ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਕਥਿਤ ਸ਼ੂਟਰ ਦੀਪਕ ਮੁੰਡੀ ਬਾਰੇ ਕੀ-ਕੀ ਪਤਾ ਹੈ

ਸਿੱਧੂ ਮੂਸੇਵਾਲਾ ਕਤਲ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਦੀਪਕ ਮੁੰਡੀ ਦੇ ਪਿਤਾ ਰਾਜਬੀਰ ਮੁਤਾਬਕ ਪੂਰਾ ਪਰਿਵਾਰ ਦੀਪਕ ਦੀਆਂ ਗਤੀਵਿਧੀਆਂ ਤੋਂ ਪਰੇਸ਼ਾਨ ਸੀ ਕਿਉਂਕਿ ਥਾਣੇ ਵਿੱਚੋਂ ਫੌਨ ਆਉਂਦੇ ਰਹਿੰਦੇ ਸਨ।
    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕਰੀਬ 100 ਦਿਨਾਂ ਬਾਅਦ ਪੁਲਿਸ ਨੇ ਛੇਵੇਂ ਕਥਿਤ ਸ਼ੂਟਰ ਦੀਪਕ ਮੁੰਡੀ ਨੂੰ ਨੇਪਾਲ ਦੀ ਸਰਹੱਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਦੀਪਕ ਮੁੰਡੀ ਸਿੱਧੂ ਮੂਸੇਵਾਲਾ ਉੱਪਰ ਗੋਲੀਆਂ ਚਲਾਉਣ ਵਾਲੇ ਲੋਕਾਂ ਨਾਲ ਬਲੈਰੋ ਕਾਰ ਵਿੱਚ ਸਵਾਰ ਸੀ।

ਦਿੱਲੀ ਤੋਂ ਕਰੀਬ 100 ਕਿਲੋਮੀਟਰ ਦੂਰ ਹੀ ਹੈ ਹਰਿਆਣਾ ਦਾ ਚਰਖੀ ਦਾਦਰੀ ਜ਼ਿਲ੍ਹਾ ਜਿੱਥੋਂ ਦੇ ਪਿੰਡ ਉਣ ਵਿੱਚ ਦੀਪਕ ਦੀ ਚਰਚਾ ਜ਼ੋਰਾਂ ਉਪਰ ਹੈ।

ਉਣ ਦੀਪਕ ਮੁੰਡੀ ਦਾ ਜੱਦੀ ਪਿੰਡ ਹੈ ਪਰ ਇੱਥੇ ਦੇ ਜ਼ਿਆਦਾਤਰ ਲੋਕ ਮੁੰਡੀ ਨੂੰ ਜਾਣਦੇ ਨਹੀਂ ਕਿਉਂਕਿ ਬਚਪਨ ਵਿੱਚ ਹੀ ਮਾਪਿਆਂ ਨੇ ਉਸ ਨੂੰ ਮਾਮੇ ਦੇ ਘਰ ਪਾਲਣ ਪੋਸ਼ਨ ਲਈ ਭੇਜ ਦਿੱਤਾ ਸੀ।

ਸਿੱਧੂ ਮੂਸੇਵਾਲਾ ਕਤਲ

ਤਸਵੀਰ ਸਰੋਤ, Provided by family

ਕੌਣ ਹੈ ਦੀਪਕ ਮੁੰਡੀ ?

22 ਸਾਲ ਦੇ ਦੀਪਕ ਮੁੰਡੀ ਦਾ ਪੂਰਾ ਨਾਮ ਦੀਪਕ ਸਾਂਗਵਾਨ ਹੈ। ਮੁੰਡੀ ਆਪਣੇ ਮਾਪਿਆਂ ਦਾ ਸਭ ਤੋਂ ਵੱਡਾ ਪੁੱਤਰ ਹੈ ਅਤੇ ਉਸ ਦੇ ਦੋ ਛੋਟੇ ਭੈਣ-ਭਰਾ ਹਨ।

ਮੁੰਡੀ ਆਪਣੇ ਮਾਮੇ ਦੇ ਘਰ ਦੁਬਲਧਨ ਵਿਖੇ ਹੀ ਵੱਡਾ ਹੋਇਆ। ਉਸ ਨੇ ਆਪਣੀ 10ਵੀਂ ਦੀ ਪੜ੍ਹਾਈ ਝੱਰ ਤੋਂ ਹੀ ਕੀਤੀ ਪਰ ਉਸ ਤੋਂ ਬਾਅਦ ਉਹ ਗੈਂਗਸਟਰਾਂ ਦੀ ਸੰਗਤ ਵਿੱਚ ਪੈ ਗਿਆ।

