ਹਰਵਿੰਦਰ ਸਿੰਘ 'ਰਿੰਦਾ' ਕੌਣ ਹੈ, ਜਿਸ ਦਾ ਨਾਂ ਕਈ ਅੱਤਵਾਦੀ ਘਟਨਾਵਾਂ ਦੇ ਨਾਲ ਨਸ਼ਾ ਤਸਕਰੀ ਨਾਲ ਜੁੜ ਰਿਹਾ ਹੈ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਨਵਾਂਸ਼ਹਿਰ ਦੀ ਪੁਲਿਸ ਨੇ ਬੀਤੇ ਐਤਵਾਰ ਨੂੰ 38 ਕਿਲੋ ਹੈਰੋਇਨ ਦੀ ਖੇਪ ਫੜ੍ਹਨ ਦਾ ਦਾਅਵਾ ਕੀਤਾ ਸੀ। ਪੁਲਿਸ ਨੇ ਦਾਅਵੇ ਮੁਤਾਬਕ ਨਸ਼ੇ ਦੀ ਖੇਪ ਨਾਲ ਫੜ੍ਹ ਗਏ ਦੋ ਵਿਅਕਤੀ ਇਸ ਨੂੰ ਗੁਜਰਾਤ ਦੇ ਭੁਜ ਤੋਂ ਲੈਕੇ ਆਏ ਸਨ।

ਸੋਮਵਾਰ ਨੂੰ ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਚੰਡੀਗੜ੍ਹ ਵਿਚ ਇੱਕ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਹ ਨਸ਼ੀਲੇ ਪਦਾਰਥ ਪਾਕਿਸਤਾਨ ਰਹਿੰਦੇ ਹਰਵਿੰਦਰ ਸਿੰਘ ਰਿੰਦਾ ਨਾਂ ਦੇ ਵਿਅਕਤੀ ਨੇ ਭੇਜੇ ਸਨ।

ਹਰਵਿੰਦਰ ਸਿੰਘ ਰਿੰਦਾ ਦਾ ਪੰਜਾਬ ਵਿਚ ਪਿਛਲੇ ਮਹੀਨਿਆਂ ਦੌਰਾਨ ਹੋਈਆਂ ਕਈ ਅੱਤਵਾਦੀ ਵਾਰਦਾਤਾਂ ਨਾਲ ਵੀ ਨਾਂ ਜੁੜਿਆ ਹੈ।

ਕੌਮਾਂਤਰੀ ਏਜੰਸੀ ਇੰਟਰਪੋਲ ਭਾਰਤ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦੇ ਹਰਵਿੰਦਰ ਸਿੰਘ ਰਿੰਦਾ ਖ਼ਿਲਾਫ਼ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕਰ ਚੁੱਕੀ ਹੈ।

ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੀ ਭਾਲ ਪੰਜਾਬ ਅਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਦੀ ਪੁਲਿਸ ਲੰਮੇ ਸਮੇਂ ਤੋਂ ਕਰ ਰਹੀ ਹੈ।

ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਰਿੰਦਾ ਪਹਿਲਾਂ ''ਗੈਂਗਸਟਰ'' ਸੀ ਅਤੇ ਹੁਣ ''ਅੱਤਵਾਦੀ'' ਬਣ ਗਿਆ ਹੈ ਅਤੇ ਇਸ ਸਮੇਂ ਕਥਿਤ ਤੌਰ ਉੱਤੇ ਪਾਕਿਸਤਾਨ ਵਿੱਚ ਹੈ।

ਅਸਲ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਟਰ ਉਤੇ ਜੋ 9 ਮਈ 2022 ਨੂੰ ਜੋ ਹਮਲਾ ਹੋਇਆ ਸੀ, ਉਸ ਤੋਂ ਬਾਅਦ ਰਿੰਦਾ ਦਾ ਨਾਮ ਫਿਰ ਤੋਂ ਸੁਰਖੀਆਂ ਵਿੱਚ ਆਇਆ ਸੀ।

ਨਾਂਦੇੜ ਦਾ ਹੈ ਹਰਵਿੰਦਰ ਸਿੰਘ ਰਿੰਦਾ

ਹਰਵਿੰਦਰ ਸਿੰਘ ਰਿੰਦਾ ਮਹਾਰਾਸ਼ਟਰ ਦੇ ਨਾਂਦੇੜ ਦਾ ਰਹਿਣ ਵਾਲਾ ਹੈ। ਉਸ ਦਾ ਗਿਰੋਹ ਨਾਂਦੇੜ ਵਿੱਚ ਸਰਗਰਮ ਹੈ।

ਬੀਬੀਸੀ ਮਰਾਠੀ ਸਰਵਿਸ ਮੁਤਾਬਕ ਰਿੰਦਾ ਦੇ ਨਾਮ ਦਾ ਖੌਫ ਨਾਂਦੇੜ ਸਾਹਿਬ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਪੂਰਾ ਚਲਦਾ ਹੈ।

ਜਬਰੀ ਵਸੂਲੀ ਦੇ ਕਾਰਨ ਨਾਂਦੇੜ ਸਾਹਿਬ ਦੇ ਆਸ ਪਾਸ ਦੇ ਇਲਾਕਿਆਂ ਵਿੱਚੋਂ ਰੀਅਲ ਅਸਟੇਟ ਨਾਲ ਜੁੜੇ ਕਈ ਲੋਕਾਂ ਨੇ ਰਿੰਦਾ ਦੀਆਂ ਧਮਕੀਆਂ ਕਾਰਨ ਉੱਥੋ ਹਿਜਰਤ ਕੀਤੀ ਹੈ।

ਅਸਲ ਵਿੱਚ ਕੁਝ ਸਮਾਂ ਪਹਿਲਾਂ ਹਰਵਿੰਦਰ ਸਿੰਘ ਰਿੰਦਾ ਨੇ ਨਾਂਦੇੜ ਦੇ ਇੱਕ ਵੱਡੇ ਬਿਲਡਰ ਦੀ ਕਥਿਤ ਤੌਰ 'ਤੇ ਉਸ ਦੇ ਘਰ ਦੇ ਸਾਹਮਣੇ ਹੱਤਿਆ ਕਰ ਦਿੱਤੀ ਸੀ।

ਇਸ ਘਟਨਾ ਕਾਰਨ ਰਿੰਦਾ ਦਾ ਇਥੋਂ ਦੇ ਕਾਰੋਬਾਰੀਆਂ ਵਿੱਚ ਖੌਫ਼ ਹੈ।

ਮਹਾਰਾਸ਼ਟਰ ਏਟੀਐੱਸ ਅਧਿਕਾਰੀਆਂ ਨੇ ਬੀਬੀਸੀ ਮਰਾਠੀ ਨੂੰ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਰਿੰਦਾ ਇਸ ਸਮੇਂ ਪਾਕਿਸਤਾਨ ਵਿੱਚ ਹੈ ਅਤੇ ਆਈਐੱਸਆਈ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ।

ਨਾਂਦੇੜ ਸ਼ਹਿਰ 'ਚ ਹਰਵਿੰਦਰ ਸਿੰਘ ਰਿੰਦਾ ਦਾ ਗਿਰੋਹ ਫਿਰੌਤੀ ਅਤੇ ਧਮਕੀਆਂ ਦੇ ਕੇ ਪੈਸੇ ਵਸੂਲਣ ਦਾ ਕੰਮ ਕਰਦਾ ਹੈ।

ਪੰਜਾਬ ਵਿੱਚ ਪਰਿਵਾਰ ਦਾ ਪਿਛੋਕੜ

ਰਿੰਦਾ ਗਿਰੋਹ ਦੇ ਕੁਝ ਮੁਲਜ਼ਮ ਜੇਲ੍ਹ ਵਿੱਚ ਹਨ ਅਤੇ ਕੁਝ ਫ਼ਰਾਰ ਹਨ। ਹਰਵਿੰਦਰ ਸਿੰਘ 'ਰਿੰਦਾ' ਦਾ ਪਰਿਵਾਰ ਮੂਲ ਰੂਪ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਉਸ ਦੇ ਪਿਤਾ ਚਰਨਜੀਤ ਸਿੰਘ ਸੰਧੂ ਪੇਸ਼ੇ ਵਜੋਂ ਟਰੱਕ ਡਰਾਈਵਰ ਸਨ ਅਤੇ 1976 ਵਿੱਚ ਉਹ ਨਾਂਦੇੜ ਆ ਕੇ ਵੱਸ ਗਏ ਸਨ।

ਪਰਿਵਾਰ ਨਾਂਦੇੜ ਦੇ ਗੁਰਦੁਆਰਾ ਸਾਹਿਬ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।

5 ਸਾਲਾ ਹਰਵਿੰਦਰ ਸਿੰਘ 'ਰਿੰਦਾ' ਨੇ ਆਪਣੀ ਸਿੱਖਿਆ ਯੂਨੀਵਰਸਲ ਇੰਗਲਿਸ਼ ਸਕੂਲ, ਨਾਂਦੇੜ ਤੋਂ ਪੂਰੀ ਕੀਤੀ ਸੀ। ਨਾਂਦੇੜ ਪੁਲਿਸ ਦੀ ਕਾਰਵਾਈ ਤੋਂ ਡਰਦਿਆਂ ਰਿੰਦਾ ਮੁੜ ਪੰਜਾਬ ਭੱਜ ਗਿਆ ਸੀ।

ਹਰਵਿੰਦਰ ਸਿੰਘ 'ਰਿੰਦਾ' ਦਾ ਅਪਰਾਧਿਕ ਪਿਛੋਕੜ

ਪੁਲਿਸ ਰਿਕਾਰਡ ਅਨੁਸਾਰ ਰਿੰਦਾ ਨੇ 18 ਸਾਲ ਦੀ ਉਮਰ ਵਿੱਚ ਤਰਨਤਾਰਨ ਵਿੱਚ ਆਪਣੇ ਇੱਕ ਰਿਸ਼ਤੇਦਾਰ ਦਾ ਪਰਿਵਾਰਕ ਝਗੜੇ ਕਾਰਨ ਕਤਲ ਕਰ ਦਿੱਤਾ ਸੀ।

ਇਹ ਘਟਨਾ 2008 ਦੀ ਹੈ ਅਤੇ ਉਸ ਤੋਂ ਬਾਅਦ ਵਿੱਚ ਰਿੰਦਾ ਗ੍ਰਿਫਤਾਰ ਕਰ ਲਿਆ ਗਿਆ। ਰਿੰਦਾ ਅਤੇ ਉਸ ਦਾ ਚਚੇਰਾ ਭਰਾ 2015 ਤੱਕ ਜੇਲ੍ਹ ਵਿੱਚ ਸਨ।

ਮਹਾਰਾਸ਼ਟਰ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਵਿੱਚ ਰਿੰਦਾ ਨੇ ਸਟਾਫ਼ ਨੂੰ ਕੁੱਟਿਆ ਸੀ। ਰਿੰਦਾ 'ਤੇ ਨਾਂਦੇੜ 'ਚ 14 ਅਤੇ ਪੰਜਾਬ 'ਚ 23 ਮਾਮਲੇ ਦਰਜ ਹਨ।

ਇਨ੍ਹਾਂ ਵਿੱਚ ਜਬਰੀ ਵਸੂਲੀ, ਕਤਲ ਅਤੇ ਡਰਾਉਣ-ਧਮਕਾਉਣ ਵਰਗੇ ਅਪਰਾਧ ਸ਼ਾਮਲ ਹਨ।

ਰਿੰਦਾ ਦੇ ਅਪਰਾਧਿਕ ਪਿਛੋਕੜ 'ਤੇ ਬੋਲਦਿਆਂ, ਨਾਂਦੇੜ ਦੇ ਪੁਲਿਸ ਸੁਪਰਡੈਂਟ ਪ੍ਰਮੋਦ ਸ਼ੇਵਾਲੇ ਨੇ ਕਿਹਾ, "2016 ਤੋਂ, ਰਿੰਦਾ ਵਿਰੁੱਧ ਨਾਂਦੇੜ ਅਤੇ ਪੰਜਾਬ ਵਿੱਚ ਅਪਰਾਧਿਕ ਮਾਮਲੇ ਦਰਜ ਹਨ।"

ਮਹਾਰਾਸ਼ਟਰ ਏਟੀਐੱਸ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਰਿੰਦਾ ਫੋਨ ਦੀ ਵਰਤੋਂ ਨਹੀਂ ਕਰਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਰਿੰਦਾ ਕਿਵੇਂ ਫਰਾਰ ਹੋਇਆ ਸੀ

ਮਹਾਰਾਸ਼ਟਰ ਅਤੇ ਪੰਜਾਬ ਪੁਲਿਸ 2016 ਤੋਂ ਵੱਖ-ਵੱਖ ਮਾਮਲਿਆਂ ਵਿੱਚ ਰਿੰਦਾ ਦੀ ਭਾਲ ਕਰ ਰਹੀ ਹੈ।

ਪੁਲਿਸ ਨੂੰ 2017 ਵਿੱਚ ਉਸ ਨੂੰ ਫੜਨ ਦਾ ਮੌਕਾ ਮਿਲਿਆ ਸੀ। ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰਵਿੰਦਰ ਸਿੰਘ 'ਰਿੰਦਾ' ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਬੈਂਗਲੁਰੂ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ।

ਪੁਲਿਸ ਨੇ ਛਾਪਾ ਮਾਰਿਆ ਪਰ ਰਿੰਦਾ ਖਿੜਕੀ ਤੋਂ ਛਾਲ ਮਾਰ ਕੇ ਭੱਜ ਗਿਆ। ਉਸ ਦੀ ਪਤਨੀ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਰਿੰਦਾ ਦੇ ਫਰਾਰ ਹੋਣ ਦੀ ਘਟਨਾ ਸੀਸੀਟੀਵੀ ਕੈਦ ਵੀ ਹੋਈ ਸੀ।

ਪੰਜਾਬ ’ਚ ਕਿਹੜੇ ਅਪਰਾਧਾਂ ਵਿੱਚ ਸ਼ਾਮਿਲ

ਪੰਜਾਬ ਪੁਲਿਸ ਨੂੰ ਰਿੰਦਾ ਦੀ ਕਈ ਮਾਮਲਿਆਂ ਵਿੱਚ ਭਾਲ ਹੈ , ਜਿਸ ਵਿੱਚ ਕਤਲ, ਫਿਰੌਤੀ ਅਤੇ ਹੋਰ ਕਈ ਗੰਭੀਰ ਮਾਮਲੇ ਸ਼ਾਮਿਲ ਹਨ।

ਅਸਲ ਵਿੱਚ ਕੁਝ ਹਫ਼ਤੇ ਪਹਿਲਾਂ ਹਰਿਆਣਾ ਪੁਲਿਸ ਨੇ ਕਰਨਾਲ ਤੋਂ ਚਾਰ ਸ਼ੱਕੀ ਨੌਜਵਾਨਾਂ ਨੂੰ ਹਥਿਆਰਾਂ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ।

ਹਰਿਆਣਾ ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਨੌਜਵਾਨ ਰਿੰਦਾ ਦੇ ਸੰਪਰਕ ਵਿੱਚ ਸਨ, ਜੋ ਕਿ ਇਸ ਸਮੇਂ ਕਥਿਤ ਤੌਰ ਉਤੇ ਪਾਕਿਸਤਾਨ ਵਿੱਚ ਰਹਿ ਰਿਹਾ ਹੈ।

ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜੋ ਵੀ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ, ਉਹ ਮਹਾਰਾਸ਼ਟਰ ਵਿੱਚ ਭੇਜੀ ਜਾਣੀ ਸੀ।

ਬਾਅਦ ਵਿੱਚ ਪੰਜਾਬ ਪੁਲਿਸ ਨੇ ਹਰਵਿੰਦਰ ਸਿੰਘ 'ਰਿੰਦਾ' ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦੇ ਪਰਦਾਫਾਸ਼ ਦਾ ਦਾਅਵਾ ਕਰਦੇ ਹੋਏ ਫਿਰੋਜ਼ਪੁਰ ਤੋਂ ਦੋ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਐੱਸਐੱਸਪੀ ਫਿਰੋਜ਼ਪੁਰ ਚਰਨਜੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਤੋਂ ਗ੍ਰਿਫਤਾਰ ਕੀਤੇ ਗਏ ਚਾਰ ਮੁਲਜ਼ਮਾਂ ਦੇ ਖੁਲਾਸੇ 'ਤੇ ਪੰਜਾਬ ਪੁਲਿਸ ਵੱਲੋਂ ਇਸ ਮਾਡਿਊਲ ਦੇ ਹੋਰ ਮੈਂਬਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ।

ਐੱਸਐੱਸਪੀ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਨੂੰ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਅਤੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਅੱਤਵਾਦੀਆਂ ਵੱਲੋਂ ਭੇਜੀਆਂ ਗਈਆਂ ਕਈ ਖੇਪਾਂ ਪ੍ਰਾਪਤ ਹੋਈਆਂ ਸਨ ਅਤੇ ਇਸ ਨੂੰ ਰਿੰਦਾ ਦੇ ਕਹਿਣ 'ਤੇ ਅੱਗੇ ਪਹੁੰਚਾਇਆ ਕਰਦੇ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)