You’re viewing a text-only version of this website that uses less data. View the main version of the website including all images and videos.
ਕਣਕ ਦੀ ਕੌਮਾਂਤਰੀ ਪੱਧਰ ’ਤੇ ਵਧੀ ਮੰਗ ਦਾ ਫਾਇਦਾ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਸਰਕਾਰ ਕਿਵੇਂ ਫੇਲ੍ਹ ਹੋਈ
- ਲੇਖਕ, ਮਨਪ੍ਰੀਤ ਕੌਰ ਅਤੇ ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿੱਚ ਬੀਤੇ ਡੇਢ ਦਹਾਕੇ ਵਿੱਚ ਹੁਣ ਤੱਕ ਸਭ ਤੋਂ ਘੱਟ ਕਣਕ ਦੀ ਸਰਕਾਰੀ ਖਰੀਦ ਹੁੰਦੀ ਨਜ਼ਰ ਆ ਰਹੀ ਹੈ। ਇਸ ਵਾਰ ਪੰਜਾਬ ਵਿੱਚ ਕਣਕ ਦੀ 132 ਲੱਖ ਮੀਟ੍ਰਿਕ ਟਨ ਸਰਕਾਰੀ ਖ਼ਰੀਦ ਦਾ ਟੀਚਾ ਪੂਰਾ ਹੋਣਾ ਮੁਸ਼ਕਿਲ ਲਗ ਰਿਹਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਕਰੀਬ 91 ਲੱਖ ਮੀਟ੍ਰਿਕ ਟਨ ਕਣਕ ਸੂਬੇ ਦੀਆਂ ਮੰਡੀਆਂ ਵਿੱਚੋਂ ਖ਼ਰੀਦੀ ਗਈ ਹੈ। ਹਾਲਾਂਕਿ ਇਸ ਵਾਰ ਨਿੱਜੀ ਖ਼ਰੀਦ ਵਧੀ ਹੈ ਜੋ ਕਿ 2007 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ।
ਇਹ ਵੀ ਪੜ੍ਹੋ:
ਕਣਕ ਦੀ ਕੌਮਾਂਤਰੀ ਪੱਧਰ 'ਤੇ ਮੰਗ ਵਿੱਚ ਵਾਧਾ, ਸਰਕਾਰੀ ਖ਼ਰੀਦ 'ਚ ਕਮੀ
ਪੰਜਾਬ ਫੂਡ ਸਪਲਾਈ ਵਿਭਾਗ ਅਨੁਸਾਰ ਕਣਕ ਦੀ ਖ਼ਰੀਦ 25 ਅ੍ਰਪੈਲ ਤੱਕ 91.88 ਲੱਖ ਮੀਟ੍ਰਿਕ ਟਨ ਹੋਈ ਹੈ।
ਕਣਕ ਦੀ ਘੱਟ ਸਰਕਾਰੀ ਖ਼ਰੀਦ ਉਸ ਸਮੇਂ ਹੋ ਰਹੀ ਹੈ ਜਦੋਂ ਆਲਮੀ ਪੱਧਰ 'ਤੇ ਰੂਸ- ਯੂਕਰੇਨ ਯੁੱਧ ਕਾਰਨ ਕਣਕ ਦੀ ਮੰਗ ਵਧੀ ਹੈ ਪਰ ਇਸ ਵਾਰ ਕਣਕ ਦਾ ਝਾੜ ਵੀ ਕਿਸਾਨਾਂ ਮੁਤਾਬਕ ਕਰੀਬ 5 ਤੋਂ 6 ਕੁਇੰਟਲ ਪ੍ਰਤੀ ਏਕੜ ਘੱਟ ਹੋਇਆ ਹੈ।
ਪੰਜਾਬ ਵਿੱਚ ਪਿਛਲੇ ਸਾਲ ਕਣਕ ਦਾ ਝਾੜ 48.68 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ ਸੀ ਤੇ ਕਣਕ ਦੀ ਕੁੱਲ ਪੈਦਾਵਾਰ 172 ਲੱਖ ਮੀਟ੍ਰਿਕ ਟਨ ਸੀ।
ਸਰਕਾਰੀ ਅਧਿਕਾਰੀਆਂ ਮੁਤਾਬਕ ਕੇਂਦਰੀ ਪੂਲ ਲਈ ਪੰਜਾਬ ਤੋਂ ਕਣਕ ਦੀ ਖ਼ਰੀਦ 90-100 ਲੱਖ ਮੀਟ੍ਰਿਕ ਟਨ ਦੇ ਵਿਚਕਾਰ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਅਪ੍ਰੈਲ ਤੋਂ ਫ਼ਸਲ ਦੀ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ 132 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਰੱਖਿਆ ਸੀ।
ਸਾਲ 2007 ਤੋਂ ਬਾਅਦ ਪਹਿਲੀ ਵਾਰ ਨਿੱਜੀ ਖ਼ਰੀਦ ਪੰਜ ਲੱਖ ਮੀਟ੍ਰਿਕ ਟਨ ਨੂੰ ਪਾਰ ਕਰਨ ਦੀ ਸੰਭਾਵਨਾ ਹੈ। 2006 ਅਤੇ 2007 ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਕੀਮਤਾਂ ਵਿੱਚ ਵਾਧਾ ਵੀ ਹੋਇਆ ਸੀ ਅਤੇ ਇੱਕ ਵਿਸ਼ਵਵਿਆਪੀ ਖ਼ੁਰਾਕ ਸੰਕਟ ਪੈਦਾ ਹੋਇਆ ਸੀ।
ਮਾਹਰਾਂ ਵੱਲੋਂ ਸਰਕਾਰ ਖ਼ਰੀਦ ਵਧਾਉਣ 'ਤੇ ਜ਼ੋਰ
ਖੇਤੀਬਾੜੀ ਮੁੱਦਿਆਂ ਦੇ ਖੋਜਾਰਥੀ ਦਵਿੰਦਰ ਸ਼ਰਮਾ ਦਾ ਕਹਿਣਾ ਹੈ, ''ਮਾਰਚ ਮਹੀਨੇ ਤੇਜ਼ੀ ਨਾਲ ਗਰਮੀ ਵਧਣ ਕਾਰਨ ਕਰੀਬ 5 ਕੁਇੰਟਲ ਪ੍ਰਤੀ ਏਕੜ ਕਣਕ ਦਾ ਝਾੜ ਘਟਿਆ ਹੈ। ਇਸ ਦੇ ਨਾਲ ਹੀ ਰੂਸ-ਯੂਕਰੇਨ ਵਿੱਚ ਲੜਾਈ ਲੱਗਣ ਨਾਲ ਕਣਕ ਦੀ ਕੌਮਾਂਤਰੀ ਪੱਧਰ ਉੱਤੇ ਮੰਗ ਵੱਧ ਗਈ ਹੈ ਕਿਉਂਕਿ ਇਹ ਦੋਵੇਂ ਮੁਲਕ ਦੁਨੀਆਂ ਦੇ 55 ਦੇਸ਼ਾਂ ਵਿੱਚ ਕਣਕ ਦੀ 30 ਫੀਸਦੀ ਲੋੜ ਪੂਰੀ ਕਰਦੇ ਹਨ।''
''ਭਾਰਤ ਕੋਲ 19 ਮਿਲੀਅਨ ਟਨ ਅਨਾਜ ਦਾ ਭੰਡਾਰ ਸੀ ਜਿਸ ਵਿੱਚੋਂ 7.5 ਮਿਲੀਅਨ ਟਨ ਅਨਾਜ ਪੀਡੀਐਸ ਲਈ ਚਾਹੀਦਾ ਹੈ ਅਤੇ ਬਾਕੀ ਵਾਧੂ ਪਿਆ ਹੈ। ਸਾਡੀ ਇਸ ਵਾਰ 44 ਮਿਲੀਅਨ ਟਨ ਦੀ ਖ਼ਰੀਦ ਦਾ ਅਨੁਮਾਨ ਸੀ ਜੋ ਕਿ ਘੱਟ ਕੇ ਕਰੀਬ 25 ਮਿਲੀਅਨ ਟਨ ਰਹਿ ਜਾਵੇਗਾ। ਜੇ 12 ਤੋਂ 15 ਮਿਲੀਅਨ ਟਨ ਦੇਸ਼ ਤੋਂ ਐਕਸਪੋਰਟ ਹੁੰਦਾ ਹੈ ਤਾਂ ਭਾਰਤ ਦੀ ਸਥਿਤੀ ਤੰਗ ਹੋ ਜਾਵੇਗੀ।''
ਦਵਿੰਦਰ ਸ਼ਰਮਾ ਕਹਿੰਦੇ ਹਨ, ''ਇਹ ਕਿਹਾ ਜਾਂਦਾ ਹੈ ਕਿ ਐਫਸੀਆਈ ਘਾਟੇ ਵਿੱਚ ਰਹਿੰਦੀ ਹੈ ਪਰ ਇਹ ਮੌਕਾ ਸੀ ਕਿ ਐਫਸੀਆਈ ਸਥਿਤੀ ਨੂੰ ਬਦਲ ਦਿੰਦੀ। ਐਫਸੀਆਈ ਕਣਕ ਭਾਂਵੇਂ ਕੁਝ ਵਧੀਆਂ ਕੀਮਤਾਂ ਉਪਰ ਖ਼ਰੀਦ ਲੈਂਦੀ ਪਰ ਉਹ ਬਾਅਦ ਵਿੱਚ ਨਿੱਜੀ ਵਪਾਰੀਆਂ ਨੂੰ ਵੇਚ ਸਕਦੇ ਸਨ। ਇਸ ਵਿਚਲੀ ਔਸਤ ਕਮਾਈ ਐਫਸੀਆਈ ਪ੍ਰਾਪਤ ਕਰ ਸਕਦੀ ਸੀ।''
''ਕਿਸਾਨਾਂ ਨੂੰ ਕੋਈ ਫਾਇਦਾ ਨਹੀਂ''
ਕਿਸਾਨਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਬਜ਼ਾਰ ਵਿੱਚ ਵਧੀ ਕਣਕ ਦੀ ਮੰਗ ਦਾ ਸੂਬੇ ਦੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਪਰ ਵੱਡੇ ਵਪਾਰੀ ਮੁਨਾਫਾ ਖੱਟਣਗੇ।
ਮੁਹਾਲੀ ਜ਼ਿਲ੍ਹੇ ਦੇ ਪਿੰਡ ਪਲਹੇੜੀ ਦੇ ਰਹਿਣ ਵਾਲੇ ਕਿਸਾਨ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਝਾੜ ਘਟਿਆ ਹੈ ਪਰ ਉਤਪਾਦਨ ਲਾਗਤਾਂ ਲਗਾਤਾਰ ਵੱਧ ਰਹੀਆਂ ਹਨ।
ਕੁਲਦੀਪ ਸਿੰਘ ਕਹਿੰਦੇ ਹਨ, ''ਵਪਾਰੀਆਂ ਨੂੰ ਫਾਇਦਾ ਹੋਵੇਗੇ ਕਿਉਂਕਿ ਕਿਸਾਨ ਤਾਂ ਆਪਣੀ ਫ਼ਸਲ ਵੇਚ ਚੁੱਕਾ ਹੈ ਜਦਕਿ ਸਿਰਫ 10 ਫੀਸਦ ਫ਼ਸਲ ਆਉਣੀ ਰਹਿੰਦੀ ਹੈ।''
ਕਿਸਾਨ ਸਰਬਜੀਤ ਸਿੰਘ ਦਾ ਕਹਿਣਾ ਹੈ, ''ਇੱਕ ਕਿਸਾਨ ਫ਼ਸਲ ਨੂੰ ਸਟੋਰ ਵੀ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਉਸ ਨੂੰ ਮੰਡੀ ਵਿਚ ਵੀ ਕਾਫ਼ੀ ਖਰਚੇ ਪੈ ਜਾਂਦੇ ਹਨ। ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਾਰ ਕਣਕ ਦੇ ਹੋਏ ਘੱਟ ਝਾੜ ਦਾ ਕਿਸਾਨਾਂ ਨੂੰ ਢੁੱਕਵਾ ਮੁਆਵਜ਼ਾ ਦਿੱਤਾ ਜਾਵੇ।''
ਇਹ ਵੀ ਪੜ੍ਹੋ: