ਤਾਜ ਮਹਿਲ ਦੇ ਬੰਦ ਕਮਰਿਆਂ ਵਿੱਚ ਆਖਿਰ ਕੀ ਹੈ ਤੇ ਕਮਰੇ ਖੋਲ੍ਹਣ ਦੀ ਮੰਗ ਕਿਉਂ ਕੀਤੀ ਗਈ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਇੱਕ ਹਾਈ ਕੋਰਟ ਦੇ ਜੱਜਾਂ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵੱਲੋਂ ਤਾਜ ਮਹਿਲ ਦੇ 20 ਤੋਂ ਵੱਧ ਸਦਾ ਲਈ ਬੰਦ ਕੀਤੇ ਗਏ 20 ਕਮਰਿਆਂ ਨੂੰ ਖੋਲ੍ਹਣ ਦੀ ਮੰਗ ਨਾਲ ਕੀਤੀ ਗਈ ਇੱਕ ਪਟੀਸ਼ਨ ਰੱਦ ਕਰ ਦਿੱਤੀ।

ਪਟੀਸ਼ਨਰ ਚਾਹੁੰਦੇ ਸਨ ਕਿ ਇਨ੍ਹਾਂ ਕਮਰਿਆਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਤਾਜ ਮਹਿਲ ਦਾ 'ਅਸਲੀ ਇਤਿਹਾਸ' ਪਤਾ ਲੱਗ ਸਕੇ।

ਸਟੀਕ ਰੂਪ ਵਿੱਚ ਪਟੀਸ਼ਨਰ ਰਜਨੀਸ਼ ਸਿੰਘ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ''ਇਤਿਹਾਸਕਾਰਾਂ ਅਤੇ ਪੂਜਾ ਕਰਨ ਵਾਲਿਆਂ ਦੇ ਦਾਆਵਿਆਂ'' ਦੀ ਸਚਾਈ ਦੇਖਣਾ ਚਾਹੁੰਦੇ ਹਨ ਕੀ ਵਾਕਈ ਇਨ੍ਹਾਂ ਕਮਰਿਆਂ ਵਿੱਚ ਹਿੰਦੂ ਦੇਵਤਾ ਸ਼ਿਵ ਦਾ ਮੰਦਰ ਹੈ।

ਤਾਜ ਮਹਿਲ 17ਵੀਂ ਸਦੀ ਵਿੱਚ ਜਮਨਾ ਦਰਿਆ ਕੰਢੇ ਬਣਿਆ ਇੱਕ ਮਕਬਰਾ ਹੈ ਜੋ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ ਆਗਰਾ ਵਿੱਚ ਆਪਣੀ ਪਤਨੀ ਮੁਮਤਾਜ਼ ਦੀ ਯਾਦ ਵਿੱਚ ਬਣਾਇਆ ਸੀ। ਮੁਮਤਾਜ ਦੀ ਮੌਤ ਬਾਦਸ਼ਾਹ ਦੇ 14ਵੇਂ ਬੱਚੇ ਨੂੰ ਜਨਮ ਦਿੰਦਿਆ ਹੋ ਗਈ ਸੀ।

ਇਹ ਸ਼ਾਨਦਾਰ ਮਕਬਰਾ, ਜੋ ਇੱਟਾਂ, ਲਾਲ ਰੇਤਲੀ ਪੱਥਰੀ ਅਤੇ ਸਫ਼ੈਦ ਸੰਗਮਰਮਰ ਅਤੇ ਆਪਣੀ ਜਾਲੀਦਾਰ ਬਣਤਰ ਲਈ ਮਸ਼ਹੂਰ ਹੈ, ਭਾਰਤ ਦੀਆਂ ਵੱਡੀਆਂ ਸੈਲਾਨੀ ਥਾਵਾਂ ਵਿੱਚੋਂ ਇੱਕ ਹੈ।

ਹਾਲਾਂਕਿ ਇਤਿਹਾਸ ਰਜਨੀਸ਼ ਸਿੰਘ ਨੂੰ ਪ੍ਰਭਾਵਿਤ ਨਾ ਕਰ ਸਕਿਆ। ਇਸ ਲਈ ਰਜਨੀਸ਼ ਨੇ ਅਦਾਲਤ ਨੂੰ ਅਪੀਲ ਕੀਤੀ, ''ਸਾਨੂੰ ਸਾਰਿਆਂ ਨੂੰ ਜਾਨਣਾ ਚਾਹੀਦਾ ਹੈ ਕਿ ਇਹਨਾਂ ਕਮਰਿਆਂ ਅੰਦਰ ਕੀ ਲੁਕਿਆ ਹੋਇਆ ਹੈ?''

