You’re viewing a text-only version of this website that uses less data. View the main version of the website including all images and videos.
ਮੋਹਨ ਭਾਗਵਤ : 'ਸਭ ਲਈ ਬਰਾਬਰ ਜਨ ਸੰਖਿਆ ਨੀਤੀ ਬਣੇ ਅਤੇ ਕਿਸੇ ਨੂੰ ਛੋਟ ਨਾ ਮਿਲੇ'
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਦੁਸਹਿਰੇ ਦੇ ਮੌਕੇ 'ਤੇ ਕਿਹਾ ਕਿ ਔਰਤਾਂ ਨੂੰ ਅੱਗੇ ਲਿਆਏ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ।
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਮਹਾਤਮਾ ਗਾਂਧੀ ਅਤੇ ਡਾ. ਭੀਮ ਰਾਓ ਅੰਬੇਡਕਰ ਦਾ ਵੀ ਜ਼ਿਕਰ ਕੀਤਾ।
ਨਾਗਪੁਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਹਰ ਸਾਲ ਦੁਸਹਿਰੇ ਮੌਕੇ ਸਾਲਾਨਾ ਸਮਾਗਮ ਕਰਦਾ ਹੈ, ਜਿਸ ਨੂੰ ਸੰਘ ਮੁਖੀ ਸੰਬਧੋਨ ਕਰਦੇ ਹਨ।
ਇਸ ਵਾਰ ਦੀ ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਆਰਐੱਸਐੱਸ ਨੇ ਕਿਸੇ ਔਰਤ ਨੂੰ ਆਪਣੇ ਦੁਸਹਿਰਾ ਸਮਾਗਮ ਦਾ ਮੁੱਖ ਮਹਿਮਾਨ ਬਣਾਇਆ ਹੈ। ਸੰਤੋਸ਼ ਯਾਦਵ ਨੇ ਸਰਸੰਘਚਾਲਕ ਮੋਹਨ ਭਾਗਵਤ ਨਾਲ ਪ੍ਰਾਰਥਨਾ ਕੀਤੀ।
ਮੋਹਨ ਭਾਗਵਤ ਦੇ ਸੰਬੋਧਨ ਦੀਆਂ ਮੁੱਖ ਗੱਲਾਂ-
ਔਰਤਾਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ
ਮੋਹਨ ਭਾਗਵਤ ਨੇ ਕਿਹਾ ਕਿ ਸੰਘ ਵਿੱਚ ਔਰਤਾਂ ਦਾ ਸਤਿਕਾਰ ਹਮੇਸ਼ਾ ਤੋਂ ਹੁੰਦਾ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸੰਗਠਨ ਦੇ ਪੱਖ ਤੋਂ ਭਾਵੇਂ ਦੋ ਸ਼ਾਖਾਵਾਂ ਚੱਲਦੀਆਂ ਹਨ, ਪਰ ਸਮਾਜ ਵਿੱਚ ਔਰਤ-ਮਰਦ ਮਿਲ ਕੇ ਕੰਮ ਕਰਦੇ ਹਨ।
''ਸਾਡੇ ਇੱਥੇ ਉਨ੍ਹਾਂ ਨੂੰ ਮਾਤਾ ਮੰਨਦੇ ਹਨ, ਮਮਤਾ ਉਨ੍ਹਾਂ ਦਾ ਗੁਣ ਹੈ, ਜਗਤ ਜਨਨੀ ਦੇ ਰੂਪ ਵਿੱਚ ਕਲਪਨਾ ਕਰਦੇ ਹਨ। ਅਜਿਹੀ ਕਲਪਨਾ ਕਰਦੇ-ਕਰਦੇ ਪਤਾ ਨਹੀਂ ਅਸੀਂ ਕਿੱਥੇ ਭੁੱਲ ਗਏ, ਅਸੀਂ ਉਨ੍ਹਾਂ ਦੀ ਸਰਗਰਮੀ ਦੇ ਘੇਰੇ ਨੂੰ ਸੀਮਤ ਕਰ ਦਿੱਤਾ।''
''ਫਿਰ ਜੋ ਵਿਦੇਸ਼ੀ ਹਮਲੇ ਹੋਏ ਉਨ੍ਹਾਂ ਕਾਰਨ ਔਰਤਾਂ ਦੀ ਸੁਰੱਖਿਆ ਦੇ ਨਾਮ ਉੱਪਰ ਇਸ ਬੰਧਨ ਨੂੰ ਸਵੀਕਾਰਤਾ ਮਿਲੀ। ਹਮਲੇ ਦੀ ਸਥਿਤੀ ਚਲੀ ਗਈ ਪਰ ਬੰਧਨ ਅਸੀਂ ਕਾਇਮ ਰੱਖੇ ਉਨ੍ਹਾਂ ਨੂੰ ਕਦੇ ਮੁਕਤ ਨਹੀਂ ਕੀਤਾ।''
''ਇੱਕ ਤਾਂ ਉਨ੍ਹਾਂ ਨੂੰ ਜਗਤ ਜਨਨੀ ਮੰਨ ਕੇ ਪੂਜਾ ਘਰ ਵਿੱਚ ਬੰਦ ਕਰ ਦਿੱਤਾ ਅਤੇ ਦੂਜੇ ਦਰਜੇ ਦੇ ਮੰਨ ਕੇ ਘਰ ਵਿੱਚ ਬੰਦ ਕਰ ਦਿੱਤਾ। ਇਨ੍ਹਾਂ ਦੋਵਾਂ ਅਤੀਵਾਦੀ ਵਿਚਾਰਾਂ ਨੂੰ ਛੱਡ ਕੇ ਮਾਤਰ ਸ਼ਕਤੀ ਨੂੰ ਸਸ਼ਕਤ ਬਣਾਉਣਾ, ਪ੍ਰਬੁੱਧ ਬਣਾਉਣਾ, ਉਨ੍ਹਾਂ ਨੂੰ ਬਰਾਬਰੀ ਦੇ ਹੱਕ ਨਾਲ ਜਨਤਕ ਕੰਮਾਂ ਵਿੱਚ ਪਰਿਵਾਰਕ ਜੀਵਨ ਵਿੱਚ ਫੈਸਲੇ ਦੀ ਅਜ਼ਾਦੀ ਅਤੇ ਫੈਸਲੇ ਵਿੱਚ ਬਰਾਬਰੀ ਦੀ ਹਿੱਸੇਦਾਰ ਬਣਾਉਣਾ ਪਵੇਗਾ।''
ਸਵਾਰਥ ਦੇ ਅਧਾਰ 'ਤੇ ਦੂਰੀਆਂ ਬਣਾਈਆਂ ਜਾ ਰਹੀਆਂ ਹਨ
ਮੋਹਨ ਭਾਗਵਤ ਨੇ ਕਿਹਾ, "ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਸਵਾਰਥ ਅਤੇ ਈਰਖਾ ਦੇ ਅਧਾਰ ਉੱਪਰ ਦੂਰੀਆਂ ਅਤੇ ਦੁਸ਼ਮਣੀ ਬਣਾਉਣ ਦਾ ਕੰਮ ਅਜ਼ਾਦ ਭਾਰਤ ਵਿੱਚ ਹੋ ਰਿਹਾ ਹੈ। ਇਹ ਲੋਕ ਆਪਣੇ ਮੰਤਵ ਸਿੱਧ ਕਰਨ ਲਈ ਗਲਤ ਸੰਵਾਦ ਖੜ੍ਹਾ ਕਰਦੇ ਹਨ ਜਿਸ ਨਾਲ ਦੇਸ ਵਿੱਚ ਅਰਾਜਕਤਾ ਹੋਵੇ। ਇਹ ਸਾਡੇ ਹਮਦਰਦ ਬਣ ਕੇ ਨੇੜੇ ਆਉਣ ਦੀ ਕੋਸ਼ਿਸ਼ ਕਰਦੇ ਹਨ।"
"ਉਨ੍ਹਾਂ ਦੇ ਬਹਿਕਾਵੇ ਵਿੱਚ ਨਾ ਆਉਂਦੇ ਹੋਏ, ਉਨ੍ਹਾਂ ਦੀ ਭਾਸ਼ਾ, ਪੰਥ, ਸੂਬੇ, ਨੀਤੀ ਕੋਈ ਵੀ ਹੋਵੇ ਉਨ੍ਹਾਂ ਦੇ ਪ੍ਰਤੀ ਨਿਰਮੋਹੀ ਹੋਕੇ ਨਿਡਰ ਹੋ ਕੇ ਉਨ੍ਹਾਂ ਦਾ ਨਿਸ਼ੇਦ ਕਰਨਾ ਚਾਹੀਦਾ ਹੈ।"
- ਸਮਾਜ ਔਰਤਾਂ ਅਤੇ ਮਰਦਾਂ ਦੋਵਾਂ ਨਾਲ ਮਿਲ ਕੇ ਬਣਦਾ ਹੈ।
- ਦੁਨੀਆਂ ਵਿੱਚ ਭਾਰਤ ਦੀ ਸਾਖ ਵਧੀ ਹੈ, ਸਾਡਾ ਵਜ਼ਨ ਵਧ ਰਿਹਾ ਹੈ।
- ਮਾਂ ਬੋਲੀ ਬਾਰੀ ਨਜ਼ਰੀਆ ਬਦਲੇ ਬਿਨਾਂ ਕੱਲੀਆਂ ਨੀਤੀਆਂ ਬਣਾਉਣ ਅਤੇ ਮੰਗਾਂ ਕਰਨਾ ਨਾਲ ਕੁਝ ਨਹੀਂ ਬਦਲੇਗਾ।
- ਸਮਾਜ ਵਿੱਚੋਂ ਗੈਰ-ਬਾਰਬਰੀ ਦੂਰ ਕਰਨ ਲਈ ਸਿਰਫ਼ ਕਾਨੂੰਨ ਕਾਫ਼ੀ ਨਹੀਂ ਉਹ ਤਾਂ ਸਾਡੇ ਮਨਾਂ ਵਿੱਚ ਰਹਿੰਦੀ ਹੈ।
- ਜਦੋਂ ਤੱਕ ਮਾਪੇ ਬੱਚਿਆਂ ਉੱਪਰ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੀ ਪੜ੍ਹਾਈ ਕਰਨ ਦਾ ਦਬਾਅ ਬਣਾਉਂਦੇ ਰਹਿਣਗੇ ਉਹ ਰਾਸ਼ਟਰ ਭਗਤ ਨਹੀਂ ਬਣ ਸਕਦੇ।
- ਜਨਸੰਖਿਆ ਦੀ ਬਰਾਬਰ ਨੀਤੀ ਬਣਨੀ ਚਾਹੀਦੀ ਹੈ ਤੇ ਸਭ ਉੱਪਰ ਬਰਾਬਰ ਤਰੀਕੇ ਨਾਲ ਲਾਗੂ ਹੋਣੀ ਚਾਹੀਦੀ ਹੈ।
- ਭਾਰਤ ਹਮੇਸ਼ਾ ਤੋਂ ਇੱਕ ਰਾਸ਼ਟਰ ਰਿਹਾ ਹੈ। ਕਿਉਂਕਿ ਵਖਰੇਵਿਆਂ ਨੂੰ ਸਵੀਕਾਰ ਕਰਨ ਦੀ ਸਮਝ ਹਮੇਸ਼ਾ ਤੋਂ ਸਾਡੇ ਵਿੱਚ ਰਹੀ ਹੈ।
ਜਨ ਸੰਖਿਆ ਕੰਟਰੋਲ ਕਰਨ ਦੀ ਨੀਤੀ
ਮੋਹਨ ਭਾਗਵਤ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਜਨਸੰਖਿਆ ਬਾਰੇ ਇੱਕ ਸਮਾਨ ਨੀਤੀ ਬਣੇ, ਸਾਰਿਆਂ ਉੱਪਰ ਇੱਕ ਸਮਾਨ ਲਾਗੂ ਹੋਵੇ, ਕਿਸੇ ਨੂੰ ਛੋਟ ਨਾ ਮਿਲੇ, ਐਸੀ ਨੀਤੀ ਲਿਆਉਣੀ ਚਾਹੀਦੀ ਹੈ।
ਚੀਨ ਨੂੰ ਵੀ ਲੱਗਿਆ ਕਿ ਉਨ੍ਹਾਂ ਦੀ ਜਨਸੰਖਿਆ ਜ਼ਿਆਦਾ ਹੈ, ਉਨ੍ਹਾਂ ਨੇ ਇੱਕ ਬੱਚੇ ਦੀ ਨੀਤੀ ਲਾਗੂ ਕੀਤੀ ਪਰ ਫਿਰ ਮਹਿਸੂਸ ਕੀਤਾ ਕਿ ਅਸੀਂ ਬੁੱਢੇ ਹੋ ਰਹੇ ਹਾਂ ਅਤੇ ਕੰਮ ਕਰਨ ਵਾਲਾ ਕੋਈ ਨਹੀਂ ਰਹੇਗਾ। ਦੋ ਬੱਚਿਆਂ ਦੀ ਨੀਤੀ ਲਾਗੂ ਕੀਤੀ ਹੈ।"
"ਜਨਸੰਖਿਆ ਜ਼ਿਆਦਾ ਘਟਦੀ ਹੈ ਤਾਂ ਸਭਿਆਚਾਰ ਅਤੇ ਬੋਲੀਆਂ ਖਤਮ ਹੋ ਜਾਂਦੀਆਂ ਹਨ। ਜਨਸੰਖਿਆ ਵਿੱਚ ਪੰਥਾਂ/ਧਰਮਾਂ ਦੀ ਸੰਖਿਆ ਵਿੱਚ ਫ਼ਰਕ ਆਉਣ ਕਾਰਨ ਨਵੇਂ ਦੇਸ਼ ਬਣੇ ਹਨ, ਬਣ ਰਹੇ ਹਨ।''
ਸੰਸਕਾਰ ਸਿਰਫ਼ ਸਕੂਲਾਂ ਵਿੱਚ ਨਹੀਂ ਬਣਦੇ
ਆਰਐੱਸਐੱਸ ਮੁਖੀ ਨੇ ਕਿਹਾ, "ਸਮਾਜਿਕ ਪ੍ਰੋਗਰਾਮਾਂ ਵਿੱਚ, ਜਨਮਾਧਿਅਮਾਂ ਰਾਹੀਂ, ਆਗੂਆਂ ਤੋਂ ਸੰਸਕਾਰ ਮਿਲਦੇ ਹਨ। ਸਿਰਫ਼ ਕਾਲਜਾਂ ਵਿੱਚ ਸੰਸਕਾਰ ਨਹੀਂ ਮਿਲਦੇ ਹਨ। ਸਿਰਫ਼ ਸਕੂਲੀ ਸਿੱਖਿਆ ਉੱਪਰ ਨਿਰਭਰ ਨਹੀਂ ਰਹਿਣਾ ਚਾਹੀਦਾ।...ਨਵੀਂ ਸਿੱਖਿਆ ਨੀਤੀ ਦੀਆਂ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹਨ ਪਰ ਕੀ ਅਸੀਂ ਆਪਣੀ ਭਾਸ਼ਾ ਵਿੱਚ ਪੜ੍ਹਨਾ ਚਾਹੁੰਦੇ ਹਾਂ? ਇੱਕ ਵਹਿਮ ਹੈ ਕਿ ਅੰਗਰੇਜ਼ੀ ਨਾਲ ਹੀ ਰੋਜ਼ਗਾਰ ਮਿਲਦਾ ਹੈ। ਅਜਿਹਾ ਨਹੀਂ ਹੈ।"
ਉਨ੍ਹਾਂ ਨੇ ਕਿਹਾ, "ਲੋਕਮਾਨਿਆ ਤਿਲਕ ਨੇ ਗੁਰੂਕੁਲ ਵਿੱਚ ਨਹੀਂ ਪੜ੍ਹਿਆ, ਗਾਂਧੀ ਨੇ ਗੁਰੂਕੁਲ ਵਿੱਚ ਨਹੀਂ ਪੜ੍ਹਿਆ, ਡਾ. ਹੇਡਗੇਵਾਰ ਨੇ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਿਆ ਸੀ ਪਰ ਇਹ ਲੋਕ ਦੇਸ਼ ਭਗਤ ਕਿਉਂ ਬਣ ਗਏ ਕਿਉਂਕਿ ਉਹ ਸਕੂਲੀ ਮਾਹੌਲ ਤੋਂ ਦੇਸ਼ ਭਗਤ ਨਹੀਂ ਬਣੇ। ਘਰ ਦਾ ਮਾਹੌਲ, ਸਮਾਜ ਦਾ ਮਾਹੌਲ ਮਦਦਗਾਰ ਹੁੰਦਾ ਹੈ।''
ਧਰਮ ਵੱਖੋ-ਵੱਖ ਪਰ ਪੂਰਬਜ ਸਾਡੇ ਹੀ ਹਨ
ਉਹਾਂ ਨੇ ਕਿਹਾ, "ਖੁਸ਼ਕਿਸਮਤੀ ਕਾਰਨ ਭਾਰਤ ਵਿੱਚ ਇੰਨੇ ਸਾਰੇ ਪੰਥ ਅਤੇ ਬੋਲੀਆਂ ਹਨ। ਵਿਦੇਸ਼ੀ ਹਮਲਿਆਂ ਕਾਰਨ ਵੀ ਸਾਡੇ ਕਈ ਪੰਥ/ਸੰਪਰਦਾਇ ਬਣ ਗਏ ਹਨ। ਸਾਡੇ ਹੀ ਲੋਕ ਉਨ੍ਹਾਂ ਭਾਈਚਾਰਿਆਂ ਵਿੱਚ ਹਨ। ਉਨ੍ਹਾਂ ਦੇ ਪੰਥ ਸੰਪਰਦਾ ਵਿਦੇਸ਼ੀ ਹਨ ਪਰ ਉਹ ਸਾਡੇ ਲੋਕ ਹਨ। ਕੁਝ ਦਹਾਕੇ ਪਹਿਲਾਂ ਉਨ੍ਹਾਂ ਦੇ ਪੂਰਬਜ ਉਹੀ ਸਨ ਜੋ ਸਾਡੇ ਹਨ।"
