ਤੁਹਾਡਾ ਬੱਚਾ ਸਮਾਰਟ ਫੋਨ ਮੰਗਦਾ ਹੈ ਤਾਂ ਇਨ੍ਹਾਂ ਗੱਲਾਂ ਉੱਤੇ ਪਹਿਲਾਂ ਕਰ ਲਓ ਵਿਚਾਰ

ਗਿਆਰਾਂ ਸਾਲ ਦੀ ਉਮਰ ਦੇ 91 ਫ਼ੀਸਦੀ ਬੱਚਿਆਂ ਕੋਲ ਸਮਾਰਟ-ਫ਼ੋਨ ਹੋਣਾ, ਇਹ ਬੱਚਿਆਂ ਲਈ ਆਮ ਹੋ ਗਿਆ ਹੈ। ਪਰ ਕੀ ਬੱਚੇ ਕੋਲ ਫ਼ੋਨ ਨਾ ਹੋਣ ਕਾਰਨ ਉਹ ਕੁਝ ਚੀਜ਼ਾਂ ਤੋਂ ਖੁੰਝਦੇ ਹਨ ਜਾਂ ਹੈਰਾਨ ਕਰਨ ਵਾਲੇ ਫ਼ਾਇਦੇ ਲੈਂਦੇ ਹਨ?

ਇਹ ਅਜੋਕੇ ਸਮੇਂ ਦੀ ਦੁਚਿੱਤੀ ਹੈ ਕਿ ਕੀ ਤੁਹਾਨੂੰ ਆਪਣੇ ਬੱਚਿਆਂ ਨੂੰ ਸਮਾਰਟ ਫ਼ੋਨ ਦੇਣਾ ਚਾਹੀਦਾ ਹੈ ਜਾਂ ਜਦੋਂ ਸੰਭਵ ਹੋਵੇ ਉਨ੍ਹਾਂ ਨੂੰ ਇਸ ਤੋਂ ਦੂਰ ਰੱਖਣਾ ਚਾਹੀਦਾ ਹੈ?

ਮਾਪੇ ਹੋਣ ਦੇ ਨਾਤੇ, ਤੁਸੀਂ ਸਮਾਰਟ ਫ਼ੋਨ ਨੂੰ ਬੱਚੇ ਦੀ ਜ਼ਿੰਦਗੀ 'ਤੇ ਅਸਰ ਪਾਉਣ ਵਾਲੀਆਂ ਦੁਨੀਆ ਦੀਆਂ ਸਾਰੀਆਂ ਬੁਰੀਆਂ ਚੀਜ਼ਾਂ ਦੇ ਪਟਾਰੇ ਵਜੋਂ ਦੇਖਦੇ ਹੋ।

ਫ਼ੋਨ ਅਤੇ ਸੋਸ਼ਲ ਮੀਡੀਆ ਦੇ ਬੱਚਿਆਂ 'ਤੇ ਪੈਂਦੇ ਸੰਭਾਵਿਤ ਪ੍ਰਭਾਵਾਂ ਬਾਰੇ ਆਉਂਦੀਆਂ ਖ਼ਬਰਾਂ, ਕਿਸੇ ਲਈ ਵੀ ਬੱਚਿਆਂ ਨੂੰ ਫ਼ੋਨ ਨਾ ਦੇਣ ਦਾ ਫੈਸਲਾ ਲੈਣ ਲਈ ਕਾਫ਼ੀ ਹਨ।

ਜ਼ਾਹਰ ਤੌਰ 'ਤੇ, ਮਸ਼ਹੂਰ ਹਸਤੀਆਂ ਵੀ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਆਉਂਦੀ ਇਸ ਅਜੋਕੀ ਸਮੱਸਿਆ ਤੋਂ ਮੁਕਤ ਨਹੀਂ ਹਨ।

ਅਮਰੀਕੀ ਗਾਇਕਾ ਮਡੋਨਾ ਨੇ ਵੀ ਕਿਹਾ ਕਿ ਉਹ ਆਪਣੇ ਵੱਡੇ ਬੱਚੇ ਨੂੰ 13 ਸਾਲ ਦੀ ਉਮਰ ਵਿੱਚ ਫ਼ੋਨ ਦੇ ਕੇ ਪਛਤਾ ਰਹੀ ਹੈ ਅਤੇ ਹੁਣ ਅਜਿਹਾ ਨਹੀਂ ਕਰੇਗੀ।

ਜਦਕਿ ਦੂਜੇ ਪਾਸੇ ਤੁਹਾਡੇ ਆਪਣੇ ਕੋਲ ਫ਼ੋਨ ਹੈ, ਜਿਸ ਨੂੰ ਤੁਸੀਂ ਜ਼ਿੰਦਗੀ ਦੀ ਜ਼ਰੂਰਤ ਮੰਨਦੇ ਹੋ-ਈਮੇਲ ਤੋਂ ਲੈ ਕੇ ਆਨਲਾਈਨ ਸ਼ਾਪਿੰਗ, ਵੀਡੀਓ ਕਾਲਜ਼ ਅਤੇ ਫੈਮਿਲੀ ਫੋਟੋ ਐਲਬਮਜ਼ ਹਰ ਚੀਜ਼ ਲਈ ਤੱਕ।

ਜੇਕਰ ਤੁਹਾਡੇ ਬੱਚੇ ਦੇ ਸਹਿਪਾਠੀਆਂ ਅਤੇ ਦੋਸਤਾਂ ਕੋਲ ਫ਼ੋਨ ਹੋਵੇ ਤਾਂ ਕਿ ਤੁਹਾਡਾ ਬੱਚਾ ਫ਼ੋਨ ਬਿਨ੍ਹਾਂ ਕਿਸੇ ਗੱਲੋਂ ਪਛੜੇਂਗਾ ਨਹੀਂ ?

ਬੱਚਿਆਂ ਅਤੇ ਕਿਸ਼ੋਰਾਂ 'ਤੇ ਫ਼ੋਨ ਅਤੇ ਸੋਸ਼ਲ ਮੀਡੀਆ ਦੇ ਅਸਰ ਬਾਰੇ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਹਾਲੇ ਲੱਭਣੇ ਬਾਕੀ ਹਨ। ਪਰ ਮੌਜੂਦਾ ਖੋਜ ਉਸ ਦੇ ਅਹਿਮ ਫ਼ਾਇਦਿਆਂ ਅਤੇ ਖ਼ਤਰਿਆਂ ਤੋਂ ਜ਼ਰੂਰ ਜਾਣੂ ਕਰਵਾਉਂਦੀ ਹੈ।

ਵਿਸ਼ੇਸ਼ ਰੂਪ ਵਿੱਚ, ਅਜਿਹੇ ਬਹੁਤੇ ਸਬੂਤ ਨਹੀਂ ਹਨ। ਜੋ ਦੱਸਣ ਕਿ ਫ਼ੋਨ ਹੋਣਾ ਜਾਂ ਸੋਸ਼ਲ ਮੀਡੀਆ ਦਾ ਇਸਤੇਮਾਲ ਬੱਚਿਆਂ ਦੀ ਸਿਹਤ ਦਾ ਨੁਕਸਾਨ ਕਰਦਾ ਹੋਵੇ, ਪਰ ਇਹ ਪੂਰੀ ਕਹਾਣੀ ਨਹੀਂ ਹੈ।

