ਪੰਜਾਬ ਵਿਚ ਇਸ ਸਾਲ ਗੈਂਗਸਟਰਾਂ ਵਲੋਂ ਕੀਤੀਆਂ 5 ਵੱਡੀਆਂ ਵਾਰਦਾਤਾਂ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਬੀਤੇ ਸ਼ਨੀਵਾਰ ਨੂੰ ਮੁਹਾਲੀ ਦੇ ਸੈਕਟਰ 71 ਵਿਖੇ ਕੁਝ ਅਣਪਛਾਤੇ ਨੌਜਵਾਨਾਂ ਨੇ ਯੂਥ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਢੂਖੇੜਾ ਦਾ ਸ਼ਰੇਆਮ ਮਾਰਕੀਟ ਵਿਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਅਜੇ ਤੱਕ ਇਸ ਕਤਲ ਵਿਚ ਪੁਲਿਸ ਦੇ ਹੱਥ ਖ਼ਾਲੀ ਹਨ। ਪਰ ਸਵਾਲ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।

ਖ਼ੁਦ ਸੂਬਾ ਸਰਕਾਰ ਦੇ ਮੰਤਰੀ ਵੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਚਿੰਤਾਜਨਕ ਮੰਨ ਰਹੇ ਹਨ।

ਦੂਜੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਉੱਤੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਪਿਛਲੇ ਕੁਝ ਮਹੀਨਿਆਂ ਵਿਚ ਪੰਜਾਬ ਵਿਚ ਅਜਿਹੀਆਂ ਕਈ ਹਿੰਸਕ ਘਟਨਾਵਾਂ ਹੋਈਆਂ ਹਨ ਜਿੱਥੇ ਸ਼ਰੇਆਮ ਗੋਲੀਆਂ ਚਲਾ ਕੇ ਕਤਲ ਕੀਤੇ ਗਏ ਹਨ।

ਇਹ ਵੀ ਪੜ੍ਹੋ-

ਸਿਆਸੀ ਪਾਰਟੀਆਂ ਨੇ ਖੜੇ ਕੀਤੇ ਸਵਾਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਗੈਂਗਸਟਰ ਨੂੰ ਤਾਕਤਵਰ ਬਣਾਇਆ ਹੈ, ਜਿਸ ਕਾਰਨ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਗੈਂਗਸਟਰ ਦੀ ਪੁਸ਼ਤ ਪਨਾਹੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ੈਅ 'ਤੇ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ ਹਨ, ਜਿਸ ਨੂੰ ਚਾਹੁੰਦੇ ਹਨ ਕਤਲ ਕਰ ਦਿੰਦੇ ਹਨ।

ਉਨ੍ਹਾਂ ਆਖਿਆ ਕਿ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਚਹੇਤੇ ਹਨ ਜਿਹਨਾਂ ਨੁੰ ਸਰਕਾਰ ਨੇ ਤਾਕਤ ਤੇ ਸਹੂਲਤਾਂ ਦਿੱਤੀਆਂ ਹਨ।

ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਕਾਨੂੰਨ ਵਿਵਸਥਾ ਮਾੜੀ ਹੋਣ ਦੇ ਦਿੱਤੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਰੰਧਾਵਾ ਆਪ ਜੇਲ੍ਹ ਮੰਤਰੀ ਹਨ ਤੇ ਸਰਕਾਰ ਉਨ੍ਹਾਂ ਦੀ ਆਪਣੀ ਹੈ ਤੇ ਜੇਕਰ ਅਜਿਹੇ ਵਿਚ ਕਾਨੂੰਨ ਵਿਵਸਥਾ ਮਾੜੀ ਹੈ ਤਾਂ ਫਿਰ ਜ਼ਿੰਮੇਵਾਰ ਕੌਣ ਹੈ ?

