ਕਰਜ਼ਾ ਚੁੱਕ ਕੇ ਜਿਸ ਪੁੱਤ ਨੂੰ ਵਿਦੇਸ਼ ਭੇਜਿਆ ਹੁਣ ਉਸੇ ਦੀ ਲਾਸ਼ ਲਿਆਉਣ ਲਈ ਪੈਸੇ ਇਕੱਠੇ ਕਰਨੇ ਪੈ ਰਹੇ

ਤਸਵੀਰ ਸਰੋਤ, BBC/SARTAJ ALAM
- ਲੇਖਕ, ਮੁਹੰਮਦ ਸਰਤਾਜ ਆਲਮ
- ਰੋਲ, ਬੀਬੀਸੀ ਸਹਿਯੋਗੀ
ਜੇ ਸਾਊਦੀ ਅਰਬ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਕਈ ਵਾਰ ਲਾਸ਼ ਵਾਪਸ ਲੈ ਕੇ ਆਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ।
ਭਾਰਤ ਹੋਵੇ, ਪਾਕਿਸਤਾਨ ਹੋਵੇ ਜਾਂ ਫਿਰ ਬੰਗਲਾਦੇਸ਼... ਇੱਥੋਂ ਦੇ ਹਜ਼ਾਰਾਂ ਲੱਖਾਂ ਪਰਿਵਾਰਾਂ ਲਈ ਇਹ ਸਮੱਸਿਆ ਇੱਕੋ-ਜਿਹੀ ਹੈ।
ਜਦੋਂ ਮਜ਼ਦੂਰ ਸਾਊਦੀ ਅਰਬ ਵਿੱਚ ਕੰਮ ਕਰਨ ਲਈ ਜਾਣ ਦਾ ਫੈਸਲਾ ਕਰਦੇ ਹਨ ਤਾਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਕਈ ਸੁਫ਼ਨੇ ਹੁੰਦੇ ਹਨ। ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਸਥਿਤੀ ਕੁਝ ਸੁਧਰ ਜਾਵੇਗੀ।
ਹਾਲਾਂਕਿ ਸਾਰੇ ਸੁਫਨੇ ਸੱਚ ਨਹੀਂ ਹੁੰਦੇ ਅਤੇ ਕਈ ਬਹੁਤ ਬੁਰੀ ਤਰ੍ਹਾਂ ਚਕਨਾਚੂਰ ਹੋ ਜਾਂਦੇ ਹਨ।
26 ਸਾਲਾ ਰਾਮ ਮਿਲਨ ਨੂੰ ਜਦੋਂ ਉਨ੍ਹਾਂ ਦੇ ਪਰਿਵਾਰ ਨੇ ਸਾਊਦੀ ਅਰਬ ਭੇਜਿਆ ਸੀ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਵੀ ਕਈ ਸੁਫਨੇ ਸਨ।
ਰਾਮ ਮਿਲਨ ਦੀ ਪਤਨੀ ਨੇ ਆਪਣੇ ਗਹਿਣੇ ਵੇਚੇ, ਉਨ੍ਹਾਂ ਦੀ ਮਾਂ ਨੇ ਦਰ-ਦਰ ਜਾ ਕੇ ਪੈਸੇ ਮੰਗੇ। 70 ਸਾਲਾਂ ਪਿਤਾ ਨੇ ਰਿਕਸ਼ਾ ਚਲਾ ਕੇ ਜੋੜੀ ਆਪਣੀ ਸਾਰੀ ਪੂੰਜੀ ਪੁੱਤਰ ਨੂੰ ਵਿਦੇਸ਼ ਭੇਜਣ ਵਿੱਚ ਲਗਾ ਦਿੱਤੀ।
ਪਰ... ਹੁਣ ਰਾਮ ਮਿਲਨ ਦੇ ਪਰਿਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪਿਛਲੇ ਕਈ ਹਫ਼ਤਿਆਂ ਤੋਂ ਇੰਤਜ਼ਾਰ ਹੈ।
ਰਾਮ ਮਿਲਨ ਦੀ ਮੌਤ 18 ਅਗਸਤ 2022 ਨੂੰ ਸਾਊਦੀ ਅਰਬ ਦੇ ਦੱਮਾਮ ਸ਼ਹਿਰ 'ਚ ਹੋ ਗਈ ਸੀ। ਉਹ ਉੱਥੇ 'ਪ੍ਰਿੰਸ ਮੁਹੰਮਦ ਬਿਨ ਫ਼ਹਿਦ ਯੂਨੀਵਰਸਿਟੀ' 'ਚ ਇੱਕ ਸਫਾਈ ਕਰਮਚਾਰੀ ਸੀ।
ਰਾਮ ਮਿਲਨ ਦੀ 65 ਸਾਲਾ ਮਾਂ ਨੱਥੀ ਦੇਵੀ ਦਾ ਕਹਿਣਾ ਹੈ , "ਪੁੱਤਰ ਦੀ ਮੌਤ ਦੀ ਖ਼ਬਰ ਤੋਂ ਬਾਅਦ ਦੱਸ ਦਿਨਾਂ ਤੱਕ ਘਰ 'ਚ ਚੁੱਲ੍ਹੇ 'ਚ ਅੱਗ ਹੀ ਨਹੀਂ ਜਲਾਈ ਗਈ। ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੇ ਹੀ ਦੋ ਵੇਲੇ ਦੀ ਰੋਟੀ ਦਾ ਬੰਦੋਬਸਤ ਕੀਤਾ ਸੀ।"
"ਪਰ ਇਹ ਕਦੋਂ ਤੱਕ ਚੱਲਦਾ ਕਿਉਂਕਿ ਪੁੱਤਰ ਦੀ ਮ੍ਰਿਤਕ ਦੇਹ ਨਾ ਆਉਣ ਕਰਕੇ ਸੋਗ ਦਾ ਸਮਾਂ ਵਧਦਾ ਹੀ ਜਾ ਰਿਹਾ ਸੀ।"
ਜਦੋਂ ਉਨ੍ਹਾਂ ਤੋਂ ਰਾਮ ਮਿਲਨ ਦੀ ਮੌਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੇ ਹੰਝੂ ਰੁੱਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ ਅਤੇ ਉਹ ਇੱਕ ਹੀ ਗੱਲ ਵਾਰ-ਵਾਰ ਕਹਿ ਰਹੀ ਸੀ, "ਕਿਸੇ ਵੀ ਤਰ੍ਹਾਂ ਮੈਨੂੰ ਇੱਕ ਵਾਰ ਆਪਣੇ ਪੁੱਤਰ ਦਾ ਮੂੰਹ ਵਿਖਾ ਦਿਓ"।
ਰਾਮ ਮਿਲਨ ਦੀਆਂ ਦੋ ਧੀਆਂ ਹਨ- ਸੰਜਨਾ ਦੀ ਉਮਰ 6 ਮਹੀਨੇ ਹੈ ਅਤੇ ਵੱਡੀ ਧੀ ਸੰਧਿਆ ਦੀ ਉਮਰ ਤਿੰਨ ਸਾਲ ਹੈ।
ਰਾਮ ਮਿਲਨ ਦੀ ਪਤਨੀ ਰਾਜਵੰਤੀ ਨੇ ਦੱਸਿਆ ਕਿ ਦੋਵੇਂ ਧੀਆਂ ਚੰਗੀ ਸਿੱਖਿਆ ਹਾਸਲ ਕਰ ਸਕਣ, ਇਸ ਲਈ ਹੀ ਉਨ੍ਹਾਂ ਦੇ ਪਤੀ ਸਾਊਦੀ ਅਰਬ ਗਏ ਸਨ।
ਕੰਬਦੀ ਹੋਈ ਆਵਾਜ਼ 'ਚ ਉਨ੍ਹਾਂ ਨੇ ਕਿਹਾ "ਅਰਬ ਜਾਣ ਤੋਂ ਪਹਿਲਾਂ ਉਹ ਕਦੇ ਇੱਟਾਂ ਦੇ ਭੱਠੇ 'ਤੇ ਕੰਮ ਕਰਦੇ, ਕਦੇ ਖੇਤਾਂ 'ਚ, ਕਦੇ ਦਿੱਲੀ ਤੇ ਕਦੇ ਮੁਬੰਈ ਜਾ ਕੇ ਮਜ਼ਦੂਰੀ ਕਰਦੇ ਸਨ।"
"ਇਸ ਤਰ੍ਹਾਂ ਇੱਕ ਸਾਲ 'ਚ ਸਿਰਫ 20 ਤੋਂ 30 ਹਜ਼ਾਰ ਰੁਪਏ ਹੀ ਬਚਦੇ ਸਨ, ਜਿਸ ਦਾ ਇੱਕ ਵੱਡਾ ਹਿੱਸਾ ਮੇਰੀ ਸੱਸ ਅਤੇ ਸਹੁਰੇ ਦੇ ਇਲਾਜ, ਦਵਾ-ਦਾਰੂ 'ਤੇ ਖਰਚ ਹੋ ਜਾਂਦਾ ਸੀ। ਇਸ ਲਈ ਹੀ ਰਾਮ ਮਿਲਨ ਨੇ ਅਰਬ ਜਾਣ ਦਾ ਸੋਚਿਆ।"
ਰਾਮ ਮਿਲਨ ਦੀ ਮਾਂ ਨੱਥੀ ਦੇਵੀ ਨੇ ਦੱਸਿਆ ਕਿ ਪੁੱਤਰ ਨੂੰ ਅਰਬ ਭੇਜਣ ਲਈ 1 ਲੱਖ 30 ਹਜ਼ਾਰ ਰੁਪਏ ਖਰਚ ਹੋਏ ਸਨ।
ਉਹ ਅੱਗੇ ਦੱਸਦੇ ਹਨ , "ਇਸ 'ਚੋਂ ਲਗਭਗ 85 ਹਜ਼ਾਰ ਰੁਪਏ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਚੁੱਕੇ ਸਨ, ਜੋ ਕਿ ਅਜੇ ਤੱਕ ਅਦਾ ਨਹੀਂ ਹੋਏ ਹਨ। ਜਦਕਿ ਕੁਝ ਰਕਮ ਮੇਰੀ ਨੂੰਹ ਨੇ ਆਪਣੇ ਗਹਿਣੇ ਵੇਚ ਕੇ ਇੱਕਠੀ ਕੀਤੀ ਸੀ।"

ਤਸਵੀਰ ਸਰੋਤ, BBC/SARTAJ ALAM
ਕਰਜ਼ਾ ਚੁੱਕ ਕੇ ਵਿਦੇਸ਼ ਗਏ ਸੀ
ਰਾਜਵੰਤੀ ਨੇ ਦੱਸਿਆ "ਮੈਂ ਗਹਿਣੇ ਵੇਚ ਦਿੱਤੇ ਸਨ ਕਿ ਕੱਲ੍ਹ ਨੂੰ ਜਦੋਂ ਮੇਰੇ ਕੋਲ ਪੈਸੇ ਹੋਣਗੇ ਤਾਂ ਮੈਂ ਗਹਿਣੇ ਮੁੜ ਖਰੀਦ ਲਵਾਂਗੀ, ਪਰ ਭਵਿੱਖ ਕੌਣ ਜਾਣਦਾ ਹੈ। ਹੁਣ ਉਹ ਇਸ ਦੁਨੀਆ 'ਚ ਨਹੀਂ ਰਹੇ।"
"ਦੋ ਧੀਆਂ ਅਤੇ ਸੱਸ-ਸਹੁਰੇ ਦੀ ਜ਼ਿੰਮੇਵਾਰੀ ਮੇਰੇ 'ਤੇ ਆ ਗਈ ਹੈ। ਘਰ ਦਾ ਖਰਚ ਚਲਾਉਣ ਲਈ ਤਾਂ ਹੁਣ ਮੇਰੇ ਕੋਲ ਗਹਿਣੇ ਵੀ ਨਹੀਂ ਹਨ, ਜਿੰਨ੍ਹਾਂ ਨੂੰ ਵੇਚ ਕੇ ਕੋਈ ਬੰਦੋਬਸਤ ਕਰ ਸਕਾਂ।"
ਰਾਮ ਮਿਲਨ ਦੇ 70 ਸਾਲਾ ਪਿਤਾ ਇੰਦਰਜੀਤ ਸਰੋਜ ਦਮੇ ਦੇ ਮਰੀਜ਼ ਹਨ।
ਉਨ੍ਹਾਂ ਦਾ ਕਹਿਣਾ ਹੈ, "ਮੈਂ ਰਿਕਸ਼ਾ ਚਲਾ ਕੇ ਚਾਰ ਪੁੱਤਰਾਂ ਦਾ ਪਾਲਣ ਪੋਸ਼ਣ ਕੀਤਾ ਹੈ। ਪਰ ਹੁਣ ਦਮੇ ਦੀ ਬਿਮਾਰੀ ਕਰਕੇ ਪਿਛਲੇ 8 ਸਾਲਾਂ ਤੋਂ ਘਰ 'ਚ ਹੀ ਹਾਂ। ਤਿੰਨ ਪੁੱਤਰ ਵੱਖ ਰਹਿੰਦੇ ਹਨ। ਅਸੀਂ ਰਾਮ ਮਿਲਨ ਦੇ ਟੱਬਰ ਨਾਲ ਰਹਿੰਦੇ ਹਾਂ।"
"ਪੰਜ ਸਾਲ ਪਹਿਲਾਂ ਮੈਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇਹ ਘਰ ਮਿਲਿਆ ਸੀ ਅਤੇ ਫਿਰ ਜਾ ਕੇ ਸਾਨੂੰ ਸਿਰ ਢੱਕਣ ਲਈ ਛੱਤ ਨਸੀਬ ਹੋਈ। ਜਦੋਂ ਰਾਮ ਮਿਲਨ ਅਰਬ ਗਿਆ ਤਾਂ ਲੱਗਿਆ ਸੀ ਕਿ ਹੁਣ ਹਾਲਾਤ ਬਦਲ ਜਾਣਗੇ, ਪਰ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ।"
ਉਹ ਆਪਣੇ ਪੁੱਤਰ ਬਾਰੇ ਦੱਸਦੇ ਹਨ, "ਇਸ ਸਾਲ 27 ਫਰਵਰੀ ਨੂੰ ਮੇਰਾ ਪੁੱਤਰ ਮੈਨ ਪਾਵਰ ਸਪਲਾਈ ਕੰਪਨੀ ਦੀ 1 ਹਜ਼ਾਰ ਰਿਆਲ ਦੀ ਤਨਖਾਹ 'ਤੇ ਜੇਦਾਹ ਗਿਆ ਸੀ। ਪਹਿਲੇ ਮਹੀਨੇ ਉਸ ਨੂੰ ਸਿਰਫ 15 ਦਿਨ ਹੀ ਕੰਮ ਮਿਲਿਆ ਅਤੇ ਉਸ ਦੀ ਤਨਖਾਹ ਵੀ ਮਿਲੀ।"
ਪਰ ਫਿਰ ਤਿੰਨ ਮਹੀਨਿਆਂ ਤੱਕ ਉਸਦਾ ਕੰਮ ਬੰਦ ਰਿਹਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਕੰਪਨੀ ਉਨ੍ਹਾਂ ਨੂੰ ਖਾਣ-ਪੀਣ ਲਈ 300 ਰਿਆਲ ਦਿੰਦੀ ਰਹੀ। ਉਹ ਫੋਨ ਕਰਕੇ ਕਿਹਾ ਕਰਦਾ ਸੀ ਕਿ ਤੁਸੀਂ ਪਰੇਸ਼ਾਨ ਨਾ ਹੋਇਓ, ਕੰਮ ਸ਼ੁਰੂ ਹੁੰਦਿਆ ਹੀ ਸਾਰਾ ਕਰਜ਼ਾ ਵਾਪਸ ਕਰ ਦੇਵਾਂਗੇ।"

ਤਸਵੀਰ ਸਰੋਤ, BBC/SARTAJ ALAM
ਮੁਆਵਜ਼ੇ ਦੀ ਪ੍ਰਕਿਰਿਆ ਕੀ ਹੈ ?
ਜੂਨ 'ਚ ਰਾਮ ਮਿਲਨ ਦੀ ਕੰਪਨੀ ਨੇ ਉਸ ਨੂੰ ਦੱਮਾਮ ਭੇਜ ਦਿੱਤਾ ਸੀ। 18 ਅਗਸਤ ਨੂੰ ਰਾਮ ਮਿਲਨ ਨੇ ਕਿਹਾ ਸੀ ਕਿ ਜੂਨ, ਜੁਲਾਈ ਅਤੇ ਅਗਸਤ ਦੀ ਪੇਮੈਂਟ 5 ਸਤੰਬਰ ਇੱਕਠੀ ਭੇਜਾਗਾਂ ਤਾਂ ਕਿ ਕਰਜ਼ ਦਾ ਕੁਝ ਹਿੱਸਾ ਚੁਕਾਇਆ ਜਾ ਸਕੇ।
ਹੁਣ ਸਵਾਲ ਇਹ ਉੱਠਦਾ ਹੈ ਕਿ ਰਾਮ ਮਿਲਨ ਦੀ ਮੌਤ ਤੋਂ ਬਾਅਦ ਉਸ ਦੀ ਪੇਮੈਂਟ ਕਦੋਂ ਅਤੇ ਕਿਸ ਤਰ੍ਹਾਂ ਮਿਲੇਗੀ।
ਰਾਮ ਮਿਲਨ ਦੀ ਬਕਾਇਆ ਤਨਖਾਹ 'ਤੇ ਦੱਮਾਮ 'ਚ ਮੌਜੂਦ ਉਨ੍ਹਾਂ ਦੇ ਸੁਪਰਵਾਈਜ਼ਰ ਸੂਰਿਆ ਨਾਰਾਇਣ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਪੇਮੈਂਟ ਦੀ ਪ੍ਰਕਿਰਿਆ ਪੂਰੀ ਕਰ ਦਿੱਤੀ ਹੈ, ਜੋ ਕਿ ਜਲਦੀ ਹੀ ਰਾਮ ਮਿਲਨ ਦੇ ਪਰਿਵਾਰ ਨੂੰ ਭੇਜ ਦਿੱਤੀ ਜਾਵੇਗੀ।

ਤਸਵੀਰ ਸਰੋਤ, BC
ਇਹ ਵੀ ਪੜ੍ਹੋ-

ਤਸਵੀਰ ਸਰੋਤ, BC
ਪਰਵਾਸੀ ਮਜ਼ਦੂਰਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਅਨੁਸਾਰ, ਮੁਆਵਜ਼ੇ ਦੀ ਪ੍ਰਕਿਰਿਆ ਮੌਤ ਦੇ ਹਾਲਾਤਾਂ ਦੇ ਅਧਾਰ 'ਤੇ ਵੱਖ-ਵੱਖ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ ਕੰਮ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ 'ਤੇ ਵੱਖਰਾ ਮੁਆਵਜ਼ਾ ਮਿਲਦਾ ਹੈ ਜਦਕਿ ਕੁਦਰਤੀ ਮੌਤ ਦੀ ਸਥਿਤੀ 'ਚ ਇਹ ਬਹੁਤ ਘੱਟ ਜਾਂਦਾ ਹੈ।
ਇਸ ਦੇ ਨਾਲ ਹੀ ਮੁਆਵਜ਼ੇ ਦੇ ਦਾਅਵੇ ਦਾ ਨਿਪਟਾਰਾ ਕਰਨ 'ਚ ਲੱਗਣ ਵਾਲਾ ਸਮਾਂ ਵੀ ਹਰ ਮਾਮਲੇ 'ਚ ਵੱਖਰਾ ਰਹਿੰਦਾ ਹੈ ਅਤੇ ਮਾਮਲੇ ਦੀ ਗੁੰਝਲਤਾ 'ਤੇ ਵੀ ਨਿਰਭਰ ਕਰਦਾ ਹੈ।
ਵਿਦੇਸ਼ ਮੰਤਰਾਲੇ ਅਨੁਸਾਰ ਵੈਬਲਿੰਕ ਰਾਹੀਂ ਅਰਜ਼ੀ ਦਾਇਰ ਕਰਨ ਤੋਂ ਬਾਅਦ ਸਬੰਧਤ ਭਾਰਤੀ ਦੂਤਘਰ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਅਤੇ ਮੌਤ ਦਾ ਮੁਆਵਜ਼ਾ ਹਾਸਲ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕਦਾ ਹੈ।
ਮਿਆਰੀ ਅਭਿਆਸ ਦੇ ਅਨੁਸਾਰ, ਇਹ ਸਫ਼ਾਰਤਖਾਨੇ ਦੇ ਜ਼ਰੀਏ ਭਾਰਤ 'ਚ ਸਬੰਧਤ ਜ਼ਿਲ੍ਹਾ ਅਧਿਕਾਰੀ ਦੇ ਮਾਧਿਅਮ ਤੋਂ ਭੇਜਿਆ ਜਾਂਦਾ ਹੈ। ਬਦਲਵੇਂ ਰੂਪ 'ਚ, ਇਹ ਰਕਮ ਰੁਜ਼ਗਾਰਦਾਤਾ ਵੱਲੋਂ ਸਿੱਧੇ ਤੌਰ 'ਤੇ ਪਰਿਵਾਰ ਨੂੰ ਵੀ ਭੇਜੀ ਜਾ ਸਕਦੀ ਹੈ।

ਤਸਵੀਰ ਸਰੋਤ, BBC/SARTAJ ALAM
ਕਿਵੇਂ ਹੋਈ ਪੁੱਤਰ ਦੀ ਮੌਤ, ਉਸ ਨੇ ਕੀ ਕਿਹਾ ਸੀ ਆਖਰੀ ਵਾਰ?
ਰਾਮ ਮਿਲਨ ਨਾਲ ਆਖਰੀ ਵਾਰ ਕੀ ਗੱਲਬਾਤ ਹੋਈ ਸੀ, ਇਸ ਸਵਾਲ ਦੇ ਜਵਾਬ 'ਚ ਰਾਮ ਮਿਲਨ ਦੀ ਮਾਂ ਨੱਥੀ ਦੇਵੀ ਨੇ ਦੱਸਿਆ ਕਿ 18 ਅਗਸਤ ਦੀ ਸਵੇਰ ਨੂੰ ਰਾਮ ਮਿਲਨ ਨਾਲ ਆਖਰੀ ਵਾਰ ਗੱਲ ਹੋਈ ਸੀ।
ਉਸ ਦਿਨ ਡਿਊਟੀ 'ਤੇ ਜਾਣ ਤੋਂ ਪਹਿਲਾਂ ਉਸ ਨੇ ਵੀਡੀਓ ਕਾਲ ਕੀਤੀ ਸੀ। ਗੱਲਬਾਤ ਦੌਰਾਨ ਉਸ ਨੇ ਕਿਹਾ ਸੀ, "ਅੰਮਾ, ਮੈਨੂੰ ਛਾਤੀ 'ਚ ਦਰਦ ਹੋ ਰਹੀ ਹੈ। ਉਸ ਤੋਂ ਬਾਅਦ ਉਸ ਨੇ ਆਪਣੀ ਕਮੀਜ਼ ਲਾਹ ਕੇ ਵਿਖਾਇਆ ਕਿ ਅੰਮਾ, ਵੇਖੋ ਮੈਨੂੰ ਕਿੰਨਾ ਪਸੀਨਾ ਆ ਰਿਹਾ ਹੈ।"
ਨੱਥੀ ਦੇਵੀ ਨੇ ਦੱਸਿਆ ਕਿ ਮੈਂ ਰਾਮ ਮਿਲਨ ਨੂੰ ਕਿਹਾ ਕਿ ਤੂੰ ਅੱਜ ਕੰਮ 'ਤੇ ਨਾ ਜਾ ਅਤੇ ਆਪਣੇ ਕਮਰੇ 'ਚ ਹੀ ਆਰਾਮ ਕਰ। ਜੇਕਰ ਜ਼ਰੂਰਤ ਪਈ ਤਾਂ ਡਾਕਟਰ ਨੂੰ ਵਿਖਾ ਦੇਵੀਂ। ਇਸ ਤੋਂ ਬਾਅਦ ਰਾਮ ਮਿਲਨ ਨੇ ਫੋਨ ਕੱਟ ਕਰ ਦਿੱਤਾ।
ਰਾਜਵੰਤੀ ਨੇ ਦੱਸਿਆ, "ਮੈਂ ਆਪਣੇ ਪਤੀ ਦੀ ਛਾਤੀ 'ਚ ਦਰਦ ਨੂੰ ਲੈ ਕੇ ਬਹੁਤ ਫਿਕਰਮੰਦ ਸੀ। ਇਸ ਲਈ ਖਾਣਾ ਬਣਾਉਣ ਤੋਂ ਬਾਅਦ ਤਕਰੀਬਨ 11 ਵਜੇ ਮੈਂ ਉਨ੍ਹਾਂ ਨੂੰ ਫੋਨ ਕੀਤਾ। ਪਰ ਉਨ੍ਹਾਂ ਨਾਲ ਗੱਲ ਨਾ ਹੋ ਸਕੀ।"
"ਉਸ ਤੋਂ ਬਾਅਦ ਪੂਣੇ 'ਚ ਰਹਿਣ ਵਾਲੇ ਮੇਰੇ ਭਰਾ ਨੇ ਸ਼ਾਮ ਨੂੰ ਫੋਨ ਕਰਕੇ ਦੱਸਿਆ ਕਿ ਰਾਮ ਮਿਲਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਉਨ੍ਹਾਂ ਨੇ ਇਹ ਖ਼ਬਰ ਫੇਸਬੁੱਕ 'ਤੇ ਆਪਣੇ ਕਿਸੇ ਦੋਸਤ ਦੀ ਟਾਈਮ ਲਾਈਨ 'ਤੇ ਪੜ੍ਹੀ।"
ਉਸ ਨੇ ਅੱਗੇ ਦੱਸਿਆ, "ਸਾਨੂੰ ਸਾਰਿਆਂ ਨੂੰ ਇਸ ਖ਼ਬਰ 'ਤੇ ਬਿਲਕੁੱਲ ਵੀ ਯਕੀਨ ਨਹੀਂ ਹੋ ਰਿਹਾ ਸੀ, ਕਿਉਂਕਿ 6 ਸਾਲਾਂ ਦੇ ਆਪਣੇ ਵਿਆਹੁਤਾ ਜੀਵਨ 'ਚ ਮੈਂ ਕਦੇ ਵੀ ਰਾਮ ਮਿਲਨ ਨੂੰ ਬਿਮਾਰ ਨਹੀਂ ਵੇਖਿਆ ਸੀ।"
"ਇਹ ਖ਼ਬਰ ਮਿਲਦਿਆਂ ਹੀ ਮੈਂ ਆਪਣੇ ਜੇਠ ਉਮੇਸ਼ ਕੁਮਾਰ ਨੂੰ ਇਸ ਬਾਰੇ ਦੱਸਿਆ। ਉਨ੍ਹਾਂ ਨੇ ਰਾਮ ਮਿਲਨ ਦੇ ਸੁਪਰਵਾਈਜ਼ਰ ਸੂਰਿਆ ਨਾਰਾਇਣ ਨੂੰ ਦੱਮਾਮ ਫੋਨ ਕੀਤਾ।"
ਰਾਮ ਮਿਲਨ ਦੇ 28 ਸਾਲਾ ਭਰਾ ਉਮੇਸ਼ ਕੁਮਾਰ ਸਰੋਜ ਦਾ ਕਹਿਣਾ ਹੈ, "ਮੈਂ ਤੁਰੰਤ ਹੀ ਸੁਪਰਵਾਈਜ਼ਰ ਨਾਲ ਸੰਪਰਕ ਕੀਤਾ ਅਤੇ ਪੁੱਛਿਆ ਕਿ ਤੁਸੀਂ ਮੇਰੇ ਭਰਾ ਦਾ ਇਲਾਜ ਡਾਕਟਰ ਤੋਂ ਕਿਉਂ ਨਹੀਂ ਕਰਵਾਇਆ।"
"ਉਨ੍ਹਾਂ ਨੇ ਜਵਾਬ ਦਿੱਤਾ ਕਿ ਰਾਮ ਮਿਲਨ ਨੇ ਇੰਨਾ ਸਮਾਂ ਹੀ ਨਹੀਂ ਦਿੱਤਾ ਕਿ ਅਸੀਂ ਕੁਝ ਕਰ ਪਾਉਂਦੇ।"
ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ
ਦਮਾਮ 'ਚ ਮੌਜੂਦ ਰਾਮ ਮਿਲਨ ਦੇ ਸੁਪਰਵਾਈਜ਼ਰ ਸੂਰਿਆ ਨਾਰਾਇਣ ਨੇ ਰਾਮ ਮਿਲਨ ਬਾਰੇ ਦੱਸਿਆ, "ਰਾਮ ਮਿਲਨ ਹਾਦਸੇ ਵਾਲੇ ਦਿਨ ਯੂਨੀਵਰਸਿਟੀ 'ਚ ਡਿਊਟੀ 'ਤੇ ਜਾਣ ਲਈ ਤਿਆਰ ਸੀ। ਬੱਸ 'ਚ ਸਵਾਰ ਹੋਣ ਤੋਂ ਪਹਿਲਾਂ ਉਸ ਨੂੰ ਛਾਤੀ 'ਚ ਦਰਦ ਮਹਿਸੂਸ ਹੋਇਆ ਅਤੇ ਉਸ ਨੇ ਆਪਣੇ ਸਾਥੀ ਚੰਦਰ ਬਾਬੂ ਨੂੰ ਦੱਸਿਆ ਕਿ ਉਹ ਅੱਜ ਕੰਮ 'ਤੇ ਨਹੀਂ ਜਾ ਸਕੇਗਾ।"
"20 ਮਿੰਟ ਬਾਅਦ ਚੰਦਰ ਬਾਬੂ ਨੇ ਯੂਨੀਵਰਸਿਟੀ ਪਹੁੰਚ ਕੇ ਮੈਨੂੰ ਦੱਸਿਆ ਕਿ ਰਾਮ ਮਿਲਨ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਹ ਅੱਜ ਅਰਾਮ ਕਰੇਗਾ। ਇਸ ਤੋਂ ਤੁਰੰਤ ਬਾਅਦ ਰਾਮ ਮਿਲਨ ਦੇ ਰੂਮ ਪਾਰਟਨਰ ਮੁਹੰਮਦ ਗ਼ਾਲਿਬ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਰਕੇ ਰਾਮ ਮਿਲਨ ਦੀ ਮੌਤ ਹੋ ਗਈ ਹੈ।"
ਰਾਮ ਮਿਲਨ ਦੀ ਮੌਤ ਨੂੰ 40 ਦਿਨ ਹੋ ਚੁੱਕੇ ਹਨ। ਪਰ ਅਜੇ ਤੱਕ ਉਸ ਦੀ ਮ੍ਰਿਤਕ ਦੇਹ ਭਾਰਤ ਨਹੀਂ ਆਈ ਹੈ। ਰਾਮ ਮਿਲਨ ਦੇ ਪਿੰਡ ਅਮੁਰਾ ਦੀ ਆਬਾਦੀ ਰਲਵੀਂ-ਮਿਲਵੀਂ ਹੈ।
20 ਘਰ ਯਾਦਵਾਂ ਦੇ, 45 ਘਰ ਲੋਧੀ ਸਮਾਜ ਦੇ ਅਤੇ 20 ਘਰ ਮੁਸਲਮਾਨਾਂ ਦੇ ਹੋਣਗੇ, ਜਦਕਿ 50 ਘਰ ਅਨੁਸੂਚਿਤ ਜਾਤੀ ਦੇ ਹਨ। ਇਸ ਪਿੰਡ ਦੇ ਸਾਰੇ ਭਾਈਚਾਰਿਆਂ ਦੇ ਨੌਜਵਾਨ ਖਾੜੀ ਦੇਸ਼ਾਂ 'ਚ ਕੰਮ ਕਰਦੇ ਹਨ।
ਇਸ ਲਈ ਰਾਮ ਮਿਲਨ ਦੇ ਪਰਿਵਾਰ ਦੇ ਇਸ ਦੁੱਖ ਦੀ ਘੜੀ 'ਚ ਹਰ ਸਮਾਜ ਦੇ ਲੋਕ ਉਨ੍ਹਾਂ ਦੇ ਨਾਲ ਹਨ। ਉਹ ਹਰ ਰੋਜ਼ ਸਵੇਰੇ ਉਨ੍ਹਾਂ ਦੇ ਘਰ ਇਸ ਉਮੀਦ ਨਾਲ ਆਉਂਦੇ ਹਨ ਕਿ ਸ਼ਾਇਦ ਅੱਜ ਮ੍ਰਿਤਕ ਦੇਹ ਦੇ ਆਉਣ ਦੀ ਖ਼ਬਰ ਮਿਲ ਜਾਵੇ।
ਸਥਾਨਕ ਸਮਾਜ ਸੇਵੀ ਅਮਾਨ ਰਿਜ਼ਵੀ ਰਾਮ ਮਿਲਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਲਗਾਤਾਰ ਯਤਨ ਕਰ ਰਹੇ ਹਨ।
ਰਿਜ਼ਵੀ ਨੇ ਬੀਬੀਸੀ ਨੂੰ ਦੱਸਿਆ, "20 ਅਗਸਤ ਨੂੰ ਮੈਂ ਮ੍ਰਿਤਕ ਰਾਮ ਮਿਲਨ ਦੇ ਪਰਿਵਾਰ ਨਾਲ ਕੌਸ਼ਾਂਬੀ ਦੇ ਡੀਐਮ ਦੀ ਰਿਹਾਇਸ਼ 'ਤੇ ਗਿਆ ਸੀ। ਉਹ ਉੱਥੇ ਮੌਜੂਦ ਨਹੀਂ ਸਨ, ਪਰ ਉਨ੍ਹਾਂ ਨੇ ਫੋਨ 'ਤੇ ਸਾਨੂੰ ਐਸਡੀਐਮ ਨਾਲ ਮਿਲਨ ਲਈ ਕਿਹਾ। ਐਸਡੀਐਮ ਦੇ ਕਹਿਣ ਮੁਤਾਬਕ ਹੀ ਅਸੀਂ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕੀਤੀ।"

ਆਖਰਕਾਰ ਹੁਣ ਤੱਕ ਮ੍ਰਿਤਕ ਦੇਹ ਕਿਉਂ ਨਹੀਂ ਆਈ ਹੈ ?
"ਦਸ ਦਿਨਾਂ ਬਾਅਦ ਸਾਉਦੀ ਅਰਬ ਸਥਿਤ ਭਾਰਤੀ ਦੂਤਾਵਾਸ ਤੋਂ ਐਨਓਸੀ ਲਈ ਫੋਨ ਆਇਆ। ਅਸੀਂ ਅਗਲੇ ਹੀ ਦਿਨ ਐਨਓਸੀ ਬਣਵਾਉਣ ਲਈ ਏਡੀਐਮ ਦਫ਼ਤਰ ਪਹੁੰਚੇ।"
"ਪਰ ਉਨ੍ਹਾਂ ਨੇ ਜਵਾਬ ਦਿੱਤਾ ਕਿ ਜੇਕਰ ਤੁਹਾਨੂੰ ਐਨਓਸੀ ਚਾਹੀਦੀ ਹੈ ਤਾਂ ਮੇਰੇ ਵੱਲੋਂ ਭੇਜੀ ਗਈ ਚਿੱਠੀ ਦਾ ਜਵਾਬ ਦਿੰਦਿਆਂ ਐਨਓਸੀ ਲਈ ਲਿਖੋ, ਇਸ ਤਰ੍ਹਾਂ ਫੋਨ 'ਤੇ ਕਹਿਣ 'ਤੇ ਅਸੀਂ ਐਨਓਸੀ ਨਹੀਂ ਭੇਜ ਸਕਦੇ ਹਾਂ।"
ਰਿਜ਼ਵੀ ਨੇ ਅੱਗੇ ਦੱਸਿਆ, "ਇਸ ਤੋਂ ਬਾਅਦ ਰਿਆਦ ਸਥਿਤ ਭਾਰਤੀ ਦੂਤਾਵਾਸ ਨੂੰ ਫੋਨ 'ਤੇ ਇਸ ਮਾਮਲੇ ਸਬੰਧੀ ਸਾਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇੱਕ ਈਮੇਲ ਦਿੱਤੀ, ਜਿਸ 'ਤੇ ਐਨਓਸੀ ਅਤੇ ਅਰਜ਼ੀ ਮੇਲ ਕਰ ਦਿੱਤੀ, ਪਰ ਫਿਰ ਹਫ਼ਤੇ ਗੁਜ਼ਰ ਗਏ।"
"ਮੈਂ ਸਥਾਨਕ ਸੰਸਦ ਮੈਂਬਰ ਵਿਨੋਦ ਸੋਨਕਰ ਨੂੰ ਵੀ ਮਿਲਿਆ। ਉਨ੍ਹਾਂ ਨੇ ਵਿਦੇਸ਼ ਸਕੱਤਰ ਤੋਂ ਮੇਲ ਜ਼ਰੀਏ ਰਾਮ ਮਿਲਨ ਸਬੰਧੀ ਸਾਰੀ ਜਾਣਕਾਰੀ ਮੰਗੀ।"
"ਉੱਥੋਂ ਜਵਾਬ ਆਇਆ ਕਿ ਐਨਓਸੀ ਨਾਲ ਸਬੰਧਤ ਸਾਰੇ ਦਸਤਾਵੇਜ਼ ਮਿਲ ਗਏ ਹਨ ਅਤੇ ਕੰਪਨੀ ਵੱਲੋਂ ਕੁਝ ਰਸਮੀ ਕਾਰਵਾਈਆਂ ਅਜੇ ਬਾਕੀ ਹਨ। ਅੱਗੇ ਦੀ ਪ੍ਰਕਿਰਿਆ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ। 11ਵਾਂ ਦਿਨ ਹੈ ਪਰ ਅਜੇ ਤੱਕ ਕੋਈ ਅਪਡੇਟ ਨਹੀਂ ਆਇਆ ਹੈ।"
40 ਦਿਨਾਂ ਬਾਅਦ ਵੀ ਰਾਮ ਮਿਲਨ ਦੀ ਮ੍ਰਿਤਕ ਦੇਹ ਨਾ ਆਉਣ 'ਤੇ ਕੌਸ਼ਾਂਬੀ ਦੇ ਡੀਐੱਮ ਸੁਜੀਤ ਕੁਮਾਰ ਨੇ ਕਿਹਾ, "ਮੈਂ ਪਤਾ ਕਰਕੇ ਦੱਸਾਂਗਾ ਪਰ ਅਜੇ ਤੱਕ ਕੋਈ ਅਪਡੇਟ ਨਹੀਂ ਮਿਲਿਆ ਹੈ।"
ਜਦੋਂ ਕੌਸ਼ਾਂਬੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਾਣਕਾਰੀ ਨਹੀਂ ਮਿਲੀ, ਤਾਂ ਬੀਬੀਸੀ ਨੇ ਰਿਆਦ ਵਿੱਚ ਭਾਰਤੀ ਦੂਤਾਵਾਸ ਦੇ ਕਮਿਊਨਿਟੀ ਵੈਲਫੇਅਰ ਦੇ ਕੌਂਸਲਰ ਐਮਆਰ ਸੰਜੀਵ ਨਾਲ ਸੰਪਰਕ ਕੀਤਾ।
ਉਨ੍ਹਾਂ ਕਿਹਾ ਕਿ "ਸਵਰਗੀ ਸ਼੍ਰੀ ਰਾਮ ਮਿਲਨ ਦੀ ਮੌਤ 18/08/2022 ਨੂੰ ਹੋਈ ਸੀ ਅਤੇ ਲਾਜ਼ਮੀ ਮੌਤ ਦੀ ਰਿਪੋਰਟ ਮਿਲਣ 'ਤੇ ਦੂਤਾਵਾਸ ਨੇ 14/09/2022 ਨੂੰ ਲਾਸ਼ ਨੂੰ ਭਾਰਤ ਭੇਜਣ ਲਈ ਐਨਓਸੀ ਜਾਰੀ ਕੀਤਾ ਸੀ।
ਹੁਣ ਇਹ ਸੂਚਿਤ ਕੀਤਾ ਗਿਆ ਹੈ ਕਿ ਕਾਰਗੋ ਬੁਕਿੰਗ ਪ੍ਰਕਿਰਿਆ ਅਧੀਨ ਹੈ ਅਤੇ ਲਾਸ਼ ਨੂੰ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਭੇਜੇ ਜਾਣ ਦੀ ਉਮੀਦ ਹੈ।
ਜੇਕਰ ਮੌਤ ਵਿਦੇਸ਼ 'ਚ ਹੋਈ ਹੋਵੇ ਤਾਂ ?
ਭਾਰਤ 'ਚ ਮ੍ਰਿਤਕ ਦੇਹ ਪਹੁੰਚਾਉਣ ਦਾ ਮਾਮਲਾ ਸਿਰਫ ਰਾਮ ਮਿਲਨ ਦਾ ਹੀ ਨਹੀਂ ਹੈ। ਦਰਅਸਲ ਅਜਿਹੇ ਕਈ ਮਾਮਲੇ ਲਗਾਤਾਰ ਸਮੇਂ-ਸਮੇਂ 'ਤੇ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਸੁਰਖੀਆਂ 'ਚ ਆਉਂਦੇ ਰਹਿੰਦੇ ਹਨ।
ਇਹੀ ਕਾਰਨ ਹੈ ਕਿ ਅਮਾਨ ਰਿਜ਼ਵੀ ਸਵਾਲ ਚੁੱਕਦੇ ਹਨ , "ਸਾਊਦੀ ਅਰਬ ਤੋਂ ਕਿਸੇ ਭਾਰਤੀ ਮਜ਼ਦੂਰ ਦੀ ਮ੍ਰਿਤਕ ਦੇਹ ਲਿਆਉਣ 'ਚ ਇੰਨਾਂ ਸਮਾਂ ਕਿਉਂ ਲੱਗ ਰਿਹਾ ਹੈ।"
ਖਾੜੀ ਦੇਸ਼ਾਂ ਦੀਆਂ ਵੱਖ-ਵੱਖ ਜੇਲ੍ਹਾਂ 'ਚ ਵੱਖ-ਵੱਖ ਕਾਰਨਾਂ ਕਰਕੇ ਕੈਦ ਬਹੁਤ ਸਾਰੇ ਭਾਰਤੀ ਕਾਮਿਆਂ ਨੂੰ ਵਾਪਸ ਭਾਰਤ ਲਿਆਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਈਅਦ ਆਬਿਦ ਹੁਸੈਨ ਦੱਸਦੇ ਹਨ, "ਜਦੋਂ ਕੋਈ ਭਾਰਤੀ ਰੁਜ਼ਗਾਰ ਦੀ ਤਲਾਸ਼ 'ਚ ਵਿਦੇਸ਼ ਜਾਂਦਾ ਹੈ ਤਾਂ ਗਰੰਟੀ ਦੇਣ ਵਾਲੇ ਦੇ ਨਾਲ ਹੋਏ ਸਮਝੋਤੇ 'ਚ ਮੈਡੀਕਲ ਤੋਂ ਲੈ ਕੇ ਹੋਰ ਨੁਕਤਿਆਂ ਦਾ ਵੀ ਜ਼ਿਕਰ ਹੁੰਦਾ ਹੈ।"
"ਜੇਕਰ ਕਿਸੇ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਦੋ ਤਰੀਕੇ ਹੁੰਦੇ ਹਨ, ਇੱਕ ਤਾਂ ਇਹ ਕਿ ਮ੍ਰਿਤਕ ਦੇ ਧਰਮ ਦੇ ਰੀਤੀ ਰਿਵਾਜ਼ਾਂ ਅਨੁਸਾਰ ਉਸੇ ਦੇਸ਼ 'ਚ ਹੀ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇ ਅਤੇ ਦੂਜਾ ਇਹ ਕਿ ਪਰਿਵਾਰ ਮ੍ਰਿਤਕ ਦੇਹ ਵਾਪਸ ਭਾਰਤ ਬੁਲਾਏ।"
"ਅਜਿਹੀ ਸਥਿਤੀ 'ਚ ਗਰੰਟਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਰਵਾਸੀ ਮਜ਼ਦੂਰ ਦੀ ਮ੍ਰਿਤਕ ਦੇਹ ਸਹੀ ਸਲਾਮਤ ਭਾਰਤ ਵਾਪਸ ਭੇਜਣ ਦਾ ਬੰਦੋਬਸਤ ਕਰੇ। ਇਸ ਪ੍ਰਕਿਰਿਆ 'ਚ 5 ਲੱਖ ਰੁਪਏ ਤੱਕ ਦਾ ਖਰਚਾ ਆਉਂਦਾ ਹੈ। ਇਹ ਸਾਰਾ ਖਰਚ ਗਰੰਟੀ ਦੇਣ ਵਾਲੇ ਨੂੰ ਹੀ ਅਦਾ ਕਰਨਾ ਪੈਂਦਾ ਹੈ।"

ਮ੍ਰਿਤਕ ਦੇਹ ਲਿਆਉਣ ਦੀ ਪ੍ਰਕਿਰਿਆ ਕੀ ਹੈ?
ਜੇਕਰ ਗਰੰਟਰ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਨਹੀਂ ਭੇਜਦਾ ਹੈ ਤਾਂ ਮ੍ਰਿਤਕ ਨਾਲ ਸਬੰਧਤ ਸਾਰੇ ਦਸਤਾਵੇਜ਼ ਭਾਰਤ ਤੋਂ ਦੂਤਾਵਾਸ ਨੂੰ ਭੇਜੇ ਜਾਂਦੇ ਹਨ। ਇਸ 'ਚ ਐਨਓਸੀ ਵੀ ਹੁੰਦੀ ਹੈ ਜੋ ਕਿ ਮਾਲਕ ਜਾਂ ਗਰੰਟਰ ਜਾਂ ਫਿਰ ਦੂਤਾਵਾਸ ਨੂੰ ਪਾਵਰ ਆਫ਼ ਅਟਾਰਨੀ ਬਣਨ 'ਚ ਮਦਦ ਕਰਦੀ ਹੈ। ਉਸ ਤੋਂ ਬਾਅਦ ਉਸ ਦੇਸ 'ਚੋਂ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।"
"ਕਈ ਵਾਰ ਪੈਸਿਆਂ ਦੀ ਕਮੀ ਦੇ ਕਰਕੇ ਮਾਲਕ ਮ੍ਰਿਤਕ ਦੇਹ ਵਾਪਸ ਭੇਜਣ ਦੇ ਯੋਗ ਨਹੀਂ ਹੁੰਦਾ ਹੈ ਅਤੇ ਕਈ ਵਾਰ ਕਿਸੇ ਹੋਰ ਕਾਰਨਾਂ ਕਰਕੇ ਉਹ ਇਸ 'ਚ ਦਿਲਚਸਪੀ ਨਹੀਂ ਵਿਖਾਉਂਦਾ ਹੈ ਤਾਂ ਉਸ ਸਮੇਂ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ।"
ਇਸ ਤੋਂ ਬਾਅਦ ਸਾਡੀ ਸਰਕਾਰ ਆਪਣੇ ਖਰਚੇ 'ਤੇ ਮ੍ਰਿਤਕ ਦੇਹ ਨੂੰ ਭਾਰਤ ਲਿਆਂਉਂਦੀ ਹੈ। ਪਰ ਇਸ ਪ੍ਰਕਿਰਿਆ 'ਚ ਅੰਬੈਸੀ ਨੂੰ ਕਾਫੀ ਫੌਲੋ ਕਰਨਾ ਪੈਂਦਾ ਹੈ ਕਿਉਂਕਿ ਅੰਬੈਸੀ ਹੋਰ ਕੰਮਾਂ 'ਚ ਵੀ ਬਹੁਤ ਰੁੱਝੀ ਹੁੰਦੀ ਹੈ। ਇਸ ਦੇ ਲਈ ਸਰਕਾਰੀ 'ਮਦਦ' ਐਪ ਦੀ ਵਰਤੋਂ ਕਰਨੀ ਚਾਹੀਦੀ ਹੈ।"
ਵਿਦੇਸ਼ ਮੰਤਰਾਲੇ ਦੇ ਆਈਐੱਫਐੱਸ ਮੁਹੰਮਦ ਅਲੀਮ ਦਾ ਕਹਿਣਾ ਹੈ, "ਸਾਉਦੀ ਅਰਬ 'ਚ ਹੋਣ ਵਾਲੀ ਪ੍ਰਕਿਰਿਆ 'ਚ ਸਮਾਂ ਲੱਗਦਾ ਹੈ। ਇਸ ਪ੍ਰਕਿਰਿਆ 'ਚ ਸਭ ਤੋਂ ਪਹਿਲਾਂ ਮ੍ਰਿਤਕ ਦੀ ਮੈਡੀਕਲ ਰਿਪੋਰਟ ਦੀ ਲੋੜ ਹੁੰਦੀ ਹੈ, ਉਸ ਤੋਂ ਬਾਅਦ ਪੁਲਿਸ ਕਲੀਅਰੈਂਸ ਚਾਹੀਦੀ ਹੈ।"
"ਮ੍ਰਿਤਕ ਦੇ ਸਰੀਰ 'ਤੇ ਜੇਕਰ ਕੋਈ ਅਪਰਾਧਕ ਨਿਸ਼ਾਨ ਹਨ ਤਾਂ ਪੋਸਟਮਾਰਟਮ ਰਿਪੋਰਟ ਦੀ ਜ਼ਰੂਰਤ ਹੁੰਦੀ ਹੈ। ਉਸ ਤੋਂ ਬਾਅਦ ਸਬੰਧਤ ਵਿਦੇਸ਼ੀ ਦੇਸ਼ ਦੇ ਸਥਾਨਕ ਗਵਰਨਰ ਦੀ ਮਨਜ਼ੂਰੀ ਦੀ ਲੋੜ ਪੈਂਦੀ ਹੈ ਅਤੇ ਇਸ ਸਭ ਤੋਂ ਬਾਅਦ ਟਰਾਂਸਪੋਰਟੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।"
"ਉਪਰੋਕਤ ਪ੍ਰਕਿਰਿਆ 'ਚ ਉਨ੍ਹਾਂ (ਵਿਦੇਸ਼ੀ ਸਰਕਾਰ ) ਨੂੰ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਮਾਲਕ ਜਾਂ ਦੂਤਾਵਾਸ ਨੂੰ ਅਧਿਕਾਰਤ ਕਰਨ ਲਈ ਇੱਕ ਪਾਵਰ ਆਫ਼ ਅਟਾਰਨੀ ਦੀ ਲੋੜ ਹੁੰਦੀ ਹੈ।"
"ਮ੍ਰਿਤਕ ਦੇਹ ਨੂੰ ਭਾਰਤ ਭੇਜਣ ਅਤੇ ਇਸ ਦੇ ਖਰਚੇ ਦੀ ਜ਼ਿੰਮੇਵਾਰੀ ਮਾਲਕ ਦੀ ਹੁੰਦੀ ਹੈ, ਪਰ ਜੇਕਰ ਉਹ ਖਰਚਾ ਕਰਨ ਨੂੰ ਤਿਆਰ ਨਹੀਂ ਹੈ ਤਾਂ ਫਿਰ ਐਬੰਸੀ ਨੂੰ ਬੇਨਤੀ ਕਰਨ 'ਤੇ ਭਾਰਤੀ ਦੂਤਾਵਾਸ ਮਦਦ ਕਰੇਗਾ।"
ਆਈਐਫ਼ਐਸ ਮੁਹੰਮਦ ਅਲੀਮ ਦਾ ਕਹਿਣਾ ਹੈ ਕਿ "ਕਤਰ ਸਿੰਗਲ ਸਿਟੀ ਦੇਸ਼ ਹੈ, ਉੱਥੇ ਸਾਰੇ ਸੰਪਰਕ ਇੱਕ ਹੀ ਥਾਂ 'ਤੇ ਮੌਜੂਦ ਹਨ। ਇਸ ਲਈ ਉੱਥੇ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਪ੍ਰਕਿਰਿਆ ਆਸਾਨ ਹੈ ਅਤੇ ਸਮਾਂ ਵੀ ਘੱਟ ਲੈਂਦੀ ਹੈ।"
ਪਰ ਸਾਊਦੀ ਅਰਬ 'ਚ ਮੰਨ ਲਓ ਕਿ ਜਿੱਥੇ ਮੌਤ ਹੋਈ ਹੈ, ਉੱਥੋਂ ਗਰੰਟਰ ਜਾਂ ਮਾਲਕ 100-200 ਕਿਲੋਮੀਟਰ ਦੂਰ ਕਿਸੇ ਹੋਰ ਜਗ੍ਹਾ 'ਤੇ ਬੈਠਾ ਹੈ ਤਾਂ ਫਿਰ ਤੁਸੀਂ ਕੁਝ ਵੀ ਕਰ ਲਵੋ ਪਰ ਪ੍ਰਕਿਰਿਆ ਉਦੋਂ ਤੱਕ ਸ਼ੁਰੂ ਨਹੀਂ ਹੋਵੇਗੀ ਜਦੋਂ ਤੱਕ ਉਹ ਪੂਰੀ ਪ੍ਰਕਿਰਿਆ ਦਾ ਪਾਲਣ ਨਹੀਂ ਕਰੇਗਾ, ਕਿਉਂਕਿ ਉਹ ਹੀ ਸਬੰਧਤ ਵਿਅਕਤੀ ਹੈ।
ਇਹੀ ਕਾਰਨ ਹੈ ਕਿ ਸਾਊਦੀ ਅਰਬ ਤੋਂ ਮ੍ਰਿਤਕ ਦੇਹ ਲਿਆਉਣ 'ਚ ਬਹੁਤ ਸਮਾਂ ਲੱਗ ਜਾਂਦਾ ਹੈ।

ਤਸਵੀਰ ਸਰੋਤ, BC
ਇਹ ਵੀ ਪੜ੍ਹੋ

ਤਸਵੀਰ ਸਰੋਤ, BC
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