ਹੁਣ ਤੱਕ ਦੀ ਜ਼ਿਆਦਾਤਰ ਖੋਜ, ਛੋਟੇ ਬੱਚਿਆਂ ਦੀ ਬਜਾਏ ਕਿਸ਼ੋਰਾਂ (Teenagers) 'ਤੇ ਆਧਾਰਿਤ ਹੈ ਅਤੇ ਸਾਹਮਣੇ ਆਏ ਸਬੂਤ ਦੱਸਦੇ ਹਨ ਕਿ ਸਰੀਰਕ ਵਿਕਾਸ ਦੇ ਕੁਝ ਖਾਸ ਪੜਾਵਾਂ ਵਿੱਚ ਬੱਚੇ ਫ਼ੋਨ ਜਾਂ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵਾਂ ਦੇ ਖ਼ਤਰੇ ਵਿੱਚ ਪੈ ਸਕਦੇ ਹਨ।

ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ

ਇਸ ਤੋਂ ਇਲਾਵਾ ਮਾਹਿਰ ਮੰਨਦੇ ਹਨ ਕਿ ਕੁਝ ਖਾਸ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਫ਼ੈਸਲਾ ਲੈਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਸਮਾਰਟ ਫ਼ੋਨ ਲਈ ਤਿਆਰ ਹੈ ਜਾਂ ਨਹੀਂ ਅਤੇ ਜਦੋਂ ਬੱਚੇ ਨੂੰ ਫ਼ੋਨ ਦੇ ਦਿਓ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ?

ਯੂਕੇ (ਯੁਨਾਈਟਿਡ ਕਿੰਗਡਮ) ਦੇ ਸੰਚਾਰ ਪ੍ਰਬੰਧਕ ਯਾਨਿ ਕਮਿਉਨੀਕੇਸ਼ਨਜ਼ ਰੇਗੁਲੇਟਰ, ਔਫਕਾਮ ਦੇ ਅੰਕੜੇ ਦੱਸਦੇ ਹਨ ਕਿ ਉੱਥੇ 11 ਸਾਲ ਉਮਰ ਤੱਕ ਦੇ ਜ਼ਿਆਦਾਤਰ ਬੱਚਿਆਂ ਕੋਲ ਸਮਾਰਟ ਫ਼ੋਨ ਹੈ।

9 ਸਾਲ ਦੀ ਉਮਰ ਦੇ 44 ਫ਼ੀਸਦੀ ਬੱਚਿਆਂ ਕੋਲ ਸਮਾਰਟ ਫ਼ੋਨ ਅਤੇ 11 ਸਾਲ ਤੱਕ ਪਹੁੰਚਦਿਆਂ 91 ਫੀਸਦੀ ਬੱਚਿਆਂ ਕੋਲ ਸਮਾਰਟ ਫ਼ੋਨ ਹਨ।

ਯੁਨਾਈਟਿਡ ਸਟੇਟਸ ਵਿੱਚ, 11 ਸਾਲਾ ਬੱਚਿਆਂ ਦੇ 37 ਫੀਸਦੀ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਕੋਲ ਖੁਦ ਦਾ ਨਿੱਜੀ ਸਮਾਰਟ ਫ਼ੋਨ ਹੈ।

19 ਦੇਸ਼ਾਂ ਵਿੱਚ ਕੀਤੀ ਗਈ ਇੱਕ ਯੂਰਪੀਅਨ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ 9 ਤੋਂ 16 ਸਾਲ ਤੱਕ ਦੀ ਉਮਰ ਦੇ ਕਰੀਬ 80 ਫੀਸਦੀ ਬੱਚੇ ਹਰ ਰੋਜ਼ ਜਾਂ ਤਕਰੀਬਨ ਹਰ ਰੋਜ਼ ਸਮਾਰਟ ਫ਼ੋਨ ਰਾਹੀਂ ਆਨਲਾਈਨ ਹੁੰਦੇ ਹਨ।

ਅਮਰੀਕਾ ਦੀ ਯੁਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਕੈਂਡਿਸ ਔਜਰਜ਼ ਨੇ ਦੱਸਿਆ, "ਇਸ ਤੋਂ ਵੱਡੀ ਉਮਰ ਦੇ ਕਿਸ਼ੋਰ ਬੱਚਿਆਂ ਦੀ ਗੱਲ ਕਰੀਏ ਤਾਂ 90 ਫੀਸਦੀ ਕੋਲ ਫ਼ੋਨ ਹੈ।"

ਜਦਕਿ ਨਵ-ਜਨਮੇ ਤੋਂ ਲੈ ਕੇ ਅੱਠ ਸਾਲ ਤੱਕ ਦੇ ਬੱਚਿਆਂ ਵਿਚਕਾਰ ਡਿਜੀਟਲ ਟੈਕਨੌਲੋਜੀ ਦੀ ਵਰਤੋਂ ਬਾਰੇ ਇੱਕ ਯੂਰਪੀਅਨ ਰਿਪੋਰਟ ਵਿੱਚ ਪਤਾ ਲੱਗਿਆ ਕਿ ਇਸ ਉਮਰ ਵਰਗ ਵਿੱਚ ਬਹੁਤ ਘੱਟ ਆਨਲਾਈਨ ਰਿਸਕ ਸੀ।

ਜਦਕਿ ਵੱਡੇ ਬੱਚਿਆਂ ਵਿੱਚ ਸਮਾਰਟ ਫ਼ੋਨ ਦੇ ਇਸਤੇਮਾਲ ਅਤੇ ਉਸ ਜ਼ਰੀਏ ਸੋਸ਼ਲ ਮੀਡੀਆ ਚਲਾਉਣ ਨੂੰ ਲੈ ਕੇ ਖ਼ਤਰਿਆਂ ਬਾਰੇ ਠੋਸ ਸਬੂਤ ਨਹੀਂ ਹਨ।

ਔਜਰਜ਼ ਨੇ ਡਿਜੀਟਲ ਟੈਕਨੌਲੋਜੀ ਦੀ ਵਰਤੋਂ ਅਤੇ ਬੱਚਿਆਂ ਤੇ ਕਿਸ਼ੋਰਾਂ ਦੀ ਮਾਨਸਿਕ ਸਿਹਤ ਬਾਰੇ ਛੇ ਮੈਟਾ-ਵਿਸ਼ਲੇਸ਼ਣਾਂ ਦਾ ਅਧਿਐਨ ਕੀਤਾ, ਨਾਲ ਹੀ ਵੱਡੇ ਪੱਧਰ ਦੇ ਅਧਿਐਨਾਂ ਦਾ ਵੀ ਵਿਸ਼ਲੇਸ਼ਣ ਕੀਤਾ।

ਉਹਨਾਂ ਨੂੰ ਤਕਨੀਕ ਦੇ ਇਸਤੇਮਾਲ ਅਤੇ ਕਿਸ਼ੋਰਾਂ ਦੀ ਤੰਦਰੁਸਤੀ ਵਿਚਕਾਰ ਕੋਈ ਇਕਸਾਰ ਕੜੀ ਨਹੀਂ ਮਿਲੀ।

ਔਜਰਜ਼ ਨੇ ਕਿਹਾ, "ਜ਼ਿਆਦਾਤਰ ਅਧਿਐਨਾਂ ਵਿੱਚ ਮਾਨਸਿਕ ਸਿਹਤ ਅਤੇ ਸੋਸ਼ਲ ਮੀਡੀਆ ਦੇ ਇਸਤੇਮਾਲ ਬਾਰੇ ਕੋਈ ਸਬੰਧ ਨਹੀਂ ਮਿਲਿਆ। ਜਿਨ੍ਹਾਂ ਅਧਿਐਨਾਂ ਵਿੱਚ ਕੋਈ ਸਕਰਾਤਮਕ ਜਾਂ ਨਕਰਾਤਮਕ ਸੰਬੰਧ ਮਿਲਿਆ, ਉਸ ਦਾ ਪ੍ਰਭਾਵ ਬਹੁਤ ਜ਼ਿਆਦਾ ਨਹੀਂ ਸੀ।"

"ਅਸਲ ਵਿੱਚ ਇਨ੍ਹਾਂ ਅਧਿਐਨਾਂ ਤੋਂ ਸਾਹਮਣੇ ਆਇਆ ਕਿ ਜੋ ਲੋਕਾਂ ਦੀ ਧਾਰਨਾ ਹੈ ਅਤੇ ਜੋ ਸਬੂਤ ਜ਼ਾਹਿਰ ਕਰਦੇ ਹਨ, ਉਹਨਾਂ ਵਿੱਚ ਕੋਈ ਮੇਲ ਨਹੀਂ ਹੈ।"

ਯੂਕੇ ਦੀ ਯੁਨੀਵਰਸਿਟੀ ਆਫ ਕੈਂਬਰਿਜ ਵਿੱਚ ਮਨੋਵਿਗਿਆਨੀ ਐਮੀ ਔਰਬਿਨ ਦੀ ਸਮੀਖਿਆ ਵਿੱਚ ਵੀ ਫੈਸਲਾਕੁੰਨ ਸਬੂਤ ਨਹੀਂ ਮਿਲਿਆ।

ਜਦਕਿ ਇੱਕ ਮਾਮੂਲੀ ਨਕਰਾਤਮਕ ਸਬੰਧ ਔਸਤਨ ਅਧਿਐਨਾਂ ਵਿੱਚੋਂ ਮਿਲਿਆ। ਔਰਬਿਨ ਨੇ ਸਿੱਟਾ ਕੱਢਿਆ ਕਿ ਇਹ ਪਤਾ ਲਗਾਉਣਾ ਅਸੰਭਵ ਹੈ ਕਿ ਤਕਨੀਕ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਸੀ ਜਾਂ ਕੋਈ ਹੋਰ ਪਹਿਲੂ ਅਸਰ ਕਰ ਰਹੇ ਸੀ।

ਇਸ ਖੇਤਰ ਵਿੱਚ ਵਧੇਰੇ ਖੋਜਾਂ ਉੱਤਮ ਮਾਪਦੰਡ ਦੀਆਂ ਨਹੀਂ, ਜੋ ਕੋਈ ਅਰਥ ਪੂਰਨ ਨਤੀਜੇ ਦੇ ਸਕਣ।

  • ਗਿਆਰਾਂ ਸਾਲ ਦੀ ਉਮਰ ਦੇ 91 ਫ਼ੀਸਦੀ ਬੱਚਿਆਂ ਕੋਲ ਸਮਾਰਟ-ਫ਼ੋਨ ਹੋਣਾ, ਇਹ ਬੱਚਿਆਂ ਲਈ ਆਮ ਹੋ ਗਿਆ ਹੈ।
  • ਮਾਪਿਆਂ ਨੂੰ ਬੱਚਿਆਂ ਦੇ ਇਨ੍ਹਾਂ ਉਮਰ ਪੜਾਵਾਂ ਦਾ ਦੌਰਾਨ ਬਹੁਤਾ ਗੰਭੀਰ ਨਹੀਂ ਰਹਿਣਾ ਚਾਹੀਦਾ ਹੈ।
  • ਬਹੁਤ ਛੋਟੀ ਉਮਰ ਵਿੱਚ ਬੱਚੇ ਮਾਪਿਆਂ ਦੇ ਫ਼ੋਨ ਵਰਤਣ ਦੀਆਂ ਆਦਤਾਂ ਤੋਂ ਸਿੱਖਦੇ ਹਨ।
  • ਯੂਕੇ ਦੇ ਕਮਿਉਨੀਕੇਸ਼ਨਜ਼ ਰੇਗੁਲੇਟਰ, ਔਫਕਾਮ ਦੇ ਅੰਕੜੇ ਦੱਸਦੇ ਹਨ ਕਿ ਉੱਥੇ 11 ਸਾਲ ਉਮਰ ਤੱਕ ਦੇ ਜ਼ਿਆਦਾਤਰ ਬੱਚਿਆਂ ਕੋਲ ਸਮਾਰਟ ਫ਼ੋਨ ਹੈ।
  • ਬੱਚਿਆਂ ਅਤੇ ਕਿਸ਼ੋਰਾਂ 'ਤੇ ਫ਼ੋਨ ਅਤੇ ਸੋਸ਼ਲ ਮੀਡੀਆ ਦੇ ਅਸਰ ਬਾਰੇ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਹਾਲੇ ਲੱਭਣੇ ਬਾਕੀ ਹਨ।
  • ਫ਼ੋਨ ਅਤੇ ਸੋਸ਼ਲ ਮੀਡੀਆ ਦੇ ਬੱਚਿਆਂ 'ਤੇ ਪੈਂਦੇ ਸੰਭਾਵਿਤ ਪ੍ਰਭਾਵਾਂ ਬਾਰੇ ਆਉਂਦੀਆਂ ਖ਼ਬਰਾਂ, ਕਿਸੇ ਲਈ ਵੀ ਬੱਚਿਆਂ ਨੂੰ ਫ਼ੋਨ ਨਾ ਦੇਣ ਦਾ ਫੈਸਲਾ ਲੈਣ ਲਈ ਕਾਫ਼ੀ ਹਨ।
  • ਮਾਪੇ ਆਪਣੇ ਬੱਚਿਆਂ ਨਾਲ ਗੇਮ ਖੇਡ ਸਕਦੇ ਹਨ ਜਾਂ ਕੁਝ ਸਮਾਂ ਇਕੱਠੇ ਫ਼ੋਨ ਵੇਖ ਸਕਦੇ ਹਨ ਤਾਂ ਕਿ ਉਹਨਾਂ ਨੂੰ ਸੰਤੁਸ਼ਟੀ ਰਹੇ ਕਿ ਬੱਚੇ ਫ਼ੋਨ ਵਿੱਚ ਕੀ ਵੇਖਦੇ ਹਨ।

ਔਰਬਿਨ ਕਹਿੰਦੇ ਹਨ ਕਿ ਕਿਸ਼ੋਰਾਂ ਦਾ ਤਜ਼ਰਬਾ ਉਹਨਾਂ ਦੇ ਨਿੱਜੀ ਹਾਲਾਤ ਅਤੇ ਆਲੇ-ਦੁਆਲੇ 'ਤੇ ਨਿਰਭਰ ਹੋਵੇਗਾ। ਉਹਨਾਂ ਦਾ ਕੋਈ ਬਹੁਤ ਕਰੀਬੀ ਹੀ ਇਸ ਦਾ ਮੁਲਾਂਕਣ ਕਰ ਸਕਦਾ ਹੈ।

ਵਿਹਾਰਕ ਰੂਪ ਵਿੱਚ, ਮਤਲਬ ਮੋਟੇ ਤੌਰ 'ਤੇ ਸਬੂਤ ਜੋ ਵੀ ਕਹਿੰਦੇ ਹੋਣ, ਅਜਿਹੇ ਬੱਚੇ ਹੋ ਸਕਦੇ ਹਨ।

ਜੋ ਸੋਸ਼ਲ ਮੀਡੀਆ ਜਾਂ ਕੁਝ ਮੋਬਾਈਲ ਐਪਲੀਕੇਸ਼ਨਜ਼ ਕਾਰਨ ਕਿਸੇ ਸਮੱਸਿਆ ਨਾਲ ਜੂਝ ਰਹੇ ਹੋਣ ਅਤੇ ਅਜਿਹੇ ਵਿੱਚ ਅਹਿਮ ਹੋ ਜਾਂਦਾ ਹੈ ਕਿ ਮਾਪੇ ਇਸ ਤੋਂ ਜਾਣੂ ਰਹਿਣ ਅਤੇ ਸਹਿਯੋਗ ਦੇਣ।

ਜਦਕਿ ਦੂਜੇ ਪਾਸੇ, ਕੁਝ ਵੱਡੀ ਉਮਰ ਦੇ ਲੋਕਾਂ ਲਈ ਫ਼ੋਨ ਜੀਵਨ ਰੇਖਾ ਜਿਹੇ ਬਣ ਜਾਂਦੇ ਹਨ।

ਕਿਤੇ ਸਰੀਰਕ ਪੱਖੋਂ ਅਪਾਹਜ ਸ਼ਖ਼ਸ ਲਈ ਸੋਸ਼ਲ ਨੈਟਵਰਕਿੰਗ ਅਤੇ ਪਹੁੰਚ ਦਾ ਨਵਾਂ ਜ਼ਰੀਆ ਜਾਂ ਸਿਹਤ ਨਾਲ ਸਬੰਧਤ ਗੰਭੀਰ ਸਵਾਲਾਂ ਦੇ ਜਵਾਬ ਲੱਭਣ ਲਈ ਅਹਿਮ ਥਾਂ।

ਸੋਨੀਆਂ ਲਿਵਿੰਗਸਟੋਨ ਨੇ ਕਿਹਾ, "ਮੰਨ ਲਓ ਕਿ ਤੁਸੀਂ ਕਿਸ਼ੋਰ ਅਵਸਥਾ ਵਿੱਚ ਹੋ ਅਤੇ ਜਵਾਨੀ ਫੁੱਟਣ ਵੇਲੇ ਗੜਬੜੀਆਂ ਤੋਂ ਚਿੰਤਿਤ ਹੋ ਜਾਂ ਤੁਹਾਡੀ ਸੈਕਸੁਐਲਟੀ ਤੁਹਾਡੇ ਦੋਸਤਾਂ ਤੋਂ ਵੱਖ ਹੈ, ਜਾਂ ਤੁਸੀਂ ਜਲਵਾਯੂ ਪਰਿਵਰਤਨ ਤੋਂ ਚਿੰਤਾ ਵਿੱਚ ਹੋ ਅਤੇ ਤੁਹਾਡੇ ਆਲੇ-ਦੁਆਲੇ ਵੱਡੀ ਉਮਰ ਦੀ ਲੋਕ ਇਸ ਨੂੰ ਤਵੱਜੋ ਨਾ ਦੇ ਰਹੇ ਹੋਣ।"

ਸੋਨੀਆਂ ਲਿਵਿੰਗਸਟੋਨ ਯੂਕੇ ਦੇ ਲੰਡਨ ਸਕੂਲ ਆਫ ਇਕਾਨੌਮਿਕਸ ਵਿੱਚ ਸਮਾਜਿਕ ਮਨੋਵਿਗਿਆਨ ਦੀ ਪ੍ਰੋਫੈਸਰ ਅਤੇ ਪੇਰੈਂਟਿੰਗ ਫਾਰ ਆ ਡਿਜੀਟਲ ਫਿਊਚਰ (Parenting for a Digital Future) ਕਿਤਾਬ ਦੀ ਲੇਖਕ ਹਨ।

ਔਜਰਜ਼ ਕਹਿੰਦੇ ਹਨ, "ਜ਼ਿਆਦਾਤਰ ਸਮਾਂ, ਜਦੋਂ ਉਹ ਆਪਣੇ ਫ਼ੋਨ ਨੂੰ ਸੰਚਾਰ ਲਈ ਵਰਤ ਰਹੇ ਹੁੰਦੇ ਹਨ, ਉਹ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਰਹੇ ਹੁੰਦੇ ਹਨ।"

"ਜੇ ਤੁਸੀਂ ਧਿਆਨ ਨਾਲ ਸਮੀਖਿਆ ਕਰੋ ਕਿ ਬੱਚੇ ਆਨਲਾਈਨ ਕਿਸ ਨਾਲ ਗੱਲ ਰਹੇ ਹਨ, ਉਹਨਾਂ ਦੇ ਆਫਲਾਈਨ ਨੈੱਟਵਰਕ ਤੋਂ ਕਿਤੇ ਵਧ ਕੇ ਆਨਲਾਈਨ ਨੈੱਟਵਰਕ ਹੁੰਦਾ ਹੈ।"

"ਮੈਨੂੰ ਲਗਦਾ ਹੈ ਕਈ ਬੱਚਿਆਂ ਦੇ ਕੇਸ ਵਿੱਚ ਫ਼ੋਨ ਕਾਰਨ ਇਕੱਲਤਾ ਵਿੱਚ ਜਾਣ ਦਾ ਵਿਚਾਰ ਵਾਕਈ ਖ਼ਤਰਨਾਕ ਹੋ ਸਕਦਾ ਹੈ। ਪਰ ਜ਼ਿਆਦਾ ਕੇਸਾਂ ਵਿੱਚ ਬੱਚੇ ਸੰਚਾਰ ਕਰ ਰਹੇ ਹੁੰਦੇ ਹਨ, ਉਹ ਜਾਣਕਾਰੀਆਂ ਸਾਂਝੀਆਂ ਕਰਦੇ ਹਨ, ਇਕੱਠੇ ਕੁਝ ਵੇਖਦੇ ਹਨ।"

ਅਸਲ ਵਿੱਚ, ਅਸੀਂ ਬੱਚਿਆਂ ਦੇ ਘਰਾਂ ਜਾਂ ਕਮਰਿਆਂ ਤੋਂ ਬਾਹਰ ਘੱਟ ਸਮਾਂ ਗੁਜ਼ਾਰਨ ਲਈ ਸਮਾਰਟ ਫ਼ੋਨਾਂ ਨੂੰ ਦੋਸ਼ ਦਿੰਦੇ ਹਾਂ, ਪਰ ਡੈਨਮਾਰਕ ਵਿੱਚ 11 ਤੋਂ 15 ਸਾਲ ਦੀ ਉਮਰ ਦੇ ਬੱਚਿਆਂ 'ਤੇ ਕੀਤੇ ਅਧਿਐਨ ਮੁਤਾਬਕ ਅਸਲ ਵਿੱਚ ਫ਼ੋਨ ਬੱਚਿਆਂ ਦੇ ਬਾਹਰ ਤੋਰੇ-ਫੇਰੇ ਦੌਰਾਨ ਮਾਪਿਆ ਵਿੱਚ ਸੁਰੱਖਿਆ ਦੀ ਭਾਵਨਾ ਵਧਾਉਂਦਾ ਹੈ ਅਤੇ ਬੱਚਿਆਂ ਨੂੰ ਵੀ ਅਣਜਾਣ ਆਲੇ-ਦੁਆਲੇ ਬਾਰੇ ਜਾਣਕਾਰੀ ਦਿੰਦਾ ਹੈ।

