You’re viewing a text-only version of this website that uses less data. View the main version of the website including all images and videos.
ਰੇਤ ਦੇ ਟਿੱਲਿਆਂ 'ਤੇ ਗੱਡੀ ਚਲਾਈ, ਜੋੜੇ ਨੂੰ 50,000 ਰੁਪਏ ਜੁਰਮਾਨਾ
ਇੱਕ ਜੋੜੇ ਨੂੰ ਵਾਤਾਵਾਰਨ ਦੇ ਹਵਾਲੇ ਤੋਂ ਸੰਵੇਦਨਸ਼ੀਲ ਇਲਾਕੇ ਵਿੱਚ ਰੇਤ ਦੇ ਟਿੱਲਿਆਂ ਉੱਤੇ ਆਪਣੀ ਐਸਯੂਵੀ ਗੱਡੀ ਚਲਾਉਣ ਕਾਰਨ ਜੁਰਮਾਨਾ ਲਗਾਇਆ ਗਿਆ ਹੈ।
ਉੱਤਰੀ ਭਾਰਤ ਦੇ ਲੱਦਾਖ਼ ਵਿੱਚ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।
ਪੁਲਿਸ ਮੁਤਾਬਕ ਇਹ ਜੋੜਾ ਜੈਪੁਰ ਤੋਂ ਲੱਦਾਖ਼ ਵਿੱਚ ਛੁੱਟੀਆਂ ਮਨਾਉਣ ਲਈ ਆਇਆ ਸੀ।
ਇਹ ਜੋੜਾ ਲੇਹ ਜ਼ਿਲ੍ਹੇ ਦੇ ਹੁੰਦਰ ਇਲਾਕੇ ਵਿੱਚ ਰੇਤ ਦੇ ਟਿੱਲਿਆਂ ਉੱਤੇ ਡਰਾਈਵਿੰਗ ਕਰਦਾ ਪਾਇਆ ਗਿਆ ਸੀ।
ਇਸ ਜੋੜੇ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਵੀਰਵਾਰ ਨੂੰ ਪੁਲਿਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ, "ਲੇਹ ਜ਼ਿਲ੍ਹਾ ਪੁਲਿਸ ਸੈਲਾਨੀਆਂ ਨੂੰ ਗੁਜ਼ਾਰਿਸ਼ ਕਰਦੀ ਹੈ ਕਿ ਉਹ ਰੇਤ ਦੇ ਟਿੱਲਿਆਂ ਉੱਤੇ ਨਾ ਚੱਲਣ ਕਿਉਂਕਿ ਇਸ ਨਾਲ ਤੁਸੀਂ ਕੁਦਰਤੀ ਨਜ਼ਾਰਿਆਂ ਨੂੰ ਨੁਕਸਾਨ ਪਹੁੰਚਾਉਂਦੇ ਹੋ।"
ਇਹ ਵੀ ਪੜ੍ਹੋ:
