ਗਾਵਾਂ ਦੀਆਂ ਐਂਟੀਬਾਡੀਜ਼ ਨਾਲ ਹੁਣ ਏਡਜ਼ ਦਾ ਇਲਾਜ ਸੰਭਵ

    • ਲੇਖਕ, ਜੈਮਸ ਗੈਲਘਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ, ਬੀਬੀਸੀ ਨਿਊਜ਼

ਅਮਰੀਕੀ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਐੱਚਆਈਵੀ ਨਾਲ ਨਜਿੱਠਣ ਲਈ ਵੈਕਸੀਨ ਤਿਆਰ ਕਰਨ 'ਚ ਗਾਵਾਂ ਸਹਾਇਕ ਸਾਬਤ ਹੋ ਸਕਦੀਆਂ ਹਨ।

ਰੋਗਾਂ ਖ਼ਿਲਾਫ਼ ਲੜਨ ਲਈ ਜਾਨਵਰ ਵਿੱਚ ਲਗਾਤਾਰ ਅਜਿਹੇ ਵਿਸ਼ੇਸ਼ ਰੋਗਨਾਸ਼ਕ (ਐਂਟੀਬਾਡੀਜ਼) ਪੈਦਾ ਹੁੰਦੇ ਹਨ। ਜਿਨ੍ਹਾਂ ਰਾਹੀਂ ਐੱਚਆਈਵੀ ਖ਼ਤਮ ਕੀਤਾ ਸਕਦਾ ਹੈ।

ਅਜਿਹਾ ਮੰਨਿਆ ਜਾਂਦਾ ਰਿਹਾ ਹੈ ਕਿ ਗਾਵਾਂ ਦੀ ਪਾਚਨ ਪ੍ਰਣਾਲੀ 'ਚ ਕੰਪਲੈਕਸ ਬੈਕਟੀਰੀਆ ਹੁੰਦਾ ਹੈ। ਜਿਸ ਕਾਰਨ ਗਾਵਾਂ ਵਿੱਚ ਰੋਗ ਵਿਰੋਧੀ ਸਮਰੱਥਾ ਵਧੇਰੇ ਵਿਕਸਿਤ ਹੁੰਦੀ ਹੈ।

ਅਮਰੀਕੀ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਇਸ ਨਵੀਂ ਜਾਣਕਾਰੀ ਦੇ ਉਪਯੋਗੀ ਹੋਣ ਦਾ ਦਾਅਵਾ ਕੀਤਾ ਹੈ।

ਐੱਚਆਈਵੀ ਇੱਕ ਖ਼ਤਰਨਾਕ ਵਾਇਰਸ ਹੈ। ਇਹ ਇੰਨੀ ਤੇਜ਼ੀ ਨਾਲ ਬਦਲ ਜਾਂਦਾ ਹੈ ਕਿ ਇਸ ਨੂੰ ਰੋਗੀ ਦੀ ਰੋਗਨਾਸ਼ਕ ਪ੍ਰਣਾਲੀ (ਇਮਿਊਨ ਸਿਸਟਮ) 'ਤੇ ਹਮਲਾ ਕਰਨ ਦਾ ਰਸਤਾ ਮਿਲ ਜਾਂਦਾ ਹੈ।

ਐੱਚਆਈਵੀ ਆਪਣਾ ਅਕਾਰ ਬਦਲਦਾ ਰਹਿੰਦਾ ਹੈ।

ਇੱਕ ਵੈਕਸੀਨ ਰੋਗੀ ਦੀ ਰੋਗ ਨਾਸ਼ਕ ਪ੍ਰਣਾਲੀ ਨੂੰ ਵਿਕਸਿਤ ਕਰ ਸਕਦੀ ਹੈ ਲੋਕਾਂ ਨੂੰ ਬੀਮਾਰੀ ਦੀ ਪਹਿਲੀ ਸਟੇਜ 'ਤੇ ਹੀ ਬਚਾ ਸਕਦੀ ਹੈ।

ਗਾਵਾਂ ਦਾ ਯੋਗਦਾਨ

ਇੰਟਰਨੈਸ਼ਨਲ ਏਡਜ਼ ਵੈਕਸੀਨ ਇਨੀਸ਼ੀਏਟਿਵ ਅਤੇ ਦਿ ਸਕ੍ਰਿਪਸ ਰਿਸਰਚ ਇੰਸਟੀਚਿਊਟ ਨੇ ਗਾਵਾਂ ਦੀ ਰੋਗ ਨਾਸ਼ਕ ਪ੍ਰਣਾਲੀ ਨੂੰ ਲੈ ਕੇ ਟੈਸਟ ਸ਼ੁਰੂ ਕੀਤਾ ਹੈ।

ਖੋਜਕਾਰ ਡਾ. ਡੇਵਿਨ ਸੋਕ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ "ਇਸ ਦੇ ਨਤੀਜਿਆਂ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ।"

ਗਾਵਾਂ ਦੇ ਇਮਿਊਨ ਸਿਸਟਮ ਵਿੱਚ ਜ਼ਰੂਰੀ ਰੋਗ ਨਾਸ਼ਕ ਕਈ ਹਫ਼ਤਿਆਂ ਵਿੱਚ ਬਣਦੇ ਹਨ।

ਡਾ. ਸੋਕ ਨੇ ਕਿਹਾ, "ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮੌਕਾ ਹੈ ਕਿ ਮਨੁੱਖਾਂ 'ਚ ਅਜਿਹੇ ਐਂਟੀਬਾਡੀਜ਼ ਵਿਕਸਿਤ ਹੋਣ 'ਚ ਕਰੀਬ ਤਿੰਨ ਤੋਂ ਪੰਜ ਸਾਲ ਲੱਗ ਜਾਂਦੇ ਹਨ।"

ਉਨ੍ਹਾਂ ਨੇ ਕਿਹਾ ਕਿ "ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਇੰਨਾ ਸੌਖਾ ਨਹੀਂ ਲੱਗ ਰਿਹਾ ਸੀ।

ਕਿਸ ਨੂੰ ਪਤਾ ਸੀ ਕਿ ਐੱਚਐਈਵੀ ਦੇ ਇਲਾਜ 'ਚ ਗਾਂ ਦਾ ਯੋਗਦਾਨ ਹੋਵੇਗਾ।"

ਚੁਣੌਤੀ

'ਨੇਚਰ' ਨਾਂ ਦੇ ਜਰਨਲ 'ਚ ਪ੍ਰਕਾਸ਼ਿਤ ਨਤੀਜਿਆਂ 'ਚ ਇਹ ਦੱਸਿਆ ਗਿਆ ਹੈ ਕਿ ਗਾਵਾਂ ਦੀਆਂ ਐਂਟੀਬਾਡੀਜ਼ ਨਾਲ ਐੱਚਆਈਵੀ ਦਾ ਅਸਰ 42 ਦਿਨਾਂ 'ਚ 20% ਤੱਕ ਖ਼ਤਮ ਕੀਤਾ ਜਾ ਸਕਦਾ ਹੈ।

ਪ੍ਰਯੋਗਸ਼ਾਲਾ ਦੇ ਟੈਸਟਾਂ ਤੋਂ ਪਤਾ ਲਗਦਾ ਹੈ ਕਿ ਇਹ 381 ਦਿਨਾਂ 'ਚ ਇਹ ਐਂਟੀਬਾਡੀਜ਼ 96% ਤੱਕ ਐੱਚਆਈਵੀ ਨੂੰ ਬੇਅਸਰ ਕਰ ਸਕਦਾ ਹੈ।

ਇੱਕ ਹੋਰ ਖੋਜਕਾਰ ਡਾ. ਡੈਨਿਸ ਬਰਟਨ ਨੇ ਕਿਹਾ ਕਿ ਇਸ ਅਧਿਐਨ ਵਿੱਚ ਮਿਲੀਆਂ ਜਾਣਕਾਰੀਆਂ ਬਹੁਤ ਲਾਹੇਵੰਦ ਹਨ।

ਉਨ੍ਹਾਂ ਨੇ ਕਿਹਾ, "ਇਨਸਾਨਾਂ ਦੀ ਤੁਲਨਾ 'ਚ ਜਾਨਵਰਾਂ ਦੇ ਐਂਟੀਬਾਡੀਜ਼ ਵਧੇਰੇ ਵਿਲੱਖਣ ਹਨ ਅਤੇ ਐੱਚਆਈਵੀ ਨੂੰ ਖ਼ਤਮ ਕਰਨ ਦੀ ਸਮਰੱਥਾ ਰੱਖਦੇ ਹਨ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)