ਬੱਚੇ ਕਹਿੰਦੇ ਹਨ ਕਿ ਮਾਪਿਆ ਨਾਲ ਫ਼ੋਨ ਰਾਹੀਂ ਜੁੜੇ ਰਹਿ ਕੇ ਅਤੇ ਸੰਗੀਤ ਦਾ ਲੁਤਫ਼ ਲੈਂਦਿਆਂ ਉਹਨਾਂ ਦਾ ਘਰੋਂ ਬਾਹਰ ਦਾ ਤਜ਼ਰਬਾ ਫ਼ੋਨਾਂ ਕਰਕੇ ਹੋਰ ਬਿਹਤਰ ਹੋ ਗਿਆ ਹੈ।

ਹਾਲਾਂਕਿ ਹਰ ਵੇਲੇ ਆਪਣੇ ਸਾਥੀਆਂ ਦੇ ਨੇੜੇ ਜਾਂ ਉਨ੍ਹਾਂ ਨਾਲ ਜੁੜੇ ਰਹਿਣ ਦੇ ਖ਼ਤਰੇ ਵੀ ਹੁੰਦੇ ਹਨ।

ਪ੍ਰੋਫੈਸਰ ਲਿਵਿੰਗਸਟੋਨ ਕਹਿੰਦੇ ਹਨ, "ਮੈਨੂੰ ਲਗਦਾ ਹੈ ਕਿ ਨੌਜਵਾਨਾਂ ਦੀਆਂ ਲੋੜਾਂ ਦੇ ਸੰਦਰਭ ਵਿੱਚ ਫੋਨ ਕਮਾਲ ਦੀ ਦੇਣ ਹੈ ਪਰ ਕਈਆਂ ਲਈ ਇਹ ਖ਼ਤਰਾ ਬਣ ਸਕਦੇ ਹਨ।"

"ਸੋਸ਼ਲ ਮੀਡੀਆ ਕੁਝ ਲੋਕਾਂ ਲਈ ਇਹ ਦਬਾਅ ਬਣ ਸਕਦਾ ਹੈ ਕਿ ਇਹ ਬਹੁਤ ਮਸ਼ਹੂਰ ਲੋਕਾਂ ਦੀ ਥਾਂ ਹੈ ਅਤੇ ਜਿੱਥੇ ਉਹ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਉੱਥੋਂ ਕੱਢੇ ਜਾ ਸਕਦੇ ਹਨ, ਜਿੱਥੇ ਹਰ ਕੋਈ ਇੱਕੋ ਜਿਹਾ ਕੁਝ ਕਰ ਰਿਹਾ ਹੈ ਅਤੇ ਹਰ ਨਵੀਂ ਚੀਜ਼ ਦਾ ਜਾਣਕਾਰ ਹੈ।"

ਇਸ ਸਾਲ ਛਪੇ ਇੱਕ ਪੇਪਰ ਵਿੱਚ ਔਰਬਿਨ ਅਤੇ ਉਹਨਾਂ ਦੇ ਸਾਥੀਆਂ ਨੇ 'ਵਿਕਾਸ ਸਬੰਧੀ ਸੰਵੇਦਨਸ਼ੀਲਤਾ ਦੇ ਸਮੇਂ' ਦਾ ਜ਼ਿਕਰ ਕੀਤਾ ਜਿੱਥੇ ਕਿਸ਼ੋਰ ਅਵਸਥਾ ਦੇ ਵੱਖਰੇ ਪੜਾਵਾਂ ਵਿੱਚ ਸੋਸ਼ਲ ਮੀਡੀਆ ਦੇ ਇਸਤੇਮਾਲ ਨੂੰ ਬਾਅਦ ਦੀ ਜ਼ਿੰਦਗੀ ਵਿੱਚ ਘੱਟ ਸੰਤੁਸ਼ਟੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

10 ਤੋਂ 21 ਸਾਲ ਤੱਕ ਦੇ 17,000 ਭਾਗੀਦਾਰਾਂ ਦੇ ਅੰਕੜੇ ਦਾ ਵਿਸ਼ਲੇਸ਼ਣ ਕਰਦਿਆਂ ਖੋਜਾਰਥੀਆਂ ਨੇ ਦੇਖਿਆ ਕਿ 11 ਤੋਂ 13 ਸਾਲ ਦੀਆਂ ਕੁੜੀਆਂ ਅਤੇ 14 ਤੋਂ 15 ਸਾਲ ਦੇ ਮੁੰਡਿਆਂ ਵਿੱਚ ਸੋਸ਼ਲ ਮੀਡੀਆ ਦੇ ਵਧੇਰੇ ਇਸਤੇਮਾਲ ਕਾਰਨ ਅਗਲੇ ਸਾਲਾਂ ਵਿੱਚ ਉਨ੍ਹਾਂ ਨੂੰ ਜ਼ਿੰਦਗੀ ਤੋਂ ਘੱਟ ਸੰਤੁਸ਼ਟੀ ਹੋ ਸਕਦੀ ਹੈ।

ਇਸ ਦਾ ਉਲਟਾ ਵੀ ਸਹੀ ਹੈ। ਇਸ ਉਮਰ ਵਿੱਚ ਸੋਸ਼ਲ ਮੀਡੀਆ ਦਾ ਘੱਟ ਇਸਤੇਮਾਲ ਕਰਨ ਵਾਲਿਆਂ ਦੀ ਆਉਂਦੇ ਸਾਲਾਂ ਵਿੱਚ ਜ਼ਿੰਦਗੀ ਤੋਂ ਸੰਤੁਸ਼ਟੀ ਵਧੇਰੇ ਭਾਂਪੀ ਗਈ ਹੈ।

ਇਹ ਇਸ ਤੱਥ ਨਾਲ ਜੁੜਦਾ ਹੈ ਕਿ ਕੁੜੀਆਂ ਵਿੱਚ ਮੁੰਡਿਆਂ ਤੋਂ ਪਹਿਲਾਂ ਜਵਾਨੀ ਫੁੱਟਦੀ ਹੈ।

ਖੋਜਾਰਥੀ ਕਹਿੰਦੇ ਹਨ ਕਿ ਹਾਲਾਂਕਿ ਇਸ ਬਾਰੇ ਕਾਫ਼ੀ ਸਬੂਤ ਨਹੀਂ ਹਨ ਕਿ ਇਸੇ ਕਾਰਨ ਹੀ ਮੁੰਡਿਆਂ ਅਤੇ ਕੁੜੀਆਂ ਵਿਚਕਾਰ ਇਹ ਸਮੇਂ ਦਾ ਅੰਤਰ ਹੋਵੇ।

ਸੋਸ਼ਲ ਮੀਡੀਆ ਰਾਹੀਂ ਜੀਵਨ ਵਿੱਚ ਸੰਤੁਸ਼ਟੀ ਨੂੰ ਪ੍ਰਭਾਵਿਤ ਕਰਨ ਦਾ ਇੱਕ ਹੋਰ ਉਮਰ ਪੜਾਅ ਮੁੰਡੇ ਤੇ ਕੁੜੀਆਂ ਦੋਵਾਂ ਵਿੱਚ 19 ਸਾਲ ਹੈ, ਜਦੋਂ ਕਈ ਮੁੰਡੇ-ਕੁੜੀਆਂ ਪੜ੍ਹਾਈ ਜਾਂ ਕਿਸੇ ਹੋਰ ਕਾਰਨ ਕਰਕੇ ਘਰਾਂ ਨੂੰ ਛੱਡਦੇ ਹਨ।

