ਦਿੱਲੀ ਵਿਚ ਦੰਗਿਆਂ ਉੱਤੇ ਵਿਸ਼ਵ ਦੀ ਵੱਡੀ ਟੈਨਿਸ ਖਿਡਾਰਨ ਨੇ ਮੋਦੀ ਨੂੰ ਪੁੱਛਿਆ ਸਵਾਲ - ਕੌਮਾਂਤਰੀ ਪ੍ਰਤੀਕਰਮ

ਦਿੱਲੀ ਦੇ ਜਹਾਂਗੀਰਪੁਰੀ ਵਿੱਚ ਹਨੂੰਮਾਨ ਜਯੰਤੀ ਦੇ ਜਲੂਸ ਦੌਰਾਨ ਹੋਈ ਹਿੰਸਾ ਦੇ ਮਾਮਲੇ 'ਤੇ ਪੂਰੀ ਦੁਨੀਆਂ ਤੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸੇ ਲੜੀ ਵਿੱਚ ਹੁਣ ਇੱਕ ਮਹਿਲਾ ਟੈਨਿਸ ਖਿਡਾਰਨ ਦਾ ਨਾਮ ਵੀ ਜੁੜ ਗਿਆ ਹੈ।

18 ਗ੍ਰੈਂਡਸਲੇਮ ਸਿੰਗਲਸ ਜਿੱਤਣ ਵਾਲੀ ਮਾਰਟਿਨਾ ਨਵਰਾਤੀਲੋਵਾ ਨੇ ਜਹਾਂਗੀਰਪੁਰੀ ਹਿੰਸਾ 'ਤੇ ਟਵੀਟ ਕੀਤਾ ਹੈ ਅਤੇ ਸਿੱਧਿਆਂ ਪੀਐੱਮ ਮੋਦੀ ਨੂੰ ਸਵਾਲ ਪੁੱਛਿਆ ਹੈ।

ਮਾਰਟਿਨਾ ਨੇ ਪੱਤਰਕਾਰ ਰਾਣਾ ਅਯੂਬ ਦੇ ਟਵੀਟ ਨੂੰ ਰਿਵੀਟ ਕੀਤਾ ਹੈ ਅਤੇ ਉਸ 'ਤੇ ਲਿਖਿਆ ਹੈ, "ਨਿਸ਼ਚਿਤ ਤੌਰ 'ਤੇ ਇਹ ਸਵੀਕਾਰਨਯੋਗ ਨਹੀਂ ਹੈ, ਸਹੀ ਹੈ ਨਾ ਮੋਦੀ?"

ਦਰਅਸਲ, ਰਾਣਾ ਅਯੂਬ ਨੇ ਇੱਕ ਵੀਡੀਓ ਟਵੀਟ ਕੀਤਾ ਸੀ, ਜਿਸ ਵਿੱਚ ਕਥਿਤ ਤੌਰ 'ਤੇ ਹਨੂੰਮਾਨ ਜਯੰਤੀ ਦੇ ਜਲੂਸ ਵਿੱਚ ਹਥਿਆਰ ਲਹਿਰਾਉਂਦੇ ਹੋਏ ਭੀੜ ਜਾ ਰਹੀ ਹੈ।

ਮਾਰਟਿਨਾ ਦੇ ਟਵੀਟ 'ਤੇ ਆਏ ਰਿਪਲਾਈ

ਸਾਬਕਾ ਟੈਨਿਸ ਖਿਡਾਰਨ ਨੇ ਇਹ ਟਵੀਟ ਕੀਤਾ ਹੀ ਸੀ ਕਿ ਇਸ ਤੋਂ ਬਾਅਦ ਕਈ ਭਾਰਤੀਆਂ ਦੇ ਇਸ ਦੇ ਸਮਰਥਨ ਵਿੱਚ ਅਤੇ ਵਿਰੋਧ ਵਿੱਚ ਟਵੀਟ ਆਉਣੇ ਸ਼ੁਰੂ ਹੋ ਗਏ।

ਮਹਿੰਦਰ ਸ਼ਾਹ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, "ਮਾਰਟਿਨਾ ਭਾਰਤ ਦੇ ਮਾਮਲਿਆਂ ਵਿੱਚ ਦਿਲਚਸਪੀ ਦਿਖਾਉਣ ਲਈ ਸ਼ੁਕਰੀਆ। ਮੈਂ ਭਾਰਤੀ ਹਾਂ ਅਤੇ ਟੈਨਿਸ ਦਾ ਵੱਡਾ ਪ੍ਰਸ਼ੰਸਕ ਹਾਂ।"

"ਭਾਰਤ ਗ਼ਲਤ ਦਿਸ਼ਾ ਵਿੱਚ ਜਾ ਰਿਹਾ ਹੈ, ਇੱਕ ਗੰਭੀਰ ਫਿਰਕੂ ਹਿੰਸਾ ਹੋਵੇਗੀ ਅਤੇ ਕੌਮਾਂਤਰੀ ਭਾਈਚਾਰੇ ਨੂੰ ਇਸ 'ਤੇ ਬੋਲਣ ਦੀ ਲੋੜ ਹੈ। ਇੱਕ ਵਾਰ ਸ਼ੁਕਰੀਆ।"

ਉੱਥੇ ਹੀ ਅਭਿਸ਼ੇਕ ਬੋਸ ਲਿਖਦੇ ਹਨ, "ਬਦਕਿਸਮਤੀ ਨਾਲ ਸਿੱਖਿਆ ਦੀ ਘਾਟ ਕਾਰਨ ਇਹ ਸਭ ਹੋ ਰਿਹਾ ਹੈ ਅਤੇ ਦੋਵੇਂ ਹਿੰਦੂ ਅਤੇ ਮੁਸਲਮਾਨ ਕਈ ਮੌਕਿਆਂ 'ਤੇ ਅਜਿਹਾ ਕਰਦੇ ਹਨ।"

"ਰਾਣਾ ਅਯੂਬ ਤੁਹਾਨੂੰ ਇੱਕ ਪੱਖ ਦਿਖਾਉਣਗੇ ਅਤੇ ਅਰਨਬ ਗੋਸਵਾਮੀ ਦੂਜਾ। ਸਮੱਸਿਆ ਇਹ ਹੈ ਕਿ ਦੋਵੇਂ ਹੀ ਤੁਹਾਨੂੰ ਦੂਜੇ ਪੱਖ ਬਾਰੇ ਨਹੀਂ ਦੱਸਣਗੇ। ਇਹ ਸਭ ਕੁਝ ਸਿਆਸੀ ਹੈ।"

ਇਹ ਵੀ ਪੜ੍ਹੋ-

ਪਹਿਲਾਂ ਵੀ ਹੋਈ ਹੈ ਟ੍ਰੋਲ

ਮਾਰਟਿਨਾ ਨੇ ਪਹਿਲਾਂ ਵੀ ਕਈ ਵਾਰ ਭਾਰਤ ਦੇ ਮਾਮਲੇ 'ਤੇ ਕੋਈ ਟਵੀਟ ਕੀਤਾ ਹੈ। ਬੀਤੇ ਸਾਲ ਅਕਤੂਬਰ ਵਿੱਚ ਵੀ ਉਨ੍ਹਾਂ ਨੇ ਇੱਕ ਟਵੀਟ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ ਸੀ।

ਉਨ੍ਹਾਂ ਨੇ ਹਿੰਦੁਸਤਾਨ ਟਾਈਮਜ਼ ਅਖ਼ਬਾਰ ਦੇ ਇੱਕ ਟਵੀਟ ਨੂੰ ਰਿਟਵੀਟ ਕਰਦਿਆਂ ਲਿਖਿਆ ਸੀ ਕਿ ਕਿ 'ਹੋਰ ਇਹ ਮੇਰਾ ਅਗਲਾ ਮਜ਼ਾਕ ਹੈ।'

ਦਰਅਸਲ, ਹਿੰਦੁਸਤਾਨ ਟਾਈਮਜ਼ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇੱਕ ਬਿਆਨ ਨੂੰ ਟਵੀਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤਾਨਾਸ਼ਾਹ' ਨਹੀਂ ਬਲਿਕ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਨੇਤਾ ਹਨ।

ਕੌਣ ਹੈ ਮਾਰਟਿਨਾ ਨਵਰਾਤੀਲੋਵਾ

ਚੈਕੋਸਲੋਵਾਕੀਆ ਵਿੱਚ ਪੈਦਾ ਹੋਈ ਮਾਰਟਿਨਾ 1974 ਵਿੱਚ ਅਮਰੀਕਾ ਆ ਗਈ ਅਤੇ ਇੱਥੋਂ ਹੀ ਉਨ੍ਹਾਂ ਦੇ ਪੇਸ਼ੇਵਰ ਟੈਨਿਸ ਕਰੀਅਰ ਦੀ ਸ਼ੁਰੂਆਤ ਹੋਈ।

18 ਸਾਲ ਦੀ ਉਮਰ ਵਿੱਚ ਸਾਲ 1975 ਦੇ ਆਸਟ੍ਰੇਲੀਆਈ ਓਪਨ ਅਤੇ ਫਰੈਂਚ ਦੀ ਉਹ ਉੱਪ-ਜੇਤੂ ਰਹੀ।

1978 ਵਿੱਚ ਉਨ੍ਹਾਂ ਵਿੰਬਲਡਨ ਦਾ ਖ਼ਿਤਾਬ ਜਿੱਤਿਆ ਜੋ ਉਨ੍ਹਾਂ ਦਾ ਪਹਿਲਾ ਗ੍ਰੈਂਸਲੇਮ ਸਿੰਗਲ ਖ਼ਿਤਾਬ ਸੀ।

ਇੱਥੋਂ ਹੀ ਸ਼ੁਰੂ ਹੋਇਆ ਮਾਰਟਿਨਾ ਦਾ ਟੈਨਿਸ ਦਾ ਸਫ਼ਰ 18 ਗ੍ਰੈਂਡਸਲੇਮ ਸਿੰਗਲਮ ਦੇ ਖ਼ਿਤਾਬ 'ਤੇ ਪੂਰਾ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ 31 ਵੀਮੈਨਲਸ ਡਬਲਸ ਖ਼ਿਤਾਬ ਜਿੱਤੇ ਅਤੇ 10 ਮਿਕਸਡ ਡਬਲਸ ਦੇ ਖ਼ਿਤਾਬ ਜਿੱਤੇ।

ਉਹ ਵਿੰਬਲਡਨ ਸਿੰਗਲਸ ਫਾਈਨਲ ਵਿੱਚ 12 ਪਹੁੰਚੀ ਜਦ ਕਿ 1982 ਤੋਂ ਲੈ ਕੇ 1990 ਵਿਚਾਲੇ ਉਹ ਲਗਾਤਾਰ 9 ਵਾਰ ਵਿੰਬਲਡਨ ਦੇ ਫਾਈਨਲ ਵਿੱਚ ਪਹੁੰਚੀ।

ਮਾਰਟਿਨਾ 332 ਹਫ਼ਤੇ ਤੱਕ ਸਿੰਗਲਸ ਵਿੱਚ 237 ਹਫ਼ਤਿਆਂ ਤੱਕ ਡਬਲਸ ਵਿੱਚ ਵਰਲਡ ਨੰਬਰ ਵੰਨ ਰੈਂਕ 'ਤੇ ਵੀ ਰਹੀ ਸੀ।

ਪਾਕਿਸਤਾਨ ਵਲੋਂ ਹਿੰਸਾ ਦੀ ਨਿੰਦਾ

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਭਾਰਤ ਵਿੱਚ, "ਮੁਸਲਮਾਨਾਂ ਵਿਰੁੱਧ ਹਾਲ ਹੀ ਵਿੱਚ ਹੋਈ ਹਿੰਸਾ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ।"

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਹੋਈ ਹਿੰਸਾ ਦਾ ਜ਼ਿਕਰ ਕੀਤਾ ਹੈ।

ਬਿਆਨ ਵਿੱਚ ਲਿਖਿਆ ਗਿਆ ਹੈ, "ਪਿਛਲੇ ਦਿਨੀ ਨਵੀਂ ਦਿੱਲੀ ਦੀ ਜਾਮਾ ਮਸਜਿਦ ਉੱਤੇ ਹਨੂੰਮਾਨ ਸ਼ੋਭਾ ਯਾਤਰਾ ਦੇ ਸਮੇਂ ਬੇਖੌਫ਼ ਹੋ ਕੇ ਭਗਵਾ ਝੰਡਾ ਲਹਿਰਾਉਣ ਦੀ ਘਿਨਾਉਣੀ ਕੋਸ਼ਿਸ਼ ਕਰਨਾ, ਜਦੋਂ ਮੁਸਲਮਾਨ ਰੋਜ਼ਾ ਖੋਲ੍ਹਣ ਦੀ ਉਡੀਕ ਕਰ ਰਹੇ ਸਨ, ਉੱਤੇ ਬੇਇੱਜ਼ਤੀ ਵਾਲੇ ਨਾਅਰੇ ਲਾਉਣਾ, ਭੜਕਾਊ ਸੰਗੀਤ ਵਜਾਉਣਾ ਅਤੇ ਹਥਿਆਰਾਂ ਨਾਲ ਮੁਜਾਹਰਾ ਕਰਨਾ, ਦੇਸ ਦੀ ਸੱਤਾ ਦੇ ਸਮਰਥਨ ਤੋਂ ਜਾਰੀ ਭੜਕਾਊਣਪੁਣੇ ਦੀ ਗੰਭੀਰਤਾ ਅਤੇ ਭਾਰਤ ਵਿਚ ਮੁਸਲਮਾਨਾਂ ਦੇ ਬਾਰੇ ਵਿਚ ਨਫ਼ਰਤ ਨੂੰ ਉਜਾਗਰ ਕਰਦਾ ਹੈ।''

ਬਿਆਨ ਵਿੱਚ ਲਿਖਿਆ ਗਿਆ ਹੈ, ''ਇਹ ਘਟਨਾ ਫਰਵਰੀ 2020 ਦੀ ਦਿੱਲੀ ਹਿੰਸਾ ਦੀ ਯਾਦ ਦਿਵਾਉਂਦੀ ਹੈ , ਜਿਸਦਾ ਉਦੇਸ਼ ਮੁਸਲਿਮ ਭਾਈਚਾਰੇ ਨਾਲ ਵਿਤਕਰਾ ਕਰਨਾ, ਉਨ੍ਹਾਂ ਨੂੰ ਬੇਦਖਲ ਕਰਨਾ ਅਤੇ ਉਨ੍ਹਾਂ ਦੀ ਮਨੁੱਖਤਾ ਨੂੰ ਤਬਾਹ ਕਰਨਾ ਸੀ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)