ਕੈਟੇਲੋਨੀਆ: ਅਜ਼ਾਦੀ ਦੇ ਇਕਰਾਰਨਾਮੇ 'ਤੇ ਦਸਤਖ਼ਤ ਪਰ ਘੋਸ਼ਨਾ ਟਲੀ

ਕੈਟਲੈਨ ਦੇ ਰਾਸ਼ਟਰਪਤੀ ਕਾਰਲਸ ਪੁਆਇਦੇਮੋਂਟ ਅਤੇ ਹੋਰਨਾਂ ਖੇਤਰੀ ਆਗੂਆਂ ਨੇ ਵਿਵਾਦਤ ਰਾਏਸ਼ੁਮਾਰੀ ਤੋਂ ਬਾਅਦ ਸਪੇਨ ਤੋਂ ਅਜ਼ਾਦੀ ਦਾ ਐਲਾਨ ਕਰਦਿਆਂ ਇਕਰਾਰਨਾਮੇ 'ਤੇ ਹਸਤਾਖਰ ਕਰ ਦਿੱਤੇ ਹਨ।

ਹਾਲਾਂਕਿ ਇਹ ਕੁਝ ਹਫ਼ਤੇ ਤੱਕ ਲਾਗੂ ਨਹੀਂ ਹੋਏਗਾ, ਤਾਕਿ ਮਡਰਿਡ ਦੀ ਸਰਕਾਰ ਨਾਲ ਗੱਲਬਾਤ ਹੋ ਸਕੇ।

ਇਸ ਦਸਤਾਵੇਜ਼ ਵਿੱਚ ਕੈਟੇਲੋਨੀਆ ਨੂੰ 'ਅਜ਼ਾਦ ਅਤੇ ਖੁਦਮੁਖਤਿਆਰ ਸੂਬਾ' ਕਰਾਰ ਦਿੱਤਾ ਗਿਆ ਹੈ।

ਹਾਲਾਂਕਿ ਇਸ ਦਸਤਾਵੇਜ ਨੂੰ ਸਪੇਨ ਦੀ ਕੇਂਦਰ ਸਰਕਾਰ ਨੇ ਤੁਰੰਤ ਰੱਦ ਕਰ ਦਿੱਤਾ।

ਇੱਕ ਅਕਟੂਬਰ ਨੂੰ ਹੋਈ ਰਾਏਸ਼ੁਮਾਰੀ, ਜਿਸ ਨੂੰ ਕੈਟਲੈਨ ਆਗੂ ਅਜ਼ਾਦੀ ਦੇ ਸਮਰਥਨ ਵਿੱਚ ਹਾਮੀ ਦੱਸਦੇ ਹਨ, ਸਪੇਨ ਦੀ ਸੰਵਿਧਾਨਕ ਅਦਾਲਤ ਵੱਲੋਂ ਗੈਰ-ਕਨੂੰਨੀ ਕਰਾਰ ਦਿੱਤੀ ਗਈ।

ਅਦਾਲਤ ਵਿੱਚ ਦਲੀਲ

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਾਰਲਸ ਪੁਆਇਦੇਮੋਂਟ ਨੇ ਬਾਰਸੇਲੋਨਾ ਵਿੱਚ ਕੈਟਲੈਨ ਸੰਸਦ ਨੂੰ ਦੱਸਿਆ ਕਿ ਸੂਬੇ ਦੀ ਅਜ਼ਾਦੀ ਲਈ ਲੋੜੀਂਦੇ ਵੋਟ ਹਾਸਿਲ ਕਰ ਲਏ ਹਨ।

ਕੈਟਲੈਨ ਅਧਿਕਾਰੀਆਂ ਮੁਤਾਬਕ ਰਾਏਸ਼ੁਮਾਰੀ ਦੌਰਾਨ 90 ਫੀਸਦੀ ਲੋਕਾਂ ਨੇ ਅਜ਼ਾਦੀ ਦਾ ਸਮਰਥਨ ਕੀਤਾ।

ਉੱਥੇ ਹੀ ਅਜ਼ਾਦੀ ਵਿਰੋਧੀ ਵੋਟਰਾਂ ਨੇ ਵੱਡੇ ਪੱਧਰ 'ਤੇ ਇਸ ਦਾ ਬਾਈਕਾਟ ਕੀਤਾ, ਜੋ ਕਿ 43 ਫੀਸਦੀ ਦੱਸਿਆ ਜਾ ਰਿਹਾ ਹੈ।

ਪੁਲਿਸ ਨੇ ਵੀ ਵੋਟਰਾਂ ਨਾਲ ਧੱਕੇਸ਼ਾਹੀ ਕਰਕੇ ਰਾਏਸ਼ੁਮਾਰੀ 'ਚ ਹਿੱਸਾ ਲੈਣ ਤੋਂ ਰੋਕਿਆ।

ਇਕਰਾਰਨਾਮੇ ਵਿੱਚ ਕੀ ਲਿਖਿਆ

ਇਕਰਾਰਨਾਮੇ ਵਿੱਚ ਲਿਖਿਆ ਗਿਆ ਹੈ, "ਅਸੀਂ ਸਾਰੇ ਸੂਬਿਆਂ ਅਤੇ ਕੌਮਾਂਤਰੀ ਸੰਸਥਾਵਾਂ ਨੂੰ ਕਹਿੰਦੇ ਹਾਂ ਕਿ ਕੈਟਲੈਨ ਰਿਪਬਲਿਕ ਨੂੰ ਇੱਕ ਅਜ਼ਾਦ ਅਤੇ ਖੁਦਮੁਖਤਿਆਰੀ ਸੂਬਾ ਮੰਨਿਆ ਜਾਵੇ।"

ਕਾਰਲਸ ਪੁਆਇਦੇਮੋਂਟ ਨੇ ਸੰਸਦ ਨੂੰ ਦੱਸਿਆ ਕਿ ਲੋਕਾਂ ਦੀ ਇੱਛਾ ਮਡਰਿਡ ਤੋਂ ਵੱਖ ਹੋਣ ਦੀ ਸੀ, ਪਰ ਉਹ ਇਸ ਮੁੱਦੇ ਨੂੰ ਲੈ ਕੇ ਹੋ ਰਹੇ ਤਮਾਅ ਨੂੰ ਘਟਾਉਣਾ ਚਾਹੁੰਦੇ ਸੀ।

"ਅਸੀਂ ਸਾਰੇ ਇੱਕੋ ਭਾਈਚਾਰੇ ਨਾਲ ਸਬੰਧ ਰਖਦੇ ਹਾਂ ਅਤੇ ਸਾਨੂੰ ਇਕੱਠੇ ਅੱਗੇ ਵਧਣ ਦੀ ਲੋੜ ਹੈ। ਇਸ ਦਾ ਇੱਕੋ-ਇੱਕ ਰਾਹ ਲੋਕਤੰਤਰ ਅਤੇ ਸ਼ਾਂਤੀ ਹੈ।"

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਜ਼ਾਦੀ ਦਾ ਅਧਿਕਾਰ ਨਹੀਂ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਟੈਕਸ ਦੇ ਤੌਰ 'ਤੇ ਬਹੁਤ ਜ਼ਿਆਦਾ ਅਦਾਇਗੀ ਕੀਤੀ ਜਾਂਦੀ ਸੀ।

ਸਪੇਨ ਦੇ ਉਪ-ਪ੍ਰਧਾਨ ਮੰਤਰੀ ਸੋਰਾਇਆ ਸੇਂਜ਼ ਨੇ ਜਵਾਬ ਵਿੱਚ ਕਿਹਾ, "ਨਾ ਤਾਂ ਕਾਰਲਸ ਪੁਆਇਦੇਮੋਂਟ ਅਤੇ ਨਾ ਹੀ ਕੋਈ ਹੋਰ ਵਿਚੋਲਗੀ ਕਰ ਸਕਦਾ ਹੈ। ਕੋਈ ਵੀ ਗੱਲਬਾਤ ਕਾਨੂੰਨ ਦੇ ਦਾਇਰੇ 'ਚ ਹੀ ਹੋਏਗੀ।"

ਉਨ੍ਹਾਂ ਅੱਗੇ ਕਿਹਾ, "ਇੰਨੀ ਅੱਗੇ ਵੱਧਣ ਤੋਂ ਬਾਅਦ ਕੈਟੇਲੋਨੀਆ ਨੂੰ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਤਣਾਅ ਦੇ ਪੱਧਰ 'ਤੇ ਲੈ ਆਉਂਦਾ ਹੈ। ਰਾਸ਼ਟਰਪਤੀ ਕਾਰਲਸ ਪੁਆਇਦੇਮੋਂਟ ਇਸ ਨੂੰ ਅਨਿਸ਼ਚਿਤਦਾ ਦੇ ਸਭ ਤੋਂ ਉੱਚੇ ਪੱਧਰ 'ਤੇ ਲੈ ਆਏ ਹਨ।"

ਸਪੇਨ ਦੇ ਪ੍ਰਧਾਨ ਮੰਤਰੀ ਨੇ ਇਸ ਮੁੱਦੇ 'ਤੇ ਗੱਲਬਾਤ ਲਈ ਬੁੱਧਵਾਰ ਨੂੰ ਅਚਨਚੇਤ ਬੈਠਕ ਸੱਦੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)