ਨਾਬਾਲਿਗ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ 'ਚ ਸਵਾਮੀ ਸ਼ਿਵਮੂਰਤੀ ਦੀ ਗ੍ਰਿਫ਼ਤਾਰੀ, ਇਹ ਹੈ ਪੂਰਾ ਮਾਮਲਾ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ

ਕਰਨਾਟਕ ਦੇ ਸਭ ਤੋਂ ਸ਼ਕਤੀਸ਼ਾਲੀ ਲਿੰਗਾਇਤ ਮਠਾਂ ਵਿੱਚੋਂ ਇੱਕ ਦੇ ਮੁਖੀ ਡਾ. ਸ਼ਿਵਮੂਰਤੀ ਮੁਰੁਗਾ ਸ਼ਰਣਰੂ ਨੂੰ ਦੋ ਨਾਬਾਲਿਗ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਨੂੰ ਲੰਘੇ ਵੀਰਵਾਰ ਗ੍ਰਿਫ਼ਤਾਰ ਕਰਕੇ ਚਿਤਰਦੁਰਗ ਜ਼ਿਲ੍ਹਾ ਜੇਲ੍ਹ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਪੁਲਿਸ ਮੁਤਾਬਕ, ਇਸ ਮਾਮਲੇ ਵਿੱਚ ਐਸਸੀ ਐਸਟੀ ਐਕਟ ਦੀ ਉਲੰਘਣਾ ਵੀ ਪਾਈ ਗਈ ਹੈ।

ਕਰਨਾਟਕ ਦੇ ਏਡੀਜੀਪੀ (ਕਾਨੂੰਨ ਅਤੇ ਵਿਵਸਥਾ) ਆਲੋਕ ਕੁਮਾਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਡਾ. ਸ਼ਿਵਮੂਰਤੀ ਨੂੰ ਅਦਾਲਤ ਵਿੱਚ ਬਿਆਨ ਦਰਜ ਕੀਤੇ ਜਾਣ ਤੋਂ ਬਾਅਦ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ।"

ਪੁਲਿਸ ਨੇ ਇਸ ਮਾਮਲੇ ਵਿੱਚ ਮਠ ਹੋਸਟਲ ਦੀ ਵਾਰਡਨ ਰਸ਼ਮੀ ਨੂੰ ਵੀ ਕਈ ਘੰਟੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ।

ਉਨ੍ਹਾਂ ਤੋਂ ਬਾਅਦ ਸਵਾਮੀ ਸ਼ਿਵਮੂਰਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਡਾ. ਸ਼ਿਵਮੂਰਤੀ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਸ਼ੁਰੂ ਹੋਣੀ ਸੀ।

ਮਠ ਤੋਂ ਬਰਖਾਸਤ ਅਧਿਕਾਰੀ ਐਸਕੇ ਬਸਵਰਾਜਨ ਨੂੰ ਅਗਾਊਂ ਜ਼ਮਾਨਤ ਮਿਲ ਗਈ।

ਮਠ ਦੇ ਹੋਸਟਲ ਦੀ ਵਾਰਡਨ ਰਸ਼ਮੀ ਨੇ ਜਨਤਾ ਦਲ ਸੈਕੂਲਰ (ਜੇਡੀਐਸ) ਦੇ ਸਾਬਕਾ ਵਿਧਾਇਕ ਬਸਵਰਾਜਨ 'ਤੇ ਜਿਨਸੀ ਸ਼ੋਸ਼ਣ ਅਤੇ ਧਮਕਾਉਣ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਦੀ ਪਤਨੀ 'ਤੇ ਵੀ ਉਨ੍ਹਾਂ ਦੇ ਕਥਿਤ ਅਪਰਾਧ ਵਿਚ ਮਦਦ ਕਰਨ ਦਾ ਇਲਜ਼ਾਮ ਸੀ।

ਬਸਵਰਾਜਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ "ਸਾਜ਼ਿਸ਼ ਵਿੱਚ ਸ਼ਾਮਲ ਨਹੀਂ" ਸਨ।

