ਅਕਾਲ ਤਖ਼ਤ ਦੇ ਜਥੇਦਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਇਹ ਅਪੀਲ - ਪ੍ਰੈੱਸ ਰਿਵੀਊ

ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀਰਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਸਿੱਖ ਕੌਮ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਂਗਰਸੀ ਸਰਕਾਰਾਂ ਦੁਆਰਾ ਕੀਤੀਆਂ ਗਈਆਂ ਗਲਤੀਆਂ ਨੂੰ ਦਰੁਸਤ ਕਰਨ ਅਤੇ ਸਿੱਖਾਂ ਉੱਤੇ ਹੋ ਰਹੇ ਸਰਕਾਰੀ ਅੱਤਿਆਚਾਰਾਂ ਦੇ ਮੁੱਦੇ ਨੂੰ ਹੱਲ ਕਰਨਾ ਚਾਹੀਦਾ ਹੈ।

ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਸਮਾਗਮ ਦੀ ਸਮਾਪਤੀ ਮੌਕੇ ਸੰਬੋਧਨ ਦੌਰਾਨ ਜੱਥੇਦਾਰ ਨੇ ਇਹ ਅਪੀਲ ਕੀਤੀ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਉਨ੍ਹਾਂ ਕਿਹਾ, "ਜੇ ਸਰਕਾਰ ਭਰੋਸੇ ਦੀ ਘਾਟ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਭਾਈਚਾਰੇ ਨਾਲ ਚੰਗੇ ਸਬੰਧ ਸਥਾਪਤ ਕਰਨਾ ਚਾਹੁੰਦੀ ਹੈ, ਤਾਂ ਉਸਨੂੰ ਵੱਡੇ ਫੈਸਲੇ ਲੈਣੇ ਚਾਹੀਦੇ ਹਨ।''

ਉਨ੍ਹਾਂ ਅੱਗੇ ਕਿਹਾ, ''ਸਿੱਖਾਂ ਨਾਲ ਵਿਸ਼ਵਾਸਘਾਤ ਕਰਕੇ ਲਗਾਤਾਰ ਕਾਂਗਰਸ ਸਰਕਾਰਾਂ ਦੁਆਰਾ ਕੀਤੀਆਂ ਗਈਆਂ ਗਲਤੀਆਂ ਨੂੰ ਮੌਜੂਦਾ ਸੱਤਾਧਾਰੀ ਪਾਰਟੀ ਨੂੰ ਠੀਕ ਕਰਨਾ ਚਾਹੀਦਾ ਹੈ। ਸਰਕਾਰ ਨੂੰ ਇਸ ਦੇਸ਼ ਵਿੱਚ ਸਿੱਖਾਂ 'ਤੇ ਹੋ ਰਹੇ ਸਰਕਾਰੀ ਅੱਤਿਆਚਾਰਾਂ ਦਾ ਹੱਲ ਕਰਨਾ ਚਾਹੀਦਾ ਹੈ। ਫਿਰ ਹੀ ਅਸੀਂ ਇਸ ਨਾਲ ਸਹਿਯੋਗ ਕਰਨ ਲਈ ਤਿਆਰ ਹੋਵਾਂਗੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਿੱਖਾਂ ਵਿੱਚ ਬੇਗਾਨਗੀ ਦੀ ਭਾਵਨਾ ਖਤਮ ਨਹੀਂ ਹੋਵੇਗੀ।''

ਇਸਦੇ ਨਾਲ ਹੀ ਜੱਥੇਦਾਰ ਨੇ ਕਿਹਾ, ''ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਮਨੋਰਥ ਹਰ ਕਿਸੇ ਨੂੰ ਆਪਣੀ ਆਸਥਾ/ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਪ੍ਰਦਾਨ ਕਰਨਾ ਸੀ, ਪਰ ਅੱਜ ਭਾਰਤ ਵਿੱਚ… ਘੱਟ ਗਿਣਤੀਆਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਦਬਾਇਆ ਜਾ ਰਿਹਾ ਹੈ…. ਸਿੱਖ ਮਸਲੇ ਹੱਲ ਨਹੀਂ ਹੋ ਰਹੇ।''

ਇਹ ਵੀ ਪੜ੍ਹੋ:

ਸਰਕਾਰੀ ਪੈਨਲ ਨੇ 5-11 ਉਮਰ ਵਰਗ ਲਈ ਕੋਰਬੇਵੈਕਸ ਦੀ ਐਮਰਜੈਂਸੀ ਵਰਤੋਂ ਦੀ ਕੀਤੀ ਸਿਫ਼ਾਰਸ਼

ਭਾਰਤ ਦੀ ਕੇਂਦਰੀ ਡਰੱਗ ਅਥਾਰਟੀ ਦੇ ਇੱਕ ਮਾਹਰ ਪੈਨਲ ਨੇ ਕੁਝ ਸ਼ਰਤਾਂ ਦੇ ਨਾਲ, 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਬਾਇਓਲੋਜੀਕਲ ਈ ਦੀ ਕੋਵਿਡ-19 ਵੈਕਸੀਨ, ਜਿਸਦਾ ਨਾਮ ਕੋਰਬੇਵੈਕਸ ਹੈ, ਦੀ ਐਮਰਜੈਂਸੀ ਵਰਤੋਂ ਦੀ ਸਿਫ਼ਾਰਸ਼ ਕੀਤੀ ਹੈ। ਵੀਰਵਾਰ ਨੂੰ ਅਧਿਕਾਰਤ ਸੂਤਰਾਂ ਦੁਆਰਾ ਇਸ ਸਬੰਧੀ ਜਾਣਕਾਰੀ ਦਿੱਤੀ ਗਈ।

ਫਿਲਹਾਲ ਬਾਇਓਲਾਜੀਕਲ ਈ ਦੇ ਕੋਰਬੇਵੈਕਸ ਦੀ ਵਰਤੋਂ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਕੀਤੀ ਜਾ ਰਹੀ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਵੀਰਵਾਰ ਨੂੰ ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਬਾਇਓਲਾਜੀਕਲ ਈ ਨੇ 5 ਤੋਂ 11 ਸਾਲ ਦੇ ਉਮਰ ਸਮੂਹ ਸਬੰਧੀ ਸੁਰੱਖਿਆ ਡੇਟਾ (ਸੇਫਟੀ ਡੇਟਾ) ਵੀ ਸੌਂਪ ਦਿੱਤਾ ਹੈ। ਇਸਦੇ ਨਾਲ ਹੀ ਉੱਚ ਉਮਰ ਸਮੂਹ ਵਿੱਚ ਵਰਤੀਆਂ ਜਾਣ ਵਾਲੀਆਂ ਖੁਰਾਕਾਂ ਤੋਂ ਉਪਲੱਬਧ ਸੁਰੱਖਿਆ ਡੇਟਾ ਵੀ ਸੌੰਪਿਆ ਗਿਆ ਹੈ।

ਕੋਰਬੇਵੈਕਸ ਦੀ ਐਮਰਜੈਂਸੀ ਵਰਤੋਂ ਦੀ ਕੀਤੀ ਸਿਫ਼ਾਰਸ਼ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਦੇ ਨਜ਼ਰ ਆ ਰਹੇ ਹਨ।

ਰਾਜਧਾਨੀ ਦਿੱਲੀ ਵਿੱਚ ਜੀਨੋਮ ਸੀਕੁਏਂਸਿੰਗ ਪ੍ਰਯੋਗਸ਼ਾਲਾਵਾਂ ਨੇ ਓਮੀਕਰੋਨ ਸਬ-ਵੇਰੀਐਂਟ ਬੀਏ.2 ਦੇ ਇੱਕ ਰੂਪ ਦਾ ਪਤਾ ਲਗਾਇਆ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਇਹ ਪਤਾ ਲਗਾਉਣਾ ਬਾਕੀ ਹੈ ਕਿ ਕੀ ਇਹ ਵੇਰੀਐਂਟ ਵਧੇਰੇ ਲਾਗ ਵਾਲਾ ਹੈ ਜਾਂ ਵੱਖਰੇ ਲੱਛਣਾਂ ਵਾਲਾ ਹੈ।

ਮਾਰਿਓਪੋਲ: ਪੁਤਿਨ ਬੋਲੇ 'ਇੱਥੋਂ ਮੱਖੀ ਵੀ ਬਾਹਰ ਨਹੀਂ ਜਾਣੀ ਚਾਹੀਦੀ'

ਯੂਕਰੇਨ ਦੇ ਬੰਦਰਗਾਹ ਵਾਲੇ ਸ਼ਹਿਰ ਮਾਰਿਓਪੋਲ ਵਿੱਚ ਜੰਗ ਲਗਾਤਾਰ ਜਾਰੀ ਹੈ। ਸ਼ਹਿਰ ਦੀ ਸਿਟੀ ਕੌਂਸਲ ਨੇ ਕੁਝ ਏਰੀਅਲ ਤਸਵੀਰਾਂ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਰੂਸੀ ਫੌਜ ਸ਼ਹਿਰ ਦੇ ਵਸਨੀਕਾਂ ਨੂੰ ਨੇੜਲੇ ਪਿੰਡ ਵਿੱਚ ਸਮੂਹਿਕ ਕਬਰਾਂ ਵਿੱਚ ਦਫ਼ਨ ਕਰ ਰਹੀ ਹੈ। ਰੂਸ ਨੇ ਇਸ ਮੁੱਦੇ 'ਤੇ ਜਨਤਕ ਤੌਰ 'ਤੇ ਗੱਲ ਨਹੀਂ ਕੀਤੀ ਹੈ।

ਇਸ ਤੋਂ ਪਹਿਲਾਂ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਾਰਿਓਪੋਲ ਵਿੱਚ ਆਪਣੀਆਂ ਫੌਜਾਂ ਨੂੰ ਕਿਹਾ ਕਿ ਉਹ ਸ਼ਹਿਰ ਵਿੱਚ ਅੰਤਿਮ ਯੂਕਰੇਨੀ ਗੜ੍ਹ ਅਜ਼ੋਵਸਟਲ ਸਟੀਲਵਰਕਸ ਵਿੱਚ ਯੂਕਰੇਨੀ ਸੈਨਿਕਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦੇਣ ਤਾਂ ਜੋ ਉੱਥੋਂ ਮੱਖੀ ਵੀ ਬਾਹਰ ਨਾ ਜਾ ਸਕੇ।

ਬੀਬੀਸੀ ਡਾਟ ਕਾਮ ਦੀ ਖ਼ਬਰ ਮੁਤਾਬਕ, ਵੀਰਵਾਰ ਨੂੰ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨਾਲ ਇੱਕ ਬੈਠਕ ਵਿੱਚ ਪੁਤਿਨ ਨੇ (ਸਟੀਲ ਪਲਾਂਟ 'ਤੇ) ਹਮਲਾ ਕਰਨ ਦੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਅਤੇ ਇਸ ਦੀ ਬਜਾਏ ਇਸ ਖੇਤਰ ਨੂੰ ਸੀਲ ਕਰਨ ਦਾ ਆਦੇਸ਼ ਦਿੱਤਾ।

ਉਨ੍ਹਾਂ ਕਿਹਾ, "ਇਸ ਉਦਯੋਗਿਕ ਖੇਤਰ ਨੂੰ ਬੰਦ ਕਰ ਦਿਓ ਤਾਂ ਜੋ ਮੱਖੀ ਵੀ ਉੱਥੋਂ ਨਾ ਨਿੱਕਲ ਸਕੇ।''

ਇਸ ਦੌਰਾਨ ਉਨ੍ਹਾਂ ਨੇ ਸਰਗੇਈ ਸ਼ੋਇਗੂ ਨੂੰ ਯੂਕਰੇਨ ਤੋਂ "ਮਾਰਿਓਪੋਲ ਨੂੰ ਆਜ਼ਾਦ" ਕਰਨ ਦੇ ਸਫਲ ਆਪ੍ਰੇਸ਼ਨ ਦੀ ਵੀ ਪ੍ਰਸ਼ੰਸਾ ਕੀਤੀ।

ਦੂਜੇ ਪਾਸੇ ਯੂਕਰੇਨੀ ਅਧਿਕਾਰੀ ਮਾਨਵਤਾਵਾਦੀ ਗਲਿਆਰੇ ਰਾਹੀਂ ਸ਼ਹਿਰ 'ਚੋਂ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਨਿਕਾਸੀ ਦੀਆਂ ਅਸਫਲ ਕੋਸ਼ਿਸ਼ਾਂ ਲਈ ਮਾਰਿਉਪੋਲ ਦੇ ਨਿਵਾਸੀਆਂ ਤੋਂ ਮੁਆਫੀ ਵੀ ਮੰਗੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)