ਲੱਦਾਖ ਦਾ ਸੰਘੀ ਪ੍ਰਸ਼ਾਸਿਤ ਖੇਤਰ ਇੱਕ ਸੋਹਣਾ ਪਰ ਬਹੁਤ ਘੱਟ ਆਬਾਦੀ ਵਾਲਾ ਖੇਤਰ ਹੈ ਜਿਸ ਵਿੱਚ ਪੁਰਾਣੇ ਲੈਂਡਸਕੇਪ (ਕੁਦਰਤੀ ਨਜ਼ਾਰੇ) ਅਤੇ ਉੱਚੇ ਪਹਾੜ ਹਨ। ਇਹ ਸਥਾਨ ਉਨ੍ਹਾਂ ਸੈਲਾਨੀਆਂ ਵਿੱਚ ਪ੍ਰਸਿੱਧ ਹੈ ਜੋ ਮਈ ਅਤੇ ਜੂਨ ਦੇ ਗਰਮੀਆਂ ਦੇ ਮਹੀਨਿਆਂ ਦੌਰਾਨ ਇਸ ਖੇਤਰ ਵਿੱਚ ਆਉਂਦੇ ਹਨ।
ਪਰ ਮਾਹਰਾਂ ਮੁਤਾਬਕ ਸੈਲਾਨੀਆਂ ਦੀ ਬੇਕਾਬੂ ਗਿਣਤੀ ਨੇ ਵਾਤਾਵਰਨ ਦੇ ਹਵਾਲੇ ਤੋਂ ਸੰਵੇਦਨਸ਼ੀਲ ਇਸ ਖ਼ੇਤਰ ਦੀ ਸੁੰਦਰਤਾ ਨੂੰ ਨੁਕਸਾਨਿਆ ਹੈ।
ਅਪ੍ਰੈਲ ਮਹੀਨੇ ਵਿੱਚ ਦੋ ਜਣੇ ਆਪਣੀ ਔਡੀ ਕਾਰ ਨੂੰ ਪੈਂਗੋਂਗ ਝੀਲ ਦੇ ਪਾਣੀ ਵਿੱਚੋਂ ਕੱਢਦੇ ਹੋਏ ਰੇਸ ਲਗਾ ਰਹੇ ਸਨ। ਇਹ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।
ਇਸ ਵੀਡੀਓ ਵਿੱਚ ਦਿਖਦਾ ਸੀ ਕਿ ਇੱਕ ਸ਼ਖ਼ਸ ਆਪਣੀ ਕਾਰ ਦੇ ਸਨਰੂਫ਼ ਤੋਂ ਬਾਹਰ ਸ਼ਰਾਬ ਅਤੇ ਪਾਣੀ ਦੀਆਂ ਬੋਤਲਾਂ ਸਣੇ ਚਿਪਸ ਦੇ ਪੈਕੇਟ ਨਹਿਰ ਦੇ ਕੰਢੇ ਉੱਤੇ ਸੁੱਟ ਰਿਹਾ ਹੈ।
ਜੋੜੇ ਉੱਤੇ ਹੋਈ ਕਾਰਵਾਈ ਤੋਂ ਬਾਅਦ ਵੀਰਵਾਰ ਨੂੰ ਕਈਆਂ ਨੇ ਲੇਹ ਦੀ ਪੁਲਿਸ ਦੀ ਇਸ ਮਾਮਲੇ ਵਿੱਚ ਤੁਰੰਤ ਐਕਸ਼ਨ ਲੈਣ ਕਾਰਨ ਸ਼ਲਾਘਾ ਕੀਤੀ।
ਇੱਕ ਸ਼ਖ਼ਸ ਨੇ ਫੇਸਬੁੱਕ ਉੱਤੇ ਲਿਖਿਆ, "ਲੇਹ ਦੀ ਜ਼ਿਲ੍ਹਾ ਪੁਲਿਸ ਉੱਤੇ ਬਹੁਤ ਮਾਣ ਹੈ, ਕਿਰਪਾ ਕਰਕੇ ਪਹਾੜਾਂ ਅਤੇ ਕੁਦਰਤੀ ਨਜ਼ਾਰਿਆਂ ਨੂੰ ਸਾਫ਼ ਸੁਥਰਾ ਰੱਖੋ ਅਤੇ ਉਮੀਦ ਹੈ ਕਿ ਅਸੀਂ ਅਜਿਹੇ ਹੋਰ ਸਖ਼ਤ ਟ੍ਰੈਫ਼ਿਕ ਨਿਯਮ ਦੇਖਾਂਗੇ।"
ਇੱਕ ਹੋਰ ਨੇ ਕੁਮੈਂਟ ਕੀਤਾ, "ਲੱਦਾਖ਼ ਪੁਲਿਸ, ਤੁਹਾਨੂੰ ਸਲਾਮ।"
ਇਹ ਵੀ ਪੜ੍ਹੋ: