ਨੂਪੁਰ ਸ਼ਰਮਾ: ਪੈਗੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਵਾਲੀ ਸਾਬਕਾ ਭਾਜਪਾ ਤਰਜ਼ਮਾਨ ਨੂੰ ਸੁਪਰੀਮ ਕੋਰਟ ਨੇ ਦਿੱਤੀ ਰਾਹਤ

ਸੁਪਰੀਮ ਕੋਰਟ ਵੱਲੋਂ ਭਾਜਪਾ ਦੇ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਨੂੰ ਫੌਰੀ ਰਾਹਤ ਦਿੰਦੇ ਹੋਏ ਅਗਲੀ ਸੁਣਵਾਈ ਤੱਕ ਗ੍ਰਿਫ਼ਤਾਰ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੈਗੰਬਰ ਮੁਹੰਮਦ ਬਾਰੇ ਨੂਪੁਰ ਸ਼ਰਮਾ ਵੱਲੋਂ ਟੀਵੀ ਚੈਨਲ 'ਤੇ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਵੱਖ ਵੱਖ ਸੂਬਿਆਂ ਵਿੱਚ ਉਨ੍ਹਾਂ ਉਪਰ 9 ਐਫਆਈਆਰਜ਼ ਹੋਈਆਂ ਸਨ।

ਸੁਪਰੀਮ ਕੋਰਟ ਨੇ ਹੁਣ ਇਸ ਮਾਮਲੇ 'ਤੇ ਸੁਣਵਾਈ 10 ਅਗਸਤ ਨੂੰ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਅਗਲੀ ਸੁਣਵਾਈ ਤੱਕ ਨੂਪੁਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ।

ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਨੂਪੁਰ ਉਪਰ 9 ਐਫਆਈਆਰ ਹੋਈਆਂ ਹਨ।

ਸੋਮਵਾਰ ਨੂੰ ਨੂਪੁਰ ਵੱਲੋਂ ਸੁਪਰੀਮ ਕੋਰਟ ਵਿੱਚ ਇੱਕ ਹੋਰ ਪਟੀਸ਼ਨ ਪਾ ਕੇ ਇਨ੍ਹਾਂ ਸਾਰੀਆਂ ਐਫਆਈਆਰ 'ਚ ਉਨ੍ਹਾਂ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਸੀ।

ਨੂਪੁਰ ਨੇ ਇਸ ਪਟੀਸ਼ਨ ਵਿੱਚ ਆਖਿਆ ਕਿ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਉਨ੍ਹਾਂ ਨੂੰ ਹੋਰ ਜ਼ਿਆਦਾ ਧਮਕੀਆਂ ਮਿਲ ਰਹੀਆਂ ਹਨ, ਜਿਨ੍ਹਾਂ ਵਿੱਚ ਬਲਾਤਕਾਰ ਅਤੇ ਕਤਲ ਆਦਿ ਸ਼ਾਮਿਲ ਹਨ।

ਪਟੀਸ਼ਨ ਵਿੱਚ ਆਖਿਆ ਗਿਆ ਕਿ ਇਨ੍ਹਾਂ ਸਾਰੀਆਂ ਐਫਆਈਆਰ ਨੂੰ ਦਿੱਲੀ ਵਿੱਚ ਹੋਈ ਐੱਫਆਈਆਰ ਨਾਲ ਹੀ ਜੋੜ ਦਿੱਤਾ ਜਾਵੇ।

ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਨੂਪੁਰ ਦੀ ਗ੍ਰਿਫ਼ਤਾਰੀ ਉੱਪਰ ਫਿਲਹਾਲ ਆਰਜ਼ੀ ਰੋਕ ਲਗਾ ਦਿੱਤੀ ਹੈ ।

ਅਦਾਲਤ ਵੱਲੋਂ ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ,ਦਿੱਲੀ ,ਤੇਲੰਗਾਨਾ ,ਅਸਾਮ, ਮਹਾਰਾਸ਼ਟਰ ਅਤੇ ਹੋਰ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਕੇ ਇਨ੍ਹਾਂ ਸੂਬੇ ਵਿੱਚ ਹੋਈਆਂ ਐੱਫਆਈਆਰ ਬਾਰੇ ਜਾਣਕਾਰੀ ਮੰਗੀ ਗਈ ਹੈ।

ਭਾਰਤੀ ਜਨਤਾ ਪਾਰਟੀ, ਭਾਜਪਾ ਦੀ ਸਾਬਕਾ ਤਰਜ਼ਮਾਨ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਗਈਆਂ ਵਿਵਾਦਿਤ ਟਿੱਪਣੀਆਂ ਤੋਂ ਬਾਅਦ ਸੁਪਰੀਮ ਕੋਰਟ ਨੇ 1 ਜੁਲਾਈ ਨੂੰ ਇਤਰਾਜ਼ ਵੀ ਜਤਾਇਆ ਸੀ।

ਇਸ ਤੋਂ ਪਹਿਲਾਂ ਕਈ ਇਸਲਾਮੀ ਦੇਸ਼ਾਂ ਨੇ ਵੀ ਇਸ ਬਾਰੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ।

ਮਈ 2022 ਵਿੱਚ ਇੱਕ ਟੀਵੀ 'ਤੇ ਬਹਿਸ ਪ੍ਰੋਗਰਾਮ ਦੌਰਾਨ ਨੂਪੁਰ ਸ਼ਰਮਾ ਵੱਲੋਂ ਕੀਤੀ ਗਈ ਇੱਕ ਟਿੱਪਣੀ ਤੋਂ ਬਾਅਦ ਸਾਰਾ ਵਿਵਾਦ ਸ਼ੁਰੂ ਹੋਇਆ ਸੀ।

ਇਸ ਬਹਿਸ ਦੀ ਵੀਡੀਓ ਨੂੰ ਆਲਟ ਨਿਊਜ਼ ਦੇ ਸਹਿ- ਸੰਸਥਾਪਕ ਮੁਹੰਮਦ ਜ਼ੁਬੈਰ ਵੱਲੋਂ ਟਵੀਟ ਕੀਤਾ ਗਿਆ ਸੀ।

ਕੁਝ ਦਿਨਾਂ ਵਿੱਚ ਇਹ ਟਵੀਟ ਵਾਇਰਲ ਹੋ ਗਿਆ ਜਿਸ ਤੋਂ ਬਾਅਦ ਦੁਨੀਆਂ ਭਰ ਦੇ ਕਈ ਮੁਲਕਾਂ ਨੇ ਭਾਰਤ ਦੇ ਸਫ਼ੀਰਾਂ ਰਾਹੀਂ ਇਤਰਾਜ਼ ਜਤਾਇਆ ਸੀ।

5 ਜੂਨ ਨੂੰ ਭਾਜਪਾ ਨੇ ਨੂਪੁਰ ਸ਼ਰਮਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ।

ਪਾਰਟੀ ਦੇ ਦਿੱਲੀ ਮੀਡੀਆ ਯੂਨਿਟ ਦੇ ਮੁਖੀ ਨਵੀਨ ਕੁਮਾਰ ਜਿੰਦਲ ਨੂੰ ਵੀ ਇੱਕ ਟਵੀਟ 'ਚ ਕੀਤੀ ਇਤਰਾਜ਼ਯੋਗ ਟਿੱਪਣੀ ਕਰਕੇ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ।

ਭਾਜਪਾ ਨੇ ਇੱਕ ਬਿਆਨ 'ਚ ਕਿਹਾ ਸੀ ਕਿ ਪਾਰਟੀ ਅਜਿਹੀ ਵਿਚਾਰਧਾਰਾ ਦੇ ਵਿਰੁੱਧ ਹੈ, ਜੋ ਕਿ ਕਿਸੇ ਵੀ ਸੰਪਰਦਾ ਜਾਂ ਧਰਮ ਦਾ ਅਪਮਾਨ ਅਤੇ ਬੇਇਜ਼ਤੀ ਕਰਦੀ ਹੈ।

