ਆਇਨਸਟਾਈਨ ਦਾ ਲਿਖਿਆ 'ਖੁਸ਼ੀ ਦਾ ਨੁਸਖਾ' ਕਰੀਬ 10 ਕਰੋੜ 'ਚ ਵਿਕਿਆ

ਤਸਵੀਰ ਸਰੋਤ, AFP
ਐਲਬਰਟ ਆਇਨਸਟਾਈਨ ਦੇ ਖੁਸ਼ੀ ਨਾਲ ਜਿਊਣ ਦੇ ਸਿਧਾਂਤ ਸਬੰਧੀ ਨੋਟ ਜਰੂਸਲਮ ਦੇ ਨਿਲਾਮੀ ਘਰ ਵਿੱਚ 10 ਕਰੋੜ ਤੋਂ ਵੱਧ ਦਾ ਵਿਕਿਆ।
ਜਰਮਨੀ 'ਚ ਪੈਦਾ ਹੋਏ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਨੇ 1922 'ਚ ਇਹ ਨੋਟ ਜਪਾਨ ਵਿੱਚ ਇੱਕ ਕੋਰੀਅਰ ਵਾਲੇ ਨੂੰ ਟਿਪ 'ਚ ਦਿੱਤਾ ਸੀ।
ਉਨ੍ਹਾਂ ਕੋਰੀਅਰ ਵਾਲੇ ਨੂੰ ਕਿਹਾ ਕਿ ਜੇ ਉਹ ਖੁਸ਼ਕਿਸਮਤ ਹੋਇਆ ਤਾਂ ਇਹ ਨੋਟ ਕੀਮਤੀ ਹੋ ਜਾਵੇਗਾ।
'ਇੱਕ ਸ਼ਾਂਤ ਤੇ ਨਿਮਰ ਜੀਵਨ ਜ਼ਿਆਦਾ ਖੁਸ਼ੀ ਦੇਵੇਗਾ'
ਜਦੋਂ ਕੋਰੀਅਰ ਵਾਲਾ ਡਿਲੀਵਰੀ ਲਈ ਉਨ੍ਹਾਂ ਦੇ ਕਮਰੇ 'ਚ ਆਇਆ ਤਾਂ ਉਨ੍ਹਾਂ ਕੋਲ ਟਿਪ ਦੇਣ ਲਈ ਪੈਸੇ ਨਹੀਂ ਸਨ।
ਉਸ ਵੇਲੇ ਉਨ੍ਹਾਂ ਸੁਣਿਆ ਸੀ ਕਿ ਉਨ੍ਹਾਂ ਨੇ ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ ਜਿੱਤਿਆ ਹੈ।

ਤਸਵੀਰ ਸਰੋਤ, Getty Images
ਪੈਸਿਆਂ ਦੀ ਥਾਂ ਉਨ੍ਹਾਂ ਨੇ ਇੰਪੀਰੀਅਲ ਹੋਟਲ ਟੋਕੀਓ ਦੀ ਸਟੇਸ਼ਨਰੀ ਦੀ ਵਰਤੋਂ ਨਾਲ ਕੋਰੀਅਰ ਵਾਲੇ ਨੂੰ ਇੱਕ ਦਸਤਖ਼ਤੀ ਨੋਟ ਜਰਮਨ ਭਾਸ਼ਾ 'ਚ ਲਿੱਖ ਕੇ ਦਿੱਤਾ।
ਨੋਟ 'ਚ ਲਿਖਿਆ ਸੀ, 'ਕਾਮਯਾਬੀ ਤੇ ਉਸ ਦੇ ਨਾਲ ਆਉਣ ਵਾਲੀ ਬੇਚੈਨੀ ਦੀ ਥਾਂ ਇੱਕ ਸ਼ਾਂਤ ਤੇ ਨਿਮਰ ਜੀਵਨ ਜ਼ਿਆਦਾ ਖੁਸ਼ੀ ਦੇਵੇਗਾ।'

ਤਸਵੀਰ ਸਰੋਤ, Topical Press Agency / Getty Images
ਨਿਲਾਮੀ ਕਰਨ ਵਾਲੀ ਕੰਪਨੀ ਮੁਤਾਬਕ ਇਸੇ ਸਮੇਂ ਇੱਕ ਹੋਰ ਨੋਟ ਲਿੱਖਿਆ ਗਿਆ ਸੀ। ਇਸ ਵਿੱਚ ਲਿੱਖਿਆ ਸੀ, 'ਜਿੱਥੇ ਇੱਛਾ ਹੁੰਦੀ ਹੈ, ਉੱਥੇ ਰਾਹ ਵੀ ਹੁੰਦਾ ਹੈ।'
ਇਹ ਨੋਟ ਕਰੀਬ ਦੋ ਕਰੋੜ ਰੁਪਏ ਦਾ ਵਿਕਿਆ।
ਨਿਲਾਮੀਕਰਤਾ ਨੇ ਕਿਹਾ, 'ਦੋਵੇਂ ਨੋਟਸ ਲਈ ਜੇਤੂ ਬੋਲੀਆਂ ਅਨੁਮਾਨਿਤ ਕੀਮਤ ਨਾਲੋਂ ਕਿਤੇ ਵੱਧ ਸਨ।'
ਦੱਸਿਆ ਗਿਆ ਕਿ ਇੱਕ ਨੋਟ ਦਾ ਖਰੀਦਦਾਰ ਯੂਰਪੀਅਨ ਸੀ ਜਿਸਨੇ ਗੁਮਨਾਮ ਰਹਿਣ ਦੀ ਇੱਛਾ ਜ਼ਾਹਿਰ ਕੀਤੀ।
ਵੇਚਣ ਵਾਲੇ ਨੂੰ ਕੋਰੀਅਰ ਵਾਲੇ ਦਾ ਭਾਣਜਾ ਦੱਸਿਆ ਗਿਆ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)












