ਮਹਿੰਗੇ ਨਿੱਜੀ ਜਹਾਜ਼ਾਂ 'ਚ ਸਫ਼ਰ ਲਈ ਅਮਰੀਕੀ ਸਿਹਤ ਮੰਤਰੀ ਨੇ ਦਿੱਤਾ ਅਸਤੀਫ਼ਾ

ਸਰਕਾਰੀ ਦੌਰਿਆਂ ਲਈ ਮਹਿੰਗੇ ਨਿੱਜੀ ਜਹਾਜ਼ਾ 'ਚ ਸਫ਼ਰ ਕਰਨ ਵਾਲੇ ਅਮਰੀਕੀ ਸਿਹਤ ਮੰਤਰੀ ਟੌਮ ਪ੍ਰਾਈਸ ਨੇ ਅਸਤੀਫ਼ਾ ਦੇ ਦਿੱਤਾ ਹੈ।

ਟੌਮ ਪ੍ਰਾਈਸ ਨੇ ਮਈ ਤੋਂ ਲੈ ਕੇ ਹੁਣ ਤੱਕ 26 ਨਿੱਜੀ ਜਹਾਜ਼ਾਂ 'ਚ ਯਾਤਰਾ ਕਰਨ ਲਈ ਮਾਫ਼ੀ ਮੰਗੀ ਹੈ। ਜਿਸਦਾ ਕੁੱਲ ਖ਼ਰਚ 4 ਲੱਖ ਡਾਲਰ ਆਇਆ ਹੈ।

ਅਮਰੀਕਾ 'ਚ ਰਾਸ਼ਟਰੀ ਸੁਰੱਖ਼ਿਆ ਨਾਲ ਜੁੜੇ ਦੌਰਿਆਂ ਲਈ ਸਫ਼ਰ ਕਰ ਰਹੇ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਬਾਕੀ ਸਾਰੇ ਸਰਕਾਰੀ ਦੌਰਿਆਂ ਲਈ ਕਮਰਸ਼ੀਅਲ ਜਹਾਜ਼ਾਂ 'ਚ ਹੀ ਯਾਤਰਾ ਕਰਨ ਦਾ ਨਿਯਮ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਬਿਨੇਟ ਦੇ ਤਿੰਨ ਮੈਂਬਰ ਨਿੱਜੀ ਜਹਾਜ਼ਾਂ 'ਚ ਯਾਤਰਾ ਕਰਨ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਹਨ।

ਵਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਿਕ ਡੋਨਾਲਡ ਟਰੰਪ ਨੇ ਟੌਮ ਪ੍ਰਾਈਸ ਦਾ ਅਸਤੀਫ਼ਾ ਮੰਨਜ਼ੂਰ ਕਰ ਲਿਆ ਹੈ। ਉਨ੍ਹਾਂ ਦੀ ਥਾਂ ਡੌਨ ਜੇ ਰਾਈਟ ਨੂੰ ਅਸਥਾਈ ਚਾਰਜ ਦਿੱਤਾ ਗਿਆ ਹੈ।

'ਪੌਲਿਟਿਕੋ' ਵੈਬਸਾਈਟ ਦੀ ਪੜਤਾਲ 'ਚ ਪਤਾ ਲੱਗਿਆ ਹੈ ਕਿ ਟੌਮ ਪ੍ਰਾਈਸ ਦੀਆਂ ਹੁਣ ਤੱਕ ਦੀਆਂ ਯਾਤਰਾਵਾਂ 'ਤੇ ਦੱਸ ਲੱਖ ਡਾਲਰ ਤੋਂ ਵੱਧ ਦਾ ਖ਼ਰਚਾ ਆਇਆ ਹੈ।

ਇਹ ਵੀ ਨੇ ਸਵਾਲਾਂ 'ਚ

  • ਵਾਸ਼ਿੰਗਟਨ ਪੋਸਟ ਅਤੇ ਪੌਲਿਟਿਕੋ ਮੁਤਾਬਿਕ ਅੰਦਰੂਨੀ ਮੰਤਰੀ ਰਾਏਨ ਜ਼ਿੰਕ ਪਿਛਲੇ ਸਾਲ ਨਿੱਜੀ ਜਹਾਜ਼ ਰਾਹੀਂ ਲਾਸ ਵੇਗਸ ਤੋਂ ਮੋਨਟਾਨਾ ਗਏ ਸੀ। ਇਸ ਯਾਤਰਾ 'ਤੇ 12 ਹਜ਼ਾਰ ਡਾਲਰ ਦਾ ਖ਼ਰਚਾ ਆਇਆ ਸੀ।
  • ਮੰਤਰੀ ਸਟੀਵਨ ਮਨੂਚਿਨ 'ਤੇ ਆਪਣੀ ਪਤਨੀ ਨਾਲ ਪਿਛਲੇ ਮਹੀਨੇ ਹੋਏ ਸੂਰਜ ਗ੍ਰਹਿਣ ਨੂੰ ਦੇਖ਼ਣ ਲਈ ਜਹਾਜ਼ ਦੀ ਦਰਵਰਤੋਂ ਦਾ ਦੋਸ਼ ਹੈ।
  • ਵਾਤਾਵਰਣ ਸੁਰੱਖਿਆ ਏਜੰਸੀ ਦੇ ਮੁਖ਼ੀ ਸਕੌਟ ਪਰੂਇਟ ਨੇ ਗੈਰ-ਕਮਰਸ਼ੀਅਲ ਜਹਾਜ਼ਾਂ 'ਚ ਯਾਤਰਾ ਲਈ 58 ਹਜ਼ਾਰ ਡਾਲਰ ਖ਼ਰਚ ਕੀਤੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)