ਸਪੇਨ ਦੇ ਪ੍ਰਧਾਨ ਮੰਤਰੀ ਨੇ ਕੈਟਲੋਨੀਆ ਨੂੰ ਦਿੱਤਾ ਪੰਜ ਦਿਨਾਂ ਦਾ ਸਮਾਂ

ਕੈਟੇਲੋਨੀਆ ਰਾਏਸ਼ੁਮਾਰੀ ਤੋਂ ਪ੍ਰਭਾਵਿਤ ਸਿਆਸੀ ਸੰਕਟ ਵਿਚਾਲੇ ਸਪੇਨ ਆਪਣੇ ਕੌਮੀ ਦਿਵਸ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ।

ਇਸ ਦਿਨ ਕੌਮੀ ਛੁੱਟੀ ਹੁੰਦੀ ਹੈ ਅਤੇ ਇਹ ਸਪੇਨ ਦੇ ਮੁੜ-ਏਕੀਕਰਣ ਤੇ 1492 'ਚ ਅਮਰੀਕਾ 'ਚ ਕ੍ਰਿਸਟੋਫਰ ਕੋਲੰਬਸ ਦਾ ਪਹਿਲੇ ਆਗਮਨ ਦੀ ਯਾਦ 'ਚ ਮਨਾਇਆ ਜਾਂਦਾ ਹੈ।

ਇਸ ਮੌਕੇ ਰਾਜਧਾਨੀ ਮੈਡ੍ਰਿਡ 'ਚ ਪਰੇਡ ਨਿਕਲੇਗੀ ਅਤੇ ਇਸ ਪਰੇਡ ਵਿੱਚ ਰਾਜਾ ਫੀਲਿਪ ਦੇ ਨਾਲ ਮਿਸਟਰ ਰਾਜੌਏ ਵੀ ਸ਼ਮੂਲੀਅਤ ਕਰ ਸਕਦੇ ਹਨ।

ਇਸ ਤੋਂ ਇਲਾਵਾ ਦੇਸ ਭਰ 'ਚ ਹੋਰ ਪ੍ਰੋਗਰਾਮ ਵੀ ਉਲੀਕੇ ਜਾਣਗੇ।

ਪਰ ਇਸ ਵਾਰ ਉਹ ਸਮਾਗਮ 1 ਅਕਤੂਬਰ ਨੂੰ ਰਾਏਸ਼ੁਮਾਰੀ ਤੋਂ ਉਪਜੇ ਸਿਆਸੀ ਸੰਕਟ ਵਿਚਾਲੇ ਅਇਆ ਹੈ।

ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਹੋਈ ਨੇ ਕਿਹਾ ਸਪੇਨ ਆਪਣੇ 40 ਸਾਲ ਪੁਰਾਣੇ ਲੋਕਤੰਤਰ 'ਚ ਪਹਿਲੀ ਵਾਰ ਅਜਿਹੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਅਤੇ ਇੱਕ ਦਿਨ ਬਾਅਦ ਜਨਤਕ ਏਕਤਾ ਦੇ ਪ੍ਰਦਰਸ਼ਨ ਦਾ ਦਿਨ ਆ ਰਿਹਾ ਹੈ।

ਸਪੇਨ ਨੇ ਕੈਟੇਲੋਨੀਆ ਨੂੰ ਦਿੱਤਾ 5 ਦਿਨਾਂ ਦਾ ਸਮਾਂ

ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਹੋਈ ਨੇ ਕੈਟਲੋਨੀਆ ਪ੍ਰਸ਼ਾਸਨ ਨੂੰ ਪੰਜ ਦਿਨਾਂ ਦਾ ਸਮਾਂ ਦਿੱਤਾ ਹੈ ਕਿ ਉਹ ਰਸਮੀ ਤੌਰ 'ਤੇ ਇਹ ਦੱਸੇ ਕਿ ਕੀ ਕੈਟੇਲੋਨੀਆ ਨੂੰ ਸਪੇਨ ਤੋਂ ਵੱਖ ਇੱਕ ਅਜ਼ਾਦ ਮੁਲਕ ਐਲਾਨ ਦਿੱਤਾ ਗਿਆ ਹੈ।

ਜੇਕਰ ਜਵਾਬ ਵਜੋਂ ਅਜ਼ਾਦ ਦੇਸ ਐਲਾਨੇ ਜਾਣ ਦੀ ਪੁਸ਼ਟੀ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਹੈ ਤਾਂ ਅਗਲੇ ਵੀਰਵਾਰ ਨੂੰ ਸਪੇਨ ਵੱਲੋਂ ਐਲਾਨ ਰੱਦ ਕਰਨ ਲਈ ਇੱਕ ਆਲਟੀਮੇਟਮ ਦਿੱਤਾ ਜਾਵੇਗਾ।

ਕੈਟੇਲੋਨੀਆ ਦੇ ਆਗੂ ਜੇਕਰ ਅਜਿਹਾ ਕਰਨ 'ਚ ਸਫ਼ਲ ਨਹੀਂ ਹੁੰਦੇ ਤਾਂ ਸਪੇਨ ਸੰਵਿਧਾਨ ਤਹਿਤ ਕੈਟਲੋਨੀਆ ਨੂੰ ਸਿੱਧੇ ਆਪਣੇ ਸ਼ਾਸਨ ਹੇਠ ਲਿਆ ਸਕਦਾ ਹੈ।

ਕੈਟਲਨ ਸੰਸਦ 'ਚ ਅਜ਼ਾਦੀ ਸਮਰਥਕ ਸਪੀਕਰ ਕਰਮਾ ਫੋਰਕਦੇਲ ਨੇ ਸਪੇਨ ਨੂੰ ਅਜਿਹਾ ਨਾ ਕਰਨ ਚਿਤਾਵਨੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਪੇਨ ਨੇ ਅਜਿਹਾ ਕੀਤਾ ਤਾਂ ਲੋਕ ਵੱਡੀ ਗਿਣਤੀ 'ਚ ਆਪਣੀ ਸਰਕਾਰ ਦੇ ਪੱਖ 'ਚ ਸੜਕਾਂ ਦੇ ਉੱਤਰ ਆਉਣਗੇ।

ਕੈਟੇਲੋਨੀਆ ਦੇ ਆਗੂਆਂ ਨੇ ਬੀਤੇ ਮੰਗਲਵਾਰ ਆਪਣੀ ਅਜ਼ਾਦੀ ਦੇ ਐਲਾਨ ਨੂੰ ਟਾਲ ਦਿੱਤਾ ਸੀ।

ਕੈਟੇਲੋਨੀਆ ਦੇ ਰਾਸ਼ਟਰਪਤੀ ਕਾਰਲਸ ਪੁਆਦੇਮੋਂਟ ਨੇ ਸਥਾਨਕ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਅਜ਼ਾਦ ਕੈਟਲੋਨੀਆ ਦੇ ਪੱਖ 'ਚ ਮਿਲੀ ਰਾਏ ਸ਼ੁਮਾਰੀ ਦਾ ਪਾਲਣ ਕਰਨਗੇ ਪਰ ਸਮੱਸਿਆ ਦੇ ਹੱਲ ਲਈ ਪਹਿਲਾ ਸਪੇਨ ਨਾਲ ਗੱਲਬਾਤ ਦੀ ਜਰੂਰਤ ਹੈ।

'ਭਰਮ ਫੈਲਾ ਰਹੇ ਹਨ ਕੈਟੇਲੋਨੀਆ ਆਗੂ'

ਮਾਰੀਆਨੋ ਨੇ ਕੈਟੇਲੋਨੀਆ ਦੇ ਰਾਸ਼ਟਰਪਤੀ ਕਾਰਲਸ ਪੁਆਦੇਮੋਟ 'ਤੇ ਜਾਣਬੁੱਝ ਕੇ ਭਰਮ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ।

ਉਨ੍ਹਾਂ ਨੇ ਕਿਹਾ, "ਸਰਕਾਰ ਸੰਵਿਧਾਨ ਦੀ ਧਾਰਾ 155 ਦੇ ਤਹਿਤ ਹਰ ਜਰੂਰੀ ਕਦਮ ਚੁੱਕੇਗੀ ਤਾਂ ਜੋ ਦੇਸ ਦੇ ਨਾਗਰਿਕਾਂ ਵਿਚਾਲੇ ਉਨ੍ਹਾਂ ਦੀ ਸੁਰੱਖਿਆ ਅਤੇ ਸਪੱਸ਼ਟ ਤੌਰ 'ਤੇ ਜੁੜੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਸਕੇ।"

ਮਾਰੀਆਨੋ ਨੇ ਬੁੱਧਵਾਰ ਨੂੰ ਕੈਬਨਿਟ ਦੀ ਐਮਰਜੈਂਸੀ ਬੈਠਕ ਤੋਂ ਬਾਅਦ ਕਿਹਾ ਕਿ ਇਸ ਬੈਠਕ 'ਚ ਸਰਕਾਰ ਦੇ ਅਗਾਮੀ ਕਦਮਾਂ 'ਤੇ ਚਰਚਾ ਹੋਈ ਹੈ।

ਇਸ ਤੋਂ ਪਹਿਲਾਂ ਮਾਰੀਆਨੋ ਨੇ ਸੰਸਦ 'ਚ ਕਿਹਾ ਸੀ ਕਿ ਸਪੇਨ ਆਪਣੇ 40 ਸਾਲ ਪੁਰਾਣੇ ਲੋਕਤੰਤਰ 'ਚ ਪਹਿਲੀ ਵਾਰ ਅਜਿਹੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।

ਕੈਟੇਲੋਨੀਆ 'ਚ ਹੋਈ ਸੀ ਰਾਏਸ਼ੁਮਾਰੀ

ਕੈਟੇਲੋਨੀਆ ਨੂੰ ਵੱਖਰਾ ਦੇਸ ਬਣਾਉਣ ਲਈ 1 ਅਕਤੂਬਰ ਨੂੰ ਰਾਏਸ਼ੁਮਾਰੀ ਹੋਈ ਸੀ। ਜਿਸ ਨੂੰ ਸਪੇਨ ਦੀ ਸੰਵਿਧਾਨਕ ਅਦਾਲਤ ਨੇ ਗ਼ੈਰ ਕਾਨੂੰਨੀ ਕਰਾਰ ਦਿੱਤਾ ਸੀ।

ਕੈਟੇਲੋਨੀਆ ਦੇ ਅਧਿਕਾਰੀਆਂ ਮੁਤਾਬਕ ਇਸ ਰਾਏਸ਼ੁਮਾਰੀ 'ਚ 43 ਫ਼ੀਸਦੀ ਵੋਟ ਦਰਜ ਕੀਤੇ ਗਏ ਸਨ।

ਜਿਨ੍ਹਾਂ ਵਿਚੋਂ 90 ਫ਼ੀਸਦੀ ਵੋਟ ਕੈਟਲੋਨੀਆ ਦੀ ਆਜ਼ਾਦੀ ਦੇ ਹੱਕ 'ਚ ਪਏ ਸਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)