ਦੀਪਕ ਦੇ ਪਿਤਾ ਇੱਕ ਮਜ਼ਦੂਰ ਹਨ ਅਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਬੇਦਖਲ ਕੀਤਾ ਹੋਇਆ ਹੈ ਤਾਂ ਕਿ ਪੁਲਿਸ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੇ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਦੀਪਕ ਮੁੰਡੀ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਬਣ ਚੁੱਕਾ ਸੀ।

ਮਾਨਸਾ ਦੇ ਐੱਸਐੱਸਪੀ ਗੌਰਵ ਤੂਰ ਮੁਤਾਬਕ ਇਸ ਤੋਂ ਪਹਿਲਾਂ ਵੀ ਦੀਪਕ ਮੁੰਡੀ ਹਰਿਆਣਾ ਵਿੱਚ ਦੋ ਪੁਲਿਸ ਕੇਸਾਂ ਦਾ ਸਾਹਮਣਾ ਕਰ ਰਿਹਾ ਸੀ। ਉਸ ਨੂੰ ਇੱਕ ਦਿਨ ਲਈ ਝੱਝਰ ਦੀ ਜੇਲ੍ਹ ਵਿੱਚ ਵੀ ਰਹਿਣਾ ਪਿਆ ਸੀ।

ਮੁੰਡੀ ਦਾ ਪਰਿਵਾਰ ਅਤੇ ਬੇਦਖਲੀ ਨੋਟਿਸ

ਸ਼ਹਿਰ ਦੀ ਚਮਕ ਦਮਕ ਤੋਂ ਦੂਰ ਉਣ ਪਿੰਡ ਦੇ ਲੋਕ ਜ਼ਿਆਦਾਤਰ ਕਿਸਾਨ ਹਨ। ਉਹ ਬਾਜਰੇ ਅਤੇ ਗੰਨੇ ਦੀ ਖੇਤੀ ਕਰਦੇ ਹਨ।

ਦੀਪਕ ਮੁੰਡੀ ਦੇ ਪਿਤਾ ਰਾਜਬੀਰ ਕਹਿੰਦੇ ਹਨ, "ਮੈਂ ਮਜ਼ਦੂਰ ਆਦਮੀ ਹਾਂ। ਮੱਝਾਂ ਪਾਲ ਕੇ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੈ। ਕਦੇ ਮੈਂ ਮਜ਼ਦੂਰੀ ਕਰਦਾ ਹਾਂ ਤੇ ਕਦੇ ਮੱਝਾਂ ਦਾ ਵਪਾਰ ਕਰਕੇ ਘਰ ਚਲਾਉਂਦਾ ਹਾਂ।”

“ਅਸੀਂ ਦੀਪਕ ਨੂੰ ਉਸ ਦੇ ਮਾਮੇ ਦੇ ਘਰ ਛੱਡ ਦਿੱਤਾ ਸੀ। ਉਹ ਦਸਵੀਂ ਤੋਂ ਬਾਅਦ ਵਿਗੜਦਾ ਗਿਆ। ਉਸ ਦੀ ਇੱਕ ਛੋਟੀ ਭੈਣ ਹੈ ਜਿਸ ਦਾ ਅਸੀਂ ਨੇੜਲੇ ਪਿੰਡ ਵਿੱਚ ਵਿਆਹ ਕਰ ਦਿੱਤਾ ਅਤੇ ਇੱਕ ਛੋਟਾ ਭਰਾ ਹੈ ਜੋ ਇਸ ਸਮੇਂ ਸਰਕਾਰੀ ਸਕੂਲ ਵਿੱਚ ਪੜ੍ਹ ਰਿਹਾ ਹੈ।"

ਪਿੰਡ ਵਿੱਚ ‘ਬਿੱਲੀ’ ਦੇ ਨਾਮ ਨਾਲ ਵੀ ਜਾਣੇ ਜਾਂਦੇ ਰਾਜਬੀਰ ਕਹਿੰਦੇ ਹਨ ਕਿ ਪੂਰਾ ਪਰਿਵਾਰ ਦੀਪਕ ਦੀਆਂ ਗਤੀਵਿਧੀਆਂ ਤੋਂ ਪਰੇਸ਼ਾਨ ਸੀ ਕਿਉਂਕਿ ਥਾਣੇ ਵਿਚੋਂ ਫੌਨ ਆਉਂਦੇ ਰਹਿੰਦੇ ਸੀ। ਪੁਲਿਸ ਪੁੱਛਦੀ ਸੀ ਕਿ ਦੀਪਕ ਕਿੱਥੇ ਹੈ ਅਤੇ ਉਸ ਦੇ "ਉੱਲਟੇ ਸਿੱਧੇ ਕੰਮਾਂ" ਬਾਰੇ ਪੁੱਛਗਿੱਛ ਵੱਧਦੀ ਜਾ ਰਹੀ ਸੀ।

ਉਹ ਕਹਿੰਦੇ ਹਨ, "ਲੌਕਡਾਉਨ ਦੌਰਾਨ ਪੁਲਿਸ ਕਰਾਵਾਈ ਤੋਂ ਪ੍ਰੇਸ਼ਾਨ ਹੋ ਕੇ ਅਸੀਂ ਦੀਪਕ ਨੂੰ ਅਖ਼ਬਾਰ ਵਿੱਚ ਇਸ਼ਤਿਹਾਰ ਦੇ ਕੇ ਬੇਦਖਲ ਕਰ ਦਿੱਤਾ। ਹੁਣ ਕੋਈ ਵੀ ਪੁਲਿਸ ਵਾਲਾ ਘਰ ਆਉਂਦਾ ਹੈ ਤਾਂ ਉਸ ਨੂੰ ਅਸੀਂ ਬੇਦਖਲੀ ਦਾ ਨੋਟਿਸ ਦਿਖਾ ਦਿੰਦੇ ਹਾਂ।"

ਸਿੱਧੂ ਮੂਸੇਵਾਲਾ ਕਤਲ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਦੀਪਕ ਮੁੰਡੀ ਦੀ ਮਾਂ ਸੁਨੀਤਾ ਦੇਵੀ

ਜੇਕਰ ਕਸੂਵਾਰ ਹੈ ਤਾਂ ਸਖ਼ਤ ਸਜ਼ਾ ਮਿਲੇ: ਦੀਪਕ ਦੀ ਮਾਂ

ਮੁੰਡੀ ਦੀ ਮਾਂ ਸੁਨੀਤਾ ਦੇਵੀ ਦਾ ਕਹਿਣਾ ਹੈ ਕਿ ਜੇਕਰ ਉਸ ਦਾ ਪੁੱਤਰ ਕਸੂਰਵਾਰ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਸ ਦਾ ਪ੍ਰਭਾਵ ਉਹਨਾਂ ਦੇ ਪਰਿਵਾਰ ਉਪਰ ਨਹੀਂ ਪੈਣਾ ਚਾਹੀਦਾ।

ਸੁਨੀਤਾ ਦੇਵੀ ਕਹਿਦੀ ਹੈ, "ਅਸੀਂ ਤਾਂ ਇਹ ਮੰਨ ਲਿਆ ਹੈ ਕਿ ਸਾਡੇ ਤਿੰਨ ਦੀ ਬਜਾਏ ਦੋ ਹੀ ਬੱਚੇ ਹਨ। ਕੁੜੀ ਦਾ ਵਿਆਹ ਕਰ ਦਿੱਤਾ ਹੈ ਅਤੇ ਛੋਟਾ ਮੁੰਡਾ ਸਕੂਲ ਜਾਂਦਾ ਹੈ। ਦੀਪਕ ਦੀਆਂ ਗਤੀਵਿਧੀਆਂ ਕਰਕੇ ਅਸੀਂ ਉਸ ਨੂੰ ਭੁੱਲ ਚੁੱਕੇ ਹਾਂ।"

ਮੁੰਡੀ ਦਾ ਮਾਂ ਕਹਿੰਦੀ ਹੈ, "ਕਈ ਸਾਲ ਪਹਿਲਾਂ ਦੀਪਕ ਆਇਆ ਸੀ ਪਰ ਅਸੀਂ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।"

ਆਪਣੇ ਪੁੱਤਰ ਦੀਆਂ ਕਥਿਤ ਕਾਰਵਾਈਆਂ ਬਾਰੇ ਰਾਜਬੀਰ ਕਹਿੰਦਾ ਹੈ ਕਿ ਉਹਨਾਂ ਨੇ ਉਸ ਦੇ ਗਲਤ ਕੰਮਾਂ ਕਰਕੇ ਬੇਦਖਲ ਕੀਤਾ ਹੈ ਅਤੇ ਕਿਸੇ ਦੇ ਵੀ ਕਤਲ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਨਾ ਹੀ ਇਸ ਦੀ ਕੋਈ ਜਾਣਕਾਰੀ ਹੈ।

"ਪੁਲਿਸ ਨੇ ਉਸ ਨੂੰ ਫੜ ਲਿਆ ਹੈ। ਹੁਣ ਪੁਲਿਸ ਜਾਣੇ ਪਰ ਸਾਨੂੰ ਪੁਲਿਸ ਅਤੇ ਮੀਡੀਆ ਵਾਲੇ ਪਰੇਸ਼ਾਨ ਨਾ ਕਰਨ।"

ਦੀਪਕ ਦੇ ਚਾਚੇ ਦੇ ਭਾਈ ਰਾਕੇਸ਼ ਸਾਂਗਵਾਨ ਦਾ ਕਹਿਣਾ ਹੈ ਕਿ ਦੀਪਕ ਨੇ ਪੜ੍ਹਈ ਕਈ ਸਾਲ ਪਹਿਲਾਂ ਛੱਡ ਦਿੱਤੀ ਸੀ ਅਤੇ ਉਸ ਦੇ ਮਾਮੇ ਨੇ ਵੀ ਦੀਪਕ ਨੂੰ ਘਰੋਂ ਕੱਢ ਦਿੱਤਾ ਸੀ।

"ਉਸ ਨੂੰ ਕੋਈ ਕੁਝ ਕਹਿਣ ਵਾਲਾ ਤਾਂ ਹੈ ਨਹੀਂ ਸੀ ਅਤੇ ਉਸ ਨੇ ਮਨ ਮਰਜ਼ੀ ਕੀਤੀ।"

ਸਿੱਧੂ ਮੂਸੇਵਾਲਾ ਕਤਲ

ਤਸਵੀਰ ਸਰੋਤ, FB/SIDHU MOOSEWALA

ਮੂਸੇਵਾਲਾ ਦੇ ਕੇਸ ਵਿੱਚ ਅੱਗੇ ਕੀ ਹੋ ਰਿਹਾ ਹੈ

29 ਮਈ ਨੂੰ ਜ਼ਿਲ੍ਹਾ ਮਾਨਸਾ ਅਧੀਨ ਪੈਂਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੁਲਿਸ ਜਲਦੀ ਹੀ ਇਕ ਸਪਲੀਮੈਂਟਰੀ ਚਲਾਨ ਪੇਸ਼ ਕਰੇਗੀ। ਇਸ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਸਾਰੀ ਕਹਾਣੀ ਦਰਜ ਕੀਤਾ ਜਾਵੇਗੀ।

ਪੁਲਿਸ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸੰਬੰਧ ਵਿਚ ਚਾਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚ ਪ੍ਰਿਯਾਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ ਉਰਫ ਕੁਲਦੀਪ ਮੁੱਖ ਨਾਮ ਹਨ।

ਸਿੱਧੂ ਮੂਸੇਵਾਲਾ ਦੇ ਕਤਲ ਦੇ ਸੰਬੰਧ ਵਿਚ ਦੋ ਸ਼ਾਰਪ ਸ਼ੂਟਰ ਮਨੂ ਕੁੱਸਾ ਅਤੇ ਜਗਰੂਪ ਰੂਪਾ ਪੁਲਿਸ ਮੁਕਾਬਲੇ ਵਿੱਚ ਮਾਰੇ ਜਾ ਚੁੱਕੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਕੁੱਲ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 23 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ 10 ਜਣਿਆਂ ਦੀ ਗ੍ਰਿਫਤਾਰੀ ਬਾਕੀ ਹੈ।

ਚਾਰਜਸ਼ੀਟ ਮੁਤਾਬਕ ਪੁਲਸ ਨੇ ਦੀਪਕ ਮੁੰਡੀ ਸਣੇ ਇਨ੍ਹਾਂ ਸ਼ਾਰਪ ਸ਼ੂਟਰਾਂ ਖ਼ਿਲਾਫ਼ ਭਾਰਤੀ ਦੰਡ ਵਿਧਾਨ ਦੀ ਧਾਰਾ 302 (ਕਤਲ), 307 (ਕਤਲ ਦੀ ਕੋਸ਼ਿਸ਼ ), 341, 326 (ਸਵੈ-ਇੱਛਾ ਨਾਲ ਖਤਰਨਾਕ ਹਥਿਆਰਾਂ ਜਾਂ ਸਾਧਨਾਂ ਦੁਆਰਾ ਗੰਭੀਰ ਸੱਟ ਪਹੁੰਚਾਉਣਾ) ਅਤੇ 148 (ਦੰਗੇ, ਮਾਰੂ ਹਥਿਆਰਾਂ ਨਾਲ ਲੈਸ) ਦਰਜ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)