ਮਾਪਿਆਂ ਨੂੰ ਫੋਨ ਖਰੀਦ ਕੇ ਦੇਣ ਜਾਂ ਨਾ ਦੇਣ ਦੀ ਸਮਝ

ਮਾਪਿਆਂ ਨੂੰ ਬੱਚਿਆਂ ਦੇ ਇਨ੍ਹਾਂ ਉਮਰ ਪੜਾਵਾਂ ਦਾ ਦੌਰਾਨ ਬਹੁਤਾ ਗੰਭੀਰ ਨਹੀਂ ਰਹਿਣਾ ਚਾਹੀਦਾ ਹੈ ਪਰ ਇਸ ਗੱਲ ਤੋਂ ਜਾਣੂ ਰਹਿਣਾ ਚਾਹੀਦਾ ਹੈ ਕਿ ਸਰੀਰਕ ਵਿਕਾਸ ਵਿੱਚ ਆ ਰਹੇ ਬਦਲਾਅ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਨਕਰਾਤਮਕ ਪਹਿਲੂ ਤੋਂ ਵਧੇਰੇ ਸੰਵੇਦਨਸ਼ੀਲ ਬਣਾ ਸਕਦੇ ਹਨ।

ਉਦਾਹਰਨ ਵਜੋਂ, ਕਿਸ਼ੋਰ ਅਵਸਥਾ ਵਿੱਚ ਦਿਮਾਗ਼ ਅੰਦਰ ਵੱਡੀਆਂ ਤਬਦੀਲੀਆਂ ਆਉਂਦੀਆਂ ਹਨ ਅਤੇ ਇਸ ਨਾਲ ਲੋਕਾਂ ਦੇ ਰਵੱਈਏ ਅਤੇ ਉਹ ਕੀ ਮਹਿਸੂਸ ਕਰਦੇ ਹਨ, 'ਤੇ ਵੀ ਅਸਰ ਪੈ ਸਕਦਾ ਹੈ।

ਇਸ ਨਾਲ ਉਹ ਸਮਾਜਿਕ ਰਿਸ਼ਤਿਆਂ ਅਤੇ ਰੁਤਬੇ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਸਕਦੇ ਹਨ।

ਔਰਬਿਨ ਨੇ ਕਿਹਾ, "ਕਿਸ਼ੋਰ ਅਵਸਥਾ ਮਨੁੱਖੀ ਵਿਕਾਸ ਦਾ ਪ੍ਰਮੁੱਖ ਸਮਾਂ ਹੁੰਦਾ ਹੈ। ਤੁਸੀਂ ਆਪਣੇ ਸਾਥੀਆਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹੋ, ਦੂਜੇ ਤੁਹਾਡੇ ਬਾਰੇ ਕੀ ਸੋਚਦੇ ਹਨ।"

"ਇਸ ਵਿੱਚ ਤੁਹਾਡੀ ਦਿਲਚਸਪੀ ਹੁੰਦੀ ਹੈ ਅਤੇ ਸੋਸ਼ਲ ਮੀਡੀਆ ਦਾ ਡਿਜ਼ਾਇਨ- ਜਿਸ ਤਰ੍ਹਾਂ ਸਾਨੂੰ ਸਮਾਜ ਨਾਲ ਜੋੜਦਾ ਹੈ, ਹਰ ਚੀਜ਼ 'ਤੇ ਪ੍ਰਤੀਕਿਰਿਆਵਾਂ ਕਈ ਵਾਰ ਵਧੇਰੇ ਤਣਾਅਪੂਰਵਕ ਹੋ ਸਕਦਾ ਹੈ।"

ਉਮਰ ਦੀ ਤਰ੍ਹਾਂ ਹੋਰ ਪਹਿਲੂ ਵੀ ਬੱਚਿਆਂ ਅਤੇ ਕਿਸ਼ੋਰਾਂ 'ਤੇ ਸੋਸ਼ਲ ਮੀਡੀਆ ਦੇ ਅਸਰ ਨੂੰ ਪ੍ਰਭਾਵਿਤ ਕਰ ਸਕਦੇ ਹਨ, ਪਰ ਖੋਜਾਰਥੀ ਇਨ੍ਹਾਂ ਵਖਰੇਵਿਆਂ ਬਾਰੇ ਪੜਚੋਲ ਨਾਲ ਹੀ ਸ਼ੁਰੂਆਤ ਕਰ ਰਹੇ ਹਨ।

ਔਰਬਿਨ ਕਹਿੰਦੇ ਹਨ, "ਇਸ ਵੇਲੇ ਇਹ ਸੱਚਮੁਚ ਖੋਜ ਦਾ ਅਹਿਮ ਬਿੰਦੂ ਹੈ। ਕੁਝ ਲੋਕ ਹੋਣਗੇ ਜੋ ਵੱਖਰੇ ਸਮਿਆਂ 'ਤੇ ਨਕਰਾਤਮਕ ਜਾਂ ਸਕਰਾਤਮਕ ਤਰੀਕੇ ਨਾਲ ਪ੍ਰਭਾਵਿਤ ਹੋਣਗੇ।"

"ਹੋ ਸਕਦਾ ਹੈ ਇਹ ਵੱਖਰੇ ਤਰੀਕਿਆਂ ਨਾਲ ਜ਼ਿੰਦਗੀ ਜਿਉਣ ਕਰਕੇ ਹੋਵੇ, ਵਿਕਾਸ ਦੇ ਵੱਖਰੇ ਪੜਾਵਾਂ ਦੌਰਾਨ, ਸੋਸ਼ਲ ਮੀਡੀਆ ਦੇ ਵੱਖਰੀ ਤਰ੍ਹਾਂ ਦੇ ਇਸਤੇਮਾਲ ਕਰਕੇ ਹੋਵੇ। ਸਾਨੂੰ ਉਹ ਸਭ ਵੱਖਰਾ ਕਰਕੇ ਦੇਖਣ ਦੀ ਲੋੜ ਹੈ।"

ਖੋਜ ਭਾਵੇਂ ਹੀ ਪਰਿਵਾਰਾਂ ਨੂੰ ਇਹ ਤੈਅ ਕਰਨ ਵਿੱਚ ਮਦਦ ਕਰੇ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਫ਼ੋਨ ਖਰੀਦ ਕੇ ਦੇਣਾ ਚਾਹੀਦਾ ਹੈ ਜਾਂ ਨਹੀਂ , ਪਰ 'ਕਦੋਂ' ਦਾ ਪੁਖ਼ਤਾ ਜਵਾਬ ਨਹੀਂ ਦੇ ਸਕਦੀ।

ਔਰਬਿਨ ਨੇ ਕਿਹਾ, "ਇਹ ਕਹਿਣਾ ਕਿ ਮਸਲਾ ਗੁੰਝਲਦਾਰ ਹੈ, ਕੁਦਰਤੀ ਤੌਰ 'ਤੇ ਸਵਾਲ ਫਿਰ ਮਾਪਿਆ ਵੱਲ ਧੱਕ ਦਿੰਦਾ ਹੈ। ਪਰ ਇਹ ਅਸਲ ਵਿੱਚ ਇੰਨੀਂ ਬੁਰੀ ਗੱਲ ਵੀ ਨਹੀਂ ਹੋਏਗੀ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਨਿੱਜੀ ਫ਼ੈਸਲਾ ਹੈ।"

ਇਹ ਵੀ ਪੜ੍ਹੋ:-

ਔਜਰਜ਼ ਮੁਤਾਬਕ ਮਾਪਿਆ ਨੂੰ ਜੋ ਅਹਿਮ ਸਵਾਲ ਪੁੱਛਣਾ ਚਾਹੀਦਾ ਹੈ, ਉਹ ਇਹ ਕਿ ਇਹ ਬੱਚੇ ਅਤੇ ਪਰਿਵਾਰ ਲਈ ਕਿਵੇਂ ਸਹੀ ਹੈ ?