ਬੰਦ ਕਮਰਿਆਂ ਵਿੱਚੋਂ ਜ਼ਿਅਦਾਤਰ ਜਿੰਨ੍ਹਾਂ ਵੱਲ ਰਜਨੀਸ਼ ਸਿੰਘ ਇਸ਼ਾਰਾ ਕਰ ਰਿਹਾ ਹੈ ਉਹ ਮਕਬਰੇ ਦੇ ਤਹਿਖਾਨੇ ਅੰਦਰ ਮੌਜੂਦ ਗੁਪਤ ਕਮਰੇ ਹਨ। ਜ਼ਿਆਦਾਤਰ ਪ੍ਰਮਾਣਿਕ ਇਤਿਹਾਸਕ ਹਵਾਲਿਆਂ ਨੂੰ ਮੰਨਿਆ ਜਾਵੇ ਤਾਂ ਇਹ ਕਮਰੇ ਮਹੱਤਵਪੂਰਨ ਨਹੀਂ ਹਨ।

ਇਹ ਵੀ ਪੜ੍ਹੋ:

ਐਬਾ ਕੁਚ, ਮੁਗਲ ਇਮਾਰਤ ਕਲਾ ਦੇ ਵਿਦਵਾਨ ਅਤੇ ਤਾਜ ਬਾਰੇ ਇੱਕ ਕਿਤਾਬ ਦੇ ਲੇਖਕ, ਉਹ ਇਨ੍ਹਾਂ ਕਮਰਿਆਂ ਅਤੇ ਰਾਹਦਾਰੀ ਵਿੱਚ ਗਏ ਜਿੱਥੇ ਉਨ੍ਹਾਂ ਨੇ ਆਪਣੀ ਖੋਜ ਦੌਰਾਨ ਫ਼ੋਟੋਗਰਾਫ਼ੀ ਵੀ ਕੀਤੀ।

ਇਹ ਕਮਰੇ ਤਹਿਖਾਨੇ ਜਾਂ ਗੁਪਤ ਕਮਰਿਆਂ ਦਾ ਹਿੱਸਾ ਸਨ ਜੋ ਗਰਮੀ ਦੇ ਮਹੀਨਿਆਂ ਲਈ ਸਨ। ਮਕਬਰੇ ਦੇ ਚਬੂਤਰੇ ਤੇ ਬਣੀ ਗੈਲਰੀ ਇਨ੍ਹਾਂ ਕਮਰਿਆਂ ਦੀ ਇੱਕ ਲੜੀ ਹੈ। ਕੁਚ ਨੇ 15 ਕਮਰਿਆਂ ਦੀ ਇੱਕ ਲੜੀ ਲੱਭੀ ਜੋ ਦਰਿਆ ਵਾਲੇ ਪਾਸੇ ਹੈ ਅਤੇ ਇੱਕ ਤੰਗ ਲਾਂਘਾ ਇੱਥੇ ਪਹੁੰਚਦਾ ਹੈ।

ਉਥੇ ਸੱਤ ਵੱਡੇ ਕਮਰੇ ਹਨ ਜਿੰਨ੍ਹਾਂ ਵਿੱਚ ਆਲੇ ਹਨ। ਇਹਨਾਂ ਵਿੱਚੋਂ ਛੇ ਵਰਗਾਕਾਰ ਕਮਰੇ ਅਤੇ ਦੋ ਅੱਠਕੋਣੇ ਹਨ। ਕੁਚ ਨੇ ਦੇਖਿਆ ਕਿ ਇਹ ਕਮਰੇ ਜਾਲੀਦਾਰ ਝਰੋਖਿਆਂ ਰਾਹੀਂ ਦਰਿਆ ਵਾਲੇ ਪਾਸੇ ਖੁੱਲ੍ਹਦੇ ਹਨ।

'ਕਮਰੇ 1978 ਦੇ ਹੜ੍ਹਾਂ ਤੋਂ ਪਹਿਲਾਂ ਤੱਕ ਲੋਕਾਂ ਲਈ ਖੁੱਲੇ ਸਨ'

ਕੁਚ ਏਸ਼ੀਅਨ ਆਰਟ ਯੂਨੀਵਰਸਿਟੀ ਵਿਆਨਾ ਵਿੱਚ ਪ੍ਰੋਫ਼ੈਸਰ ਹਨ। ਉਨ੍ਹਾਂ ਨੇ ਦੇਖਿਆ ਕਿ, ''ਇਹ ਵਾਕਈ ਇੱਕ ਸੋਹਣੀ ਤੇ ਹਵਾਦਾਰ ਥਾਂ ਹੋਵੇਗੀ ਜੋ ਜਦੋਂ ਬਾਦਸ਼ਾਹ ਅਤੇ ਉਨ੍ਹਾਂ ਦੀਆਂ ਔਰਤਾਂ ਕਬਰ ਤੇ ਆਉਂਦੇ ਹੋਣਗੇ ਤਾਂ ਉਨ੍ਹਾਂ ਦਾ ਦਿਲ ਪ੍ਰਚਾਉਂਦੀ ਹੋਵੇਗੀ। ਹੁਣ ਏਥੇ ਕੋਈ ਕੁਦਰਤੀ ਰੌਸ਼ਨੀ ਨਹੀਂ ਪਹੁੰਚਦੀ ਹੈ''

ਇਸ ਤਰ੍ਹਾਂ ਦੀਆਂ ਗੁਪਤ ਗੈਲਰੀਆਂ ਮੁਗਲ ਭਵਨ ਨਿਰਮਾਣ ਦਾ ਆਮ ਹਿੱਸਾ ਸਨ। ਪਾਕਿਸਤਾਨ ਦੇ ਲਹੌਰ ਸ਼ਹਿਰ ਵਿੱਚ ਇੱਕ ਮੁਗਲ ਕਿਲੇ ਵਿੱਚ ਪਾਣੀ ਵੱਲ ਖੁੱਲ੍ਹਦੇ ਅਜਿਹੇ ਕਮਰਿਆਂ ਦੀ ਲੜੀ ਹੈ।

ਸ਼ਾਹ ਜਹਾਂ ਅਕਸਰ ਕਿਸ਼ਤੀ ਰਾਹੀਂ ਜਮਨਾ ਨਦੀ ਪਾਰ ਕਰਕੇ ਤਾਜ ਮਹਿਲ ਆਉਂਦੇ ਸੀ। ਕਿਸ਼ਤੀ ਤੋਂ ਉਹ ਘਾਟ 'ਤੇ ਉੱਤਰਦੇ ਸਨ। ਇੱਥੋਂ ਉਹ ਪੌੜੀਆਂ ਚੜ੍ਹ ਕੇ ਤਾਜ ਮਹਿਲ ਦੇ ਅੰਦਰ ਜਾਂਦੇ ਸਨ।

ਅਮਿਤ ਬੇਗ ਪੁਰਾਣੀਆਂ ਇਮਾਰਤਾਂ ਦੀ ਸੰਭਾਲ ਲਈ ਕੰਮ ਕਰਦੇ ਹਨ। ਉਹ ਕੋਈ ਦੋ ਦਹਾਕੇ ਪਹਿਲਾਂ ਉੱਥੇ ਗਏ ਸਨ। ਉਹ ਦੱਸਦੇ ਹਨ, ''ਮੈਨੂੰ ਯਾਦ ਹੈ ਉਹ ਸੁੰਦਰ ਕੰਧ ਚਿੱਤਰਾਂ ਨਾਲ ਚਿਤਰਿਆ ਵਰਾਂਢਾ। ਮੈਨੂੰ ਯਾਦ ਹੈ ਲਾਂਘਾ ਇੱਕ ਵੱਡੀ ਥਾਂ ਵਿੱਚ ਖੁੱਲ੍ਹਦਾ ਸੀ। ਇਹ ਸਪੱਸ਼ਟ ਤੌਰ 'ਤੇ ਇਹ ਬਾਦਸ਼ਾਹ ਦਾ ਰਸਤਾ ਸੀ।''

ਆਗਰਾ ਵਿੱਚ ਪਲੇ ਅਤੇ ਦਿੱਲੀ ਦੇ ਰਹਿਣ ਵਾਲੇ ਰਾਨਾ ਸੈਫਵੀ ਯਾਦ ਕਰਦੇ ਹਨ ਕਿ ਇਹ ਗੁਪਤ ਕਮਰੇ 1978 ਦੇ ਹੜ੍ਹਾਂ ਤੋਂ ਪਹਿਲਾਂ ਤੱਕ ਲੋਕਾਂ ਲਈ ਖੁੱਲੇ ਸਨ।

ਉਹਨਾਂ ਕਿਹਾ, ''ਮਕਬਰੇ ਵਿੱਚ ਪਾਣੀ ਦਾਖਲ ਹੋ ਗਿਆ ਸੀ। ਹੇਠਲੇ ਕਮਰਿਆਂ ਵਿੱਚੋਂ ਕੁਝ ਗੰਧਲੇ ਹੋ ਗਏ ਸਨ ਅਤੇ ਤਰੇੜਾਂ ਖਾ ਗਏ ਸਨ। ਇਸ ਤੋਂ ਬਾਅਦ ਅਧਿਕਾਰੀਆਂ ਨੇ ਲੋਕਾਂ ਲਈ ਕਮਰੇ ਬੰਦ ਕਰ ਦਿੱਤੇ। ਉਹਨਾਂ ਵਿੱਚ ਕੁਝ ਵੀ ਨਹੀਂ ਹੈ।''

ਤਾਜ ਨਾਲ ਜੁੜੀਆਂ ਮਿੱਥਾਂ ਅਤੇ ਦੰਦ ਕਥਾਵਾਂ

ਕੁਝ ਲੋਕ ਕਹਿੰਦੇ ਹਨ ਕਿ ਸ਼ਾਹ ਜਹਾਂ ਮੌਜੂਦਾ ਇਮਾਰਤ ਦੇ ਉਲਟੇ ਪਾਸੇ 'ਕਾਲਾ ਤਾਜ' ਬਣਾਉਣਾ ਚਾਹੁੰਦੇ ਸਨ ਤਾਂ ਕੁਝ ਲੋਕ ਕਹਿੰਦੇ ਹਨ ਕਿ ਤਾਜ ਮਹਿਲ ਯੂਰਪੀ ਨਿਰਮਾਤਾ ਨੇ ਬਣਾਇਆ ਸੀ।

ਕੁਝ ਪੱਛਮੀ ਵਿਦਵਾਨ ਕਹਿੰਦੇ ਹਨ ਕਿ ਇਹ ਇੱਕ ਔਰਤ ਲਈ ਨਹੀਂ ਬਣਾਇਆ ਗਿਆ ਹੋ ਸਕਦਾ। ਉਹ ਮੁਸਲਮਾਨ ਸਮਾਜ ਵਿੱਚ ਔਰਤਾਂ ਦੀ ਦੁਰਦਸ਼ਾ ਦਾ ਹਵਾਲਾ ਦਿੰਦੇ ਹਨ। ਇਹ ਵਿਚਾਰ ਇਸਲਾਮੀ ਸੰਸਾਰ ਵਿੱਚ ਔਰਤਾਂ ਲਈ ਹੋਰ ਕਬਰਾਂ ਨੂੰ ਆਸਾਨੀ ਨਾਲ ਨਜ਼ਰਅੰਦਾਜ਼ ਕਰਦਾ ਹੈ।

ਸਮਾਰਕ 'ਤੇ, ਉਤਸ਼ਾਹੀ ਗਾਈਡ ਦਰਸ਼ਕਾਂ ਨੂੰ ਇਸ ਬਾਰੇ ਕਹਾਣੀਆਂ ਸੁਣਾਉਂਦੇ ਹਨ ਕਿ ਕਿਵੇਂ ਸ਼ਾਹਜਹਾਂ ਨੇ ਇਮਾਰਤ ਦੇ ਮੁਕੰਮਲ ਹੋਣ ਤੋਂ ਬਾਅਦ ਮਿਸਤਰੀਆਂ ਅਤੇ ਮਜ਼ਦੂਰਾਂ ਦੇ ਹੱਥ ਵੱਢ ਦਿੱਤੇ ਸਨ।

ਭਾਰਤ ਵਿੱਚ ਇਹ ਵੀ ਮਿੱਥ ਹੈ ਕਿ ਤਾਜ ਮਹਿਲ ਪਹਿਲਾਂ ਹਿੰਦੂ ਮੰਦਿਰ ਸੀ ਜੋ ਸ਼ਿਵ ਨੂੰ ਸਮਰਪਿਤ ਸੀ। ਇੱਕ ਹਿੰਦੂ ਰਾਜਾ ਸੂਰਜ ਮੱਲ ਦੇ 1761 ਵਿੱਚ ਆਗਰਾ ਜਿੱਤਣ ਤੋਂ ਬਾਅਦ ਇੱਕ ਪੁਜਾਰੀ ਨੇ ਤਾਜ ਨੂੰ ਮੰਦਿਰ ਵਿੱਚ ਤਬਦੀਲ ਕਰਨ ਦਾ ਸੁਝਾਅ ਦਿੱਤਾ ਸੀ।

ਪੀਕੇ ਓਕ ਜਿੰਨ੍ਹਾਂ ਨੇ 1964 ਵਿੱਚ ਭਾਰਤੀ ਇਤਿਹਾਸ ਨੂੰ ਦੁਬਾਰਾ ਲਿਖਣ ਲਈ ਸੰਸਥਾ ਬਣਾਈ ਸੀ, ਉਹਨਾਂ ਨੇ ਆਪਣੀ ਕਿਤਾਬ ਵਿੱਚ ਕਿਹਾ ਹੈ ਕਿ ਅਸਲ ਵਿੱਚ ਤਾਜ ਮਹਿਲ ਸ਼ਿਵ ਮੰਦਿਰ ਸੀ।

ਸਾਲ 2017 ਵਿੱਚ ਭਾਜਪਾ ਆਗੂ ਸੰਗੀਤ ਸੋਮ ਨੇ ਤਾਜ ਮਹਿਲ ਨੂੰ ਭਾਰਤੀ ਸਭਿਅਤਾ ਉੱਪਰ ਇੱਕ ''ਦਾਗ'' ਦੱਸਿਆ ਸੀ। ਦੀਆ ਕੁਮਾਰੀ, ਜੋ ਕਿ ਇੱਕ ਭਾਜਪਾ ਸਾਂਸਦ ਹਨ ਨੇ ਕਿਹਾ ਸ਼ਾਹ ਜਹਾਂ ਨੇ ਇੱਕ ਹਿੰਦੂ ਰਾਜ ਪਰਿਵਾਰ ਦੀ ''ਜ਼ਮੀਨ ਦੱਬ'' ਕੇ ਇਹ ਯਾਦਗਾਰ ਬਣਾਈ ਸੀ।

ਸਫ਼ਾਵੀ ਕਹਿੰਦੇ ਹਨ ਕਿ ਇਨ੍ਹਾਂ ਸਿਧਾਂਤਾਂ ਨੇ ਪਿਛਲੇ ਲਗਭਗ ਇੱਕ ਦਹਾਕੇ ਤੋਂ ਸੱਜੇ ਪੱਖੀਆਂ ਵਿੱਚ ਜ਼ੋਰ ਫੜਿਆ ਹੈ।

ਸੱਜੇ ਪੱਖੀਆਂ ਦਾ ਇੱਕ ਵਰਗ ਝੂਠੀਆਂ ਖ਼ਬਰਾਂ, ਝੂਠੇ ਇਤਿਹਾਸ ਅਤੇ ਹਿੰਦੂਆਂ ਦੇ ਘਾਟੇ ਅਤੇ ਪੀੜਤਪੁਣੇ ਉੱਪਰ ਪਲੇ ਹਨ।

ਜਾਂ ਫਿਰ ਜਿਵੇਂ ਕਿ ਕੁਚ ਕਹਿੰਦੇ ਹਨ, ''ਅਜਿਹਾ ਲਗਦਾ ਹੈ ਕਿ ਤਾਜ ਮਹਿਲ ਬਾਰੇ ਗੰਭੀਰ ਖੋਜ ਨਾਲੋਂ ਜ਼ਿਆਦਾ ਗਲਪ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)