ਅਜਿਹੀਆਂ ਟਿੱਪਣੀਆਂ ਦੇ ਮੱਦੇਨਜ਼ਰ ਨਾਰਾਜ਼ ਇਸਲਾਮੀ ਮੁਲਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ 'ਚ ਲੱਗੇ ਭਾਰਤੀ ਸਫ਼ੀਰਾਂ ਨੇ ਕਿਹਾ ਸੀ ਕਿ ਇਹ ਟਿੱਪਣੀਆਂ ਸਰਕਾਰ ਦੇ ਰੁਖ਼ ਨੂੰ ਨਹੀਂ ਦਰਸਾਉਂਦੀਆਂ ਹਨ ਅਤੇ ਇਹ ''ਹਾਸ਼ੀਏ 'ਤੇ ਪਹੁੰਚੇ ਲੋਕਾਂ' ਦੇ ਵਿਚਾਰ ਸਨ।

ਪਾਰਟੀ 'ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਨੂਪੁਰ ਸ਼ਰਮਾ ਨੇ ਇੱਕ ਬਿਆਨ 'ਚ ਕਿਹਾ ਕਿ " ਮੈਂ ਬਿਨ੍ਹਾਂ ਸ਼ਰਤ ਆਪਣਾ ਬਿਆਨ ਵਾਪਸ ਲੈਂਦੀ ਹਾਂ ਅਤੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਦਾ ਮੇਰਾ ਕੋਈ ਇਰਾਦਾ ਨਹੀਂ ਸੀ।

ਆਪਣੀਆਂ ਟਿੱਪਣੀਆਂ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰਦਿਆਂ ਕਿਹਾ ਕਿ ਇਹ ਟਿੱਪਣੀ 'ਹਿੰਦੂ ਦੇਵਤਾ ਸ਼ਿਵ ਪ੍ਰਤੀ ਲਗਾਤਾਰ ਅਪਮਾਨ ਅਤੇ ਨਿਰਾਦਰ' ਕੀਤੇ ਜਾਣ ਦੇ ਜਵਾਬ 'ਚ ਸੀ।

ਗਿਆਨਵਾਪੀ ਮਸਜਿਦ 'ਤੇ ਵਿਵਾਦ 'ਤੇ ਚੱਲ ਰਹੀ ਬਹਿਸ ਦੌਰਾਨ ਉਨ੍ਹਾਂ ਵੱਲੋਂ ਇਹ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ।

ਕਈ ਹਿੰਦੂਆਂ ਦਾ ਦਾਅਵਾ ਹੈ ਕਿ ਇਤਿਹਾਸਿਕ ਸ਼ਹਿਰ ਵਾਰਾਣਸੀ 'ਚ ਗਿਆਨਵਾਪੀ ਮਸਜਿਦ 16ਵੀਂ ਸਦੀ ਦੇ ਇੱਕ ਵਿਸ਼ਾਲ ਹਿੰਦੂ ਅਸਥਾਨ ਦੇ ਖੰਡਰਾਂ 'ਤੇ ਬਣੀ ਹੈ, ਜਿਸ ਨੂੰ ਕਿ 1669 'ਚ ਮੁਗਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਤਬਾਹ ਕੀਤਾ ਗਿਆ ਸੀ।

ਨੂਪੁਰ ਸ਼ਰਮਾ ਖ਼ਿਲਾਫ਼ ਸੁਪਰੀਮ ਕੋਰਟ ਦੀ ਟਿੱਪਣੀ ਅਤੇ ਇਸਦਾ ਵਿਰੋਧ

ਪੈਗੰਬਰ ਮੁਹੰਮਦ ਉੱਪਰ ਟਿੱਪਣੀਆਂ ਤੋਂ ਬਾਅਦ ਨੂਪੁਰ ਸ਼ਰਮਾ ਨੇ ਕਥਿਤ ਧਮਕੀਆਂ ਉਪਰੰਤ ਸੁਪਰੀਮ ਕੋਰਟ ਦਾ ਰੁਖ ਕੀਤਾ। ਨੂਪਰ ਸ਼ਰਮਾ ਨੇ ਅਦਾਲਤ ਨੂੰ ਅਪੀਲ ਸੀ ਕਿ ਉਨ੍ਹਾਂ ਖਿਲਾਫ਼ ਦੇਸ਼ ਦੇ ਕਈ ਹਿੱਸਿਆਂ ਵਿੱਚ ਚੱਲ ਰਹੇ ਕੇਸਾਂ ਨੂੰ ਇੱਕ ਥਾਂ (ਦਿੱਲੀ) ਤਬਦੀਲ ਕੀਤਾ ਜਾਵੇ।

ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ, ਜਿਨ੍ਹਾਂ ਵਿੱਚ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੇਬੀ ਪਰਦੀਵਾਲਾ ਸ਼ਾਮਿਲ ਸਨ, ਨੇ ਨੁਪੁਰ ਸ਼ਰਮਾ ਉੱਪਰ 1 ਜੁਲਾਈ, 2022 ਨੂੰ ਸਖ਼ਤ ਟਿੱਪਣੀਆਂ ਕੀਤੀਆਂ।

ਅਦਾਲਤ ਨੇ ਉਦੈਪੁਰ ਵਿਖੇ ਕਨ੍ਹੱਈਆ ਲਾਲ ਦੀ ਹੱਤਿਆ ਅਤੇ ਦੇਸ਼ ਦੇ ਮੌਜੂਦਾ ਹਾਲਾਤਾਂ ਲਈ ਨੂਪੁਰ ਨੂੰ ਜ਼ਿੰਮੇਵਾਰ ਦੱਸਿਆ।

ਨੂਪੁਰ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਅਦਾਲਤ ਨੇ ਆਖਿਆ ਕਿ ਉਨ੍ਹਾਂ ਨੂੰ ਟੀਵੀ 'ਤੇ ਜਾ ਕੇ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਸੀ।

ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਖਿਲਾਫ 4 ਜੁਲਾਈ ਨੂੰ 15 ਸੇਵਾਮੁਕਤ ਜੱਜ ਅਤੇ 77 ਸੇਵਾਮੁਕਤ ਅਫ਼ਸਰਾਂ ਸਮੇਤ 117 ਹਸਤੀਆਂ ਨੇ ਚੀਫ ਜਸਟਿਸ ਐੱਨਵੀ ਰਮੰਨਾ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ।

ਪੰਜਾਬ ਦੇ ਸਾਬਕਾ ਡੀਜੀਪੀ ਪੀਸੀ ਡੋਗਰਾ ਵੀ ਇਨ੍ਹਾਂ ਵਿੱਚ ਸ਼ਾਮਿਲ ਹਨ।

ਚਿੱਠੀ ਵਿੱਚ ਲਿਖਿਆ ਗਿਆ ਕਿ ਅਦਾਲਤ ਦੇ ਬੈਂਚ ਨੇ ਲਕਸ਼ਮਣ ਰੇਖਾ ਪਾਰ ਕੀਤੀ ਹੈ। ਚਿੱਠੀ ਵਿੱਚ ਜਸਟਿਸ ਕਾਂਤ ਦੇ ਸੇਵਾਮੁਕਤ ਹੋਣ ਤੱਕ ਰੋਸਟਰ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਹੈ।

ਨੂਪੁਰ ਸ਼ਰਮਾ: ਵਿਦਿਆਰਥੀ ਨੇਤਾ ਵਜੋਂ ਨੀਤੀ ਰਾਜਨੀਤਕ ਸਫ਼ਰ ਦੀ ਸ਼ੁਰੂਆਤ

  • 2008 ਵਿੱਚ ਨੂਪੁਰ ਸ਼ਰਮਾ ਦੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਹੋਈ ਸੀ। ਨੂਪੁਰ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਅਤੇ ਇਸੇ ਸਾਲ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਜਿੱਤੀਆਂ ਸਨ।
  • 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਭਾਜਪਾ ਦੇ ਮੀਡੀਆ ਕਮੇਟੀ ਵਿੱਚ ਜਗ੍ਹਾ ਮਿਲੀ।
  • 2015 ਦੇਸ਼ ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਨੂਪੁਰ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਚੋਣਾਂ ਲੜੀਆਂ।
  • 2020 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਰਾਸ਼ਟਰੀ ਬੁਲਾਰਾ ਬਣਾਇਆ।
  • ਟਵਿੱਟਰ ਉੱਪਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਉਨ੍ਹਾਂ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ।

ਇਹ ਵੀ ਪੜ੍ਹੋ:

ਪਰਿਵਾਰ ਨੂੰ ਧਮਕੀਆਂ ਮਿਲਣ ਦੇ ਕੀਤੇ ਦਾਅਵੇ

ਨੂਪੁਰ ਦੇ ਬਿਆਨ ਦੇ ਵੀਡੀਓ ਨੂੰ ਪੱਤਰਕਾਰ ਅਤੇ ਫੈਕਟ ਚੈਕਿੰਗ ਵੈਬਸਾਈਟ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਵੱਲੋਂ 27 ਮਈ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ।

ਇਸ ਤੋਂ ਬਾਅਦ ਨੂਪੁਰ ਨੇ ਦਿੱਲੀ ਪੁਲਿਸ ਨੂੰ ਟਵੀਟ ਕਰਕੇ ਕਿਹਾ ਕਿ " ਮੇਰੀ ਭੈਣ, ਮਾਂ, ਪਿਤਾ ਅਤੇ ਮੇਰੇ ਖਿਲਾਫ ਬਲਾਤਕਾਰ, ਕਤਲ ਅਤੇ ਸਿਰ ਕਲਮ ਕਰਨ ਦੀਆਂ ਧਮਕੀਆਂ ਲਗਾਤਾਰ ਆ ਰਹੀਆਂ ਹਨ।"

ਉਨ੍ਹਾਂ ਨੇ ਜ਼ੁਬੈਰ 'ਤੇ 'ਮਾਹੌਲ ਨੂੰ ਵਿਗਾੜਨ, ਫਿਰਕੂ ਅਸਹਿਮਤੀ ਪੈਦਾ ਕਰਨ ਅਤੇ ਉਸ 'ਤੇ ਅਤੇ ਉਸ ਦੇ ਪਰਿਵਾਰ ਖਿਲਾਫ ਨਫ਼ਰਤ ਪੈਦਾ ਕਰਨ ਲਈ ਇੱਕ ਜਾਅਲੀ ਬਿਰਤਾਂਤ ਪੇਸ਼ ਕਰਨ' ਦਾ ਇਲਜ਼ਾਮ ਲਗਾਇਆ ਹੈ।

ਉਨ੍ਹਾਂ ਨੇ ਆਪਣੇ ਟਵੀਟਾਂ 'ਚ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਵੀ ਟੈਗ ਕੀਤਾ ਹੈ।

ਤਿੰਨ ਦਿਨ ਬਾਅਦ ਉਨ੍ਹਾਂ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਪੀਐਮ ਦਫ਼ਤਰ, ਗ੍ਰਹਿ ਮੰਤਰੀ ਦਫ਼ਤਰ ਅਤੇ ਪਾਰਟੀ ਪ੍ਰਧਾਨ ਦਫ਼ਤਰ ਮੇਰੇ ਪਿੱਛੇ ਖੜ੍ਹੇ ਹਨ।

ਉੱਤਰ ਪ੍ਰਦੇਸ਼ ਦੇ ਇੱਕ ਸ਼ਹਿਰ ਕਾਨਪੁਰ 'ਚ ਉਨ੍ਹਾਂ ਦੀਆਂ ਟਿੱਪਣੀਆਂ ਵਿਰੁੱਧ ਮੁਸਲਮਾਨਾਂ ਵੱਲੋਂ ਕੱਢਿਆ ਗਿਆ ਰੋਸ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਗਿਆ।

ਯੋਗੀ ਅਦਿੱਤਿਆਨਾਥ ਦੀ ਅਗਵਾਈ ਵਾਲੇ ਸੂਬੇ 'ਚ ਪ੍ਰਦਰਸ਼ਨਕਾਰੀਆਂ ਨੂੰ ਦਬਾਉਣ ਦਾ ਯਤਨ ਕੀਤਾ ਗਿਆ। ਸੈਂਕੜੇ ਮੁਸਲਮਾਨਾਂ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਅਤੇ ਨਾਲ ਹੀ ਦਰਜਨਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ।

ਇਸਲਾਮਿਕ ਦੇਸ਼ਾਂ ਵਿੱਚ ਨੁਪੁਰ ਦੇ ਬਿਆਨ ਦੀ ਨਿਖੇਧੀ

ਨੂਪੁਰ ਸ਼ਰਮਾ ਦੇ ਬਿਆਨ ਤੋਂ ਬਾਅਦ ਸਾਊਦੀ ਅਰਬ,ਕੁਵੈਤ,ਕਤਰ ਪਾਕਿਸਤਾਨ ਵੱਲੋਂ ਵਿਰੋਧ ਜਤਾਇਆ ਗਿਆ ਸੀ।

ਕਤਰ, ਕੁਵੈਤ ਅਤੇ ਇਰਾਨ ਨੇ ਭਾਰਤੀ ਰਾਜਦੂਤਾਂ ਨੂੰ ਤਲਬ ਕਰਕੇ ਭਾਰਤ ਸਰਕਾਰ ਨੂੰ ਜਨਤਕ ਤੌਰ ਉੱਤੇ ਮਾਫ਼ੀ ਮੰਗਣ ਵੀ ਲਈ ਕਿਹਾ ਸੀ।

ਅਰਬ ਦੇਸ਼ਾਂ ਵਿੱਚ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਖ਼ਿਲਾਫ਼ ਅਭਿਆਨ ਦੀ ਸ਼ੁਰੁਆਤ ਓਮਾਨ ਦੇ ਮੁਫਤੀ ਸ਼ੇਖ ਅਹਿਮਦ ਬਿਨ ਹਮਾਦ ਅਲ ਖਾਲਿਦੀ ਦੀ ਕੀਤੀ ਸੀ।

ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਭਾਰਤ ਦੀ ਸੱਤਾਧਾਰੀ ਪਾਰਟੀ ਦੀ ਆਗੂ ਵੱਲੋਂ ਇਸਲਾਮ ਦੇ ਦੂਤ ਖਿਲਾਫ ਅਸ਼ਲੀਲ ਟਿੱਪਣੀ ਕੀਤੀ ਗਈ ਹੈ। ਉਨ੍ਹਾਂ ਨੇ ਸਾਰੇ ਇਸਲਾਮਿਕ ਦੇਸ਼ਾਂ ਨੂੰ ਇਸ ਦੇ ਵਿਰੁੱਧ ਇਕੱਠਾ ਹੋਣ ਦੀ ਕੀਤੀ ਸੀ।

ਨੁਪੁਰ ਮੱਧ ਪੂਰਬ ਦੇ ਦੇਸ਼ ਕਤਰ, ਓਮਾਨ,ਸਾਊਦੀ ਅਰਬ ਅਤੇ ਮਿਸਰ ਵਿੱਚ ਵੀ ਟਵਿੱਟਰ ਰਾਹੀਂ ਵਿਰੋਧ ਜਤਾਇਆ ਗਿਆ। ਭਾਰਤ ਤੋਂ ਆਉਣ ਵਾਲੀਆਂ ਵਸਤੂਆਂ ਦੇ ਬਾਈਕਾਟ ਦੀ ਗੱਲ ਵੀ ਸੋਸ਼ਲ ਮੀਡੀਆ ਉੱਪਰ ਕੀਤੀ ਗਈ।

ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਵੱਲੋਂ ਸਖ਼ਤ ਸ਼ਬਦਾਂ ਵਿੱਚ ਨੂਪੁਰ ਸ਼ਰਮਾ ਦੇ ਬਿਆਨ ਦੀ ਨਿਖੇਧੀ ਕੀਤੀ ਗਈ ਹੈ। ਮੰਤਰਾਲੇ ਵੱਲੋਂ ਇਸ ਸੰਬੰਧੀ ਇਕ ਅਧਿਕਾਰਿਕ ਬਿਆਨ ਵੀ ਜਾਰੀ ਕੀਤਾ ਗਿਆ ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ ਨੇ ਵੀ ਕਤਰ ਅਤੇ ਕੁਵੈਤ ਬਾਅਦ ਇਸ ਮਾਮਲੇ 'ਤੇ ਨਿਖੇਧੀ ਕੀਤੀ ਹੈ।ਇੱਕ ਟਵੀਟ ਰਾਹੀਂ ਆਖਿਆ ਗਿਆ ਕਿ ਭਾਰਤ ਵਿੱਚ ਮੁਸਲਮਾਨਾਂ ਦੇ ਖ਼ਿਲਾਫ਼ ਹਿੰਸਾ ਵਧ ਰਹੀ ਹੈ, ਉਨ੍ਹਾਂ ਉਪਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।

ਆਪਣੇ ਟਵੀਟ ਵਿੱਚ ਓਆਈਸੀ ਨੇ ਹਿਜਾਬ ਅਤੇ ਭਾਰਤੀ ਮੁਸਲਮਾਨਾਂ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਖ਼ਬਰਾਂ ਦਾ ਜ਼ਿਕਰ ਵੀ ਕੀਤਾ।

ਨੂਪੁਰ ਸ਼ਰਮਾ ਨੂੰ ਉਨ੍ਹਾਂ ਵੱਲੋਂ ਦਿੱਤੀਆਂ ਇਤਰਾਜ਼ਯੋਗ ਟਿੱਪਣੀਆਂ ਲਈ ਗ੍ਰਿਫਤਾਰ ਕੀਤੇ ਜਾਣ ਲਈ ਮੰਗ ਵੱਧਦੀ ਜਾ ਰਹੀ ਹੈ ਅਤੇ ਕਈ ਵਿਰੋਧੀ ਸ਼ਾਸਿਤ ਸੂਬਿਆਂ 'ਚ ਪੁਲਿਸ ਨੇ ਉਨ੍ਹਾਂ ਖਿਲਾਫ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਪੁਲਿਸ ਵੱਲੋਂ ਉਨ੍ਹਾਂ ਦੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦਿਆਂ ਉਸ ਦੀ ਸੁਰੱਖਿਆ ਨੂੰ ਪੁਖਤਾ ਕਰ ਦਿੱਤਾ ਹੈ।

ਪਰ ਉਸ ਦੀ ਮੁਅੱਤਲੀ ਤੋਂ ਬਾਅਦ, ਉਨ੍ਹਾਂ ਦੇ ਸਮਰਥਨ 'ਚ ਆਵਾਜ਼ ਬੁਲੰਦ ਹੋ ਰਹੀ ਹੈ। ਹੈਸ਼ਟੈਗ ਜਿਵੇਂ ਕਿ #ISupportNupurSharma ਅਤੇ #TakeBackNupurSharma ਸੋਸ਼ਲ ਮੀਡੀਆ 'ਤੇ ਰੋਜ਼ਾਨਾ ਟ੍ਰੈਂਡ ਕਰ ਰਹੇ ਹਨ, ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ।

ਕੁਝ ਟਿੱਪਣੀਕਾਰ ਇਹ ਵੀ ਦੱਸਦੇ ਹਨ ਕਿ ਬਹੁਤ ਸਾਰੇ ਚੋਟੀ ਦੇ ਸਿਆਸਤਦਾਨ ਨਫ਼ਰਤ ਭਰੀਆਂ ਟਿੱਪਣੀਆਂ ਕਰਨ ਤੋਂ ਬਾਅਦ ਬਚੇ ਹਨ ਅਤੇ ਇਸ ਵਿਵਾਦ ਦਾ ਮਤਲਬ ਇਹ ਨਹੀਂ ਹੈ ਕਿ ਇਸ ਨਾਲ ਨੂਪੁਰ ਸ਼ਰਮਾ ਦਾ ਸਿਆਸੀ ਕਰੀਅਰ ਖਤਮ ਹੋ ਜਾਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)