You’re viewing a text-only version of this website that uses less data. View the main version of the website including all images and videos.
ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ: 9 ਬਿੰਦੂਆਂ ਰਾਹੀਂ ਜਾਣੋ ਹੁਣ ਤੱਕ ਕੀ - ਕੀ ਹੋਇਆ
ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਅੱਜ ਸਵੇਰੇ ਪੰਜਾਬ ਪੁਲਿਸ ਦੁਆਰਾ ਉਨ੍ਹਾਂ ਦੇ ਦਿੱਲੀ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 36 ਸਾਲਾ ਤਜਿੰਦਰ ਪਾਲ ਸਿੰਘ ਬੱਗਾ ਦਿੱਲੀ ਦੇ ਹਰੀ ਨਗਰ ਤੋਂ 2020 ਵਿੱਚ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਅਤੇ ਭਾਰਤੀ ਜਨਤਾ ਪਾਰਟੀ ਦਿੱਲੀ ਯੂਨਿਟ ਦੇ ਬੁਲਾਰੇ ਹਨ।
ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿੱਚ ਰਹੇ ਹਨ। ਸੋਸ਼ਲ ਮੀਡੀਆ ਉੱਪਰ ਤਜਿੰਦਰ ਪਾਲ ਸਿੰਘ ਬੱਗਾ ਦੇ ਵੱਡੀ ਗਿਣਤੀ ਵਿੱਚ ਫਾਲੋਅਰਸ ਹਨ ਅਤੇ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਨਿਵਾਸ ਸਥਾਨ 'ਤੇ ਸੋਸ਼ਲ ਮੀਡੀਆ ਇੰਫਲੂਐਂਸਰਜ਼ ਦੀ ਬੈਠਕ ਵਿੱਚ ਵੀ ਬੱਗਾ ਸ਼ਾਮਲ ਸਨ।
2020 ਦੀਆਂ ਚੋਣਾਂ ਸਮੇਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਉਪਰ ਤਿੰਨ ਐੱਫ਼ਆਈਆਰ ਦਰਜ ਸਨ। ਇਨ੍ਹਾਂ ਵਿੱਚੋਂ ਇੱਕ ਪ੍ਰਸ਼ਾਂਤ ਭੂਸ਼ਨ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਸੀ ਜਦੋਂ ਕਿ ਦੋ ਵਿਰੋਧ ਪ੍ਰਦਰਸ਼ਨ ਕਾਰਨ ਦਰਜ ਹੋਈਆਂ ਸਨ।
2017 ਵਿੱਚ ਉਨ੍ਹਾਂ ਨੂੰ ਦਿੱਲੀ ਭਾਜਪਾ ਦੇ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ:
ਸਵੇਰ ਤੋਂ ਹੁਣ ਤੱਕ ਕੀ-ਕੀ ਹੋਇਆ
- ਪੰਜਾਬ ਪੁਲਿਸ ਅੱਜ ਸਵੇਰੇ ਤਜਿੰਦਰ ਪਾਲ ਸਿੰਘ ਬੱਗਾ ਦੇ ਦਿੱਲੀ ਸੱਥਿਤ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜਨਕਪੁਰੀ ਪੁਲਿਸ ਸਟੇਸ਼ਨ ਲੈ ਗਈ।
- ਪੁਲਿਸ ਸਟੇਸ਼ਨ 'ਚ ਮੌਜੂਦ ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਬੱਗਾ ਨੇ ਇਲਜ਼ਾਮ ਲਗਾਏ ਹਨ ਕਿ ਗ੍ਰਿਫ਼ਤਾਰੀ ਲਈ ਪਹੁੰਚੀ ਪੁਲਿਸ ਨੇ ਉਨ੍ਹਾਂ (ਬੱਗਾ ਦੇ ਪਿਤਾ) ਨਾਲ ਕੁੱਟਮਾਰ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਤਜਿੰਦਰ ਬੱਗਾ ਨੂੰ ਧੂਹ ਕੇ ਲੈ ਗਈ।
- ਬੱਗਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਪਰ ਫਿਲਮ 'ਕਸ਼ਮੀਰ ਫਾਈਲਜ਼' ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਮੁਹਾਲੀ ਵਿਖੇ 'ਆਪ' ਆਗੂ ਸਨੀ ਆਹਲੂਵਾਲੀਆ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਆਧਾਰ 'ਤੇ ਪੁਲਿਸ ਨੇ 1 ਅਪ੍ਰੈਲ ਨੂੰ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਸੀ।
- ਪੰਜਾਬ ਪੁਲਿਸ ਜਦੋਂ ਬੱਗਾ ਨੂੰ ਲੈ ਕੇ ਪੰਜਾਬ ਜਾ ਰਹੀ ਸੀ, ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਕੁਰੂਕਸ਼ੇਤਰ ਵਿੱਚ ਰੋਕ ਲਿਆ।
- ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਪੁਲਿਸ 'ਤੇ ਤਜਿੰਦਰ ਪਾਲ ਸਿੰਘ ਬੱਗਾ ਦੀ 'ਕਿਡਨੈਪਿੰਗ' ਦੀ ਐੱਫਆਈਆਰ ਦਰਜ ਕਰ ਲਈ ਗਈ ਹੈ।
- ਪੰਜਾਬ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਬੱਗਾ ਨੂੰ 5 ਨੋਟਿਸ ਭੇਜੇ ਸਨ ਪਰ ਜਾਂਚ ਵਿੱਚ ਬੱਗਾ ਵੱਲੋਂ ਸਹਿਯੋਗ ਨਾ ਮਿਲਣ 'ਤੇ ਪੁਲਿਸ ਨੇ ਉਨ੍ਹਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ।
- ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਇਕ ਚਿੱਠੀ ਲਿਖ ਕੇ ਕਿਹਾ ਕਿ ਇਹ (ਉਨ੍ਹਾਂ ਨੂੰ ਰੋਕਣਾ) ਗੈਰਕਾਨੂੰਨੀ ਹੈ ਤੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਹੈ। ਇਸ ਲਈ ਉਨ੍ਹਾਂ ਨੂੰ ਤੁਰੰਤ ਜਾਣ ਦਿੱਤਾ ਜਾਵੇ ਤਾਂ ਜੋ ਉਹ ਮੁਹਾਲੀ ਅਦਾਲਤ ਵਿਖੇ ਤਜਿੰਦਰ ਪਾਲ ਸਿੰਘ ਬੱਗਾ ਨੂੰ ਸਮੇਂ ਸਿਰ ਪੇਸ਼ ਕਰ ਸਕਣ।
- ਦਿੱਲੀ ਪੁਲਿਸ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਕੁਰੂਕਸ਼ੇਤਰ ਤੋਂ ਲੈ ਗਈ।
- ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਵਿੱਚ ਸੁਣਵਾਈ ਹੋਈ। ਅਦਾਲਤ ਨੇ ਪੰਜਾਬ ਸਰਕਾਰ ਦੀ ਤਜਿੰਦਰ ਬੱਗਾ ਨੂੰ ਹਰਿਆਣਾ ਵਿੱਚ ਰੋਕਣ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਮਾਮਲੇ ਦੀ ਸੁਣਵਾਈ ਸ਼ਨੀਵਾਰ ਨੂੰ ਹੋਵੇਗੀ।
ਭਾਜਪਾ ਨੇ ਕੀ ਕਿਹਾ?
ਪੰਜਾਬ ਬੀਜੇਪੀ ਦੇ ਆਗੂ ਤਰੁਣ ਚੁੱਘ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਨੇ ਕਿਹਾ, "ਮੈਂ ਪੰਜਾਬ ਪੁਲਿਸ, ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤਜਿੰਦਰ ਬੱਗਾ ਦਾ ਅਪਰਾਧ ਕੀ ਹੈ।"
"ਅਜਿਹਾ ਕੀ ਅਪਰਾਧ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਜਵਾਨ ਗੱਡੀਆਂ ਅਤੇ ਹਥਿਆਰਾਂ ਦੇ ਨਾਲ ਬੱਗਾ ਨੂੰ ਗ੍ਰਿਫ਼ਤਾਰ ਕਰਨ ਗਏ। ਗੈਰ-ਕਾਨੂੰਨੀ ਤਰੀਕੇ ਨਾਲ ਅਗਵਾ ਕਰਨ ਗਏ।"
"ਤਜਿੰਦਰ ਬੱਗਾ ਦਾ ਕਸੂਰ ਸਿਰਫ਼ ਇਹ ਹੈ ਕਿ ਉਨ੍ਹਾਂ ਨੇ ਪ੍ਰਗਟਾਵੇ ਦੀ ਅਜ਼ਾਦੀ ਦੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕੀਤੀ ਹੈ।"
ਉਨ੍ਹਾਂ ਨੇ ਸਵਾਲ ਚੁੱਕਿਆ ਕਿ ਕੀ ਪੰਜਾਬ ਪੁਲਿਸ ਨੂੰ ਸੀਆਰਪੀਸੀ ਦੇ ਤਹਿਤ ਦਿੱਲੀ ਪੁਲਿਸ ਨੂੰ ਸੂਚਿਤ ਨਹੀਂ ਕਰਨਾ ਚਾਹੀਦਾ ਸੀ?
ਪੰਜਾਬ ਪੁਲਿਸ ਦੇ ਅਕਸ ਨੂੰ ਖਰਾਬ ਨਾ ਕਰੋ - ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਵਿੱਚ ਟਵੀਟ ਕੀਤਾ ਅਤੇ ਲਿਖਿਆ, "ਤਜਿੰਦਰ ਬੱਗਾ ਕਿਸੇ ਹੋਰ ਪਾਰਟੀ ਤੋਂ ਹੋ ਸਕਦੇ ਹਨ, ਕਿਸੇ ਨਾਲ ਵਿਚਾਰਧਾਰਕ ਮਤਭੇਦ ਹੋ ਸਕਦੇ ਹਨ। ਪਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਪੰਜਾਬ ਪੁਲਿਸ ਦੀ ਰਾਹੀਂ ਨਿੱਜੀ ਮਸਲੇ ਸੁਲਝਾਉਣ ਲਈ ਬਦਲੇ ਦੀ ਸਿਆਸਤ ਕਰਨਾ ਬਜਰ ਪਾਪ ਹੈ। ਸਿਆਸੀਕਰਨ ਰਾਹੀਂ ਪੰਜਾਬ ਪੁਲਿਸ ਦੇ ਅਕਸ ਨੂੰ ਖ਼ਰਾਬ ਕਰਨਾ ਬੰਦ ਕਰੋ।"
ਰਾਜਾ ਵੜਿੰਗ, "ਪੰਜਾਬ ਪੁਲਿਸ ਲਈ ਬਹੁਤ ਦੁਖ਼ਦ ਦਿਨ ਹੈ। ਭਗਵੰਤ ਮਾਨ ਦੀ ਨਾਜ਼ਰਬੇਕਾਰੀ ਜੋ ਕਿ ਅਰਵਿੰਦ ਕੇਜਰੀਵਾਲ ਦੀ ਤਾਨਾਸ਼ਾਹੀ ਨੂੰ ਰਾਹ ਦੇ ਰਹੇ ਹਨ। ਸਾਡੇ ਬਹਾਦਰ ਪੁਲਿਸ ਵਾਲਿਆਂ ਨੂੰ ''ਅਗਵਾ ਕਰਨ'' ਦੇ ''ਇਲਜ਼ਾਮਾਂ'' ਤਹਿਤ ਕੁਰਕਸ਼ੇਤਰ ਵਿੱਚ ਰੋਕਿਆ ਗਿਆ ਹੈ। ਸਾਡੀ ਪੁਲਿਸ ਨੂੰ ਅਜਿਹੀ ਸ਼ਰਮਨਾਕ ਸਥਿਤੀ 'ਚ ਖੜਾ ਕਰਨ ਲਈ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।"
ਸੁਖਬੀਰ ਸਿੰਘ ਬਾਦਲ, ਪ੍ਰਧਾਨ, ਅਕਾਲੀ ਦਲ, "ਬਦਲਾਅ ਦਾ ਮਤਲਬ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਪੁਲਿਸ ਦੀ ਦੁਰਵਰਤੋਂ ਕਰਨਾ ਨਹੀਂ ਹੈ। ਭਗਵੰਤ ਮਾਨ ਨੂੰ ਫੌਰਨ ਕੇਜਰੀਵਾਲ ਦੇ ਖ਼ਿਲਾਫ਼ ਬੋਲਣ ਵਾਲਿਆਂ ਖ਼ਿਲਾਫ਼਼ ਕੇਸ ਕਰਨੇ ਬੰਦ ਕਰਨੇ ਚਾਹੀਦੇ ਹਨ। ਪੰਜਾਬੀਆਂ ਨੇ ਤੁਹਾਨੂੰ ਬਦਲਾਅ ਲਈ ਲਿਆਂਦਾ ਹੈ, ਤੁਹਾਡੀ ਸਿਆਸੀ ਹਿੱਤਾ ਲਈ ਨਹੀਂ।"
ਇਹ ਵੀ ਪੜ੍ਹੋ: