You’re viewing a text-only version of this website that uses less data. View the main version of the website including all images and videos.
ਨਰਮੇ ਦੀ ਤਬਾਹੀ: 'ਮੇਰੀ ਉਮਰ ਤਾਂ ਮਿੱਟੀ ਨਾਲ ਮਿੱਟੀ ਹੋਕੇ ਲੰਘ ਚੱਲੀ, ਬੱਚਿਆਂ ਨੂੰ ਵਿਰਾਸਤ ਵੀ ਕਰਜ਼ ਹੀ ਦੇਵਾਂਗਾ'
- ਲੇਖਕ, ਸੁਰਿੰਦਰ ਮਾਨ
- ਰੋਲ, ਸਹਿਯੋਗੀ, ਬੀਬੀਸੀ ਪੰਜਾਬੀ
"ਇਸ ਵਾਰ ਆਸ ਸੀ ਕਿ ਸ਼ਾਇਦ ਨਰਮੇ ਦੀ ਫ਼ਸਲ ਚੰਗੀ ਹੋਵੇ ਅਤੇ ਸਿਰ ਚੜ੍ਹੇ ਕਰਜ਼ੇ ਦੀ ਪੰਡ ਕੁਝ ਹੌਲੀ ਹੋ ਜਾਵੇ ਪਰ ਸੁੰਡੀ ਦੀ ਮਾਰ ਨੇ ਸਭ ਕੁਝ ਤਬਾਹ ਕਰ ਕੇ ਰੱਖ ਦਿੱਤਾ ਹੈ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਰਾਮਗੜ੍ਹ ਭੂੰਦੜ ਦੀ ਵਸਨੀਕ ਸੁਖਦੇਵ ਕੌਰ ਨੇ ਭਰੇ ਮਨ ਨਾਲ ਕੀਤਾ।
ਉਹ ਕਹਿੰਦੇ ਹਨ, "ਪਿਛਲੇ ਸਾਲ ਗੁਲਾਬੀ ਸੁੰਡੀ ਨੇ ਨਰਮਾ ਤਬਾਹ ਕਰ ਦਿੱਤਾ ਸੀ ਫਿਰ ਕਣਕ ਦਾ ਝਾੜ ਘੱਟ ਨਿਕਲਿਆ ਅਤੇ ਹੁਣ ਚਿੱਟੇ ਤੇਲੇ ਤੇ ਗੁਲਾਬੀ ਸੁੰਡੀ ਦੇ ਮੁੜ ਹੋਏ ਹਮਲੇ ਮਗਰੋਂ ਅਸੀਂ ਨਰਮੇ ਦੀ ਫ਼ਸਲ ਇਸ ਵਾਰ ਮੁੜ ਵਾਹ ਦਿੱਤੀ ਹੈ।"
ਇਹ ਕਹਾਣੀ ਇਕੱਲੀ ਸੁਖਦੇਵ ਕੌਰ ਦੀ ਨਹੀਂ ਹੈ ਸਗੋਂ ਮਾਲਵਾ ਪੱਟੀ ਦੇ ਜ਼ਿਲ੍ਹਿਆਂ ਬਠਿੰਡਾ, ਸੰਗਰੂਰ, ਬਰਨਾਲਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਨਰਮਾ ਬੀਜਣ ਵਾਲੇ ਕਿਸਾਨਾਂ ਦਾ ਦਰਦ ਵੀ ਅਜਿਹਾ ਹੀ ਹੈ।
ਪੰਜਾਬ ਖੇਤੀਬਾੜੀ ਵਿਭਾਗ ਮੁਤਾਬਕ ਇਸ ਵਾਰ ਢਾਈ ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ।
ਪਿਛਲੇ ਸਾਲ ਮਾਲਵਾ ਪੱਟੀ ਵਿੱਚ ਬੀਜੀ ਗਈ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਨੇ ਤਬਾਹ ਕਰ ਦਿੱਤਾ ਸੀ।
ਪੰਜਾਬ ਅਤੇ ਨਰਮੇ ਦੀ ਕਾਸ਼ਤ
- ਪੰਜਾਬ ਵਿਚ ਨਰਮੇ ਦੀ ਕਰੀਬ ਢਾਈ ਲੱਖ ਹੈਕਟੇਅਰ ਦੀ ਖੇਤੀ ਹੁੰਦੀ ਹੈ।
- ਨਰਮੇ ਦੀ ਖੇਤੀ ਪੰਜਾਬ ਦੇ ਦੱਖਣੀ ਹਿੱਸੇ ਮਾਲਵੇ ਵਿਚ ਮੁੱਖ ਤੌਰ ਉੱਤੇ ਹੁੰਦੀ ਹੈ।
- ਪਿਛਲੇ ਦੋ ਸਾਲ ਤੋਂ ਲਗਾਤਾਰਾ ਨਰਮੇ ਦੀ ਫ਼ਸਲ ਗੁਲਾਬੀ ਸੁੰਢੀ ਦੀ ਮਾਰ ਹੇਠ ਆ ਰਹੀ ਹੈ
- ਜਿਸ ਕਾਰਨ ਕਿਸਾਨਾਂ ਲਗਾਤਾਰ ਕਰਜ਼ ਦੀ ਮਾਰ ਹੇਠ ਆ ਰਹੇ ਹਨ
- ਬੀਬੀਸੀ ਨੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤਾ ਤਾਂ ਪਤਾ ਲੱਗਿਆ ਕਿ ਉਨ੍ਹਾਂ ਉੱਤੇ ਘਰ ਦੀਆਂ ਚੀਜ਼ਾਂ ਵੇਚਣ ਦੀ ਨੌਬਤ ਆ ਗਈ ਹੈ
- ਇੱਕ ਕਿਸਾਨ ਨੇ 9 ਕਿੱਲੇ ਠੇਕੇ ਉੱਤੇ ਲੈਕੇ ਨਰਮਾ ਬੀਜਿਆ ਸੀ, ਜੋ ਹੁਣ ਤਬਾਹ ਹੋਣ ਕਾਰਨ ਉਹ ਆਰਥਿਕ ਮੰਦੀ ਦੀ ਮਾਰ ਹੇਠ ਆ ਗਿਆ ਹੈ
- ਖੇਤੀ ਮੰਤਰੀ ਮਾਲਵੇ ਦੇ ਕਈ ਜ਼ਿਲ੍ਹਿਆਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ ਲੈ ਚੁੱਕੇ ਹਨ
'ਹੁਣ ਝੋਨਾ ਲਗਾਉਣ ਦਾ ਫਿਕਰ'
ਸੁਖਦੇਵ ਕੌਰ ਨੇ ਦੱਸਿਆ ਉਨ੍ਹਾਂ ਨੇ ਆਪਣੀ ਜੱਦੀ ਜ਼ਮੀਨ ਤਿੰਨ ਏਕੜ ਵਿੱਚ ਨਰਮੇ ਦੀ ਬਿਜਾਈ ਕੀਤੀ ਸੀ, ਜਿਹੜੀ ਕਿ ਸੁੰਡੀ ਦੇ ਹਮਲੇ ਮਗਰੋਂ ਵਾਹੁਣੀ ਪੈ ਗਈ।
ਉਨ੍ਹਾਂ ਨੇ ਦੱਸਿਆ, "ਪਿਛਲੇ ਸਾਲ ਮੇਰੇ ਪੁੱਤਰ ਜਗਮੋਹਨ ਸਿੰਘ ਨੇ ਦੱਸ ਏਕੜ ਜ਼ਮੀਨ ਠੇਕੇ ਉੱਪਰ ਲੈ ਕੇ ਨਰਮਾ ਬੀਜਿਆ ਸੀ। ਉਹ ਗੁਲਾਬੀ ਸੁੰਡੀ ਨੇ ਤਬਾਹ ਕਰ ਦਿੱਤਾ ਸੀ। ਇਸ ਵਾਰ ਆਸ ਸੀ ਕਿ ਸ਼ਾਇਦ ਨਰਮੇ ਦੀ ਫ਼ਸਲ ਚੰਗੀ ਹੋਵੇ ਅਤੇ ਸਿਰ ਚੜ੍ਹੇ ਕਰਜ਼ੇ ਦੀ ਪੰਡ ਕੁਝ ਹੌਲੀ ਹੋ ਜਾਵੇ ਪਰ ਸੁੰਡੀ ਦੀ ਮਾਰ ਨੇ ਸਭ ਕੁਝ ਤਬਾਹ ਕਰ ਕੇ ਰੱਖ ਦਿੱਤਾ ਹੈ।"
"ਅਸੀਂ ਵਿਸਾਖ ਦੇ ਅੱਧ ਵਿੱਚ ਨਰਮਾ ਬੀਜਿਆ ਸੀ। ਮਹਿੰਗੇ ਭਾਅ ਦਾ ਬੀਜ ਖਰੀਦਿਆ ਅਤੇ ਕੀਮਤੀ ਦਵਾਈਆਂ ਦੇ ਸਪਰੇਅ ਕੀਤੇ। ਢਾਈ ਮਹੀਨੇ ਲੰਘਣ ਮਗਰੋਂ ਨਰਮਾ ਵਾਹ ਦਿੱਤਾ ਹੈ ਅਤੇ ਹੁਣ ਜ਼ਮੀਨ ਵਿੱਚ ਝੋਨਾ ਲਾਉਣ ਦਾ ਫ਼ਿਕਰ ਹੈ।"
ਸੁਖਦੇਵ ਕੌਰ ਭਰੇ ਮਨ ਨਾਲ ਅੱਗੇ ਕਹਿੰਦੇ ਹਨ, "ਨਰਮਾ ਵਾਹੁਣ ਲਈ ਘਰ ਵਿੱਚ ਪੈਸੇ ਨਹੀਂ ਸਨ ਅਤੇ ਨਾ ਹੀ ਅੱਗੇ ਝੋਨਾ ਲਾਉਣ ਲਈ ਮਜ਼ਦੂਰਾਂ ਨੂੰ ਦੇਣ ਲਈ ਪੈਸੇ ਹਨ। ਮੈਂ ਆਪਣੀ ਮਹਿੰਗੇ ਮੁੱਲ ਦੀ ਮੱਝ ਵੇਚ ਕੇ ਆਪਣੇ ਪੁੱਤਰ ਨੂੰ ਪੈਸੇ ਦਿੱਤੇ ਹਨ ਤਾਂ ਜੋ ਵਾਹੇ ਗਏ ਨਰਮੇ ਦੇ ਖੇਤ ਵਿੱਚ ਝੋਨੇ ਦੀ ਲਵਾਈ ਹੋ ਸਕੇ।"
"ਝੋਨੇ ਦੀ ਬਿਜਾਈ ਲੇਟ ਹੈ, ਝਾੜ ਪਤਾ ਨਹੀਂ ਕਿਹੋ ਜਿਹਾ ਹੋਵੇਗਾ ਅਸੀਂ ਤਾਂ ਘਰ ਵਿੱਚੋਂ ਮੱਝ ਵੇਚ ਕੇ ਦੁੱਧ ਵੀ ਗੁਆ ਲਿਆ ਹੈ। ਜੁਆਕਾਂ ਦੇ ਭਵਿੱਖ ਦੀ ਚਿੰਤਾ ਹੈ, ਸਕੂਲ ਦੀਆਂ ਫੀਸਾਂ ਅਤੇ ਘਰ ਵਿੱਚ ਰਾਸ਼ਨ ਲਿਆਉਣ ਦਾ ਫ਼ਿਕਰ ਵੱਢ-ਵੱਢ ਸਤਾ ਰਿਹਾ ਹੈ।"
ਇਹ ਵੀ ਪੜ੍ਹੋ-
ਕਿਸਾਨਾਂ ਨੂੰ ਪੰਜਾਬ ਸਰਕਾਰ ਨਾਲ ਗਿਲਾ
ਕਿਸਾਨਾਂ ਨੂੰ ਇਸ ਗੱਲ ਦਾ ਵੀ ਗਿਲਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਫ਼ਸਲੀ ਵਿਭਿੰਨਤਾ ਦੀ ਗੱਲ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਗੱਲ ਆਖਦੀ ਹੈ ਪਰ ਦੂਜੇ ਪਾਸੇ ਝੋਨੇ ਤੋਂ ਹਟ ਕੇ ਹੋਰ ਫ਼ਸਲਾਂ ਬੀਜਣ ਵਾਲਿਆਂ ਲਈ ਸਰਕਾਰ ਦੀ ਕੋਈ ਠੋਸ ਨੀਤੀ ਨਹੀਂ ਹੈ।
ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਾਲਵਾ ਪੱਟੀ ਦੇ ਨਰਮਾ ਬੀਜਣ ਵਾਲੇ ਕਿਸਾਨਾਂ ਨਾਲ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ।
ਸਰਕਾਰੀ ਪੱਖ ਵੱਲੋਂ ਇਹ ਵੀ ਗੱਲ ਉੱਠੀ ਹੈ ਕਿ ਜ਼ਿਆਦਾਤਰ ਕਿਸਾਨ ਨਰਮੇ ਦਾ ਬੀਜ ਗੁਜਰਾਤ ਤੋਂ ਲਿਆ ਕੇ ਬੀਜਦੇ ਹਨ ਜਿਸ ਕਾਰਨ ਗੁਲਾਬੀ ਸੁੰਡੀ ਅਤੇ ਚਿੱਟੇ ਤੇਲੇ ਦਾ ਹਮਲਾ ਹੋ ਰਿਹਾ ਹੈ ਕਿਉਂਕਿ ਅਜਿਹੇ ਬੀਜਾਂ ਦੀ ਪ੍ਰਮਾਣਿਕਤਾ ਦਾ ਕੋਈ ਸਬੂਤ ਨਹੀਂ ਹੈ।
ਦੂਜੇ ਪਾਸੇ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੇ ਇਸ ਤਰਕ ਨੂੰ ਮੁੱਢੋਂ ਰੱਦ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੌੜ ਬਲਾਕ ਦੇ ਪ੍ਰਧਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਖੇਤਰ ਵਿੱਚ ਨਰਮੇ ਦਾ ਬੀਜ ਨਾਲ ਲਗਦੇ ਸ਼ਹਿਰਾਂ ਬਠਿੰਡਾ, ਤਲਵੰਡੀ ਸਾਬੋ, ਮੌੜ ਅਤੇ ਮਾਨਸਾ ਤੋਂ ਕਿਸਾਨਾਂ ਨੇ ਖਰੀਦਿਆ ਹੈ।
ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਖਰੀਦੇ ਗਏ ਬੀਜ ਦੇ ਬਿੱਲ ਵੀ ਸੰਭਾਲ ਕੇ ਰੱਖੇ ਹੋਏ ਹਨ।
ਸੁਖਦੇਵ ਕੌਰ ਦੇ ਪੁੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਲੀ ਹਾਲਤ ਹਰ ਸਾਲ ਵਿਗੜ ਰਹੀ ਹੈ।
ਉਨ੍ਹਾਂ ਮੁਤਾਬਕ, "ਬੈਂਕਾਂ ਦੀਆਂ ਲਿਮਟਾਂ ਅਤੇ ਸ਼ਾਹੂਕਾਰਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਸਮੇਂ ਸਿਰ ਨਹੀਂ ਨਹੀਂ ਮੁੜ ਰਹੀਆਂ। ਮਹਿੰਗੇ ਭਾਅ ਦਾ ਬੀਜ ਲਿਆ ਕੇ ਬੀਜਿਆ ਨਰਮਾ ਵਾਹੁਣਾ ਪੈ ਗਿਆ ਹੈ ਅਤੇ ਝੋਨੇ ਦੀ ਪਨੀਰੀ ਖਰੀਦਣ ਲਈ ਪੈਸੇ ਨਹੀਂ ਹਨ।"
"ਸਰਕਾਰਾਂ ਤੋਂ ਤਾਂ ਬਸ ਇਹੀ ਆਸ ਹੈ ਕਿ ਕਦੇ ਨਾ ਕਦੇ ਵਜ਼ੀਰਾਂ ਅਤੇ ਅਫ਼ਸਰਸ਼ਾਹੀ ਨੂੰ ਕਿਸਾਨਾਂ ਦੇ ਅਜਿਹੇ ਦਰਦ ਦਾ ਅਹਿਸਾਸ ਇੱਕ ਦਿਨ ਜ਼ਰੂਰ ਹੋਵੇਗਾ।"
ਜਗਮੋਹਨ ਸਿੰਘ ਪਿੰਡ ਰਾਮਗੜ੍ਹ ਭੂੰਦੜ ਦੇ ਇਕੱਲੇ ਅਜਿਹੇ ਕਿਸਾਨ ਨਹੀਂ ਹਨ ਜਿਨ੍ਹਾਂ ਨੇ ਆਪਣੀ ਨਰਮੇ ਦੀ ਫ਼ਸਲ ਵਾਹੀ ਹੋਵੇ ਸਗੋਂ ਪਿੰਡ ਦੇ ਦਸ ਤੋਂ ਵੱਧ ਕਿਸਾਨਾਂ ਨੇ ਗੁਲਾਬੀ ਸੁੰਡੀ ਦੇ ਹਮਲੇ ਮਗਰੋਂ ਆਪਣੀ ਨਰਮੇ ਦੀ ਫ਼ਸਲ ਵਾਹ ਦਿੱਤੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਮੇਲ ਸਿੰਘ ਕਹਿੰਦੇ ਹਨ, "ਇਹ ਤਾਂ ਸਿਰਫ਼ ਸ਼ੁਰੂਆਤ ਹੈ ਜੇਕਰ ਅਗਲੇ ਦਸ ਦਿਨਾਂ ਦੇ ਅੰਦਰ ਗੁਲਾਬੀ ਸੁੰਡੀ ਅਤੇ ਚਿੱਟੇ ਤੇਲੇ ਉੱਪਰ ਕਾਬੂ ਨਾ ਪਿਆ ਤਾਂ ਇਲਾਕੇ ਵਿੱਚ ਬੀਜੀ ਗਈ ਨਰਮੇ ਦੀ ਸਮੁੱਚੀ ਫ਼ਸਲ ਖੇਤਾਂ ਵਿੱਚ ਹੀ ਵਾਹੁਣੀ ਪੈ ਜਾਵੇਗੀ।"
'ਬੱਚਿਆਂ ਦੇ ਭਵਿੱਖ ਉੱਪਰ ਸਵਾਲੀਆ ਨਿਸ਼ਾਨ'
ਅਜਿਹੀ ਹੀ ਕਹਾਣੀ ਪਿੰਡ ਚੱਬੇਵਾਲ ਦੇ ਕਿਸਾਨ ਕਾਲਾ ਸਿੰਘ ਦੀ ਹੈ। ਇਸ ਕਿਸਾਨ ਨੇ ਦੱਸਿਆ ਕਿ ਉਸ ਕੋਲ ਆਪਣੀ ਜੱਦੀ ਡੇਢ ਏਕੜ ਜ਼ਮੀਨ ਹੈ ਪਰ ਘਰ ਦੀ ਗ਼ਰੀਬੀ ਖ਼ਤਮ ਕਰਨ ਲਈ ਉਸ ਨੇ ਇਸ ਵਾਰ ਸਾਢੇ 9 ਏਕੜ ਜ਼ਮੀਨ ਠੇਕੇ ਉੱਪਰ ਲਈ ਸੀ।
ਉਹ ਕਹਿੰਦੇ ਹਨ, "ਮੈਂ ਗਿਆਰਾਂ ਏਕੜ ਜ਼ਮੀਨ ਵਿੱਚ ਇਸ ਆਸ ਨਾਲ ਨਰਮਾ ਬੀਜਿਆ ਸੀ ਕਿ ਸ਼ਾਇਦ ਫਸਲ ਚੰਗੀ ਹੋ ਜਾਵੇ ਅਤੇ ਕਰਜ਼ੇ ਦੀਆਂ ਕਿਸ਼ਤਾਂ ਖ਼ਤਮ ਹੋ ਜਾਣ। ਪਰ ਮੈਨੂੰ ਲੱਗਦਾ ਹੈ ਕਿ ਮੇਰੀ ਕਿਸਮਤ ਵਿੱਚ ਅਜਿਹਾ ਨਹੀਂ ਸੀ। ਗੁਲਾਬੀ ਸੁੰਡੀ ਅਤੇ ਚਿੱਟੇ ਤੇਲੇ ਦੇ ਹਮਲੇ ਮਗਰੋਂ ਮੈਂ ਆਪਣਾ ਨਰਮਾ ਵਾਹੁਣ ਦਾ ਫ਼ੈਸਲਾ ਕੀਤਾ ਹੈ।"
ਪਿੰਡ ਰਾਮਗੜ੍ਹ ਭੂੰਦੜ ਵਾਂਗ ਹੀ ਚੱਠੇਵਾਲਾ ਦੇ ਵੀ ਕਈ ਕਿਸਾਨਾਂ ਨੇ ਆਪਣਾ ਨਰਮਾ ਖੇਤਾਂ ਵਿੱਚ ਹੀ ਵਾਹ ਦਿੱਤਾ ਹੈ।
ਪਿੰਡ ਚੱਬੇਵਾਲ ਦੇ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਕੋਲ ਥੋੜ੍ਹੀ ਬਹੁਤ ਪੂੰਜੀ ਬਚੀ ਹੈ ਉਹ ਤਾਂ ਵਾਹੇ ਗਏ ਨਰਮੇ ਵਾਲੇ ਵਾਹਨ ਵਿੱਚ ਝੋਨਾ ਬੀਜ ਦੇਣਗੇ ਪਰ ਜਿਨ੍ਹਾਂ ਕੋਲ ਝੋਨੇ ਲਈ ਵਾਹਨ ਤਿਆਰ ਕਰਨ ਲਈ ਪੈਸੇ ਨਹੀਂ ਹਨ ਉਹ ਗੁਬਾਰਾ ਵਗੈਰਾ ਵੇਚ ਕੇ ਹੀ ਆਪਣੇ ਦਿਨ ਟਪਾਉਣਗੇ।
ਕਾਲਾ ਸਿੰਘ ਕਹਿੰਦੇ ਹਨ, "ਮੇਰੀ ਉਮਰ ਤਾਂ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਹੋਏ ਲੰਘ ਰਹੀ ਹੈ ਪਰ ਜਿਸ ਢੰਗ ਨਾਲ ਮੇਰੇ ਸਿਰ ਕਰਜ਼ਾ ਚੜ੍ਹ ਰਿਹਾ ਹੈ ਉਸ ਨੇ ਮੇਰੇ ਬੱਚਿਆਂ ਦੇ ਭਵਿੱਖ ਉੱਪਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।"
"ਪਿਛਲੇ ਸਾਲ ਤਬਾਹ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਤਾਂ ਮਿਲਿਆ ਪਰ ਉਸ ਨਾਲ ਸਿਰਫ ਨਰਮੇ ਉੱਪਰ ਕੀਤਾ ਗਿਆ ਖਰਚ ਹੀ ਪੂਰਾ ਹੋਇਆ। ਇਸ ਵਾਰ ਵੀ ਖ਼ਰਚਾ ਕਰ ਬੈਠਾ ਹਾਂ ਪਰ ਫ਼ਸਲ ਤਬਾਹ ਹੋ ਗਈ ਹੈ।"
ਖੇਤੀਬਾੜੀ ਮੰਤਰੀ ਦਾ ਦਾਅਵਾ
ਦੂਜੇ ਪਾਸੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਗੁਲਾਬੀ ਸੁੰਡੀ ਦੇ ਹਮਲੇ ਦੇ ਨਿਰੀਖਣ ਲਈ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਖੇਤੀਬਾਡ਼ੀ ਵਿਭਾਗ ਦੀਆਂ 230 ਟੀਮਾਂ ਦਾ ਗਠਨ ਕੀਤਾ ਗਿਆ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਮੁਤਾਬਕ ਹਾਲੇ ਨਰਮੇ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਅਗਲੇ ਪੰਦਰਾਂ ਦਿਨਾਂ ਦੌਰਾਨ ਹੋਰ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ, "ਪੰਜਾਬ ਖੇਤੀਬਾੜੀ ਵਿਭਾਗ ਦੀਆਂ ਟੀਮਾਂ 28 ਜੁਲਾਈ ਨੂੰ ਮਾਲਵਾ ਪੱਟੀ ਦੇ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਫਾਜ਼ਿਲਕਾ, ਸੰਗਰੂਰ, ਬਰਨਾਲਾ, ਫਰੀਦਕੋਟ ਅਤੇ ਮੁਕਤਸਰ ਦੇ ਖੇਤਾਂ ਵਿੱਚ ਜਾ ਕੇ ਨਰਮੇ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਮੁੜ ਨਿਰੀਖਣ ਕਰਨਗੀਆਂ।"
ਉਨ੍ਹਾਂ ਕਿਹਾ ਕਿ ਨਰਮਾ ਉਤਪਾਦਕਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।
ਇਹ ਵੀ ਪੜ੍ਹੋ: