ਵਿੱਕੀ ਮਿੱਡੂਖੇੜਾ ਕੌਣ ਸੀ, ਜਿਸ ਦੇ ਕਤਲ ਕੇਸ ’ਚ ਪੁਲਿਸ ਨੇ ਸਾਲ ਬਾਅਦ ਚਾਰਜਸ਼ੀਟ ਫਾਇਲ ਕੀਤੀ ਹੈ

ਮੁਹਾਲੀ ਪੁਲਿਸ ਵੱਲੋਂ ਯੂਥ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਕਰੀਬ ਇੱਕ ਸਾਲ ਬਾਅਦ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ।

ਪਿਛਲੇ ਸਾਲ 7 ਅਗਸਤ ਨੂੰ ਸੈਕਟਰ 71 ਦੀ ਮਾਰਕੀਟ ਵਿੱਚ ਹੋਏ ਕਤਲ ਕੇਸ ਵਿੱਚ ਕੁੱਲ ਛੇ ਮੁਲਜ਼ਮਾਂ ਖਿਲਾਫ਼ ਚਾਰਜਸੀਟ ਦਾਖ਼ਲ ਕੀਤੀ ਗਈ ਹੈ।

ਮੁਲਜ਼ਮਾਂ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 302 (ਕਤਲ ਕਰਨ), 120B (ਅਪਰਾਧਿਕ ਸਾਜਿਸ਼ ਰਚਣ) ਅਤੇ 34 ਲਗਾਈਆਂ ਗਈਆਂ ਹਨ।

29 ਮਈ 2022 ਨੂੰ ਜਦੋਂ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਵਿੱਕੀ ਮਿੱਡੂਖੇੜਾ ਦਾ ਨਾਂ ਮੁੜ ਚਰਚਾ ਵਿਚ ਆ ਗਿਆ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਸੀ ਕਿ ਇਹ ''ਕਤਲ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ'' ਹੈ।

ਪੰਜਾਬ ਅਤੇ ਦਿੱਲੀ ਪੁਲਿਸ ਵੀ ਹੁਣ ਤੱਕ ਇਹੀ ਦਾਅਵਾ ਕਰਦੀ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਫੜ੍ਹੇ ਗਏ ਮੁਲਜ਼ਮ ਵੀ ਇਹੀ ਕਹਿ ਰਹੇ ਹਨ ਕਿ ਇਹ ''ਕਤਲ ਵਿੱਕੀ ਮਿੱਡੂਖੇੜਾ ਕਤਲ ਦਾ ਬਦਲਾ'' ਹੈ।

ਗੋਲਡੀ ਬਰਾੜ ਦੇ ਦਾਅਵਿਆਂ ਦੇ ਉਲਟ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾਅਵਾ ਕਰਦੇ ਹਨ ਕਿ ਸਿੱਧੂ ਮੂਸੇਵਾਲਾ ਦਾ ਗੈਂਗਵਾਰ ਜਾਂ ਗੈਂਗਸਟਰਾਂ ਨਾਲ ਕੋਈ ਵਾਹ ਵਾਸਤਾ ਨਹੀਂ ਸੀ।

ਵਿੱਕੀ ਮਿੱਡੂਖੇੜਾ ਕੌਣ ਸੀ?

ਵਿੱਕੀ ਮਿੱਡੂਖੇੜਾ ਨੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਾਲ 2009 ਵਿੱਚ ਐਕਟਿਵ ਰਹਿਣਾ ਸ਼ੁਰੂ ਕੀਤਾ ਸੀ।

ਸਾਲ 2014 ਵਿੱਚ ਸਟੂਡੈਂਟਸ ਆਰਗਨਾਇਜੇਸ਼ਨ ਆਫ਼ ਇੰਡੀਆ (ਐੱਸਓਆਈ) ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮਿੱਡੂਖੇੜਾ ਸਟੂਡੈਂਟਸ ਆਰਗਨਾਇਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਵਿੱਚ ਸਰਗਰਮ ਸੀ।

ਉਸ ਨੇ ਪਹਿਲਾਂ ਐੱਮਏ ਪਬਲਿਕ ਐਡਮਿਨਸਟੇਰਸ਼ਨ ਅਤੇ ਫਿਰ ਐੱਮਏ ਡਿਫੈਂਸ ਕੀਤੀ। ਇਸ ਤੋਂ ਬਾਅਦ ਉਸ ਨੇ ਫ਼ਰੈਂਚ ਭਾਸ਼ਾ ਦੇ ਕੋਰਸ ਵਿੱਚ ਦਾਖ਼ਲਾ ਲਿਆ ਸੀ।

ਸਾਲ 2010-12 ਵਿੱਚ ਉਹ ਸੋਪੂ ਪਾਰਟੀ ਦਾ ਪ੍ਰਧਾਨ ਰਿਹਾ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਨੂੰ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ਦਾ ਚੰਡੀਗੜ੍ਹ ਜ਼ੋਨ ਇੰਚਾਰਜ ਥਾਪਿਆ ਗਿਆ ਸੀ।

ਗੈਂਗਵਾਰ ਅਤੇ ਸਿੱਧੂ ਮੂਸੇਵਾਲਾ ਦਾ ਕਤਲ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੀ ਰਾਜਨੀਤੀ ਨੇ ਇੱਕ ਵਾਰ ਫਿਰ ਸਭ ਦਾ ਧਿਆਨ ਖਿੱਚਿਆ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਦੌਰਾਨ ਪੁਲਿਸ ਨੇ ਕਿਹਾ ਸੀ ਕਿ ਇਹ ਕਤਲ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕੀਤਾ ਗਿਆ ਸੀ। ਪੁਲਿਸ ਮੁਤਾਬਕ ਬਿਸ਼ਨੋਈ ਗੈਂਗ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ।

ਵਿੱਕੀ ਮਿੱਡੂਖੇੜਾ ਅਤੇ ਲਾਰੈਂਸ ਬਿਸ਼ਨੋਈ ਦੀ ਕੜੀ ਸੋਪੂ ਪਾਰਟੀ ਕਰਕੇ ਜੁੜਦੀ ਸੀ। ਦੋਵਾਂ ਨੇ ਸੋਪੂ ਵਿੱਚ ਵਿਦਿਆਰਥੀ ਲੀਡਰ ਦੀ ਭੂਮਿਕਾ ਨਿਭਾਈ ਸੀ। ਹਾਲਾਂਕਿ ਵਿੱਕੀ ਮਿੱਡੂਖੇੜਾ ਨੇ 2014 ਵਿੱਚ ਸੋਪੂ ਛੱਡ ਦਿੱਤੀ ਸੀ।

ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਪੁਲਿਸ ਨੇ ਜੋ ਚਾਰਜਸ਼ੀਟ ਦਾਖ਼ਲ ਕੀਤੀ ਹੈ ਉਸ ਵਿੱਚ ਗੈਂਗਸਟਰ ਭੁੱਪੀ ਰਾਣਾ ਦਾ ਨਾਮ ਸ਼ਾਮਿਲ ਹੈ।

ਇਹ ਵੀ ਪੜ੍ਹੋ:

ਮਿੱਡੂਖੇੜਾ ਪਰਿਵਾਰ ਅਤੇ ਸਿਆਸਤ

ਵਿੱਕੀ ਮਿੱਡੂਖੇੜਾ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ। ਮਿੱਡੂਖੇੜਾ ਪਿੰਡ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਪੈਂਦਾ ਹੈ। ਵਿੱਕੀ ਦੇ ਪਿਤਾ ਗੁਰਦਿਆਲ ਸਿੰਘ ਮਿੱਡੂਖੇੜਾ ਕਰੀਬ ਦੋ ਦਹਾਕੇ ਤੱਕ ਪਿੰਡ ਦੇ ਸਰਪੰਚ ਵੀ ਰਹੇ।

ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਘਰ ਪਹੁੰਚੇ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਵਿਚ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਗੈਂਗਸਟਰਾਂ ਨੂੰ ਤਾਕਤਵਰ ਬਣਾਇਆ ਹੈ, ਜਿਸ ਕਾਰਨ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਪਰ ਉਸ ਸਮੇਂ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਲਜ਼ਾਮਾਂ ਨੂੰ ਮੁੱਢੋਂ ਨਕਾਰਿਆ ਸੀ।

ਵਿੱਕੀ ਮਿੱਡੂਖੇੜਾ ਦੇ ਭਰਾ ਵੱਲੋਂ ਸੁਰੱਖਿਆ ਦੀ ਮੰਗ

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਿੱਕੀ ਮਿੱਡੂਖੇੜਾ ਦੇ ਭਰਾ ਅਜੇ ਪਾਲ ਸਿੰਘ ਮਿੱਡੂਖੇੜਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦੇ ਕੇ ਸੁਰੱਖਿਆ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)