ਫਰੀਦਕੋਟ ਵਿਚ 2 ਬੱਚੀਆਂ ਨਾਲ ਵਾਪਰੀ ਘਟਨਾ ਰਾਹੀ ਸਮਝੋ ਕਿ ਮਾਪੇ ਬੱਚਿਆਂ ਨਾਲ ਕੀ ਕਰਨ ਕੀ ਨਹੀਂ

    • ਲੇਖਕ, ਨਤਾਸ਼ਾ ਬਧਵਾਰ
    • ਰੋਲ, ਬੀਬੀਸੀ ਹਿੰਦੀ ਲਈ

ਬਚਪਨ ਵਿੱਚ ਕੁਝ ਸਮੇਂ ਲਈ ਗੁਆਚ ਜਾਣ ਦੀਆਂ ਕਹਾਣੀਆਂ ਮੇਰੀ ਉਮਰ ਦੇ ਜ਼ਿਆਦਾਤਰ ਲੋਕਾਂ ਦੇ ਚੇਤੇ ਦਾ ਹਿੱਸਾ ਹੋਣਗੀਆਂ।

ਆਪਣੇ ਮਾਪਿਆਂ ਨਾਲ ਕਿਸੇ ਜਨਤਕ ਥਾਂ 'ਤੇ ਹੋਣਾ ਪਰ ਇੱਕ ਦਮ ਪਤਾ ਲੱਗਣਾ ਕਿ ਮਾਤਾ-ਪਿਤਾ ਵਿੱਚੋਂ ਕਿਸੇ ਦਾ ਵੀ ਹੱਥ ਫੜਿਆ ਨਹੀਂ ਹੋਇਆ।

ਉਹਨਾਂ ਤੋਂ ਅਲੱਗ ਹੋ ਕੇ ਆਪਣੇ ਆਪ ਨੂੰ ਭਟਕਿਆ ਹੋਇਆ ਪਾਉਣਾ ਅਤੇ ਭੀੜ ਵਿੱਚ ਗੁਆਚ ਜਾਣਾ।

ਇਹੋ ਜਿਹੀਆਂ ਯਾਦਾਂ ਸਾਡੇ ਸਾਰਿਆਂ ਕੋਲ ਹਨ।

ਉਸ ਸਮੇਂ ਦਾ ਸੰਸਾਰ ਸ਼ਾਇਦ ਵਧੇਰੇ ਜਾਣਿਆ-ਪਛਾਣਿਆ ਪਰ ਛੋਟਾ ਸੀ। ਇੱਥੋਂ ਤੱਕ ਕਿ ਮਾਪੇ ਵੀ ਆਪਣੇ ਬੱਚਿਆਂ ਦੀ ਸੁਰੱਖਿਆ ਬਾਰੇ ਇੰਨੇ ਸਨਕੀ ਨਹੀਂ ਸਨ।

ਹਾਲਾਂਕਿ ਉਸ ਸਮੇਂ ਕੋਈ ਮੋਬਾਈਲ ਫੋਨ ਵੀ ਨਹੀਂ ਸੀ।

ਮੈਨੂੰ ਅਜਿਹੀ ਇੱਕ ਘਟਨਾ ਯਾਦ ਹੈ। ਮੈਂ ਆਪਣੀ ਭੂਆ ਦੀ ਛੋਟੀ ਧੀ ਸਮੇਤ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਫ਼ਰੀਦਕੋਟ ਦੀਆਂ ਗਲੀਆਂ ਵਿੱਚ ਗੁਆਚ ਗਈ ਸੀ। ਉਸ ਸਮੇਂ ਮੇਰੀ ਉਮਰ ਪੰਜ ਸਾਲ ਸੀ।

ਪਰਿਵਾਰ ਵਿੱਚ ਇੱਕ ਵਿਆਹ ਸੀ। ਸਾਰੇ ਬਜ਼ੁਰਗ ਕਿਸੇ ਰਸਮ ਲਈ ਲਾੜੀ ਦੇ ਘਰ ਗਏ ਹੋਏ ਸਨ, ਜਿੱਥੇ ਬਰਾਤ ਨੂੰ ਬਿਠਾਇਆ ਗਿਆ ਸੀ।

ਉੱਥੇ ਅਸੀਂ ਕੁਝ ਛੋਟੇ ਬੱਚੇ ਹੀ ਸਾਂ। ਮੇਰੇ ਕੋਲ ਆਪਣੀ ਦਾਦੀ ਅਤੇ ਭੂਆ ਤੋਂ ਮਿਲੇ ਕੁਝ ਪੈਸੇ ਸਨ।

ਮੈਂ ਆਪਣੀ ਛੋਟੀ ਭੈਣ ਨੂੰ ਸਮਝਾਇਆ ਕਿ ਉਹ ਮੇਰੇ ਨਾਲ ਚੱਲੇ ਤਾਂ ਕਿ ਨਾਲ ਵਾਲੀ ਦੁਕਾਨ ਤੋਂ ਟੌਫੀਆਂ ਖ਼ਰੀਦ ਲਈਏ। ਮੈਨੂੰ ਯਕੀਨ ਸੀ ਕਿ ਮੈਂ ਵਾਪਸੀ ਦਾ ਰਾਹ ਜਾਣਦੀ ਹਾਂ।

ਅਸੀਂ ਟੌਫੀਆਂ ਖਰੀਦੀਆਂ ਅਤੇ ਫਰੀਦਕੋਟ ਦੀਆਂ ਛੋਟੀਆਂ-ਛੋਟੀਆਂ ਗਲੀਆਂ ਵਿੱਚ ਗੁਆਚ ਗਏ। ਇਹਨਾਂ ਵਿੱਚੋਂ ਕੁਝ ਗਲੀਆਂ ਤਾਂ ਅੱਗੇ ਚੱਲ ਕੇ ਕਿਸੇ ਘਰ ਵਿੱਚ ਖਤਮ ਹੋ ਜਾਂਦੀਆਂ ਸਨ।

ਮੈਂ ਆਪਣੀ ਛੋਟੀ ਭੈਣ ਦਾ ਹੱਥ ਫੜੀ ਰੱਖਿਆ ਅਤੇ ਚੱਲਦੀ ਰਹੀ। ਕਾਫੀ ਸਮੇ ਤੱਕ ਅਸੀਂ ਗੁਆਚੇ ਰਹੇ। ਫਿਰ ਇੱਕ ਵਿਆਕਤੀ ਦੀ ਸਾਡੇ ਉੱਪਰ ਨਜ਼ਰ ਪਈ।

ਇਹ ਆਦਮੀ ਆਪਣੇ ਸਕੂਟਰ ਦੀ ਸਰਵਿਸ ਕਰ ਰਿਹਾ ਸੀ। ਅਸੀਂ ਆਪਣੇ ਵਿਆਹ ਵਾਲੇ ਘਰ ਆਏ ਹੋਣ ਬਾਰੇ ਦੱਸਿਆ। ਉਸ ਵਿਆਕਤੀ ਨੇ ਹੋਰ ਲੋਕਾਂ ਦੀ ਮਦਦ ਨਾਲ ਆਖਿਰ ਸਾਨੂੰ ਘਰ ਪਹੁੰਚਾ ਦਿੱਤਾ।

ਭੂਆ ਨੇ ਜਦੋਂ ਛੋਟੀ ਭੈਣ ਨੂੰ ਕੁੱਟਿਆ

ਉੱਥੇ ਪਹੁੰਚਣ 'ਤੇ ਸਾਨੂੰ ਗਲੀ ਵਿੱਚ ਵੱਡੇ ਪਰਿਵਾਰਕ ਲੋਕਾਂ ਦਾ ਇੱਕ ਸਮੂਹ ਮਿਲਿਆ ਜੋ ਕਾਫੀ ਚਿੰਤਾ ਵਿੱਚ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਮੈਨੂੰ ਆਪਣੇ ਸੁਰੱਖਿਅਤ ਹੋਣ ਦੇ ਅਹਿਸਾਸ ਨੇ ਕਿੰਨੀ ਰਾਹਤ ਦਿੱਤੀ ਸੀ।

ਮੇਰੀ ਭੂਆ ਜੋ ਮੇਰੇ ਨਾਲ ਗਈ ਛੋਟੀ ਭੈਣ ਦੀ ਮਾਂ ਸੀ, ਉਹ ਸਿੱਧੀ ਸਾਡੇ ਵੱਲ ਆਈ। ਉਸ ਨੇ ਆਪਣੀ ਚੱਪਲ ਲਾਹੀ ਅਤੇ ਉਸ ਨਾਲ ਆਪਣੀ ਚਾਰ ਸਾਲ ਦੀ ਧੀ ਨੂੰ ਕੁੱਟਿਆ।

ਇੱਕ ਮਾਤਾ-ਪਿਤਾ ਅਤੇ ਉਸ ਦੇ ਬੱਚੇ ਦੇ ਵਿਚਕਾਰ ਦਾ ਇਹ ਦ੍ਰਿਸ਼ ਮੈਂ ਕਦੇ ਨਹੀਂ ਭੁੱਲ ਸਕਦੀ।

ਸਾਨੂੰ ਉਮੀਦ ਸੀ ਕਿ ਉਹ ਸਾਨੂੰ ਪਿਆਰ ਕਰਨਗੇ ਅਤੇ ਜੱਫੀ ਪਾਉਣਗੇ। ਮੇਰੀ ਛੋਟੀ ਭੈਣ ਨੂੰ ਘਰੋਂ ਜਾਣ ਕਰਕੇ ਬਹੁਤ ਕੁੱਟਮਾਰ ਸਹਿਣੀ ਪਈ ਅਤੇ ਬਹੁਤ ਕੁਝ ਸੁਣਨਾ ਪਿਆ।

ਮਾਂ ਅਤੇ ਇੱਕ ਬਾਲਗ ਹੋਣ ਦੇ ਨਾਤੇ ਹੁਣ ਮੈਂ ਆਪਣੀ ਭੂਆ ਦੇ ਵਿਵਹਾਰ ਨੂੰ ਸਮਝਦੀ ਹਾਂ। ਉਹ ਡਰ ਗਈ ਕਿ ਲੋਕ ਕੀ ਕਹਿਣਗੇ?

ਉਹ ਇਹ ਸੋਚ ਕੇ ਸ਼ਰਮ ਨਾਲ ਮਰ ਰਹੀ ਸੀ ਕਿ ਉਹ ਆਪਣੇ ਬੱਚੇ ਦੀ ਦੇਖਭਾਲ ਵੀ ਨਹੀਂ ਕਰ ਸਕਦੀ ਸੀ।

ਉਹ ਆਪਣੀ ਧੀ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਉਹ ਉਸ ਅੰਦਰ ਡਰ ਪੈਦਾ ਕਰਨਾ ਚਾਹੁੰਦੀ ਸੀ ਕਿ ਉਹ ਆਪਣੀ ਮਾਂ ਦੇ ਗੁੱਸੇ ਨੂੰ ਯਾਦ ਰੱਖੇ ਤਾਂ ਜੋ ਉਹ ਭਵਿੱਖ ਵਿੱਚ ਕਦੇ ਵੀ ਘਰੋਂ ਬਾਹਰ ਨਾ ਨਿਕਲੇ।

ਮੇਰੀ ਭੂਆ ਨੂੰ ਆਪਣੇ ਪਤੀ ਅਤੇ ਪਰਿਵਾਰ ਦੇ ਦੂਜੇ ਵੱਡੇ ਲੋਕਾਂ ਦੇ ਗੁੱਸੇ ਦਾ ਬਹੁਤ ਡਰ ਸੀ।

ਆਪਣਾ ਸਾਰਾ ਤਣਾਅ ਉਹਨਾਂ ਨੇ ਆਪਣੀ ਬੱਚੀ ਉਪਰ ਕੱਢ ਦਿੱਤਾ ਜੋ ਪਹਿਲਾਂ ਹੀ ਡਰ ਦੀ ਮਾਰੀ ਸਿਸਕੀਆਂ ਲੈ ਰਹੀ ਸੀ।

ਹਾਲਾਂਕਿ ਉਹ ਐਨੀ ਛੋਟੀ ਸੀ ਕਿ ਉਹ ਆਪਣੀ ਗਲਤੀ ਵੀ ਨਹੀਂ ਸਮਝ ਪਾ ਰਹੀ ਸੀ।

ਇਹ ਦ੍ਰਿਸ਼ ਮੇਰੇ ਲਈ ਇੱਕ ਪੈਮਾਨਾ ਬਣ ਗਿਆ ਸੀ ਕਿ ਸੰਕਟ ਦੇ ਸਮੇਂ ਆਪਣੇ ਬੱਚਿਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ।

ਇੱਕ ਛੋਟੀ ਬੱਚੀ ਜਿਸ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ ਉਸ ਦੀ ਕੁੱਟਮਾਰ ਦੇ ਸਦਮੇ ਨੂੰ ਮੈਂ ਕਦੇ ਭੁੱਲ ਨਹੀਂ ਪਾਈ। ਉਸ ਨੂੰ ਲਾਡ ਦੀ ਜਰੂਰਤ ਸੀ ਨਾ ਕਿ ਕੁਟਾਪੇ ਦੀ।

ਡਰ ਅਤੇ ਘਬਰਾਹਟ ਬੱਚਿਆਂ ਉੱਪਰ ਨਾ ਥੋਪੋ

ਮਾਪਿਆਂ ਦੇ ਤੌਰ 'ਤੇ ਅਸੀਂ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਆਮ ਤੌਰ 'ਤੇ ਅਸੀਂ ਆਪਣੇ ਆਪ ਨੂੰ ਲਾਚਾਰ ਦੇਖਦੇ ਹਾਂ। ਹਮੇਸਾ ਡਰ ਅਤੇ ਘਬਰਾਹਟ ਦੀ ਸਥਿਤੀ ਬਣੀ ਰਹਿੰਦੀ ਹੈ।

ਪਰ ਆਪਣੇ ਭੈਅ ਅਤੇ ਗੁੱਸੇ ਦਾ ਭਾਰ ਅਸੀਂ ਆਪਣੇ ਬੱਚਿਆਂ ਉਪਰ ਨਹੀਂ ਲੱਦ ਸਕਦੇ। ਇਹ ਬੱਚੇ ਪਹਿਲਾਂ ਹੀ ਸੰਕਟ ਝੱਲ ਰਹੇ ਹਨ।

ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡਾ ਬੱਚਾ ਸਾਡੇ ਬਿਨ੍ਹਾਂ ਕਿੰਨਾ ਸੁਰੱਖਿਅਤ ਮਹਿਸੂਸ ਕਰਦਾ ਹੈ।

ਇਹ ਵੀ ਪੜ੍ਹੋ:

ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਹਾਂ ਸਾਡੇ ਵਿੱਚੋਂ ਜਿਆਦਾਤਰ ਲੋਕ ਆਪਣੇ ਮਾਤਾ-ਪਿਤਾ ਦੇ ਗੁੱਸੇ ਨੂੰ ਆਪਣੇ ਅੰਦਰ ਲੈ ਆਉਂਦੇ ਹਨ।

ਕਈ ਵਾਰ ਅਸੀਂ ਖੁਦ ਨੂੰ ਅਜਿਹੀਆਂ ਸਥਿਤੀਆਂ ਵਿੱਚ ਪਾਉਂਦੇ ਹਾਂ ਕਿ ਆਪਣੇ ਮਾਪਿਆਂ ਕੋਲ ਮੁਸ਼ਕਿਲਾਂ ਝੱਲਣਾਂ ਬਾਹਰੀ ਦੁਨੀਆਂ ਵਿੱਚ ਸਮੱਸਿਆਵਾਂ ਝੱਲਣ ਤੋਂ ਵੱਧ ਖਤਰਨਾਕ ਲੱਗਦਾ ਹੈ।

ਮੇਰੀਆਂ ਕੁਝ ਸਹੇਲਿਆਂ ਹਨ ਜਿਨ੍ਹਾਂ ਨਾਲ ਕੋਈ ਦੁਰਘਟਨਾ ਹੋ ਗਈ ਸੀ ਜਾਂ ਉਨ੍ਹਾਂ ਦਾ ਵਿਦਿਅਕ ਅਦਾਰਿਆਂ ਵਿੱਚ ਕਿਸੇ ਨਾਲ ਝਗੜਾ ਹੋਇਆ ਸੀ।

ਇਸ ਤੋਂ ਇਲਾਵਾ ਇਮਤਿਹਾਨ ਠੀਕ ਨਹੀਂ ਹੋਇਆ, ਗਰਭਪਾਤ ਦੀ ਜ਼ਰੂਰਤ ਹੈ ਜਾਂ ਕਿਸੇ ਹੋਰ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੈ ਪਰ ਇਸ ਸਥਿਤੀ ਵਿੱਚ ਉਹ ਆਪਣੇ ਘਰ ਵਿੱਚ ਮਦਦ ਲੱਭਣ ਦੀ ਬਜਾਏ ਡਰਦੀਆਂ ਸਨ ਕਿ ਜੇ ਮਾਪਿਆਂ ਨੂੰ ਸੱਚਾਈ ਦਾ ਪਤਾ ਲੱਗ ਗਿਆ ਤਾਂ ਕੀ ਹੋਵੇਗਾ।

ਅਜਿਹੇ ਵਿੱਚ ਮਾਤਾ-ਪਿਤਾ ਨੂੰ ਕੁਝ ਦੱਸੇ ਬਿਨ੍ਹਾਂ ਸਾਰੇ ਜੋਖ਼ਮ ਖੁਦ ਹੀ ਝੱਲਣਾ ਉਹਨਾਂ ਨੂੰ ਠੀਕ ਲੱਗਦਾ ਹੈ। ਸਿਰਫ਼ ਆਪਣੇ ਮਾਪਿਆਂ ਨੂੰ ਤਨਾਅ ਤੋਂ ਬਚਾਉਣ ਲਈ ਉਹਨਾਂ ਨੇ ਇਹੋ ਜਿਹੇ ਫੈਸਲੇ ਲਏ ਕਿ ਜਿਸ ਨੇ ਉਹਨਾਂ ਨੂੰ ਗੰਭੀਰ ਸਿਹਤ ਦੀਆਂ ਸਮੱਸਿਆਵਾਂ ਸਾਹਮਣੇ ਲਿਆ ਖੜਾ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜੇਕਰ ਇਹ ਮਾਪਿਆਂ ਦੀਆਂ ਵੱਡੀਆਂ ਨਾਕਾਮਯਾਬੀਆਂ ਵਿੱਚੋਂ ਇੱਕ ਨਹੀਂ ਤਾਂ ਹੋਰ ਕੀ ਹੈ? ਸਾਡੇ ਲਈ ਸਭ ਤੋਂ ਸੁਰੱਖਿਅਤ ਥਾਂ ਸਾਡਾ ਘਰ ਹੋਣਾ ਚਾਹੀਦਾ ਹੈ ਪਰ ਸਾਡੇ ਅਜਿਹਾ ਨਹੀਂ ਹੋ ਪਾਉਂਦਾ।

ਅਸੀਂ ਹੀ ਅਜਿਹੇ ਹਲਾਤ ਬਣਾਉਂਦੇ ਹਾਂ ਅਤੇ ਸਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ। ਇਹ ਬਹੁਤ ਮਾੜੀ ਗੱਲ ਹੈ।

ਆਪਣਾ ਗੁੱਸਾ ਬੱਚਿਆਂ ਉਪਰ ਅਸੀਂ ਇਸ ਲਈ ਕੱਢਦੇ ਹਾਂ ਕਿਉਂਕਿ ਆਪਣੀ ਨਕਾਰਤਮਕਤਾ ਸੁੱਟਣ ਲਈ ਇਹ ਸਭ ਤੋਂ ਸੁਰੱਖਿਆਤ ਥਾਂ ਹੁੰਦੀ ਹੈ। ਮੇਰੀ ਭੂਆ ਜੇਕਰ ਖੁਦ ਨਾ ਡਰੀ ਹੁੰਦੀ ਤਾਂ ਉਹ ਆਪਣੀ ਚਾਰ ਸਾਲ ਦੀ ਬੱਚੀ ਨਾਲ ਅਜਿਹਾ ਨਾ ਕਰਦੀ।

ਜੋ ਵੱਡੇ ਲੋਕ ਉਹਨਾਂ ਨੂੰ ਆਪਣੀ ਜਿੰਦਗੀ ਵਿੱਚ ਤੰਗ ਕਰ ਰਹੇ ਹਨ ਉਹਨਾਂ ਦੇ ਸਾਹਮਣੇ ਖੜੇ ਹੋਣ ਦੀ ਉਹਨਾਂ ਦੀ ਹਿੰਮਤ ਨਹੀਂ ਹੁੰਦੀ ਪਰ ਬੱਚਿਆਂ ਉਪਰ ਉਹਨਾਂ ਦਾ ਜੋਰ ਚੱਲਦਾ ਹੈ।

ਇਸ ਲਈ ਮਾਵਾਂ ਆਪਣਾ ਗੁੱਸਾ ਬੱਚਿਆਂ ਉਪਰ ਕੱਢ ਦਿੰਦੀਆ ਹਨ। ਪਿਤਾ ਵੀ ਅਜਿਹਾ ਹੀ ਕਰਦੇ ਹਨ। ਬੱਚੇ ਉਸ ਸਮੇਂ ਮੁੜ ਕੇ ਜਵਾਬ ਨਹੀਂ ਦਿੰਦੇ। ਵੱਡਿਆਂ ਦੇ ਸਾਹਮਣੇ ਬੱਚੇ ਆਪਣੇ ਆਪ ਨੂੰ ਬੇਬੱਸ ਮਹਿਸੂਸ ਕਰਦੇ ਹਨ।

ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਘਰ ਪਰਿਵਾਰ ਦੇ ਕਿਸੇ ਬਜ਼ੁਰਗ ਵੱਲੋਂ ਜਦੋਂ ਬੱਚੇ ਨੂੰ ਝਿੜਕਿਆ ਜਾਂਦਾ ਹੈ ਤਾਂ ਬੱਚੇ ਦੇ ਅੰਦਰ ਇੱਕ ਆਲੋਚਨਾਤਮਕ ਆਵਾਜ਼ ਪੈਦਾ ਹੋ ਜਾਂਦੀ ਹੈ।

ਇਹ ਉਸ ਨੂੰ ਉਮਰ ਭਰ ਤੰਗ ਕਰਦੀ ਹੈ - ਉਦਾਹਰਣ ਵਜੋਂ 'ਮੈਂ ਬੁਰਾ ਹਾਂ' 'ਮੈਂ ਹਮੇਸ਼ਾ ਗਲਤੀਆਂ ਕਰਦਾ ਹਾਂ' ਅਤੇ 'ਮੇਰਾ ਹੋਣਾ ਇੱਕ ਸਮੱਸਿਆ ਹੈ।'

ਸੱਭਿਆਚਾਰਕ ਤੌਰ 'ਤੇ ਅਸੀਂ ਬੱਚਿਆਂ ਪ੍ਰਤੀ ਮਾਪਿਆਂ ਦੇ ਪਿਆਰ 'ਤੇ ਬਹੁਤ ਕੁਝ ਲਿਖਿਆ ਅਤੇ ਬੋਲਿਆ ਹੈ। ਪਰ ਬੱਚਿਆਂ ਦਾ ਆਪਣੇ ਮਾਂ-ਬਾਪ ਲਈ ਕਿੰਨਾ ਪਿਆਰ ਹੈ ਇਸ ਨੂੰ ਬਹੁਤ ਘੱਟ ਸਮਝਿਆ ਗਿਆ ਹੈ।

ਇਸ ਨੂੰ ਬਹੁਤੀ ਮਾਨਤਾ ਵੀ ਨਹੀਂ ਮਿਲੀ। ਜਿਸ ਤਰ੍ਹਾਂ ਮਾਪੇ ਆਪਣੇ ਬੱਚਿਆਂ ਦੀ ਰੱਖਿਆ ਕਰਦੇ ਹਨ ਉਸੇ ਤਰ੍ਹਾਂ ਬੱਚੇ ਵੀ ਆਪਣੇ ਮਾਪਿਆਂ ਦੀ ਰੱਖਿਆ ਕਰਨਾ ਚਾਹੁੰਦੇ ਹਨ।

ਜਦੋਂ ਬੱਚੇ ਕੋਲ ਹੋਣ ਤਾਂ ਇਹ ਕਰੋ

ਬੱਚਿਆਂ ਦੇ ਪਿਆਰ 'ਤੇ ਅਸੀਂ ਨਿਰਭਰਤਾ, ਕਾਇਰਤਾ ਅਤੇ ਡਰਪੋਕ ਹੋਣ ਵਰਗੇ ਲੇਬਲ ਲਗਾ ਦਿੰਦੇ ਹਾਂ। ਅਸੀਂ ਉਨ੍ਹਾਂ 'ਤੇ ਭਰੋਸਾ ਨਹੀਂ ਕਰਦੇ ਅਤੇ ਉਹਨਾਂ ਉਪਰ ਹੱਸਦੇ ਹਾਂ। ਅਸੀਂ ਬੱਚਿਆਂ ਦੇ ਪਿਆਰ ਦੇ ਪ੍ਰਗਟਾਵੇ ਨੂੰ ਸ਼ਰਮ ਨਾਲ ਭਰ ਦਿੰਦੇ ਹਾਂ।

ਪਰਿਵਾਰਕ ਦਾਇਰੇ ਵਿੱਚ ਭਰੋਸਾ ਅਤੇ ਸਨਮਾਨ ਜਾਹਿਰ ਕਰਨ ਨੂੰ ਲੈ ਕੇ ਸਾਡੇ ਤਜਰਬੇ ਬਹੁਤ ਘੱਟ ਹਨ।

ਜਦੋਂ ਬੱਚੇ ਜੁਬਾਨ ਬੰਦ ਕਰ ਲੈਂਦੇ ਹਨ ਅਤੇ ਖਿੱਚੇ-ਖਿੱਚੇ ਰਹਿਣ ਲੱਗ ਜਾਣ ਤਾਂ ਉਹਨਾਂ ਬਾਰੇ ਅਸੀਂ ਮਨ ਮਰਜੀ ਦੇ ਨਤੀਜੇ ਕੱਢ ਲੈਂਦੇ ਹਾਂ। ਉਹ ਸਾਡੇ ਨਾਲ ਗੱਲ ਕਰਨਾ ਚਹੁੰਦੇ ਹਨ ਪਰ ਇਸ ਲਈ ਸਾਨੂੰ ਆਪਣੇ ਰਿਸ਼ਤੇ ਨੂੰ ਸੁਰੱਖਿਅਤ ਦਾਇਰੇ ਵਿੱਚ ਬਦਲਣਾ ਹੋਵੇਗਾ।

ਹੁਣ ਸਮਾਂ ਆ ਗਿਆ ਕਿ ਇਹਨਾਂ ਤੌਰ ਤਰੀਕਿਆਂ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ ਅਤੇ ਆਪਣੇ ਪਿਆਰ ਨੂੰ ਵਧਣ ਫੁੱਲਣ ਦਿੱਤਾ ਜਾਵੇ।

ਜੇਕਰ ਤੁਹਾਡੇ ਬੱਚੇ ਨੇੜੇ ਤੇੜੇ ਹਨ ਤਾਂ ਉਹਨਾਂ ਨੂੰ ਗਲੇ ਲਗਾਓ। ਦੂਰ ਹਨ ਤਾਂ ਫੌਨ ਕਰੋ ਜਾਂ ਸੁਨੇਹਾ ਛੱਡ ਦੇਵੋ। ਦੋਵਾਂ ਨੂੰ ਹੀ ਆਪਸ ਵਿੱਚ ਜੁੜਨ ਦੀ ਲੋੜ ਹੈ। ਇਸ ਨਾਲ ਸਾਰਿਆ ਦੇ ਜ਼ਖਮ ਭਰ ਜਾਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)