ਪੰਜਾਬ ਦੇ ਮਸੀਹੀ ਭਾਈਚਾਰੇ ਦਾ ਰੋਹ: ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਦਿੱਤੇ ਇਲਜ਼ਾਮਾਂ ਦੇ ਜਵਾਬ

ਤਰਨਤਾਰਨ ਦੇ ਪਿੰਡ ਠਾਕੁਰਪੁਰ ਵਿਖੇ ਪਿਛਲੇ ਦਿਨੀਂ ਚਰਚ ਵਿੱਚ ਹੋਈ ਭੰਨ-ਤੋੜ ਅਤੇ ਧਾਰਮਿਕ ਬੇਅਦਬੀ ਖਿਲਾਫ਼ ਮਸੀਹੀ ਭਾਈਚਾਰੇ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਦਰਜਨਾਂ ਥਾਵਾਂ ਉੱਤੇ ਮੋਮਬੱਤੀ ਮਾਰਚ ਕੱਢੇ।

ਇਹ ਮੋਮਬੱਤੀ ਮਾਰਚ ਅੰਮ੍ਰਿਤਸਰ ਵਿਚ ਸੇਂਟ ਪਾਲਜ਼ ਚਰਚ ਤੋਂ ਸ਼ੁਰੂ ਹੋਇਆ ਸੀ ਜਦਕਿ ਜਲੰਧਰ ਵਿਖੇ ਸੈਕਰਟ ਹਾਰਟ ਕੈਥੋਲਿਕ ਚਰਚ ਤੋਂ ਇਸ ਦੀ ਸ਼ੁਰੂਆਤ ਹੋਈ।

ਜਥੇਦਾਰ ਅਕਾਲ ਤਖ਼ਤ ਹਰਪ੍ਰੀਤ ਸਿੰਘ ਵਲੋਂ ਇਸਾਈ ਭਾਈਚਾਰੇ ਉੱਤੇ ਸਿੱਖਾਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਏ ਜਾਣ ਦੇ ਇਲਜ਼ਾਮਾਂ ਤੋਂ ਬਾਅਦ ਤਰਨਤਾਰਨ ਦੇ ਪੱਟੀ ਨਜ਼ਦੀਕ ਪਿੰਡ ਠਕੁਰਪੁਰ ਵਿਖੇ ਇੱਕ ਚਰਚ ਵਿੱਚ ਭੰਨ-ਤੋੜ ਕੀਤੀ ਗਈ ਸੀ।

ਇਸ ਘਟਨਾ ਨੂੰ ਮੁਲਜ਼ਮ ਵੱਲੋਂ ਅੰਜਾਮ ਦੇਣ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਰਾਹੀਂ ਸਾਹਮਣੇ ਆਈਆਂ ਸਨ।

ਮਸੀਹੀ ਮਹਾਸਭਾ ਦੇ ਪ੍ਰਧਾਨ,ਅਤੇ ਬਿਸ਼ਪ, ਡਾਇਓਸੀਸ ਆਫ ਅੰਮ੍ਰਿਤਸਰ (ਡੀਓਏ), ਸੀਐਨੱਆਈ, ਦ ਮੋਸਟ ਰੇਵ ਡਾ ਪੀਕੇ ਸਾਮੰਤਾਰਾਏ ਨੇ ਕਿਹਾ ਕਿ ਵੱਖ-ਵੱਖ ਮਸੀਹੀ ਸੰਪ੍ਰਦਾਵਾਂ ਦੇ ਸਬੰਧਤ ਚਰਚਾਂ ਵਿੱਚ ਕੈਂਡਲ ਲਾਈਟ ਪ੍ਰਾਰਥਨਾ ਸਭਾਵਾਂ ਆਯੋਜਿਤ ਕਰਨ ਦਾ ਫੈਸਲਾ ਇਸ ਹਫਤੇ ਐੱਮਐੱਮਐੱਸ ਦੀ ਮੀਟਿੰਗ ਦੇ ਦੌਰਾਨ ਲਿਆ ਗਿਆ ਸੀ।

ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ

ਇਸ ਮੋਮਬੱਤੀ ਮਾਰਚ ਤੋਂ ਬਾਅਦ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ,"ਪੰਜਾਬ ਵਿੱਚ ਮਸੀਹੀ ਭਾਈਚਾਰਾ ਖੇਤਰ ਵਿੱਚ ਅੰਤਰ-ਧਾਰਮਿਕ ਅਤੇ ਸ਼ਾਂਤੀ-ਨਿਰਮਾਣ ਦੇ ਯਤਨਾਂ ਵਿੱਚ ਗੰਭੀਰਤਾ ਨਾਲ ਸ਼ਾਮਲ ਰਿਹਾ ਹੈ।''

ਹੁਣ ਤੱਕ ਸਾਨੂੰ ਸਾਰੇ ਧਰਮਾਂ ਦੇ ਲੋਕਾਂ ਦੀ ਸੁਰੱਖਿਆ ਮਿਲਦੀ ਰਹੀ ਹੈ। ਪਰ, ਇਹ ਸਾਡੇ ਲਈ ਸੱਚਮੁੱਚ ਬਹੁਤ ਦੁਖਦਾਈ ਤਜਰਬਾ ਹੈ ਕਿ ਸਾਡੇ ਉਤੇ ਲੋਕਾਂ ਦਾ ਸ਼ਕਤੀ ਅਤੇ ਗੁਮਰਾਹ ਕਰਕੇ ਧਰਮ ਪਰਿਵਰਤਨ ਦੇ ਪੂਰੀ ਤਰ੍ਹਾਂ ਬੇਬੁਨਿਆਦ ਦੋਸ਼ ਲਗਾ ਕੇ ਸਾਨੂੰ ਜ਼ੁਲਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ,"

ਬਿਸ਼ਪ ਸਾਮੰਤਾਰਾਇ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਧਾਰਮਿਕ ਭਾਈਚਾਰਿਆਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਲੋੜੀਂਦੇ ਕਦਮ ਚੁੱਕਣ ਦੇ ਨਾਲ-ਨਾਲ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਾਰਵਾਈ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਕੈਂਡਲ ਮਾਰਚ ਵਿਚ ਸ਼ਾਮਲ ਰੀਟਾ ਨੇ ਆਖਿਆ ਕਿ ਉਨ੍ਹਾਂ ਦਾ ਧਰਮ ਉਨ੍ਹਾਂ ਨੂੰ ਹਿੰਸਾ ਨਹੀਂ ਸਿਖਾਉਂਦਾ ਤੇ ਪੱਟੀ ਨਜ਼ਦੀਕ ਵਾਪਰੀਆਂ ਘਟਨਾਵਾਂ ਨਿੰਦਣਯੋਗ ਹਨ।

ਹੁਣ ਤੱਕ ਕੀ ਕੀ ਹੋਇਆ

30 ਅਗਸਤ ਦੀ ਰਾਤ ਨੂੰ ਤਰਨ ਤਾਰਨ ਦੇ ਪਿੰਡ ਠਾਕੁਰਪੁਰਾ ਦੀ ਚਰਚ ਵਿਚ ਭੰਨਤੋੜ ਕੀਤੀ ਗਈ

ਸੀਸੀਟੀਵੀ ਦੀ ਫੁਟੇਜ ਵਿਚ ਇੱਕ ਵਿਅਕਤੀ ਚਰਚ ਦੇ ਅੰਦਰ ਜਾ ਕੇ ਧਾਰਮਿਕ ਮੂਰਤੀਆਂ ਨੂੰ ਤੋੜ ਦਿਖਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ

ਪੁਲਿਸ ਨੇ 295 ਏ ਸਣੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਤੇ ਕਾਰਵਾਈ ਆਰੰਭੀ

ਇਹ ਘਟਨਾ ਅਕਾਲ ਤਖ਼ਤ ਦੇ ਜਥੇਦਾਰ ਦੇ ਸਿੱਖਾਂ ਦੇ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਦੇ ਬਿਆਨ ਤੋਂ ਬਾਅਦ ਵਾਪਰੀ

ਇਸਾਈ ਭਾਈਚਾਰੇ ਦੇ ਆਗੂਆਂ ਨੇ ਆਪਣੇ ਲੋਕਾਂ ਅਤੇ ਧਾਰਮਿਕ ਸਥਾਨਾਂ ਦੀ ਰਾਖੀ ਦੀ ਅਪੀਲ ਕੀਤੀ

ਸ਼ਨੀਵਾਰ ਨੂੰ ਚਰਚ ਦੀ ਬੇਅਦਬੀ ਖਿਲਾਫ਼ ਮੋਮਬੱਤੀ ਮਾਰਚ ਕੱਢੇ ਗਏ ਅਤੇ ਸ਼ਾਂਤੀ ਦੀ ਅਪੀਲ ਕੀਤੀ ਗਈ

ਚਰਚ ਦੇ ਅਯੂਬ ਡੇਨੀਅਲ ਨੇ ਮੀਡੀਆ ਨੂੰ ਦੱਸਿਆ ਕਿ ਇਹ ਕੈਂਡਲ ਮਾਰਚ ਤਰਨਤਾਰਨ ਦੇ ਠਾਕੁਰਪੁਰ ਵਿਖੇ ਪਿਛਲੇ ਦਿਨੀਂ ਚਰਚ ਵਿੱਚ ਹੋਈ ਭੰਨਤੋੜ ਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ। "ਅਸੀਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ ਅਤੇ ਸਾਡਾ ਧਰਮ ਸਾਨੂੰ ਮਾਫ਼ ਕਰਨਾ ਸਿਖਾਉਂਦਾ ਹੈ। ਸਾਨੂੰ ਸਿਖਾਇਆ ਜਾਂਦਾ ਹੈ, ਦੁਸ਼ਮਣ ਨਾਲ ਵੀ ਪਿਆਰ ਨਾਲ ਰਹੋ।"

ਪੱਟੀ ਨਜ਼ਦੀਕ ਚਰਚ ਉਪਰ ਹੋਏ ਹਮਲੇ ਤੋਂ ਬਾਅਦ ਮਸੀਹ ਭਾਈਚਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਮੁੱਖ ਮੰਤਰੀ ਭਗਵੰਤ ਮਾਨ ਅਤੇ ਸਬੰਧਿਤ ਅਧਿਕਾਰੀਆਂ ਨੂੰ ਇਸ ਹਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਇਮੈਨੁਅਲ ਨਾਹਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਇਸ ਭੰਨ-ਤੋੜ ਦੇ ਮਸਲੇ ਦਾ ਨੋਟਿਸ ਲੈਣ ਦੀ ਗੱਲ ਕਹੀ ਹੈ।

ਬੀਬੀਸੀ ਪੱਤਰਕਾਰ ਸਰਬੀਤ ਸਿੰਘ ਧਾਲੀਵਾਲ ਨੇ ਇਮੈਨੁਅਲ ਨਾਹਰ ਨਾਲ ਜੋ ਖਾਸ ਗੱਲਬਾਤ ਕੀਤੀ ਉਸ ਦੇ ਕੁਝ ਅੰਸ਼ ਇੱਥੇ ਦਿੱਤੇ ਜਾ ਰਹੇ ਹਨ

ਪੰਜਾਬ ਘੱਟ ਗਿਣਤੀ ਕਮਿਸ਼ਨ ਨੇ ਕੀ ਕਾਰਵਾਈ ਕੀਤੀ ?

ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਘੱਟ ਗਿਣਤੀ ਕਮਿਸ਼ਨ ਹੋਣ ਦੇ ਨਾਤੇ ਇਹ ਸਾਡੀ ਇਹ ਸੰਵਿਧਾਨਕ ਅਤੇ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਇਸ ਨੂੰ ਦੇਖੀਏ ਕੀ ਕੀ ਹੋਇਆ ਹੈ ਅਤੇ ਕਿਉਂ ਹੋਇਆ ਹੈ।

ਅਸੀਂ ਇਸ ਨੂੰ ਸ਼ਾਂਤ ਕਰਵਾਈਏ। ਇਸ ਚੀਜ਼ ਨੂੰ ਲੈਕੇ ਅਸੀਂ ਇਸ ਮਾਮਲੇ ਉੱਤੇ ਕੰਮ ਕਰ ਰਹੇ ਹਾਂ।

ਇਹ ਬਹੁਤ ਗੰਭੀਰ ਮਸਲਾ ਹੈ, ਮੈਂ ਤੁਰੰਤ ਪੰਜਾਬ ਪੁਲਿਸ ਦੇ ਡੀਜੀਪੀ ਅਤੇ ਡੀਜੀਪੀ ਲਾਅ ਐਂਡ ਆਰਡਰ ਨਾਲ ਗੱਲਬਾਤ ਕੀਤੀ ਹੈ।

ਉਨ੍ਹਾਂ ਧਾਰਾ 295 -ਏ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਸਾਰੇ ਗਿਰਜਾਘਰਾਂ ਦੀ ਸੁਰੱਖਿਆ ਹੋਰ ਪੁਖ਼ਤਾ ਕਰ ਦਿੱਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਪੁਲਿਸ ਕੰਮ ਕਰ ਰਹੀ ਹੈ।

ਉੱਧਰ ਤੋੜ ਫੋੜ ਦੇ ਵਿਰੋਧ ਵਿੱਚ ਜਲੰਧਰ ਦੇ ਸੇਕਰਡ ਹਾਰਟ ਕੈਥੋਲਿਕ ਚਰਚ ( ਬਿਸ਼ਪ ਹਾਊਸ) ਵਲੋਂ ਵੀ ਇੱਕ ਕੈਂਡਲ ਮਾਰਚ ਕੱਢਿਆ ਗਿਆ ਜਿਸ 'ਚ ਇਸਾਈ ਧਰਮ ਨੂੰ ਮੰਨਣ ਵਾਲੇ ਲੋਕ ਸ਼ਾਮਲ ਸਨ ਜੋ ਕਿ ਬਿਸ਼ਪ ਹਾਊਸ ਤੋਂ ਚੱਲ ਕੇ ਬੀਐਮ ਸੀ ਚੌਕ, ਨਾਮਦੇਵ ਚੌਂਕ ਤੋਂ ਹੁੰਦਾ ਹੋਇਆ ਵਾਪਸ ਬਿਸ਼ਪ ਹਾਊਸ ਵਿਖੇ ਵਾਪਸ ਪੁੱਜਾ।

ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਫਾਦਰ ਐਂਥਨੀ ਤੁਰਥੀ ਨੇ ਆਖਿਆ,"ਅਸਲੀ ਦੋਸ਼ੀ ਨੂੰ ਫੜਨ ਲਈ ਸਾਨੂੰ ਸਮਾਂ ਦੇਣਾ ਪਵੇਗਾ। ਅਸੀਂ ਪ੍ਰਸ਼ਾਸਨ ਅਤੇ ਪੁਲੀਸ ਵਿਭਾਗ ਦਾ ਪੂਰਾ ਸਾਥ ਦੇਵਾਂਗੇ। ਸਾਨੂੰ ਉਮੀਦ ਹੈ ਕਿ ਦੋਸ਼ੀ ਛੇਤੀ ਹੀ ਫੜੇ ਜਾਣਗੇ।"

ਇਹ ਵੀ ਪੜ੍ਹੋ-

ਇਸ ਕੈਂਡਲ ਮਾਰਚ ਵਿੱਚ ਸ਼ਾਮਲ ਈਸਾਈ ਭਾਈਚਾਰੇ ਨਾਲ ਸਬੰਧਿਤ ਐਂਜਲੀਨਾ ਬਰਾੜ ਨੇ ਆਖਿਆ,"ਪੱਟੀ ਨਜ਼ਦੀਕ ਵਾਪਰੀਆਂ ਘਟਨਾਵਾਂ ਦੁਖਦ ਹਨ ਅਤੇ ਅਸੀਂ ਇਸ ਦੇ ਦੋਸ਼ੀਆਂ ਨੂੰ ਫੜਨ ਦੀ ਅਪੀਲ ਕਰਦੇ ਹਾਂ। ਅਸੀਂ ਸ਼ਾਂਤੀ ਨਾਲ ਵਿਰੋਧ ਕਰਾਂਗੇ।"

ਗੁਰਦਾਸਪੁਰ ਦੇ ਧਾਰੀਵਾਲ ਇੱਕ ਵਿਖੇ ਵੀ ਸੇਂਟ ਟੈਰੇਸਾ ਕੈਥੋਲਿਕ ਚਰਚ ਵੱਲੋਂ ਕੈਂਡਲ ਮਾਰਚ ਕੀਤਾ ਗਿਆ।

ਜ਼ਬਰੀ ਧਰਮ ਪਰਿਵਰਤਨ ਕੀ ਹੋ ਰਿਹਾ ਹੈ?

ਉਨ੍ਹਾਂ ਕਿਹਾ ਇਸਾਈ ਭਾਈਚਾਰੇ ਵਿਚ ਕੋਈ ਸਿਆਸੀ ਜਾਂ ਹੋਰ ਜ਼ਬਰਦਸਤੀ ਨਹੀਂ ਹੋ ਰਹੀ। ਮਾਮਲਾ ਸਿਰਫ਼ ਧਰਮ ਪਰਿਵਰਤਨ ਦਾ ਹੈ, ਜੇਕਰ ਕੋਈ ਧਰਮ ਪਰਿਵਰਤਨ ਕਰਦਾ ਹੈ ਤਾਂ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ।

ਜ਼ਬਰੀ ਧਰਮ ਪਰਿਵਰਤਨ ਕਰਵਾਉਣ ਦੇ ਇਲਜਾਮ ਪੂਰੀ ਤਰ੍ਹਾਂ ਬੇ-ਬੁਨਿਆਦ ਹਨ। ਜੇਕਰ ਕਿਸੇ ਨੂੰ ਅਜਿਹੇ ਮਾਮਲੇ ਧਿਆਨ ਵਿਚ ਆਉਂਦੇ ਹਨ , ਤਾਂ ਉਹ ਸਾਨੂੰ ਦੱਸਣ ਅਸੀਂ ਤੁਰੰਤ ਕਾਰਵਾਈ ਕਰਵਾਵਾਂਗੇ।

ਉਨ੍ਹਾਂ ਖਿਲਾਫ਼ ਪੁਲਿਸ ਕਾਰਵਾਈ ਕਰਵਾਓ, ਕਮਿਸ਼ਨ ਅਤੇ ਭਾਈਚਾਰੇ ਨੂੰ ਕੋਈ ਇਤਰਾਜ਼ ਨਹੀਂ ਹੈ।

ਇਲਜਾਮ ਲਾਉਣ ਵਾਲੇ ਦੱਸਣ ਕਿ ਮੁੱਖਧਾਰਾ ਦੇ ਕਿਹੜੀਆਂ ਚਰਚਿਜ਼ ਤੇ ਅਦਾਰੇ ਕਰਵਾ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਜਥੇਦਾਰ ਦੇ ਬਿਆਨ ਉੱਤੇ ਪ੍ਰਤੀਕਰਮ

ਅਖੌਤੀ ਪਾਦਰੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਗਲ਼ਤ ਹੋ ਰਿਹਾ ਹੈ ਤਾਂ ਇਸ ਬਾਰੇ ਦੱਸਿਆ ਜਾਵੇ, ਜ਼ਬਰੀ ਤੇ ਗੁਮਰਾਹ ਕਰਨ ਵਾਲੇ ਕੁਝ ਲੋਕਾਂ ਦੀ ਗੱਲ ਕਰਕੇ ਪੂਰੇ ਭਾਈਚਾਰੇ ਨੂੰ ਬਦਨਾਮ ਨਹੀਂ ਕੀਤੀ ਜਾ ਸਕਦਾ।

ਮੈਨੂੰ ਨਹੀਂ ਲੱਗਦਾ ਕਿ ਇੰਝ ਹੋ ਰਿਹਾ ਹੈ, ਪਰ ਜੇਕਰ ਕਿਸੇ ਵਿਅਕਤੀ ਬਾਰੇ ਸਬੂਤ ਹੈ ਤਾਂ ਦੱਸਿਆ ਜਾਵੇ ਅਸੀਂ ਉਨਾਂ ਖਿਲਾਫ਼ ਖੜ੍ਹਾਂਗੇ।

ਅਸੀਂ ਸਿੱਖ ਭਾਈਚਾਰੇ ਦੇ ਨਾਲ ਹਾਂ। ਪੰਜਾਬ ਵਿਚ ਇਸਾਈ ਤੇ ਸਿੱਖ ਭਾਈਚਾਰੇ ਦੇ ਬੜੇ ਚੰਗੇ ਸਬੰਧ ਰਹੇ ਹਨ।

ਇਸਾਈ ਭਾਈਚਾਰੇ ਦੇ ਲੋਕ ਤਾਂ ਸਿੱਖਾਂ ਉੱਤੇ ਪਿੰਡਾਂ ਵਿਚ ਨਿਰਭਰ ਕਰਦੇ ਹਨ।

ਇਹ ਬੇਜ਼ਮੀਨੇ ਲੋਕ ਹਨ, ਆਰਥਿਕ ਪੱਖੋ ਪੱਛੜੇ ਲੋਕ ਹਨ, ਸਮਾਜਿਕ ਤੌਰ ਉੱਤੇ ਲਤਾੜੇ ਹੋਏ ਲੋਕ ਹਨ ਅਤੇ ਸਿਆਸੀ ਤੌਰ ਉੱਤੇ ਪਾਵਰਲੈੱਸ ਲੋਕ ਹਨ।

ਜਿਹੜੇ ਲੋਕ ਸੱਤਾ ਵਿਹੂਣੇ ਹਨ, ਕੀ ਉਹ ਸੱਤਾ ਹਥਿਆ ਲੈਣਗੇ। ਅਜਿਹੀ ਕੋਈ ਗੱਲ ਨਹੀਂ ਹੈ।

ਜੇਕਰ ਕੁਝ ਲੋਕ ਗਲਤ ਕਰ ਰਹੇ ਹਨ ਤਾਂ ਪੂਰੇ ਭਾਈਚਾਰੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ।

ਧਰਮ ਪਰਿਵਤਰਨ ਕਾਨੂੰਨ

ਇਹ ਕਾਨੂੰਨ ਬਣਾਉਣ ਦੀ ਮੰਗ ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਅਜਿਹਾ ਕਰਦੇ ਨਹੀਂ ਹਾਂ। ਪਰ ਇਸ ਦੀ ਦੁਰਵਰਤੋਂ ਵੀ ਨਹੀਂ ਹੋਣੀ ਚਾਹੀਦੀ।

ਜਿਹੜੇ ਲੋਕਾਂ ਨੇ ਚਰਚਾਂ ਨੂੰ ਕਾਰੋਬਾਰ ਬਣਾਇਆ ਹੋਇਆ ਹੈ। ਭੂਤ ਪ੍ਰੇਤ ਕੱਢ ਰਹੇ ਹਨ। ਭਾਵੇਂ ਤੇਲ ਵੇਚ ਰਹੇ ਹੋਣ ਜਾਂ ਪਾਣੀ। ਉਹ ਬੰਦ ਹੋਣਾ ਚਾਹੀਦਾ ਹੈ।

ਪਰ ਕੀ ਤੁਸੀਂ ਦੇਖਿਆ ਹੈ ਕਿ ਮੁੱਖ ਧਾਰਾ ਦੇ ਗਿਰਜਾਘਰਾਂ ਵਿਚ ਅਜਿਹਾ ਹੁੰਦਾ ਹੈ।

ਬਾਕੀ ਧਰਮ ਪਰਿਵਰਤਨ ਕਾਨੂੰਨ ਨਾਲ ਕਿਵੇਂ ਰੋਕਿਆ ਜਾ ਸਕਦਾ ਹੈ, ਕਿਉਂ ਕਿ ਮਰਜੀ ਮੁਤਾਬਕ ਧਰਮ ਬਦਲਣ ਦਾ ਅਧਿਕਾਰ ਸੰਵਿਧਾਨ ਦਿੰਦਾ ਹੈ। ਇਹ ਨਿੱਜੀ ਮਸਲਾ ਹੈ।

ਇਹ ਵੀ ਦੇਖਣਾ ਚਾਹੀਦਾ ਹੈ, ਆਉਣ ਵਾਲੇ ਲੋਕ ਕੌਣ ਹਨ। ਕੀ ਉਹ ਸਾਰੇ ਪੰਜਾਬ ਨਾਲ ਸਬੰਧਤ ਹਨ ਜਾਂ ਹੋਰ ਸੂਬਿਆਂ ਤੋਂ ਆਉਂਦੇ ਹਨ।

ਮਸਲੇ ਦੇ ਹੱਲ ਲਈ ਕੀ ਕੀਤਾ ਜਾ ਰਿਹਾ

ਇਸ ਬਾਬਤ ਡੀਜੀਪੀ ਪੰਜਾਬ ਨੂੰ ਕਿਹਾ ਗਿਆ ਹੈ ਕਿ ਦੋਵਾਂ ਭਾਈਚਾਰਿਆਂ ਦੀਆਂ ਸ਼ਾਂਤੀ ਕਮੇਟੀਆਂ ਦੀ ਬੈਠਕਾਂ ਕਰਵਾਈਆਂ ਜਾਣ।

ਕਮਿਸ਼ਨ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਚਿੱਠੀ ਲਿਖੀ ਹੈ, ਉਨ੍ਹਾਂ ਨਾਲ ਵੀ ਬੈਠਕ ਕੀਤੀ ਜਾਵੇਗੀ ਅਤੇ ਸਹੀ ਜਾਣਕਾਰੀ ਦਿੱਤੀ ਜਾਵੇਗੀ।

ਦੋਵਾਂ ਭਾਈਚਾਰਿਆਂ ਵਿਚ ਸਹਿਯੋਗ ਤੇ ਸਦਾਚਾਰ ਕਾਇਮ ਰੱਖਿਆ ਜਾਵੇਗਾ।

(ਇਹ ਰਿਪੋਰਟ ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ, ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਚਾਵਲਾ ਅਤੇ ਜਲੰਧਰ ਤੋਂ ਪ੍ਰਦੀਪ ਪੰਡਿਤ ਦੀ ਰਿਪੋਰਟ ਉੱਤੇ ਅਧਾਰਿਤ ਹੈ)

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)