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਭਗਵੰਤ ਮਾਨ ਨੇ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਸਥਥਾ ਉੱਤੇ ਕੈਪਟਨ ਸਰਕਾਰ ਨੂੰ ਘੇਰਿਆ ਹੈ।

ਭਗਵੰਤ ਮਾਨ ਨੇ ਆਖਿਆ ਕਿ ਲੁੱਟ ਖੋਹ ਅਤੇ ਕਤਲ ਦੀਆਂ ਘਟਨਾਵਾਂ ਸੂਬੇ ਵਿਚ ਵੱਧ ਰਹੀਆਂ ਹਨ ਇਹ ਚਿੰਤਾਜਨਕ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਸੂਬੇ ਵੱਲ ਧਿਆਨ ਦੇਣ ਦੀ ਮੰਗ ਕੀਤੀ।

ਸੁਖਜਿੰਦਰ ਰੰਧਾਵਾ ਦਾ ਪਲਟਵਾਰ

ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਇਲਜ਼ਾਮਾਂ ਨੂੰ ਮੁੱਢੋਂ ਨਕਾਰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, “ਜੱਗੂ ਭਗਵਾਨੀਆ ਦਾ ਜ਼ਿਕਰ ਅਕਾਲੀ ਦਲ ਦਾ ਪ੍ਰਧਾਨ ਕਰ ਰਿਹਾ ਹੈ, ਉਹ ਬੀਤੀ 5 ਜੂਨ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ ਜਿਹੜੀ ਕਿ ਦਿੱਲੀ ਸਰਕਾਰ ਦੇ ਅਧੀਨ ਆਉਂਦੀ ਹੈ।”

ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਤੱਥਾਂ ਨਾਲ ਗੱਲ ਕਰਨ ਦੀ ਬਜਾਇ ਝੂਠ ਬੋਲਣ ਦੀ ਆਦਤ ਹੈ ਅਤੇ ਉਨ੍ਹਾਂ ਨੂੰ ਹਰ ਵੇਲੇ 'ਰੰਧਾਵਾ ਫੋਬੀਆ' ਹੋਇਆ ਰਹਿੰਦਾ ਹੈ।

ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ ਤਾਂ ਉਨ੍ਹਾਂ ਨੂੰ ਬਿਨਾਂ ਸਿਰ-ਪੈਰ 'ਤੇ ਇਲਜ਼ਾਮ ਲਾਉਣ ਦੀ ਬਜਾਏ ਦਿੱਲੀ ਸਰਕਾਰ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਮਾਮਲਾ ਚੁੱਕਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਖ਼ੁਦ ਲੋਕ ਸਭਾ ਮੈਂਬਰ ਵੀ ਹਨ, ਜਿਸ ਲਈ ਇਸ ਸਬੰਧੀ ਮਾਮਲਾ ਪਾਰਲੀਮੈਂਟ ਵਿੱਚ ਚੁੱਕਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਇਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਸੂਬੇ ਵਿਚ ਵਿਗੜ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਚਿੰਤਾਜਨਕ ਦੱਸਿਆ ਸੀ।

ਰੰਧਾਵਾ ਨੇ ਆਖਿਆ ਹੈ ਕਿ ਪਿਛਲੇ ਦਿਨੀਂ ਸੂਬੇ ਵਿਚ ਤਿੰਨ ਚਾਰ ਘਟਨਾਵਾਂ ਹੋਈਆਂ ਹਨ, ਉਹ ਕਾਫ਼ੀ ਗੰਭੀਰ ਹਨ।

ਰੰਧਾਵਾ ਨੇ ਆਖਿਆ ਕਿ ਡੇਰਾ ਬਾਬਾ ਨਾਨਕ ਫ਼ਤਿਹਗੜ੍ਹ ਚੂੜੀਆਂ, ਰਾਜਾਸਾਂਸੀ, ਅਜਨਾਲਾ, ਮਜੀਠਾ ਅਤੇ ਬਟਾਲਾ ਗੈਂਗਸਟਰਾਂ ਦੇ ਹੱਬ ਬਣ ਗਏ ਹਨ। ਜਿੰਨਾ ਨੂੰ ਕੰਟਰੋਲ ਕਰਨ ਦੀ ਲੋੜ ਹੈ।

ਇੱਥੇ ਧਿਆਨਯੋਗ ਇਹ ਹੈ ਕਿ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਦਾ ਆਪਣਾ ਵਿਧਾਨ ਸਭਾ ਹਲਕਾ ਹੈ।

ਪੰਜਾਬ ਪੁਲਿਸ ਦਾ ਪੱਖ

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸੋਮਵਾਰ ਨੂੰ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਏ ਕੈਟਾਗਰੀ ਦੇ 31 ਗੈਂਗਸਟਰ ਸਨ, ਜਿੰਨਾ ਵਿੱਚੋਂ 20 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਤੋਂ ਇਲਾਵਾ 7 ਵੱਖ-ਵੱਖ ਗੈਂਗਸਟਰ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਹਨ ਅਤੇ ਬਾਕੀ ਕੁਝ ਵਿਦੇਸ਼ਾਂ ਵਿਚ ਹਨ। ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਡੀਜੀਪੀ ਨੇ ਫ਼ਿਲਹਾਲ ਕੋਈ ਟਿੱਪਣੀ ਨਹੀਂ ਕੀਤੀ।

ਇਸ ਸਾਲ ਹੋਈਆਂ ਹਿੰਸਕ ਘਟਨਾਵਾਂ ਦਾ ਵੇਰਵਾ

8 ਅਗਸਤ, ਸਥਾਨ-ਮੁਹਾਲੀ ਦੀ ਸੈਕਟਰ 71 ਦੀ ਮਾਰਕੀਟ

ਯੂਥ ਅਕਾਲੀ ਦਲ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਢੂਖੇੜਾ ਦਾ ਸ਼ਰੇਆਮ ਮਾਰਕੀਟ ਵਿਚ ਦਿਨ ਦਿਹਾੜੇ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਹਾਲਾਂਕਿ, ਪੰਜਾਬ ਦੇ ਇੱਕ ਕਥਿਤ ਗੈਂਗਸਟਰ ਗਰੁੱਪ ਨੇ ਵਿੱਕੀ ਦੇ ਕਤਲ ਦੀ ਜ਼ਿੰਮੇਵਾਰ ਵੀ ਲਈ ਹੈ ਪਰ ਪੁਲਿਸ ਇਸ ਕਤਲ ਦੀ ਅਸਲ ਤੈਅ ਤੱਕ ਹੁਣ ਤੱਕ ਪਹੁੰਚਣ ਵਿਚ ਨਾਕਾਮ ਰਹੀ ਹੈ।

ਇਹ ਵੀ ਪੜ੍ਹੋ-

4 ਅਗਸਤ, ਸਥਾਨ ਅੰਮ੍ਰਿਤਸਰ

ਇੱਥੇ ਇੱਕ ਨੌਜਵਾਨ ਦਾ ਉਸ ਸਮੇਂ ਹਸਪਤਾਲ ਵਿਚ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਰਿਸ਼ਤੇਦਾਰ ਦੀ ਸਿਹਤ ਦਾ ਹਾਲ ਚਾਲ ਜਾਣਨ ਲਈ ਆਇਆ ਸੀ।

ਮ੍ਰਿਤਕ ਦੀ ਪਛਾਣ ਰਣਬੀਰ ਸਿੰਘ ਉਰਫ਼ ਰਾਣਾ ਕੰਦੋਵਾਲੀਆ ਵਜੋਂ ਹੋਈ। ਇਸ ਮਾਮਲੇ ਵਿਚ ਅੰਮ੍ਰਿਤਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਪਰ ਕਤਲ ਕਿਉਂ ਹੋਇਆ ਇਸ ਦਾ ਅਜੇ ਤੱਕ ਖ਼ੁਲਾਸਾ ਨਹੀਂ ਹੋਇਆ।

7 ਜੁਲਾਈ, ਸਥਾਨ ਬਠਿੰਡਾ

ਕੁਲਵੀਰ ਸਿੰਘ ਨਰੂਆਣਾ ਨਾਮਕ ਇੱਕ ਨੌਜਵਾਨ ਦਾ ਉਸ ਦੇ ਹੀ ਸਾਥੀ ਨੇ ਸ਼ਰੇਆਮ ਦਿਨ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਕੁਲਵੀਰ ਸਿੰਘ ਨਰੂਆਣਾ ਦਾ ਸਬੰਧ ਕਿਸੇ ਸਮੇਂ ਅਪਰਾਧ ਜਗਤ ਨਾਲ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਸਮਾਜ ਸੇਵਾ ਦੇ ਕੰਮਾਂ ਵਿਚ ਲੱਗ ਕੇ ਆਪਣੇ ਅਕਸ ਨੂੰ ਸੁਧਾਰਨ ਵਿਚ ਲੱਗਾ ਹੋਇਆ ਸੀ।

ਇਸ ਮਾਮਲੇ ਵਿਚ ਪੁਲਿਸ ਨੇ ਮਨਦੀਪ ਸਿੰਘ ਮੰਨਾ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।

15 ਮਈ, ਸਥਾਨ ਜਗਰਾਓਂ (ਲੁਧਿਆਣਾ)

ਇੱਥੇ ਅਣਪਛਾਤੇ ਨੌਜਵਾਨਾਂ ਨੇ ਦਿਨ ਦਿਹਾੜੇ ਪੰਜਾਬ ਪੁਲਿਸ ਦੇ ਦੋ ਪੁਲਿਸ ਅਫ਼ਸਰਾਂ ਦਾ ਸਥਾਨਕ ਅਨਾਜ ਮੰਡੀ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਮ੍ਰਿਤਕਾਂ ਦੀ ਪਛਾਣ ਏਐੱਸਆਈ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਵਜੋਂ ਹੋਈ ਸੀ।

ਬਾਅਦ ਵਿਚ ਪੰਜਾਬ ਪੁਲਿਸ ਨੇ ਇਸ ਘਟਨਾ ਵਿੱਚ ਨਾਮੀ ਕਥਿਤ ਗੈਂਗਸਟਰ ਜੈਪਾਲ ਸਿੰਘ ਭੁੱਲਰ ਅਤੇ ਉਸ ਦੇ ਸਾਥੀਆਂ ਹੱਥ ਦੱਸਿਆ ਸੀ।

ਇਸ ਤੋਂ ਬਾਅਦ ਜੂਨ ਮਹੀਨੇ ਵਿਚ ਕੋਲਕਾਤਾ ਪੁਲਿਸ ਨੇ ਜੈਪਾਲ ਸਿੰਘ ਭੁੱਲਰ ਅਤੇ ਉਸ ਦੇ ਸਾਥੀ ਜੱਸੀ ਖਰੜ ਨੂੰ ਕਥਿਤ ਪੁਲਿਸ ਮੁਕਾਬਲੇ ਵਿਚ ਮਾਰਨ ਦਾ ਦਾਅਵਾ ਕੀਤਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

18 ਫਰਵਰੀ, ਸਥਾਨ ਫ਼ਰੀਦਕੋਟ

ਯੂਥ ਕਾਂਗਰਸ ਆਗੂ ਗੁਰਲਾਲ ਸਿੰਘ ਭਲਵਾਨ ਦਾ ਫਰਵਰੀ ਮਹੀਨੇ ਵਿਚ ਕੁਝ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਇਹ ਕਤਲ ਫ਼ਰੀਦਕੋਟ ਦੇ ਜੁਬਲੀ ਚੌਂਕ ਵਿਖੇ ਹੋਇਆ ਸੀ।

ਮਾਮਲਾ ਕਾਂਗਰਸ ਦੇ ਨਾਲ ਜੁੜਿਆ ਹੋਇਆ ਸੀ ਇਸ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਟਵੀਟ ਕਰ ਕੇ ਇਸ ਘਟਨਾ ਦੀ ਨਿੰਦਾ ਕੀਤੀ ਸੀ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੇ ਨਿਰਦੇਸ਼ ਪੰਜਾਬ ਦੇ ਡੀਜੀਪੀ ਨੂੰ ਦਿੱਤੇ ਸਨ।

ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)