ਪਟਿਆਲਾ ਵਿੱਚ ਇੱਕ ਔਰਤ ਦੀ ਮੌਤ ਦੇ 18 ਸਾਲ ਮਗਰੋਂ ਅਦਾਲਤ ਨੇ ਡਾਕਟਰ ਨੂੰ 25 ਲੱਖ ਦਾ ਜੁਰਮਾਨਾ ਕਿਉਂ ਲਗਾਇਆ - ਪ੍ਰੈੱਸ ਰਿਵਿਓ

ਪਟਿਆਲਾ ਦੀ ਇੱਕ 47 ਸਾਲਾ ਔਰਤ ਦੀ ਮੌਤ ਦੇ 18 ਸਾਲ ਬਾਅਦ ਸੁਪਰੀਮ ਕੋਰਟ ਨੇ ਪਟਿਆਲਾ ਦੇ ਇੱਕ ਡਾਕਟਰ ਨੂੰ ਪਰਿਵਾਰ ਨੂੰ 25 ਲੱਖ ਦਾ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਔਰਤ ਦੀ ਪਿੱਤੇ ਦੀ ਪੱਥਰੀ ਨੂੰ ਕੱਢਣ ਲਈ ਸਰਜਰੀ ਤੋਂ ਬਾਅਦ ਮੁਸ਼ਕਲਾਂ ਪੈਦਾ ਹੋਣ ਲੱਗੀਆਂ ਸਨ ਅਤੇ ਅਦਾਲਤ ਨੇ ਡਾਕਟਰ ਨੂੰ 'ਮੈਡੀਕਲ ਲਾਪਰਵਾਹੀ' ਦਾ ਦੋਸ਼ੀ ਠਹਿਰਾਉਂਦਿਆਂ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਕਿਹਾ ਹੈ।

ਅਦਾਲਤ ਨੇ ਪਟਿਆਲਾ ਵਿੱਚ ਪ੍ਰੀਤ ਸਰਜੀਕਲ ਸੈਂਟਰ ਅਤੇ ਮੈਟਰਨਿਟੀ ਹਸਪਤਾਲ ਚਲਾਉਣ ਵਾਲੇ ਲੈਪਰੋਸਕੋਪਿਕ ਸਰਜਨ ਡਾ: ਗੁਰਮੀਤ ਸਿੰਘ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੰਦਿਆਂ ਕਿਹਾ, "ਨਿਸ਼ਚਿਤ ਤੌਰ 'ਤੇ ਇਹ ਮੈਡੀਕਲ ਅਣਗਹਿਲੀ ਦਾ ਮਾਮਲਾ ਸੀ, ਜਿਸ ਵਿੱਚ ਲਾਪਰਵਾਹੀ ਹੋਈ।"

ਪਟਿਆਲਾ ਦੇ ਰਹਿਣ ਵਾਲੇ ਹਰਨੇਕ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਦੇ ਪੇਟ ਵਿੱਚ ਦਰਦ ਸੀ ਅਤੇ ਉਨ੍ਹਾਂ ਨੂੰ ਪਿੱਤੇ ਦੀ ਪੱਥਰੀ ਦੀ ਸ਼ਿਕਾਇਤ ਸੀ।

13 ਜੁਲਾਈ 2004 ਨੂੰ, ਉਨ੍ਹਾਂ ਨੇ ਡਾ: ਗੁਰਮੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਇੱਕ ਸਰਜਰੀ ਲਈ ਆਖਿਆ ਗਿਆ।

ਇਸ ਤੋਂ ਬਾਅਦ ਉਨ੍ਹਾਂ ਆਪਰੇਸ਼ਨ ਕਰਵਾਇਆ ਅਤੇ ਮਰੀਜ਼ ਦੀ ਹਾਲਤ ਵਿਗੜਨ 'ਤੇ ਉਨ੍ਹਾਂ ਦੂਜੇ ਹਸਪਤਾਲ ਰੈਫਰ ਕੀਤਾ।

ਸ਼ਿਕਾਇਤ ਮੁਤਾਬਕ ਇਸ ਦੌਰਾਨ ਡਾ. ਨੇ ਸਰਜਰੀ ਦੀ ਡਿਟੇਲ ਦੇਣ ਤੋਂ ਇਨਕਾਰ ਕੀਤਾ ਅਤੇ ਦੂਜੇ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਹਾਲਾਂਕਿ, ਅਦਾਲਤ ਨੇ ਦੂਜੇ ਹਸਪਤਾਲ ਨੂੰ ਇਸ ਵਿੱਚ ਨਿਰਦੋਸ਼ ਦੱਸਿਆ ਹੈ।

ਇਹ ਵੀ ਪੜ੍ਹੋ-

ਟਰਾਂਸਪੋਰਟ ਮੰਤਰੀ ਵੱਲੋਂ ਵਾਇਰਲ ਵੀਡੀਓ 'ਤੇ ਸਫ਼ਾਈ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ ਇਸ ਦੌਰਾਨ ਮੰਤਰੀ ਚੱਲਦੀ ਗੱਡੀ ਦੇ ਸਨਰੂਫ਼ ਵਿੱਚੋਂ ਬਾਹਰ ਬਾਹਰ ਖੜ੍ਹੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਦੋ ਸੁਰੱਖਿਆ ਕਰਮਚਾਰੀ ਵੀ ਖਿੜਕੀਆਂ 'ਤੋਂ ਬਾਹਰ ਨਿਕਲੇ ਹੋਏ ਹਨ।

ਵੀਡੀਓ ਵਿੱਚ ਮੰਤਰੀ ਨੂੰ ਹੱਥ ਹਿਲਾਉਂਦੇ ਹੋਏ ਦਿਖਾਇਆ ਗਿਆ ਹੈ ਜਦੋਂਕਿ ਵੀਡੀਓ ਵਿੱਚ ਇੱਕ ਪੰਜਾਬੀ ਗੀਤ ਸੁਣਾਈ ਦਿੰਦਾ ਹੈ।

ਪੰਜਾਬ ਪੁਲਿਸ ਦੀਆਂ ਦੋ ਗੱਡੀਆਂ ਸੁਰੱਖਿਆ ਕਰ ਰਹੀਆਂ ਹਨ ਅਤੇ ਇੱਕ ਚਿੱਟੀ ਬੀਐੱਮਡਬਲਯੂ ਕਾਰਾਂ ਦੇ ਪਿੱਛੇ ਦਿਖਾਈ ਦੇ ਰਹੀ ਹੈ।

ਇਹ ਵੀਡੀਓ ਉਸ ਸਮੇਂ ਸ਼ੂਟ ਕੀਤਾ ਗਿਆ ਹੈ ਜਦੋਂ ਕਾਫਲਾ ਨੈਸ਼ਨਲ ਹਾਈਵੇਅ ਨੇੜੇ ਖੇਤਾਂ ਕੋਲੋਂ ਲੰਘ ਰਿਹਾ ਸੀ।

ਮੰਤਰੀ ਦੇ ਇਸ ਸਟੰਟ ਦੀ ਟਵਿੱਟਰ 'ਤੇ ਕਾਫੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਪੁੱਛਿਆ ਜਾ ਰਿਹਾ ਹੈ ਉਹ ਆਪਣੇ ਸੁਰੱਖਿਆ ਕਰਮਚਾਰੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਕਿਉਂ ਪਾ ਰਹੇ ਹਨ ਅਤੇ ਇਸ ਤਰ੍ਹਾਂ ਦੀਆਂ ਕਈ ਹੋਰ ਆਲੋਚਨਾਵਾਂ ਵੀ ਸਾਹਮਣੇ ਆ ਰਹੀਆਂ ਹਨ।

ਇਸ ਦੌਰਾਨ, ਮੰਤਰੀ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਇਹ ਵੀਡੀਓ ਤਿੰਨ ਮਹੀਨੇ ਪੁਰਾਣਾ ਹੈ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਅਤੇ "ਵਿਰੋਧੀ ਪਾਰਟੀਆਂ ਵੱਲੋਂ ਵਾਇਰਲ ਕੀਤੀ ਗਈ ਸੀ।"

ਮੰਤਰੀ ਨੇ ਆਪਣੇ ਟਵੀਟ ਵਿੱਚ ਅੱਗੇ ਕਿਹਾ, "ਮੈਂ ਇਸ ਦੇਸ਼ ਦਾ ਇੱਕ ਜ਼ਿੰਮੇਵਾਰ ਅਤੇ ਕਾਨੂੰਨ ਦਾ ਪਾਲਣ ਕਰਨ ਵਾਲਾ ਨਾਗਰਿਕ ਹਾਂ। ਇਹ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।"

ਚੀਨ ਨੇ ਅਮਰੀਕਾ ਨੂੰ ਕਿਹਾ, 'ਤਾਇਵਾਨ 'ਤੇ 'ਜੰਗ ਸ਼ੁਰੂ ਕਰਨ ਤੋਂ ਨਹੀਂ ਝਿਜਕਾਂਗੇ'

ਚੀਨ ਦੇ ਰੱਖਿਆ ਮੰਤਰੀ ਨੇ ਆਪਣੇ ਅਮਰੀਕੀ ਹਮਰੁਤਬਾ ਨਾਲ ਪਹਿਲੀ ਆਹਮੋ-ਸਾਹਮਣੇ ਹੋਈ ਗੱਲਬਾਤ ਵਿੱਚ ਚੇਤਾਵਨੀ ਦਿੰਦਿਆਂ ਕਿਹਾ, "ਜੇਕਰ ਤਾਇਵਾਨ ਸੁਤੰਤਰਤਾ ਦਾ ਐਲਾਨ ਕਰਦਾ ਹੈ ਤਾਂ ਬੀਜਿੰਗ 'ਜੰਗ ਸ਼ੁਰੂ ਕਰਨ ਤੋਂ ਸੰਕੋਚ ਨਹੀਂ ਕਰੇਗਾ।"

ਖ਼ਬਰ ਏਜੰਸੀ ਏਐੱਫਪੀ ਦੀ ਖ਼ਬਰ ਮੁਤਾਬਕ ਲੋਇਡ ਔਸਟਿਨ ਨਾਲ ਮੁਲਾਕਾਤ ਦੌਰਾਨ ਰੱਖਿਆ ਮੰਤਰੀ ਵੇਈ ਫੇਂਗੇ ਦੇ ਹਵਾਲੇ ਨਾਲ ਕਿਹਾ ਗਿਆ, "ਜੇਕਰ ਕੋਈ ਚੀਨ ਤੋਂ ਤਾਇਵਾਨ ਨੂੰ ਵੱਖ ਕਰਨ ਦੀ ਹਿੰਮਤ ਕਰਦਾ ਹੈ, ਤਾਂ ਚੀਨੀ ਫੌਜ ਯਕੀਨੀ ਤੌਰ 'ਤੇ ਜੰਗ ਸ਼ੁਰੂ ਕਰਨ ਤੋਂ ਸੰਕੋਚ ਨਹੀਂ ਕਰੇਗੀ, ਭਾਵੇਂ ਉਹ ਕਿਸੇ ਵੀ ਕੀਮਤ 'ਤੇ ਕਿਉਂ ਨਾ ਹੋਵੇ।"

ਚੀਨੀ ਰੱਖਿਆ ਮੰਤਰਾਲੇ ਅਨੁਸਾਰ, ਚੀਨੀ ਮੰਤਰੀ ਨੇ ਇਹ ਵੀ ਸਹੁੰ ਖਾਧੀ ਕਿ ਬੀਜਿੰਗ "ਕਿਸੇ ਵੀ 'ਤਾਇਵਾਨ ਦੀ ਆਜ਼ਾਦੀ' ਦੀ ਸਾਜ਼ਿਸ਼ ਨੂੰ ਤੋੜ ਦੇਵੇਗਾ ਅਤੇ ਮਾਤ ਭੂਮੀ ਦੀ ਏਕਤਾ ਨੂੰ ਦ੍ਰਿੜਤਾ ਨਾਲ ਬਰਕਰਾਰ ਰੱਖੇਗਾ।"

ਮੰਤਰਾਲੇ ਨੇ ਕਿਹਾ, "ਉਨ੍ਹਾਂ ਨੇ ਜ਼ੋਰ ਦਿੱਤਾ ਕਿ ਤਾਇਵਾਨ ਚੀਨ ਦਾ ਹੈ। ਚੀਨ ਨੂੰ ਕਾਬੂ ਕਰਨ ਲਈ ਤਾਇਵਾਨ ਦੀ ਵਰਤੋਂ ਕਦੇ ਕਾਮਯਾਬ ਨਹੀਂ ਸਕੇਗੀ।"

ਸੰਯੁਕਤ ਰਾਜ ਦੇ ਰੱਖਿਆ ਵਿਭਾਗ ਨੇ ਕਿਹਾ ਕਿ ਸਿੰਗਾਪੁਰ ਵਿੱਚ ਗੱਲਬਾਤ ਦੌਰਾਨ ਆਸਟਿਨ ਨੇ ਆਪਣੇ ਚੀਨੀ ਹਮਰੁਤਬਾ ਨੂੰ ਕਿਹਾ ਕਿ ਬੀਜਿੰਗ ਨੂੰ "ਤਾਇਵਾਨ ਪ੍ਰਤੀ ਹੋਰ ਅਸਥਿਰ ਕਰਨ ਦੀਆਂ ਕਾਰਵਾਈਆਂ ਤੋਂ ਬਚਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)