ਉਨ੍ਹਾਂ ਕਿਹਾ, "ਹੁਣ ਇਹ ਕਾਨੂੰਨੀ ਲੜਾਈ ਹੈ ਅਤੇ ਮੈਂ ਇਹ ਜ਼ਰੂਰ ਸਾਬਤ ਕਰਾਂਗਾ ਕਿ ਮੈਂ ਕੁੱਝ ਵੀ ਗਲਤ ਨਹੀਂ ਕੀਤਾ।"

ਸਵਾਮੀ ਸ਼ਿਵਮੂਰਤੀ ਦੇ ਖ਼ਿਲਾਫ਼ ਪੋਕਸੋ (POCSO) ਐਕਟ ਦੇ ਤਹਿਤ ਐੱਫਆਈਆਰ ਦਰਜ ਕਰਵਾਈ ਗਈ ਸੀ।

ਇਸ ਤੋਂ ਬਾਅਦ ਮੰਗਲਵਾਰ ਨੂੰ ਕਥਿਤ ਜਿਨਸੀ ਹਿੰਸਾ ਦੀਆਂ ਸ਼ਿਕਾਰ ਦੋਵੇਂ ਕੁੜੀਆਂ ਨੇ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਮੈਜਿਸਟ੍ਰੇਟ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ।

ਵਾਰਡਨ ਰਸ਼ਮੀ ਨੇ ਆਪਣੇ ਬਚਾਅ 'ਚ ਕਿਹਾ ਸੀ ਕਿ ਬਸਵਰਾਜਨ 27 ਜੁਲਾਈ ਨੂੰ ਕੁੜੀਆਂ ਦੇ ਹੋਸਟਲ ਆਏ ਸਨ ਅਤੇ ਇਸੇ ਦੌਰਾਨ ਉਨ੍ਹਾਂ ਨੇ ਬਲਾਤਕਾਰ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ "ਬਸਵਰਾਜਨ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ''।

ਦੂਜੇ ਪਾਸੇ, ਸਾਬਕਾ ਜ਼ਿਲ੍ਹਾ ਪੰਚਾਇਤ ਪ੍ਰਧਾਨ ਅਤੇ ਬਸਵਰਾਜਨ ਦੀ ਪਤਨੀ ਸੌਭਾਗਿਆ ਨੇ ਮੀਡੀਆ ਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਪਤੀ ਪੀੜਤ ਕੁੜੀਆਂ ਨੂੰ ਬਚਾਉਣ ਲਈ ਹੋਸਟਲ ਗਏ ਸਨ।

ਬਸਵਰਾਜਨ ਨੇ ਮੀਡੀਆ ਨੂੰ ਕਿਹਾ, "ਅਸੀਂ ਉਨ੍ਹਾਂ ਕੁੜੀਆਂ ਨੂੰ ਆਪਣੇ ਘਰ ਲੈ ਗਏ ਪਰ ਬਾਅਦ ਵਿੱਚ ਪੁਲਿਸ ਨੇ ਸਾਨੂੰ ਸੁਝਾਅ ਦਿੱਤਾ ਕਿ ਅਸੀਂ ਕੁੜੀਆਂ ਨੂੰ ਆਪਣੇ ਘਰ ਨਾ ਰੱਖੀਏ। ਇਸ ਲਈ ਅਗਲੇ ਦਿਨ ਅਸੀਂ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਨੂੰ ਲੈ ਜਾਣ ਲਈ ਕਿਹਾ।"

ਇਹ ਵੀ ਪੜ੍ਹੋ-

ਕੀ ਹੈ ਮਾਮਲਾ?

ਕਰਨਾਟਕ ਦੇ ਹੋਰ ਮੱਠਾਂ ਵਾਂਗ ਹੀ ਮੁਰੁਗਾ ਮੱਠ ਵੀ ਆਪਣੇ ਚਿਤਰਦੁਰਗ ਸਥਿਤ ਮੁੱਖ ਦਫ਼ਤਰ ਤੋਂ 150 ਅਧਿਆਤਮਿਕ ਅਤੇ ਵਿੱਦਿਅਕ ਸੰਸਥਾਵਾਂ ਚਲਾਉਂਦਾ ਹੈ।

ਲਿੰਗਾਇਤ 12ਵੀਂ ਸਦੀ ਦੇ ਸਮਾਜ ਸੁਧਾਰਕ ਵਾਸਵੰਨਾ ਦੇ ਪੈਰੋਕਾਰ ਹਨ। ਕਰਨਾਟਕ ਦੀ ਕੁੱਲ ਆਬਾਦੀ ਵਿੱਚ 17 ਫੀਸਦੀ ਲਿੰਗਾਇਤ ਹਨ।

ਸਵਾਮੀ ਸ਼ਿਵਮੂਰਤੀ ਦੇ ਖ਼ਿਲਾਫ਼ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਸ 'ਚ ਕਿਹਾ ਗਿਆ ਹੈ ਕਿ ਉਹ ਆਪਣੇ ਮਠ ਦੇ ਹੋਸਟਲ 'ਚ ਰਹਿਣ ਵਾਲੀਆਂ ਹਾਈ ਸਕੂਲ ਦੀਆਂ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਦੇ ਸੀ।

ਕਥਿਤ ਜਿਨਸੀ ਸ਼ੋਸ਼ਣ ਦੀ ਪੀੜਤ ਇੱਕ ਕੁੜੀ ਨੇ ਮਹਿਲਾ ਅਤੇ ਬਾਲ ਭਲਾਈ ਵਿਭਾਗ ਨੂੰ ਦੱਸਿਆ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ।

ਇਸ ਲਈ ਇਸ ਮਾਮਲੇ ਵਿੱਚ ਅਨੁਸੂਚਿਤ ਜਾਤੀ, ਜਨਜਾਤੀ ਅੱਤਿਆਚਾਰ ਰੋਕੂ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ।

ਸ਼ਿਕਾਇਤ ਦਰਜ ਕਰਵਾਉਣ ਵਿੱਚ ਇੰਨਾ ਸਮਾਂ ਕਿਉਂ ਲੱਗਾ?

ਮੈਸੂਰ ਦੇ ਐਨਜੀਓ ਓਡਾਂਡੀ ਸੇਵਾ ਸਮਸਤੇ ਦੇ ਅਨੁਸਾਰ, ਕਥਿਤ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਦੋ ਨਾਬਾਲਿਗ ਕੁੜੀਆਂ ਨੇ ਪਹਿਲਾਂ ਚਿਤਰਦੁਰਗ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਬੈਂਗਲੁਰੂ ਵੱਲ ਚੱਲ ਪਈਆਂ।

ਓਡਾਂਡੀ ਸੇਵਾ ਸਮਸਤੇ ਦੇ ਸੰਸਥਾਪਕਾਂ ਵਿੱਚੋਂ ਇੱਕ ਪਰਸ਼ੂਰਾਮ ਐਮਐਲ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਪਰ ਦੋਵਾਂ ਥਾਈਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ।''

''ਇਸ ਤੋਂ ਬਾਅਦ ਦੋਵੇਂ ਆਪੋ-ਆਪਣੇ ਘਰਾਂ ਨੂੰ ਪਰਤ ਗਈਆਂ, ਪਰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦਾ ਦਰਦ ਉਸ ਵੇਲੇ ਸਮਝ ਆਇਆ ਜਦੋਂ ਉਹ ਰਾਤ ਨੂੰ ਨੀਂਦ ਵਿਚ ਚੀਕਾਂ ਮਾਰਦੇ ਹੋਏ ਜਾਗ ਪਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ।''

ਇਸ ਤੋਂ ਬਾਅਦ ਬਾਲ ਵਿਕਾਸ ਅਤੇ ਸੁਰੱਖਿਆ ਅਧਿਕਾਰੀ ਨੇ ਮੈਸੂਰ ਦੀ ਨਜਰਾਬਾਦ ਪੁਲਿਸ ਨੂੰ ਸ਼ਿਕਾਇਤ ਕੀਤੀ।

ਇਸ ਸ਼ਿਕਾਇਤ ਤੋਂ ਬਾਅਦ, ਮਠ ਦੇ ਸਵਾਮੀ ਅਤੇ ਹੋਰਾਂ ਦੇ ਖ਼ਿਲਾਫ਼ ਪੋਕਸੋ ਐਕਟ ਧਾਰਾ 5 (ਸਹਿਵਾਸ ਦੀ ਕੋਸ਼ਿਸ਼) ਤੋਂ ਇਲਾਵਾ ਆਈਪੀਸੀ ਦੀ ਧਾਰਾ 376 (ਸੀ) (ਐਨ) (ਇੱਕੋ ਮਹਿਲਾ ਨਾਲ ਵਾਰ-ਵਾਰ ਬਲਾਤਕਾਰ), ਧਾਰਾ 376 (ਸੀ) (16 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਬਲਾਤਕਾਰ) ਅਤੇ ਧਾਰਾ 149 (ਗ਼ੈਰਕਾਨੂੰਨੀ ਇਕੱਠ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

ਇਸ ਮਾਮਲੇ 'ਚ ਹੋਸਟਲ ਵਾਰਡਨ ਰਸ਼ਮੀ ਸਮੇਤ ਪੰਜ ਲੋਕਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।

ਕੇਸ ਨੂੰ ਮੈਸੂਰ ਟਰਾਂਸਫਰ ਕਰ ਦਿੱਤਾ ਗਿਆ ਹੈ ਕਿਉਂਕਿ ਕਥਿਤ ਘਟਨਾ ਚਿਤਰਦੁਰਗ ਵਿੱਚ ਹੋਈ ਸੀ।

ਕਥਿਤ ਜਿਨਸੀ ਹਿੰਸਾ ਦੇ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ, ਚਿਤਰਦੁਰਗ ਪੁਲਿਸ ਨੇ ਮਠ ਦੇ ਪ੍ਰਸ਼ਾਸਨਿਕ ਅਧਿਕਾਰੀ ਐਸਕੇ ਬਾਸਵਰਾਜਨ ਦੇ ਖ਼ਿਲਾਫ਼ ਜਿਨਸੀ ਹਿੰਸਾ ਦੁਰਵਿਵਹਾਰ ਦੇ ਇਲਜ਼ਾਮ ਹੇਠ ਸ਼ਿਕਾਇਤ ਦਰਜ ਕੀਤੀ।

ਕੁੜੀ ਦੀ ਸ਼ਿਕਾਇਤ 'ਚ ਕਿਹਾ ਗਿਆ ਹੈ, ''ਬਸਵਰਾਜਨ ਨੇ ਮੇਰਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਇਸ ਦਾ ਵਿਰੋਧ ਕੀਤਾ। ਇਸ ਨਾਲ ਉਹ ਬਹੁਤ ਗੁੱਸੇ ਹੋ ਗਏ ਅਤੇ ਉਨ੍ਹਾਂ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।''

ਕੁੜੀ ਨੇ ਇਲਜ਼ਾਮ ਲਾਇਆ ਕਿ ਬਸਵਰਾਜਨ ਨੇ ਉਸ ਦਾ ਜਿਨਸੀ ਸ਼ੋਸ਼ਣ ਇਸ ਲਈ ਕੀਤਾ ਕਿਉਂਕਿ ਉਹ ਦੋਵੇਂ ਕੁੜੀਆਂ ਨੂੰ ਹੋਸਟਲ ਤੋਂ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਕੁੜੀਆਂ ਨੇ ਇਸ 'ਤੇ ਸਵਾਲ ਚੁੱਕੇ ਸਨ।

ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 354ਏ (ਮਹਿਲਾ ਦੀ ਇੱਜ਼ਤ ਨਾਲ ਛੇੜਛਾੜ), ਧਾਰਾ 506 (ਅਪਰਾਧ ਦੇ ਨੀਯਤ ਨਾਲ ਰੋਕਣਾ) ਅਤੇ ਧਾਰਾ 504 (ਵਿਅਕਤੀ ਦਾ ਜਾਣਬੁੱਝ ਕੇ ਅਪਮਾਨ ਕਰਨਾ) ਦੇ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ।

ਸਵਾਮੀ ਅਤੇ ਸਿਆਸਤ

ਇਹ ਮਾਮਲਾ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਖੁੱਲ੍ਹ ਕੇ ਸਵਾਮੀ ਸ਼ਿਵਮੂਰਤੀ ਦਾ ਸਮਰਥਨ ਕੀਤਾ।

ਉਨ੍ਹਾਂ ਕਿਹਾ, ''ਇਹ ਸਵਾਮੀਜੀ ਦੇ ਖ਼ਿਲਾਫ਼ ਸਾਜ਼ਿਸ਼ ਹੈ। ਉਨ੍ਹਾਂ 'ਤੇ ਲਗਾਏ ਗਏ ਇਲਜ਼ਾਮਾਂ 'ਚ ਕੋਈ ਸੱਚਾਈ ਨਹੀਂ ਹੈ। ਜਾਂਚ ਤੋਂ ਬਾਅਦ ਸੱਚ ਸਾਹਮਣੇ ਆ ਜਾਵੇਗਾ।

ਹਾਲਾਂਕਿ, ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਸੱਚਾਈ ਦਾ ਪਤਾ ਲੱਗ ਸਕੇਗਾ।

ਦੂਜੇ ਪਾਸੇ, ਡਾ. ਸ਼ਿਵਮੂਰਤੀ ਮੁਰੁਗਾ ਸ਼ਰਣਰੂ ਨੇ ਮਠ ਦੇ ਪੈਰੋਕਾਰਾਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਇਲਜ਼ਾਮਾਂ ਤੋਂ ਨਾ ਘਬਰਾਉਣ।

ਉਨ੍ਹਾਂ ਕਿਹਾ, ''ਇਹ ਮੇਰੇ ਅਕਸ ਨੂੰ ਖਰਾਬ ਕਰਨ ਲਈ ਰਚੀ ਗਈ ਸਾਜ਼ਿਸ਼ ਹੈ।''

ਸਵਾਮੀ ਸ਼ਿਵਮੂਰਤੀ ਨੇ ਕਾਂਗਰਸ ਸਰਕਾਰ ਦਾ ਉਸ ਵੇਲੇ ਸਮਰਥਨ ਕੀਤਾ ਸੀ ਜਦੋਂ ਉਨ੍ਹਾਂ ਨੇ ਲਿੰਗਾਇਤਾਂ ਦੇ ਧਰਮ ਨੂੰ ਵੱਖਰਾ ਧਰਮ ਐਲਾਨਣ ਦਾ ਪ੍ਰਸਤਾਵ ਰੱਖਿਆ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਪਿਛਲੇ ਮਹੀਨੇ ਹੀ ਦੀਖਿਆ ਦਿੱਤੀ ਸੀ।

ਮੁਰੁਗਾ ਮਠ ਉਨ੍ਹਾਂ ਮਠਾਂ ਵਿੱਚੋਂ ਇੱਕ ਹੈ ਜੋ ਸਮਾਜ ਸੁਧਾਰਕ ਸੰਤ ਭਗਵਾਨ ਬਸਵੇਸ਼ਵਰ ਦੇ ਸੁਧਾਰਵਾਦੀ ਅੰਦੋਲਨ ਦੇ ਦੱਸੇ ਮਾਰਗਾਂ 'ਤੇ ਚੱਲਦਾ ਹੈ। ਬਸਵੇਸ਼ਵਰ ਨੇ ਬ੍ਰਾਹਮਣਵਾਦ ਅਤੇ ਵੈਦਿਕ ਕਰਮਕਾਂਡਾਂ ਦੇ ਖ਼ਿਲਾਫ਼ ਵਿਦਰੋਹ ਕੀਤਾ ਸੀ।

ਲਿੰਗਾਇਤ ਕੌਣ ਹੁੰਦੇ ਹਨ?

ਲਿੰਗਾਇਤਾਂ ਦਾ ਮੰਨਣਾ ਹੈ ਕਿ ਉਹ ਹਿੰਦੂ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਪੂਜਾ ਕਰਨ ਦਾ ਤਰੀਕਾ ਹਿੰਦੂਆਂ ਨਾਲੋਂ ਬਿਲਕੁਲ ਵੱਖਰਾ ਹੈ।

ਉਹ ਨਿਰਾਕਾਰ ਸ਼ਿਵ ਦੀ ਪੂਜਾ ਕਰਦੇ ਹਨ। ਉਹ ਮੰਦਰ ਨਹੀਂ ਜਾਂਦੇ ਜਾਂ ਮੂਰਤੀ ਦੀ ਪੂਜਾ ਨਹੀਂ ਕਰਦੇ।

ਲਿੰਗਾਇਤਾਂ ਵਿੱਚ ਹੀ ਇੱਕ ਪੰਥ ਵੀਰੇਸ਼ੈਵ ਲਿੰਗਾਇਤ ਦਾ ਹੈ ਜੋ ਸ਼ਿਵ ਦੀ ਮੂਰਤੀ ਦੀ ਪੂਜਾ ਵੀ ਕਰਦਾ ਹੈ ਅਤੇ ਆਪਣੇ ਗਲ਼ ਵਿੱਚ ਲਿੰਗ ਧਾਰਨ ਵੀ ਕਰਦਾ ਹੈ। ਵੀਰੇਸ਼ੈਵ ਪੰਥ ਦੇ ਲਿੰਗਾਇਤ ਹਿੰਦੂ ਧਰਮ ਤੋਂ ਵੱਖ ਹੋਣ ਦਾ ਵਿਰੋਧ ਕਰਦੇ ਆ ਰਹੇ ਹਨ।

ਵੀਰੇਸ਼ੈਵ ਪੰਥ ਦੀ ਸ਼ੁਰੂਆਤ ਜਗਤ ਗੁਰੂ ਰੇਣੁਕਾਚਾਰੀਆ ਨੇ ਕੀਤੀ ਸੀ। ਉਨ੍ਹਾਂ ਨੇ ਆਦਿ ਸ਼ੰਕਰਾਚਾਰੀਆ ਵਾਂਗ ਪੰਜ ਪੀਠਾਂ ਦੀ ਸਥਾਪਨਾ ਕੀਤੀ। ਇਨ੍ਹਾਂ ਪੰਜ ਪੀਠਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਚਿਕਮੰਗਲੂਰ ਦਾ ਰੰਭਾਪੁਰੀ ਮਠ ਹੈ।

ਇਤਿਹਾਸਕਾਰ ਸੰਗਮੇਸ਼ ਸਾਵਦਾਤੀਮਠ ਨੇ 13ਵੀਂ ਸਦੀ ਦੇ ਕੰਨੜ ਕਵੀ ਹਰੀਹਰ ਦੇ ਹਵਾਲੇ ਨਾਲ ਦੱਸਿਆ ਕਿ ਵੀਰੇਸ਼ੈਵ ਪੰਥ ਬਹੁਤ ਪ੍ਰਾਚੀਨ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਪੰਥ ਦੇ ਸੰਸਥਾਪਕ ਜਗਤਗੁਰੂ ਰੇਣੁਕਾਚਾਰੀਆ ਦਾ ਜਨਮ ਆਂਧਰਾ ਪ੍ਰਦੇਸ਼ ਦੇ ਕੋਲੀਪੱਕਾ ਪਿੰਡ ਵਿੱਚ ਸੋਮੇਸ਼ਵਰ ਲਿੰਗ ਤੋਂ ਹੋਇਆ ਸੀ।

ਜਗਤ ਗੁਰੂ ਰੇਣੁਕਾਚਾਰੀਆ ਬਾਰੇ ਸ਼ਿਵਯੋਗੀ ਸ਼ਿਵਾਚਾਰੀਆ ਨੇ ਵੀ ਲਿਖਿਆ ਹੈ ਅਤੇ ਸੰਸਕ੍ਰਿਤ ਵਿੱਚ ਲਿਖੇ ਕਈ ਦਸਤਾਵੇਜ਼ ਹਨ, ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਵੀਰੇਸ਼ੈਵ ਪੰਥ ਨੂੰ ਮੰਨਣ ਵਾਲੇ ਲੋਕ ਕਿਵੇਂ ਪੂਜਾ ਕਰਦੇ ਹਨ।

ਵੀਰੇਸ਼ੈਵ ਵੈਦਿਕ ਧਰਮਾਂ ਵਿੱਚੋਂ ਇੱਕ ਹੈ, ਪਰ 12ਵੀਂ ਸਦੀ ਵਿੱਚ ਬਾਸਵਾਚਾਰੀਆ ਪ੍ਰਸਿੱਧ ਹੋਏ ਜੋ ਜਗਤਗੁਰੂ ਰੇਣੁਕਾਚਾਰੀਆ ਦੇ ਪੈਰੋਕਾਰ ਸਨ।

ਕੰਮ ਨੂੰ ਪੂਜਾ ਮੰਨਦਾ ਹੈ ਇਹ ਪੰਥ

ਹਾਲਾਂਕਿ, ਬਾਅਦ ਵਿੱਚ ਬਸਵਾਚਾਰੀਆ ਅਰਥਾਤ ਬਾਸਵੰਨਾ ਨੇ ਸਨਾਤਨ ਧਰਮ ਦੇ ਬਦਲ ਵਿੱਚ ਇੱਕ ਪੰਥ ਖੜ੍ਹਾ ਕੀਤਾ ਜਿਸ ਨੇ ਨਿਰਾਕਾਰ ਸ਼ਿਵ ਦੀ ਕਲਪਨਾ ਕੀਤੀ।

ਬਾਸਵੰਨਾ ਨੇ ਜਾਤੀ ਅਤੇ ਲਿੰਗ ਭੇਦਭਾਵ ਦੇ ਖ਼ਿਲਾਫ਼ ਕੰਮ ਕਰਨਾ ਸ਼ੁਰੂ ਕੀਤਾ। ਉਨ੍ਹਾਂ ਦੇ ਵਚਨਾਂ ਵਿੱਚ ਕੰਮ ਨੂੰ ਪੂਜਾ ਕਿਹਾ ਗਿਆ ਹੈ।

ਜਗਤਗੁਰੂ ਸ਼ਿਵਮੂਰਤੀ ਨੇ ਬੀਬੀਸੀ ਨੂੰ ਦੱਸਿਆ ਸੀ, "ਬਾਸਵੰਨਾ ਦੇ ਸ਼ਬਦਾਂ ਤੋਂ ਪ੍ਰਭਾਵਿਤ ਹੋ ਕੇ ਸਾਰੀਆਂ ਜਾਤਾਂ ਦੇ ਲੋਕਾਂ ਨੇ ਲਿੰਗਾਇਤ ਧਰਮ ਅਪਣਾਇਆ, ਜਿਸ ਵਿੱਚ ਜਾਤੀ ਅਤੇ ਕੰਮ ਨੂੰ ਲੈ ਕੇ ਕੋਈ ਮਤਭੇਦ ਨਹੀਂ ਸੀ।"

ਉਨ੍ਹਾਂ ਨੇ ਕਿਹਾ ਸੀ, "ਬਸ ਇੰਨਾਂ ਕਿ ਨਿਰਾਕਾਰ ਸ਼ਿਵ ਦੀ ਉਪਾਸਨਾ ਅਤੇ ਅਡੰਬਰ ਦੇ ਖ਼ਿਲਾਫ਼ ਕੰਮ ਕਰਨਾ ਹੀ ਲਿੰਗਾਇਤ ਦਾ ਕਰਮ ਅਤੇ ਧਰਮ ਹੈ।"

ਜਿੱਥੇ ਵੀਰੇਸ਼ੈਵ ਪੰਥ ਨੂੰ ਮੰਨਣ ਵਾਲੇ ਜਨੇਊ ਪਹਿਨਦੇ ਹਨ। ਲਿੰਗਾਇਤ ਜਨੇਊ ਤਾਂ ਨਹੀਂ ਪਹਿਨਦੇ, ਪਰ ਇਸ਼ਟ ਸ਼ਿਵਲਿੰਗ ਨੂੰ ਅਪਣਾਉਂਦੇ ਹਨ ਅਤੇ ਉਨ੍ਹਾਂ ਦੀ ਉਪਾਸਨਾ ਕਰਦੇ ਹਨ।

ਵੀਰੇਸ਼ੈਵ ਵੇਦਾਂ ਅਤੇ ਪੁਰਾਣਾਂ ਵਿੱਚ ਵਿਸ਼ਵਾਸ ਕਰਦੇ ਹਨ, ਪਰ ਲਿੰਗਾਇਤ ਬਾਸਵੰਨਾ ਦੇ 'ਸ਼ਰਣ' ਭਾਵ ਵਚਨਾਂ 'ਤੇ ਚੱਲਦੇ ਹਨ, ਜੋ ਸੰਸਕ੍ਰਿਤ ਵਿੱਚ ਨਹੀਂ ਹਨ ਬਲਕਿ ਸਥਾਨਕ ਭਾਸ਼ਾ ਕੰਨੜ ਵਿੱਚ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)