ਔਜਰਜ਼ ਨੇ ਕਿਹਾ, "ਕਈ ਮਾਪਿਆਂ ਲਈ ਬੱਚੇ ਨੂੰ ਫ਼ੋਨ ਖਰੀਦ ਕੇ ਦੇਣਾ ਵਿਹਾਰਕ ਫ਼ੈਸਲਾ ਹੈ। ਬਹੁਤ ਸਾਰੇ ਕੇਸਾਂ ਵਿੱਚ ਮਾਪੇ ਚਾਹੁੰਦੇ ਹਨ ਕਿ ਛੋਟੇ ਬੱਚਿਆਂ ਕੋਲ ਫ਼ੋਨ ਹੋਵੇ ਤਾਂ ਕਿ ਉਹ ਦਿਨ ਭਰ ਉਹਨਾਂ ਨਾਲ ਜੁੜੇ ਰਹਿਣ।"

ਆਸਟ੍ਰੇਲੀਆ ਦੀ ਯੁਨੀਵਰਸਿਟੀ ਆਫ ਵੀਆਨਾ ਦੇ ਸੰਚਾਰ ਵਿਭਾਗ ਵਿੱਚ ਖੋਜਾਰਥੀ ਸੱਜਾ ਸਟੀਵਿਕ ਨੇ ਕਿਹਾ, "ਇਸ ਨੂੰ ਬਾਲਗ ਹੋਣ ਦੀ ਰਾਹ ਦੇ ਮੀਲ ਪੱਥਰ ਵਜੋਂ ਵੀ ਦੇਖਿਆ ਜਾ ਸਕਦਾ ਹੈ। ਮੈਨੂੰ ਲਗਦਾ ਹੈ ਕਿ ਇਹ ਬੱਚਿਆਂ ਨੂੰ ਅਜ਼ਾਦੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਦਿੰਦਾ ਹੈ।"

ਉਨ੍ਹਾਂ ਕਿਹਾ, "ਮਾਪਿਆਂ ਨੂੰ ਇਸ ਬਾਰੇ ਜ਼ਰੂਰ ਹੀ ਵਿਚਾਰਨਾ ਚਾਹੀਦਾ ਹੈ ਕਿ ਕੀ ਉਹਨਾਂ ਦੇ ਬੱਚੇ ਉਸ ਪੜਾਅ 'ਤੇ ਹਨ ਜਿੱਥੇ ਆਪਣਾ ਫ਼ੋਨ ਲੈਣ ਦੀ ਜ਼ਿੰਮੇਵਾਰੀ ਚੁੱਕ ਸਕਦੇ ਹਨ।"

ਇੱਕ ਪਹਿਲੂ ਜੋ ਮਾਪਿਆ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ ਉਹ ਇਹ ਕਿ ਉਹਨਾਂ ਦੇ ਬੱਚੇ ਕੋਲ ਸਮਾਰਟ ਫ਼ੋਨ ਹੋਣ ਨਾਲ ਉਹ ਖ਼ੁਦ ਕਿਨ੍ਹਾਂ ਸਹਿਜ ਮਹਿਸੂਸ ਕਰਦੇ ਹਨ।

ਸਟੀਵਿਕ ਅਤੇ ਉਹਨਾਂ ਦੇ ਸਾਥੀਆਂ ਦੇ ਇੱਕ ਅਧਿਐਨ ਮੁਤਾਬਕ, ਜਦੋਂ ਮਾਪਿਆ ਨੂੰ ਬੱਚਿਆਂ ਦੇ ਸਮਾਰਟ ਫ਼ੋਨ ਇਸਤੇਮਾਲ 'ਤੇ ਆਪਣਾ ਕੰਟਰੋਲ ਘੱਟ ਮਹਿਸੂਸ ਹੁੰਦਾ ਹੈ, ਉਦੋਂ ਬੱਚਿਆਂ ਅਤੇ ਮਾਪਿਆ ਦਰਮਿਆਨ ਫ਼ੋਨ ਨੂੰ ਲੈ ਕੇ ਮਤਭੇਦ ਵਧੇਰੇ ਹੁੰਦੇ ਹਨ।

ਲਿਵਿੰਗਸਟੋਨ ਨੇ ਕਿਹਾ, "ਇਹ ਵੀ ਯਾਦ ਰਹੇ ਕਿ ਸਮਾਰਟ ਫ਼ੋਨ ਹੋਣ ਦਾ ਮਤਲਬ ਹਰ ਮੋਬਾਈਲ ਐਪਲੀਕੇਸ਼ਨ ਜਾਂ ਗੇਮ ਤੱਕ ਬੱਚਿਆਂ ਦੀ ਪਹੁੰਚ ਨਹੀਂ ਹੋਣਾ ਚਾਹੀਦਾ।"

"ਬੱਚਿਆਂ ਨਾਲ ਗੱਲਬਾਤ ਵਿੱਚ ਅਕਸਰ ਸੁਣਦੇ ਹਾਂ ਕਿ ਮਾਪੇ ਉਹਨਾਂ ਨੂੰ ਫ਼ੋਨ ਤਾਂ ਦੇ ਰਹੇ ਹਨ ਪਰ ਉਹ ਕਿਹੜੀ ਐਪਲੀਕੇਸ਼ਨ ਵਰਤ ਸਕਦੇ ਹਨ ਇਸ ਬਾਰੇ ਉਹਨਾਂ ਨੂੰ ਮਾਪਿਆ ਦੀ ਰਾਏ ਲੈਣੀ ਹੁੰਦੀ ਹੈ। ਮੈਨੂੰ ਲਗਦਾ ਹੈ ਇਸ ਵਿੱਚ ਬਹੁਤ ਹੀ ਸਿਆਣਪ ਹੈ।"

"ਮਾਪੇ ਆਪਣੇ ਬੱਚਿਆਂ ਨਾਲ ਗੇਮ ਖੇਡ ਸਕਦੇ ਹਨ ਜਾਂ ਕੁਝ ਸਮਾਂ ਇਕੱਠੇ ਫ਼ੋਨ ਵੇਖ ਸਕਦੇ ਹਨ ਤਾਂ ਕਿ ਉਹਨਾਂ ਨੂੰ ਸੰਤੁਸ਼ਟੀ ਰਹੇ ਕਿ ਬੱਚੇ ਫ਼ੋਨ ਵਿੱਚ ਕੀ ਵੇਖਦੇ ਹਨ।"

"ਕੁਝ ਨਿਗਰਾਨੀ ਹੋਣੀ ਚਾਹੀਦੀ ਹੈ, ਪਰ ਨਾਲ ਹੀ ਸੰਵਾਦ ਅਤੇ ਖੁੱਲ੍ਹਾਪਣ ਵੀ ਤਾਂ ਕਿ ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ ਵਿੱਚ ਉਨ੍ਹਾਂ ਨੂੰ ਸਹਿਯੋਗ ਮਿਲੇ।", ਔਜਰਜ਼ ਨੇ ਕਿਹਾ।

ਲਿਵਿੰਗਸਟੋਨ ਕਹਿੰਦੇ ਹਨ, "ਬੱਚੇ ਦੋਗਲੇਪਣ ਨੂੰ ਨਫ਼ਰਤ ਕਰਦੇ ਹਨ। ਉਹਨਾਂ ਨੂੰ ਇਹ ਪਸੰਦ ਨਹੀਂ ਹੁੰਦਾ ਕਿ ਉਹਨਾਂ ਨੂੰ ਕੁਝ ਕਰਨ ਤੋਂ ਵਰਜਿਆ ਜਾਵੇ ਅਤੇ ਮਾਪੇ ਉਹੀ ਕਰ ਰਹੇ ਹੋਣ। ਜਿਵੇਂ ਕਿ ਖਾਣ ਵੇਲੇ ਜਾਂ ਸੌਣ ਤੋਂ ਪਹਿਲਾਂ ਫ਼ੋਨ ਦਾ ਇਸਤੇਮਾਲ।"

ਇੱਥੋਂ ਤੱਕ ਕਿ ਬਹੁਤ ਛੋਟੀ ਉਮਰ ਵਿੱਚ ਬੱਚੇ ਮਾਪਿਆਂ ਦੇ ਫ਼ੋਨ ਵਰਤਣ ਦੀਆਂ ਆਦਤਾਂ ਤੋਂ ਸਿੱਖਦੇ ਹਨ।

ਨਵਜਨਮੇ ਤੋਂ ਅੱਠ ਸਾਲ ਤੱਕ ਦੇ ਬੱਚਿਆਂ ਵਿਚਕਾਰ ਡਿਜੀਟਲ ਤਕਨੀਕ ਦੇ ਇਸਤੇਮਾਲ ਬਾਰੇ ਯੂਰਪੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਸ ਉਮਰ ਵਿੱਚ ਖਤਰਿਆਂ ਬਾਰੇ ਬਹੁਤ ਘੱਟ ਜਾਂ ਨਾ-ਮਾਤਰ ਜਾਣਕਾਰੀ ਸੀ।

ਪਰ ਬੱਚੇ ਮਾਪਿਆਂ ਵੱਲੋਂ ਤਕਨੀਕ ਦੇ ਇਸਤੇਮਾਲ ਦੀ ਰੀਸ ਕਰਦੇ ਸਨ। ਕੁਝ ਮਾਪਿਆਂ ਮੁਤਾਬਕ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀਆਂ ਫੋਨਾਂ ਦੇ ਪਾਸਵਰਡ ਪਤਾ ਸੀ ਅਤੇ ਖੁਦ ਉਹਨਾਂ ਦਾ ਇਸਤੇਮਾਲ ਕਰ ਸਕਦੇ ਸੀ।

"ਮਾਪੇ ਛੋਟੇ ਬੱਚਿਆਂ ਨੂੰ ਸਮਾਰਟ ਫ਼ੋਨ ਸਬੰਧੀ ਕੰਮਾਂ ਵਿੱਚ ਆਪਣੇ ਨਾਲ ਲਗਾ ਸਕਦੇ ਹਨ ਅਤੇ ਉਹਨਾਂ ਨੂੰ ਸਹੀ ਵਰਤੋਂ ਬਾਰੇ ਸਿਖਾ ਸਕਦੇ ਹਨ। ਮੈਨੂੰ ਲਗਦਾ ਹੈ ਕਿ ਇਹ ਭਾਗੇਦਾਰੀ ਵਧੀਆ ਤਰੀਕਾ ਸਾਬਿਤ ਹੋ ਸਕਦੀ ਹੈ ਜਿਸ ਨਾਲ ਪਤਾ ਲਗਦਾ ਰਹੇ ਕਿ ਫ਼ੋਨ ਤੇ ਕੀ ਹੋ ਰਿਹਾ ਹੈ।", ਸਟੀਵਿਕ ਨੇ ਕਿਹਾ।

ਅਖੀਰ, ਬੱਚੇ ਲਈ ਸਮਾਰਟ ਫ਼ੋਨ ਕਦੋਂ ਖ਼ਰੀਦਣਾ ਹੈ ਇਹ ਮਾਪਿਆ ਦਾ ਅਹਿਮ ਫ਼ੈਸਲਾ ਹੁੰਦਾ ਹੈ। ਕਈਆਂ ਲਈ ਸਹੀ ਫ਼ੈਸਲਾ ਹੁੰਦਾ ਹੈ ਫ਼ੋਨ ਨਾ ਖ਼ਰੀਦਣਾ ਅਤੇ ਕਿਸੇ ਰਚਨਾਤਮਕ ਤਰੀਕੇ ਨਾਲ ਫ਼ੋਨ ਨਾ ਹੋਣ ਵਾਲੇ ਬੱਚੇ ਨੂੰ ਕੁਝ ਖੁੰਝਣ ਵੀ ਨਾ ਦੇਣਾ।

ਲਿਵਿੰਗਸਟੋਨ ਨੇ ਕਿਹਾ, "ਜਿਹੜੇ ਬੱਚੇ ਥੋੜ੍ਹੇ ਜਿਹੇ ਵੀ ਸਮਾਜਿਕ ਹੋਣ ਅਤੇ ਖੁਦ 'ਤੇ ਭਰੋਸਾ ਕਰਦੇ ਹੋਣ ਕੋਈ ਹੱਲ ਲੱਭ ਲੈਣਗੇ ਅਤੇ ਗਰੁੱਪ ਦਾ ਹਿੱਸਾ ਬਣਨਗੇ। ਆਖਿਰਕਾਰ , ਉਹਨਾਂ ਦੀ ਸਮਾਜਿਕ ਜ਼ਿੰਦਗੀ ਜ਼ਿਆਦਾਤਰ ਸਕੂਲ ਵਿੱਚ ਹੀ ਹੁੰਦੀ ਹੈ ਅਤੇ ਉਹ ਇੱਕ ਦੂਜੇ ਨੂੰ ਵੈਸੇ ਵੀ ਰੋਜ਼ ਮਿਲਦੇ ਹਨ।"

ਅਸਲ ਵਿੱਚ, ਕੁਝ ਖੁੰਝਣ ਦੇ ਡਰ ਨਾਲ ਨਜਿੱਠਣਾ ਸਿੱਖਦਿਆਂ, ਵੱਡੇ ਬੱਚੇ ਇਹ ਮਹਿਸੂਸ ਕਰਨ ਲੱਗ ਜਾਂਦੇ ਹਨ ਕਿ ਫ਼ੋਨ ਨਾ ਹੋਣਾ ਉਨ੍ਹਾਂ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ, ਜਦੋਂ ਮਾਪੇ ਉਨ੍ਹਾਂ ਨੂੰ ਸੀਮਿਤ ਨਾ ਰੱਖਣ।

ਆਖਿਰਕਾਰ ਜਦੋਂ ਉਹ ਆਪਣੇ ਆਪ ਹੀ ਉਹ ਖੁਦ ਲਈ ਫ਼ੋਨ ਖ਼ਰੀਦਦੇ ਹਨ ਅਤੇ ਸਿੱਖਦੇ ਹਨ ਕਿ ਕਿਵੇਂ ਦਾਇਰਾ ਤੈਅ ਕੀਤਾ ਜਾਵੇ।

ਲਿਵਿੰਗਸਟੋਨ ਨੇ ਕਿਹਾ, "ਕੁਝ ਖੁੰਝਣ ਦਾ ਡਰ ਕਦੇ ਮੁੱਕਣ ਵਾਲਾ ਨਹੀਂ ਹੈ, ਇਸ ਲਈ ਹਰ ਕਿਸੇ ਨੂੰ ਲਕੀਰ ਖਿੱਚਣੀ ਪਏਗੀ, ਕਿਉਂਕਿ ਨਹੀਂ ਤਾਂ ਤੁਸੀਂ ਚੌਵੀ ਘੰਟੇ ਸੱਤੇ ਦਿਨ ਸਕਰੋਲ ਕਰਦੇ ਹੀ ਰਹੋਗੇ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)