"ਇੰਨ੍ਹਾ ਵਖਰੇਵਿਆਂ ਦੇ ਕਾਰਨ ਵੀ ਕਈ ਮਤਭੇਦ ਹੋ ਜਾਂਦੇ ਹਨ ਪਰ ਫਿਰ ਵੀ ਸਾਡਾ ਇੱਕ ਸਨਾਤਨ ਪ੍ਰਵਾਹ ਚੱਲਦਾ ਰਿਹਾ ਹੈ। ਭਾਰਤ ਦੀ ਹੋਂਦ ਹਮੇਸ਼ਾ ਰਹੀ ਹੈ। ਪ੍ਰਣਾਲੀਆਂ ਵੀ ਕਈ ਰਹੀਆਂ ਹਨ।"
"ਭਾਰਤ ਹਮੇਸ਼ਾ ਤੋਂ ਇੱਕ ਰਾਸ਼ਟਰ ਰਿਹਾ ਹੈ ਕਿਉਂਕਿ ਵਖਰੇਵਿਆਂ ਨੂੰ ਸਵੀਕਾਰ ਕਰਨ ਦੀ ਸਮਝ ਹਮੇਸ਼ਾ ਤੋਂ ਸਾਡੇ ਵਿੱਚ ਰਹੀ ਹੈ।"
ਹਿੰਦੂ ਰਾਸ਼ਰ ਦਾ ਵਿਚਾਰ
"ਭਾਰਤ ਦੀਆਂ ਸਰਹੱਦਾਂ ਦੇ ਅੰਦਰ ਰਹਿਣ ਵਾਲੇ ਹਰ ਵਿਅਕਤੀ ਦੀ ਇਹ (ਭਾਰਤ ਮਾਤਾ) ਵਿਰਾਸਤ ਹੈ। ਇਹ ਸਾਡੀ ਪਛਾਣ ਅਤੇ ਸਵੈ ਦਾ ਮੁੱਖ ਅਧਾਰ ਹੈ। ਇਸੇ ਅਧਾਰ ਉੱਪਰ ਹੀ ਸਮਾਜ ਦੀ ਜਾਗਰੂਕਤਾ ਹੋਣਾ ਚਾਹੀਦੀ ਹੈ। ਸੰਘ ਦਾ ਸਾਰੇ ਸਮਾਜ ਨੂੰ ਇਹੀ ਸੱਦਾ ਹੈ। ਇਸੇ ਨੂੰ ਅਸੀਂ ਹਿੰਦੁਤਵ ਕਹਿੰਦੇ ਹਾਂ।"
"ਇਹ ਵਿਚਾਰ ਹਿੰਦੂ ਰਾਸ਼ਟਰ ਦਾ ਵਿਚਾਰ ਹੈ, ਅਜਿਹਾ ਲੋਕ ਕਹਿੰਦੇ ਹਨ, ਕਿਉਂਕਿ ਇਹ ਹੈ। ਇਸੇ ਲਈ ਅਸੀਂ ਕਹਿੰਦੇ ਹਾਂ ਹਿੰਦੁਸਤਾਨ ਹਿੰਦੂ ਰਾਸ਼ਟਰ ਹੈ। ਇਨ੍ਹਾਂ ਵਿਚਾਰਾਂ ਨੂੰ ਮੰਨਣ ਵਾਲਿਆਂ ਨੂੰ ਅਸੀਂ ਹਿੰਦੂ ਸੰਗਠਨ ਕਹਿੰਦੇ ਹਾਂ।"
"ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ। ਲੋਕ ਹਨ ਜੋ ਇਸੇ ਨੂੰ ਮੰਨਦੇ ਹਨ, ਜਾਂ ਕਹਿਣ ਤੋਂ ਡਰਦੇ ਹਾਂ ਜਾਂ ਵਿਰੋਧ ਵੀ ਕਰਦੇ ਹਨ। ਪਰ ਸਾਡਾ ਉਨ੍ਹਾਂ ਨਾਲ ਕੋਈ ਝਗੜਾ ਨਹੀਂ ਹੈ।"
"ਅਸੀਂ ਅਜਿਹਾ ਹਿੰਦੂ ਖੜ੍ਹਾ ਕਰਨਾ ਚਾਹੁੰਦੇ ਹਾਂ ਜੋ ਭੈ ਕਾਹੂੰ ਕੋ ਦੇਤ ਨਹਿ ਨਾ ਭੈ ਮਾਨ ਆਨ।"
ਇਹ ਵੀ ਪੜ੍ਹੋ: