ਨਾਲ ਵਰਤੋਂ ਕਰਦਾ ਹੈ ਤਾਂ ਉਸ ਨੂੰ ਮੂੰਹ ਤੋੜਵਾਂ ਜਵਾਬ ਨਾਲ ਮਿਲੇਗਾ।

ਉੱਤਰੀ ਕੋਰੀਆ ਵੱਲੋਂ ਮਿਜ਼ਾਇਲ ਸੀਰੀਜ਼ ਤੇ ਪਰਮਾਣੂ ਪ੍ਰਯੋਗਾਂ ਕਾਰਨ ਪ੍ਰਾਇਦੀਪ 'ਤੇ ਤਣਾਅ ਵਧਿਆ ਹੋਇਆ ਹੈ ।

ਕਿਮ ਜੋਂਗ ਉਨ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਿੱਖੀ ਸ਼ਬਦਾਵਲੀ ਦੀ ਵਰਤੋਂ ਵੀ ਇਸ ਤਲਖੀ ਦਾ ਇੱਕ ਕਾਰਨ ਬਣੀ ਹੈ।

ਇਸ ਦੌਰੇ ਨੇ ਉਨ੍ਹਾਂ ਦਾ ਬਿਲਕੁਲ ਵੱਖਰਾ ਪੱਖ ਸਾਹਮਣੇ ਲਿਆਂਦਾ ਹੈ ਕਿਉਂਕਿ ਉਹ ਅਕਸਰ ਮਿਜ਼ਾਇਲਾਂ ਅਤੇ ਹਥਿਆਰਾਂ ਨਾਲ ਤਸਵੀਰਾਂ ਵਿੱਚ ਵੇਖੇ ਜਾਂਦੇ ਹਨ ਹਨ।

ਕਿਮ ਜੋਂਗ ਉਨ ਦੀ ਪਤਨੀ ਤੇ ਪਰਿਵਾਰ

ਬਹੁਤ ਸਾਰੀਆਂ ਖਬਰਾਂ ਸਨ ਕਿ ਉਹ ਇੱਕ ਗਾਇਕ ਸੀ ਅਤੇ ਇੱਕ ਪ੍ਰੋਗਰਾਮ ਵਿੱਚ ਪੇਸ਼ਕਾਰੀ ਕਰਦੇ ਹੋਏ, ਕਿਮ ਨੇ ਉਨ੍ਹਾਂ ਨੂੰ ਵੇਖਿਆ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਿਮ ਜੋਂਗ-ਉਨ ਅਤੇ ਰੀ ਸੋਲ-ਜੂ ਦੇ ਤਿੰਨ ਬੱਚੇ ਹਨ। ਇਹ ਅੰਦਾਜ਼ਾ ਰੀ ਸੋਲ-ਜੂ ਦੇ ਕੁੱਝ ਦੇਰ ਅਲੋਪ ਰਹਿਣ ਅਤੇ ਦੁਬਾਰਾ ਦਿਖਣ ਦੇ ਆਧਾਰ' ਤੇ ਲਗਾਇਆ ਜਾਂਦਾ ਹੈ।

ਇਨ੍ਹਾਂ ਗੱਲਾਂ ਦੀ ਕਦੇ ਪੁਸ਼ਟੀ ਨਹੀਂ ਹੋ ਸਕੀ।

ਰੀ ਸੋਲ-ਜੂ ਪੱਛਮੀ ਪਹਿਰਾਵੇ ਵਿੱਚ ਜਨਤਕ ਥਾਵਾਂ 'ਤੇ ਪਤੀ ਦੇ ਨਾਲ ਬੇਫਿਕਰੀ ਨਾਲ ਵੇਖੀ ਜਾਂਦੀ ਰਹੀ ਹੈ, ਉਨ੍ਹਾਂ ਦੀ ਤੁਲਨਾ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨਾਲ ਕੀਤੀ ਗਈ ਹੈ।

ਇਹ ਉਮੀਦ ਵੀ ਕੀਤੀ ਗਈ ਸੀ ਇਸ ਮਗਰੋਂ ਸ਼ਇਦ ਕਿਮ ਜੋਂਗ ਆਪਣੀ ਸ਼ੈਲੀ ਵਿੱਚ ਥੋੜ੍ਹੀ ਤਬਦੀਲੀ ਕਰਨਗੇ ਪਰ ਹਾਲੀਆ ਮਿਜ਼ਾਈਲ ਪਰਖਾਂ ਤੋਂ ਬਾਅਦ, ਉਨ੍ਹਾਂ ਦੇ ਦੇਸ ਦੇ ਕੌਮਾਂਤਰੀ ਸਬੰਧ ਅਚਾਨਕ ਬਿਗੜ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)