You’re viewing a text-only version of this website that uses less data. View the main version of the website including all images and videos.
ਸੰਦੀਪ ਧਾਲੀਵਾਲ ਦੇ ਕਾਤਲ ਨੂੰ ਸਜ਼ਾ-ਏ-ਮੌਤ: 3 ਸਾਲ ਪਹਿਲਾ ਹੋਏ ਕਤਲ ਦੀ ਕਹਾਣੀ
ਅਮਰੀਕਾ ਦੇ ਟੈਕਸਸ 'ਚ ਸੰਦੀਪ ਧਾਲੀਵਾਲ ਨੂੰ ਗਸ਼ਤ ਦੌਰਾਨ ਗੋਲੀ ਮਾਰਨ ਵਾਲੇ ਕਾਤਲ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ।
ਸਤੰਬਰ, 2019 ਵਿੱਚ ਅਮਰੀਕਾ ਹੈਰਿਸ ਕਾਉਂਟੀ ਸ਼ੈਰਿਫ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਟ੍ਰੈਫ਼ਿਕ ਸਿਗਨਲ 'ਤੇ ਰੋਕੀ ਗਈ ਗੱਡੀ 'ਚੋਂ ਨਿਕਲ ਕੇ ਇੱਕ ਵਿਅਕਤੀ ਨੇ ਗੋਲੀ ਮਾਰੀ ਸੀ।
ਤਿੰਨ ਬੱਚਿਆਂ ਦੇ ਪਿਤਾ, ਸੰਦੀਪ ਧਾਲੀਵਾਲ ਦਾ ਕਤਲ, ਅਮਰੀਕਾ ਅਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਲਈ ਸਦਮਾ ਸੀ।
ਸ਼ੈਰਿਫ਼ ਈਡੀ ਗੌਂਜ਼ਾਲੇਜ਼ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਧਾਲੀਵਾਲ ਕਤਲ ਕੇਸ ਦਾ ਫ਼ੈਸਲਾ ਆ ਗਿਆ ਹੈ।
ਉਨ੍ਹਾਂ ਨੇ ਲਿਖਿਆ, "ਜੱਜਾਂ ਨੇ ਰੌਬਰਟ ਸੋਲਿਸ (ਕਾਤਲ) ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਨਸਾਫ਼ ਮਿਲਿਆ ਹੈ।"
"ਸੰਦੀਪ ਨੇ ਸਾਡੇ ਸ਼ੈਰਿਫ ਦੇ ਦਫ਼ਤਰ ਦੇ ਪਰਿਵਾਰ ਨੂੰ ਬਿਹਤਰੀ ਲਈ ਬਦਲ ਦਿੱਤਾ ਹੈ ਅਤੇ ਅਸੀਂ ਡਿਊਟੀ ਦੌਰਾਨ ਉਨ੍ਹਾਂ ਦੇ ਅਕਸ ਦੀ ਛੱਡੀ ਹੋਈ ਮਿਸਾਲ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ।"
ਕੀ ਸੀ ਮਾਮਲਾ
ਉਸ ਵੇਲੇ ਅਧਿਕਾਰੀਆਂ ਦੇ ਦਿੱਤੇ ਬਿਆਨ ਮੁਤਾਬਕ, ਕਰੀਬ ਦਹਾਕੇ ਤੱਕ ਅਮਰੀਕੀ ਪੁਲਿਸ ਵਿੱਚ ਤੈਨਾਤ ਸੰਦੀਪ ਧਾਲੀਵਾਲ ਨੇ ਇੱਕ ਗੱਡੀ ਨੂੰ ਰੋਕਿਆ।
ਇਸ ਗੱਡੀ ਵਿੱਚ ਇੱਕ ਔਰਤ ਤੇ ਮਰਦ ਬੈਠੇ ਹੋਏ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਬਾਹਰ ਨਿਕਲ ਕੇ ਬੇਰਹਿਮੀ ਨਾਲ ਘੱਟੋ-ਘੱਟ ਦੋ ਵਾਰ ਗੋਲੀਆਂ ਚਲਾਈਆਂ ਸਨ।
ਅਧਿਕਾਰੀਆਂ ਮੁਤਾਬਕ ਗੋਲੀ ਚਲਾਉਣ ਵਾਲੇ ਦੀ ਪਛਾਣ ਸੰਦੀਪ ਦੇ ਡੈਸ਼ਕੈਮਰੇ 'ਚੋਂ ਦੇਖ ਕੇ ਕਰ ਲਈ ਗਈ ਸੀ।
ਇਸ ਤੋਂ ਬਾਅਦ ਮੁਲਜ਼ਮ ਅਤੇ ਔਰਤ ਦੋਵਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਸੀ।
ਹੈਰਿਸ ਕਾਉਂਟੀ ਸ਼ੈਰਿਫ ਦੇ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ 47 ਸਾਲਾ ਰੌਬਰਟ ਸੋਲਿਸ 'ਤੇ ਡਿਪਟੀ ਧਾਲੀਵਾਲ ਦੀ ਮੌਤ ਲਈ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ।
ਸ਼ੈਰਿਫ ਗੋਂਜ਼ਾਲੇਜ਼ ਨੇ ਕਿਹਾ ਸੀ ਕਿ ਸੋਲਿਸ ਕੋਲ 2017 ਤੋਂ ਘਾਤਕ ਹਥਿਆਰ ਨਾਲ ਗੰਭੀਰ ਹਮਲੇ ਲਈ "ਸਰਗਰਮ ਪੈਰੋਲ ਉਲੰਘਣਾ ਵਾਰੰਟ" ਸੀ।
- ਸਤੰਬਰ, 2019 ਵਿੱਚ ਅਮਰੀਕਾ ਹੈਰਿਸ ਕਾਉਂਟੀ ਸ਼ੈਰਿਫ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਦਾ ਡਿਊਟੀ ਦੌਰਾਨ ਕਤਲ ਹੋਇਆ ਸੀ।
- ਅਮਰੀਕਾ ਦੀ ਅਦਾਲਤ ਨੇ ਕਤਾਲ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
- ਸੰਦੀਪ ਧਾਲੀਵਾਲ ਦਾ ਕਤਲ, ਅਮਰੀਕਾ ਅਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਲਈ ਸਦਮਾ ਸੀ।
- ਮੁਲਜ਼ਮ ਅਤੇ ਔਰਤ ਦੋਵਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਸੀ।
- ਗੋਲੀ ਚਲਾਉਣ ਵਾਲੇ ਦੀ ਪਛਾਣ ਸੰਦੀਪ ਦੇ ਡੈਸ਼ਕੈਮਰੇ 'ਚੋਂ ਦੇਖ ਕੇ ਕਰ ਲਈ ਗਈ ਸੀ।
'ਇਤਿਹਾਸ ਰਚਣ ਵਾਲੇ'
ਡਿਪਟੀ ਧਾਲੀਵਾਲ ਨੇ ਟੈਕਸਸ ਦੀ ਹੈਰਿਸ ਕਾਉਂਟੀ ਵਿੱਚ ਸ਼ੈਰਿਫ ਦੇ ਡਿਪਟੀ ਬਣਨ ਵਾਲੇ ਪਹਿਲੇ ਸਿੱਖ ਵਜੋਂ ਇਤਿਹਾਸ ਰਚਿਆ ਸੀ।
ਸਾਲ 2015 ਤੋਂ ਲੈ ਕੇ ਸੰਦੀਪ ਧਾਲੀਵਾਲ ਟੈਕਸਸ ਵਿੱਚ ਆਪਣੇ ਸਿੱਖੀ ਸਰੂਪ ਸਣੇ ਆਪਣੀਆਂ ਸੇਵਾਵਾਂ ਨਿਭਾਈਆਂ।
ਉਨ੍ਹਾਂ ਨੇ ਗਸ਼ਤ ਦੌਰਾਨ ਆਪਣੀ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਵੀ ਹਾਸਿਲ ਕੀਤੀ ਸੀ।
ਸ਼ੈਰਿਫ ਈਡੀ ਗੋਂਜ਼ਾਲੇਜ਼ ਨੇ ਉਸ ਵੇਲੇ ਕਿਹਾ ਸੀ, "ਉਸ ਨੇ ਪੱਗ ਬੰਨ੍ਹੀ ਸੀ, ਉਸਨੇ ਇਮਾਨਦਾਰੀ, ਸਤਿਕਾਰ ਅਤੇ ਮਾਣ ਨਾਲ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕੀਤੀ ਸੀ।"
ਹੈਰਿਸ ਕਾਉਂਟੀ ਸ਼ੈਰਿਫ ਨੇ ਕਿਹਾ ਸੀ ਕਿ ਡਿਪਟੀ ਧਾਲੀਵਾਲ "ਇੱਕ ਨਾਇਕ ਸੀ, ਉਹ ਭਾਈਚਾਰੇ ਦਾ ਇੱਕ ਸਤਿਕਾਰਤ ਮੈਂਬਰ ਸੀ ਅਤੇ ਉਹ ਇੱਕ ਟ੍ਰੇਲਬਲੇਜ਼ਰ ਸੀ।"
ਪੁਲਿਸ ਅਧਿਕਾਰੀਆਂ ਨੇ ਉਸ ਵੇਲੇ ਸੰਦੀਪ ਧਾਲੀਵਾਲ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੈਂਡਲ ਮਰਾਚ ਸਣੇ ਕਈ ਪ੍ਰੋਗਰਾਮ ਵੀ ਉਲੀਕੇ ਸਨ।
ਅਮਰੀਕਾ ਦੇ ਨਾਲ-ਨਾਲ ਯੂਕੇ ਦੇ ਵੌਲਵਰਹੈਂਪਟਨ ਵਿੱਚ ਵੀ ਸੈਂਕੜੇ ਲੋਕਾਂ ਨੇ ਸਿੱਖ ਅਮਰੀਕੀ ਪੁਲਿਸ ਅਫ਼ਸਰ ਸੰਦੀਪ ਧਾਲੀਵਾਲ ਨੂੰ ਸ਼ਰਧਾਂਜਲੀ ਦਿੱਤੀ ਸੀ।
ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਕਈ ਵੀਡੀਓ ਵੀ ਸ਼ੇਅਰ ਹੋਈਆਂ, ਇਨ੍ਹਾਂ ਵਿੱਚ ਇੱਕ ਵੀਡੀਓ ਜੋ ਕਾਫਈ ਵਾਇਰਲ ਹੋਈ ਸੀ, ਉਸ ਵਿੱਚ ਸੰਦੀਪ ਇੱਕ ਬੱਚੇ ਕੋਲੋਂ ਹੱਥਕੜੀ ਲਗਵਾ ਰਹੇ ਸਨ ਅਤੇ ਹੱਸ ਰਹੇ ਸਨ।
ਇਹ ਵੀ ਪੜ੍ਹੋ-