ਕਣਕ ਦਾ ਝਾੜ ਘਟਣ ਦੇ ਕੀ ਕਾਰਨ, ਕਿਸਾਨਾਂ ਨੂੰ ਹੋ ਰਿਹਾ ਕਿੰਨਾ ਨੁਕਸਾਨ - ਗਰਾਊਂਡ ਰਿਪੋਰਟ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਕੀ ਕਰੀਏ ਫ਼ਸਲ ਲਈ ਖਾਦ ਅਤੇ ਬੀਜ ਵੀ ਪੂਰਾ ਪਾਇਆ, ਦੇਖਭਾਲ ਵੀ ਖ਼ੂਬ ਕੀਤੀ ਪਰ ਹੁਣ ਕਟਾਈ ਤੋਂ ਬਾਅਦ ਝਾੜ ਉਮੀਦ ਦੇ ਮੁਤਾਬਕ ਨਹੀਂ ਨਿਕਲਿਆ।,"

ਇਹ ਸ਼ਬਦ ਹਨ ਜ਼ਿਲ੍ਹਾ ਮੁਹਾਲੀ ਦੇ ਕਿਸਾਨ ਅਮਰਜੀਤ ਸਿੰਘ ਦੇ। ਕਣਕ ਦੇ ਦਾਣੇ ਇਕੱਠੇ ਕਰਦੇ ਹੋਏ ਅਮਰਜੀਤ ਸਿੰਘ ਨੇ ਮਾਯੂਸ ਮੰਨ ਨਾਲ ਇਹ ਗੱਲ ਬੀਬੀਸੀ ਪੰਜਾਬੀ ਦੀ ਟੀਮ ਨਾਲ ਸਾਂਝੀ ਕੀਤੀ।

ਮਹਿਜ਼ ਤਿੰਨ ਏਕੜ ਜ਼ਮੀਨ ਦੇ ਮਾਲਕ ਅਮਰਜੀਤ ਸਿੰਘ ਆਖਦੇ ਹਨ ਕਿ ਪਿਛਲੇ ਸਾਲ ਪ੍ਰਤੀ ਏਕੜ 20 ਤੋਂ 22 ਕਵਿੰਟਲ ਪ੍ਰਤੀ ਏਕੜ ਝਾੜ ਆਇਆ ਸੀ ਜਦੋਂਕਿ ਇਸ ਵਾਰ 14 ਤੋਂ 15 ਕਵਿੰਟਲ ਪ੍ਰਤੀ ਏਕੜ ਉਪਜ ਹਾਸਲ ਹੋਈ ਹੈ।

ਅਮਰਜੀਤ ਸਿੰਘ ਆਖਦੇ ਹਨ ਫ਼ਸਲ ਉੱਤੇ ਲਾਗਤ ਲਗਾਤਾਰ ਵਧਦੀ ਜਾ ਰਹੀ ਹੈ, ਕੀਟਨਾਸ਼ਕ, ਖਾਦ ਅਤੇ ਡੀਜ਼ਲ ਦੇ ਭਾਅ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਪਰ ਕਿਸਾਨ ਦੀ ਆਮਦਨ ਥੱਲੇ ਜਾ ਰਹੀ ਹੈ।

ਇਸ ਤੋਂ ਬਾਅਦ ਅਮਰਜੀਤ ਸਿੰਘ ਕੰਬਾਈਨ ਦੀ ਮਦਦ ਨਾਲ ਫਿਰ ਤੋਂ ਆਪਣੀ ਬਾਕੀ ਬਚੀ ਕਣਕ ਦੀ ਫ਼ਸਲ ਦੀ ਕਟਾਈ ਕਰਵਾਉਣ ਵਿੱਚ ਮਸਰੂਫ਼ ਹੋ ਜਾਂਦੇ ਹਨ।

ਨੌਜਵਾਨ ਕਿਸਾਨ ਕੁਲਦੀਪ ਸਿੰਘ ਆਖਦੇ ਹਨ ਕਿ ਕਣਕ ਦਾ ਝਾੜ ਘੱਟ ਕਿਉਂ ਹੋਇਆ ਇਸ ਦਾ ਉਨ੍ਹਾਂ ਪੱਕਾ ਪਤਾ ਨਹੀਂ ਪਰ ਜੋ ਅਖ਼ਬਾਰਾਂ ਵਿੱਚ ਆ ਰਿਹਾ ਹੈ ਉਸ ਦੇ ਮੁਤਾਬਕ ਗਰਮੀ ਜ਼ਿਆਦਾ ਹੋਣ ਕਾਰਨ ਫ਼ਸਲ ਦਾ ਨੁਕਸਾਨ ਹੋਇਆ ਹੈ।

ਕੁਲਦੀਪ ਸਿੰਘ ਆਖਦੇ ਹਨ ਕਿ ਇਹ ਠੀਕ ਹੈ ਕਿ ਸਰਕਾਰ 2015 ਰੁਪਏ ਪ੍ਰਤੀ ਕਵਿੰਟਲ ਐਮ ਐਸ ਪੀ ਉੱਤੇ ਫ਼ਸਲ ਖ਼ਰੀਦ ਰਹੀ ਹੈ ਪਰ ਝਾੜ ਘੱਟ ਹੋਣ ਨਾਲ ਕਿਸਾਨ ਦੀ ਆਰਥਿਕਤਾ ਉੱਤੇ ਇਸ ਦਾ ਸਿੱਧਾ ਅਸਰ ਪੈ ਰਿਹਾ ਹੈ।

ਅਸਲ ਵਿੱਚ ਪੰਜਾਬ ਵਿੱਚ ਇਸ ਸਮੇਂ ਕਣਕ ਦੀ ਵਾਢੀ ਦਾ ਕੰਮ ਜੌਰ ਉੱਤੇ ਹੈ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਫ਼ਸਲ ਦਾ ਝਾੜ ਘੱਟ ਨਿਕਲਿਆ ਹੈ ਜਿਸ ਕਾਰਨ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਮਾਯੂਸ ਹਨ।

ਇਹ ਵੀ ਪੜ੍ਹੋ:

ਕੁਲਦੀਪ ਸਿੰਘ ਆਖਦੇ ਹਨ ਕਿ ਜਿਸ ਕਿਸਾਨ ਦਾ ਪਿਛਲੇ ਸਾਲ ਦੇ ਮੁਕਾਬਲੇ ਚਾਰ ਕਵਿੰਟਲ ਪ੍ਰਤੀ ਏਕੜ ਝਾੜ ਘੱਟ ਗਿਆ ਹੈ ਅਤੇ ਐਮਐਸਪੀ ਨੂੰ ਦੇਖਦੇ ਹੋਏ ਅੱਠ ਤੋਂ ਦਸ ਹਜ਼ਾਰ ਪ੍ਰਤੀ ਏਕੜ ਨੁਕਸਾਨ ਹੋਇਆ ਹੈ।

ਉਨ੍ਹਾਂ ਆਖਿਆ ਕਿ ਸਰਕਾਰ ਨੂੰ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਖੇਤੀਬਾੜੀ ਵਿਭਾਗ ਵੀ ਝਾੜ ਦੀ ਕਮੀ ਕਰਕੇ ਚਿੰਤਤ

ਪੰਜਾਬ ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਇਸ ਵਾਰ ਮਾਰਚ ਅਤੇ ਅਪ੍ਰੈਲ ਵਿੱਚ ਪੈ ਰਹੀ ਗਰਮੀ ਜਿੱਥੇ ਲੋਕਾਂ ਦੀਆਂ ਦਿੱਕਤਾਂ ਵਧਾ ਦਿੱਤੀਆਂ ਉੱਥੇ ਹੀ ਇਸ ਦਾ ਅਸਰ ਕਣਕ ਦੀ ਫ਼ਸਲ ਉੱਤੇ ਵੀ ਪਿਆ ਹੈ।

ਕਣਕ ਦੇ ਘੱਟ ਰਹੇ ਝਾੜ ਤੋਂ ਪੰਜਾਬ ਦਾ ਖੇਤੀਬਾੜੀ ਵਿਭਾਗ ਵੀ ਚਿੰਤਤ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਗੁਰਵਿੰਦਰ ਸਿੰਘ ਆਖਦੇ ਹਨ ਕਿ ਇਹ ਜਲਵਾਯੂ ਪਰਿਵਰਤਨ ਕਾਰਨ ਹੋ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਜਨਵਰੀ ਮਹੀਨੇ ਵਿੱਚ ਉਮੀਦ ਤੋਂ ਜ਼ਿਆਦਾ ਮੀਂਹ ਪਿਆ ਜਿਸ ਦਾ ਨੁਕਸਾਨ ਫ਼ਸਲ ਨੂੰ ਹੋਇਆ ਅਤੇ ਹੁਣ ਮਾਰਚ ਮਹੀਨੇ ਵਿੱਚ ਇੱਕ ਦਮ ਤਾਪਮਾਨ ਵੱਧ ਜਾਣ ਕਾਰਨ ਕਣਕ ਦੇ ਦਾਣੇ ਦਾ ਸਹੀ ਵਿਕਾਸ ਨਹੀਂ ਹੋਇਆ ਅਤੇ ਇਸ ਦਾ ਸਿੱਧਾ ਅਸਰ ਕਣਕ ਦੇ ਝਾੜ ਉੱਤੇ ਪੈ ਗਿਆ।

ਉਨ੍ਹਾਂ ਮੁਤਾਬਕ ਡੇਢ ਤੋਂ ਦੋ ਕਵਿੰਟਲ ਪ੍ਰਤੀ ਏਕੜ ਕਣਕ ਦਾ ਝਾੜ ਘੱਟ ਹੋਇਆ ਹੈ। ਡਾਕਟਰ ਗੁਰਵਿੰਦਰ ਸਿੰਘ ਮੁਤਾਬਕ ਜਿਸ ਤਰੀਕੇ ਨਾਲ ਜਲਵਾਯੂ ਪਰਿਵਰਤਨ ਦਾ ਅਸਰ ਹੋ ਰਿਹਾ ਹੈ ਉਸ ਨੂੰ ਦੇਖਦੇ ਹੋਏ ਫ਼ਸਲਾਂ ਲਈ ਨਵੀਂ ਨੀਤੀਆਂ ਉੱਤੇ ਕੰਮ ਕਰਨਾ ਹੋਵੇਗਾ।

ਨਾਲ ਹੀ ਉਨ੍ਹਾਂ ਦੱਸਿਆ ਕਿ ਕਣਕ ਦੇ ਘੱਟ ਝਾੜ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਪੂਰਤੀ ਦੇ ਲਈ ਵਿਭਾਗ ਕੰਮ ਕਰ ਰਿਹਾ ਹੈ ਅਤੇ ਛੇਤੀ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ।

ਪੰਜਾਬ ਵਿੱਚ ਇਸ ਵਾਰ 35 ਲੱਖ ਹੈਕਟੇਅਰ ਵਿੱਚ ਕਣਕ ਦੀ ਕਾਸ਼ਤ ਕੀਤੀ ਗਈ ਹੈ, ਵਿਭਾਗ ਮੰਨਦਾ ਹੈ ਕਿ ਜਿਸ ਤਰੀਕੇ ਨਾਲ ਝਾੜ ਘੱਟ ਹੋਇਆ ਉਸ ਨਾਲ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਣਕ ਦੀ ਕੁੱਲ ਪੈਦਾਵਾਰ ਪੰਜ ਤੋਂ ਸੱਤ ਫ਼ੀਸਦੀ ਘੱਟ ਹੋਵੇਗੀ।

ਕਣਕ ਦਾ ਝਾੜ ਉਸ ਸਮੇਂ ਘੱਟ ਹੋਇਆ ਹੈ ਜਦੋਂ ਯੁਕਰੇਨ-ਰੂਸ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ।

ਪੰਜਾਬ ਸਰਕਾਰ ਚਿੰਤਤ

ਪੰਜਾਬ ਸਰਕਾਰ ਨੇ ਗਰਮੀ ਦੀ ਸ਼ੁਰੂਆਤ ਦੇ ਨਤੀਜੇ ਵਜੋਂ ਅਨਾਜ ਦੀ ਦਿੱਖ ਵਿੱਚ ਤਬਦੀਲੀ ਦੇ ਮੱਦੇਨਜ਼ਰ ਸੁੰਗੜੇ ਹੋਏ ਅਨਾਜ ਲਈ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਹੈ।

ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਮਾਰਚ ਦੇ ਆਖ਼ਰੀ ਹਫ਼ਤੇ ਤੋਂ ਹੀ ਸੂਬੇ 'ਚ ਅਚਾਨਕ ਆਈ ਗਰਮੀ ਦੀ ਲਹਿਰ ਅਤੇ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਜਾਰੀ ਗਰਮੀ ਦੇ ਕਰਨ ਕਣਕ ਦਾ ਦਾਣਾ ਸੁੰਗੜ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਹ ਇੱਕ ਕੁਦਰਤੀ ਵਰਤਾਰਾ ਹੈ ਅਤੇ ਕਿਸਾਨ ਦੁਆਰਾ ਆਪਣੀ ਫ਼ਸਲ ਦੀ ਕਾਸ਼ਤ ਦੇ ਤਰੀਕੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਿਸਾਨ ਦੁਆਰਾ ਲਿਆਂਦੇ ਗਏ ਕਿਸੇ ਵੀ ਢੇਰ ਨੂੰ, ਜਿਸ ਵਿੱਚ ਨਿਰਧਾਰਿਤ ਕੀਤੇ ਗਏ ਅਨਾਜ ਨਾਲੋਂ ਸੁੱਕੇ ਅਨਾਜ ਦੀ ਪ੍ਰਤੀਸ਼ਤਤਾ ਵੱਧ ਹੈ, ਖ਼ਰੀਦਣ ਤੋਂ ਇਨਕਾਰ ਕਰਨਾ ਬੇਇਨਸਾਫ਼ੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ ਵਿੱਚ ਫ਼ਸਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਐਫਸੀਆਈ ਖੇਤਰੀ ਦਫ਼ਤਰ ਵੀ ਆਪਣੇ ਜ਼ਿਲ੍ਹਾ ਦਫ਼ਤਰਾਂ ਤੋਂ ਇਸ ਸਬੰਧ ਵਿੱਚ ਨਮੂਨੇ ਇਕੱਠੇ ਕਰ ਰਿਹਾ ਹੈ ਅਤੇ ਰਿਪੋਰਟਾਂ ਤਿਆਰ ਕਰ ਰਿਹਾ ਹੈ।

ਉਧਰ ਵੀਰਵਾਰ ਨੂੰ ਅਚਾਨਕ ਖਰਾਬ ਹੋਏ ਮੌਸਮ ਨੇ ਕਿਸਾਨਾਂ ਦੀਆਂ ਦਿੱਕਤਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਰਾਜ ਦੀਆਂ ਖਰੀਦ ਏਜੰਸੀਆਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਰੁਕਣ ਦੇ ਕੁਝ ਘੰਟਿਆਂ ਅੰਦਰ ਮੰਡੀਆਂ ਦੇ ਕੰਮਕਾਜ ਨੂੰ ਮੁੜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੀ ਭਲਾਈ 'ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਖਰਾਬ ਮੌਸਮ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।

ਗੌਰਤਲਬ ਹੈ ਕਿ ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਈ ਹੈ, ਜਿਸ ਕਾਰਨ ਭਲਕੇ ਮੰਡੀਆਂ ਦੇ ਕੰਮਕਾਜ ਵਿੱਚ ਅਸਥਾਈ ਤੌਰ ਉੱਤੇ ਵਿਘਨ ਪੈਣ ਦੀ ਸੰਭਾਵਨਾ ਹੈ।

ਕਿਸਾਨ ਯੂਨੀਅਨ ਦੇ ਆਗੂਆਂ ਦੀ ਦਲੀਲ

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਣਕ ਦੇ ਘੱਟ ਝਾੜ ਨੇ ਕਿਸਾਨਾਂ ਦੀ ਹਾਲਤ ਹੋਰ ਪਤਲੀ ਕਰ ਦਿੱਤੀ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦਾ ਕਹਿਣਾ ਹੈ ਜੇਕਰ ਖ਼ਰੀਦ ਏਜੰਸੀ ਖ਼ਾਸ ਤੌਰ ਉੱਤੇ ਐਫ ਸੀ ਆਈ ਨੇ ਖ਼ਰੀਦ ਦੇ ਨਿਯਮਾਂ ਵਿੱਚ ਢਿੱਲ ਨਹੀਂ ਦਿੱਤੀ ਤਾਂ 25 ਅਪ੍ਰੈਲ ਨੂੰ ਪੰਜਾਬ ਵਿੱਚ ਰੇਲਾਂ ਜਾਮ ਕਰ ਦਿੱਤੀਆਂ ਜਾਣਗੀਆਂ।

ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਹਾਲਤ ਪਹਿਲਾਂ ਹੀ ਆਰਥਿਕ ਤੌਰ ਉੱਤੇ ਪਤਲੀ ਹੈ ਉੱਤੋਂ ਸਰਕਾਰ ਐਮਐਸਪੀ ਉੱਤੇ ਕਾਨੂੰਨ ਨਹੀਂ ਬਣਾ ਰਹੀ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਹੋਰ ਰਿਆਇਤਾਂ ਦੇਵੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)