ਸੁਪਰੀਮ ਕੋਰਟ: 18 ਸਾਲ ਤੋਂ ਘੱਟ ਉਮਰ ਦੀ ਪਤਨੀ ਨਾਲ ਸਰੀਰਕ ਸਬੰਧ ਰੇਪ

ਤਸਵੀਰ ਸਰੋਤ, Getty Images
ਸੁਪਰੀਮ ਕੋਰਟ ਨੇ ਨਾਬਾਲਗ ਪਤਨੀ ਨਾਲ ਸਬੰਧ ਬਣਾਉਣ 'ਤੇ ਅਹਿਮ ਫੈਸਲਾ ਸੁਣਾਇਆ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਕੋਰਟ ਨੇ ਕਿਹਾ ਹੈ ਕਿ 18 ਸਾਲ ਤੋਂ ਘੱਟ ਉਮਰ ਦੀ ਪਤਨੀ ਨਾਲ ਸਰੀਰਕ ਸਬੰਧ ਬਣਾਉਣਾ ਅਪਰਾਧ ਹੈ ਅਤੇ ਇਸ ਨੂੰ ਰੇਪ ਮੰਨਿਆ ਜਾਏਗਾ।
ਅਦਾਲਤ ਮੁਤਾਬਕ, ਨਾਬਾਲਗ ਪਤਨੀ ਇੱਕ ਸਾਲ ਅੰਦਰ ਸ਼ਿਕਾਇਤ ਦਰਜ ਕਰਾ ਸਕਦੀ ਹੈ।
ਹਾਲਾਂਕਿ ਰੇਪ ਦੇ ਮਾਮਲਿਆਂ ਨਾਲ ਸਬੰਧਿਤ ਆਈਪੀਸੀ ਦੀ ਧਾਰਾ 375 ਵਿੱਚ ਇੱਕ ਅਪਵਾਦ ਵੀ ਹੈ। ਜਿਸ ਮੁਤਾਬਕ ਮੈਰੀਟਲ ਰੇਪ ਅਪਰਾਧ ਨਹੀਂ ਮੰਨਿਆ ਗਿਆ ਹੈ।
ਯਾਨਿ ਕਿ ਜੇ ਪਤੀ, ਪਤਨੀ ਦੀ ਮਰਜ਼ੀ ਬਿਨਾਂ ਉਸ ਨਾਲ ਸਬੰਧ ਬਣਾਉਂਦਾ ਹੈ ਤਾਂ ਇਹ ਅਪਰਾਧ ਨਹੀਂ ਹੈ।
ਕੁਝ ਦਿਨ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਮੈਰੀਟਲ ਰੇਪ ਦੇ ਇੱਕ ਹੋਰ ਮਾਮਲੇ ਵਿੱਚ ਕਿਹਾ ਸੀ ਕਿ ਇਸ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ।
ਦਿੱਲੀ ਹਾਈਕੋਰਟ ਵਿੱਚ ਕੇਂਦਰ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਇਸ ਨੂੰ 'ਅਪਰਾਧ ਮੰਨਣ ਨਾਲ ਵਿਆਹ ਸੰਸਥਾ ਅਨਿਸ਼ਚਿਤ' ਹੋ ਜਾਏਗੀ ਅਤੇ 'ਪਤੀਆਂ ਨੂੰ ਪਰੇਸ਼ਾਨ ਕਰਨ ਦਾ ਇਹ ਇੱਕ ਨਵਾਂ ਹਥਿਆਰ' ਬਣ ਜਾਏਗਾ।












