ਰਾਜ ਸਭਾ ਚੋਣ: 'ਆਪ ਦੇ ਉਮੀਦਵਾਰ ਪੰਜਾਬ ਦੀ ਰੂਹ ਦੀ ਨੁਮਾਇੰਦਗੀ ਨਹੀਂ ਕਰਦੇ' -ਨਜ਼ਰੀਆ

ਤਸਵੀਰ ਸਰੋਤ, AAP
ਆਮ ਆਦਮੀ ਪਾਰਟੀ ਨੇ ਪੰਜਾਬ 'ਚੋਂ ਰਾਜ ਸਭਾ 'ਚ ਜਾਣ ਵਾਲੇ ਆਪਣੇ ਉਮੀਦਵਾਰਾਂ ਦੇ ਨਾਵਾਂ 'ਤੇ ਮੋਹਰ ਲਗਾ ਦਿੱਤੀ ਹੈ।
ਪਾਰਟੀ ਦੁਆਰਾ ਤੈਅ ਕੀਤੇ ਗਏ ਚਿਹਰਿਆਂ ਵਿੱਚ 'ਆਪ' ਆਗੂ ਅਤੇ ਪੰਜਾਬ ਵਿੱਚ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਆਈਆਈਟੀ ਦਿੱਲੀ ਦੇ ਅਸਿਸਟੈਂਟ ਪ੍ਰੋਫੈਸਰ ਸੰਦੀਪ ਪਾਠਕ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਪੰਜਾਬ ਦੇ ਉਦਯੋਗਪਤੀ ਸੰਜੀਵ ਅਰੋੜਾ ਦੇ ਸ਼ਾਮਲ ਹਨ।
ਰਾਜ ਸਭਾ ਵਿੱਚ ਪੰਜਾਬ ਦੀਆਂ 7 ਸੀਟਾਂ ਹਨ। ਜਿਨ੍ਹਾਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਤੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋਣ ਮਗਰੋਂ ਪੰਜ ਸੀਟਾਂ 9 ਅਪ੍ਰੈਲ ਨੂੰ ਖਾਲੀ ਹੋ ਰਹੀਆਂ ਹਨ।
ਬਾਕੀ ਦੋ ਸੀਟਾਂ ਲਈ ਬਲਵਿੰਦਰ ਸਿੰਘ ਭੂੰਦੜ ਅਤੇ ਅੰਬਿਕਾ ਸੋਨੀ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋਵੇਗਾ ਅਤੇ ਇਨ੍ਹਾਂ ਸੀਟਾਂ ਲਈ ਲਈ ਚੋਣਾਂ ਵੀ ਬਾਅਦ 'ਚੋਂ ਹੋਣਗੀਆਂ।
ਵੱਖ-ਵੱਖ ਸਿਆਸੀ ਆਗੂਆਂ ਨੇ ਕੀ ਕਹਿ ਕੇ ਕੀਤਾ ਵਿਰੋਧ
ਆਮ ਆਦਮੀ ਦੀ ਇਸ ਚੋਣ ਉੱਪਰ ਸਿਆਸੀ ਆਗੂ ਅਤੇ ਮੀਡੀਆ ਨਾਲ ਜੁੜੇ ਲੋਕਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ।
ਆਮ ਆਦਮੀ ਪਾਰਟੀ ਵੱਲੋਂ ਨਾਵਾਂ ਦੇ ਐਲਾਨ ਤੋਂ ਪਹਿਲਾਂ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਗਵੰਤ ਮਾਨ ਦੇ ਨਾਮ ਇੱਕ ਚਿੱਠੀ ਲਿਖ ਕੇ ਉਮੀਦ ਜਤਾਈ ਸੀ ਕਿ ਉਹ ਅਜਿਹੇ ਮੈਂਬਰਾਂ ਨੂੰ ਰਾਜ ਸਭਾ ਭੇਜਣਗੇ ਜਿਨ੍ਹਾਂ ਨੇ ਪੰਜਾਬ ਅਤੇ ਪਾਰਟੀ ਲਈ ਮਿਹਨਤ ਕੀਤੀ ਹੋਵੇ।
ਭੁਲੱਥ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਕ ਪੰਜਾਬੀ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਉਣਾ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਬਹੁਮਤ ਦੀ ਬੇਇਜ਼ਤੀ ਹੈ।
ਇਹ ਵੀ ਪੜ੍ਹੋ:
ਕਾਂਗਰਸ ਆਗੂ ਪ੍ਰਗਟ ਸਿੰਘ ਨੇ ਵੀ ਕੇਜਰੀਵਾਲ 'ਤੇ ਆਪਣੇ ਹਿੱਤ ਸਾਧਣ ਦਾ ਇਲਜ਼ਾਮ ਲਗਾਇਆ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਬਿਆਨ ਜਾਰੀ ਕਰਕੇ ਆਖਿਆ ਗਿਆ ਹੈ ਕਿ ਪੰਜਾਬ ਵਿੱਚ ਰਾਜ ਸਭਾ ਲਈ ਗੈਰ ਪੰਜਾਬੀ ਉਮੀਦਵਾਰ ਚੁਣ ਕੇ ਲੋਕਾਂ ਨਾਲ ਧੋਖਾ ਕੀਤਾ ਹੈ।
ਆਮ ਆਦਮੀ ਪਾਰਟੀ ਦਾ ਇਹ ਫੈਸਲਾ ਪੰਜਾਬ ਦੀ ਸਿਆਸਤ ਅਤੇ ਪਾਰਟੀ ਲਈ ਕੀ ਮਾਅਨੇ ਰੱਖਦਾ ਹੈ, ਇਸ 'ਤੇ ਚਾਣਨਾ ਪਾਉਣ ਲਈ ਬੀਬੀਸੀ ਪੰਜਾਬੀ ਦੇ ਪੱਤਰਕਾਰ ਮਨਪ੍ਰੀਤ ਕੌਰ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਖਾਸ ਗੱਲਬਾਤ ਕੀਤੀ।
ਪੜ੍ਹੋ ਇਸ ਇਸ ਵਿਸ਼ੇਸ਼ ਗੱਲਬਾਤ ਦੇ ਮੁੱਖ ਅੰਸ਼:
ਕੀ ਉਮੀਦਵਾਰਾਂ ਦੇ ਨਾਵਾਂ ਦੀ ਚੋਣ ਵੱਖਰੀ ਹੈ
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਮੁਤਾਬਕ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਲਈ ਜਿਨ੍ਹਾਂ ਮੈਂਬਰਾਂ ਦੀ ਚੋਣ ਕੀਤੀ ਹੈ, ਉਹ ਸਾਰੀ ਪ੍ਰਕਿਰਿਆ ਦਿੱਲੀ ਤੋਂ ਰਾਜ ਸਭਾ ਲਈ ਚੁਣੇ ਗਏ ਉਮੀਦਵਾਰਾਂ ਦੀ ਤਰ੍ਹਾਂ ਹੀ ਰਹੀ ਹੈ।
ਪੰਜਾਬ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਪਾਰਟੀ ਦਾ ਇਹ ਪਹਿਲਾ ਅਹਿਮ ਫੈਸਲਾ ਹੈ। ਇਸ ਮਾਮਲੇ 'ਚ ਸਿਆਸੀ ਪੱਧਰ 'ਤੇ ਪਾਰਟੀ ਅਤੇ ਸਰਕਾਰ ਦਾ ਫੈਸਲਾ ਵੱਖਰਾ ਨਹੀਂ ਮੰਨਿਆ ਜਾਂਦਾ ਹੈ, ਇਸ ਲਈ ਇਸ ਦਾ ਮੁਲਾਂਕਣ ਹੋਣਾ ਲਾਜ਼ਮੀ ਹੈ।
'ਆਪ' ਦੀ ਪੰਚਲਾਈਨ 'ਇਨਕਲਾਬ ਜ਼ਿੰਦਾਬਾਦ' ਰਹੀ ਹੈ ਅਤੇ ਖੱਟਕੜਕਲਾਂ 'ਚ ਵੀ ਭਗਵੰਤ ਮਾਨ ਨੇ ਆਪਣੇ ਅਹੁਦੇ ਦੀ ਸਹੁੰ ਚੁੱਕਣ ਮੌਕੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ ਸੀ।
ਹੁਣ ਇਹ ਸੋਚਣ ਦੀ ਜ਼ਰੂਰਤ ਹੈ ਕਿ ਕੀ ਇਹ ਪੰਜੇ ਨਾਮਜ਼ਦਗੀਆਂ ਇਸ ਨਾਅਰੇ ਅਨੁਸਾਰ ਖਰੀਆਂ ਉਤਰਦੀਆਂ ਜਾਂ ਢੁਕਦੀਆਂ ਹਨ ਜਾਂ ਨਹੀਂ ?

ਉਨ੍ਹਾਂ ਅੱਗੇ ਕਿਹਾ ਕਿ ਮੈਂ ਇੱਥੇ ਇੱਕ ਗੱਲ ਕਹਿਣੀ ਚਹਾਂਗਾ ਕਿ ਬਤੌਰ ਪੱਤਰਕਾਰ ਮੇਰਾ ਇੱਕ ਅਸੂਲ ਸੀ ਕਿ ਜਦੋਂ ਵੀ ਕੋਈ ਨਵੀਂ ਸਰਕਾਰ ਆਵੇ ਤਾਂ ਉਸ ਨੂੰ ਇੱਕ ਸਾਲ ਦਾ ਮੌਕਾ ਜ਼ਰੂਰ ਦਿਓ ਅਤੇ ਬਾਅਦ 'ਚ ਉਸ ਦੀਆਂ ਕਮੀਆਂ ਜਾਂ ਕਾਮਯਾਬੀਆਂ ਦਾ ਮੁਲਾਂਕਣ ਕਰੋ, ਪਰ ਹੁਣ ਸਮਾਂ ਬਹੁਤ ਬਦਲ ਗਿਆ ਹੈ। ਸੋਸ਼ਲ ਮੀਡੀਆ ਨੇ ਬਹੁਤ ਹੀ ਤੇਜ਼ੀ ਲਿਆ ਦਿੱਤੀ ਹੈ।
ਜਿਵੇਂ ਹੀ ਇਨ੍ਹਾਂ ਪੰਜ ਨਾਮਜ਼ਦਗੀਆਂ ਦਾ ਐਲਾਨ ਹੋਇਆ ਤਾਂ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਚਰਚਾ ਛਿੜ ਗਈ ਅਤੇ ਸੂਬੇ 'ਚ ਇੱਕ ਤਰ੍ਹਾਂ ਦਾ ਤੂਫਾਨ ਹੀ ਆ ਗਿਆ।
ਆਮ ਆਦਮੀ ਪਾਰਟੀ ਦੇ ਇਸ ਪਹਿਲੇ ਹੀ ਫੈਸਲੇ 'ਤੇ ਕਈ ਸਵਾਲਿਆ ਨਿਸ਼ਾਨ ਲੱਗ ਰਹੇ ਹਨ, ਅਜਿਹਾ ਕਿਉਂ ਹੋ ਰਿਹਾ ਹੈ ਇਸ ਬਾਰੇ ਸੋਚਣਾ ਬਹੁਤ ਹੀ ਲਾਜ਼ਮੀ ਹੈ।
ਜਗਤਾਰ ਸਿੰਘ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਜੋ ਨਾਅਰਾ ਦਿੱਤਾ ਸੀ - 'ਇਨਕਲਾਬ ਜ਼ਿੰਦਾਬਾਦ', ਇਹ ਪੰਜੇ ਨਾਮਜ਼ਦਗੀਆਂ ਉਸ ਅਨੁਸਾਰ ਬਿਲਕੁੱਲ ਵੀ ਢੁਕਦੀਆਂ ਹਨ।
ਇਸ ਲਈ ਪਾਰਟੀ ਨੂੰ ਇਸ ਸੰਦਰਭ 'ਚ ਆਪਣੇ ਫੈਸਲੇ ਦੀ ਪੜਚੋਲ ਕਰਨ ਦੀ ਲੋੜ ਹੈ।
'ਪੰਜਾਬ ਦੇ ਹੱਕਾਂ ਨੂੰ ਖੋਹਣ ਦੀ ਸਾਜਿਸ਼'
ਜਗਤਾਰ ਸਿੰਘ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸੂਬੇ ਤੋਂ ਬਾਹਰੋਂ ਲਿਆ ਕੇ ਉਮੀਦਵਾਰਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੋਵੇ।
ਪਹਿਲੀਆਂ ਪਾਰਟੀਆਂ ਵੀ ਅਜਿਹਾ ਕਰਦੀਆਂ ਰਹੀਆਂ ਹਨ। ਪਰ ਵਿਚਾਰਨ ਵਾਲੀ ਗੱਲ ਇਹ ਕਿ ਉਨ੍ਹਾਂ ਦੀ ਤਵੱਜੋ ਕੀ ਹੈ। ਪੰਜਾਬ ਦੇ ਜੋ ਗੰਭੀਰ ਮਸਲੇ ਅਤੇ ਚਿੰਤਾਵਾਂ ਹਨ ਕੀ ਇਹ ਪੰਜੇ ਉਮੀਦਵਾਰ ਰਾਜ ਸਭਾ 'ਚ ਚੁੱਕਣਗੇ ਜਾਂ ਫਿਰ ਦਿੱਲੀ ਦੇ ਮਸਲਿਆਂ ਨੂੰ ਪਹਿਲ ਦਿੱਤੀ ਜਾਵੇਗੀ?
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੂਜੇ ਸੂਬਿਆਂ ਨਾਲੋਂ ਵੱਖਰਾ ਸੂਬਾ ਹੈ। ਇਸ ਦੇ ਸਿਆਸੀ ਮਸਲੇ ਵੱਖਰੇ ਹਨ। ਇਸ ਲਈ ਜਿਸ ਸੂਬੇ ਦੀਆਂ ਸਿਆਸੀ ਗਤੀਵਿਧੀਆਂ ਵੱਖਰੀਆਂ ਹੋਣ ਉਸ ਸੂਬੇ ਦੀਆਂ ਚਿੰਤਾਵਾਂ, ਮਸਲੇ ਵੀ ਵੱਖਰੇ ਹੀ ਹੁੰਦੇ ਹਨ।
ਪੰਜਾਬ ਦੇ ਮੁੱਦੇ ਹਸਪਤਾਲਾਂ ਅਤੇ ਸਕੂਲਾਂ ਤੱਕ ਹੀ ਸੀਮਤ ਨਹੀਂ ਹਨ ਬਲਕਿ ਇਸ ਦੇ ਮਸਲੇ ਗੰਭੀਰ ਅਤੇ ਸੰਵੇਦਨਸ਼ੀਲ ਹਨ।
ਕੀ ਇਹ ਲੋਕ ਉਨ੍ਹਾਂ ਮਸਲਿਆਂ ਦੇ ਹਾਣੀ ਹਨ? ਕੀ ਇਨ੍ਹਾਂ ਨੂੰ ਉਸ ਸਿਆਸਤ ਦਾ ਗਿਆਨ ਹੈ? ਅਜਿਹੇ ਕਈ ਸਵਾਲ ਹਨ ਜਿੰਨ੍ਹਾਂ ਨੂੰ ਇਸ ਮੌਕੇ ਵਿਚਾਰਨ ਦੀ ਜ਼ਰੂਰਤ ਹੈ।

ਤਸਵੀਰ ਸਰੋਤ, LPU/GURMINDER GREWAL/ANMOL GAGAN MAAN
ਰਾਜ ਸਭਾ 'ਚ ਕਿਸ ਤਰ੍ਹਾਂ ਦੇ ਉਮੀਦਵਾਰ ਨੁਮਾਇੰਦਗੀ ਲਈ ਯੋਗ ਹਨ
ਇਸ ਗੱਲ 'ਤੇ ਵਿਚਾਰ ਕਰਨ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਅੱਜ ਤੋਂ ਪਹਿਲਾਂ ਸੂਬੇ ਤੋਂ ਰਾਜ ਸਭਾ ਲਈ ਕਿਸ ਤਰ੍ਹਾਂ ਦੇ ਉਮੀਦਵਾਰ ਭੇਜੇ ਗਏ ਹਨ।
ਜੋ ਲੋਕ ਆਮ ਤੌਰ 'ਤੇ ਸੂਬੇ 'ਚ ਕਾਰਗਰ ਨਹੀਂ ਹੁੰਦੇ ਸਨ, ਉਨ੍ਹਾਂ ਨੂੰ ਲੋਕ ਸਭਾ ਜਾਂ ਰਾਜ ਸਭਾ ਭੇਜ ਦਿੱਤਾ ਜਾਂਦਾ ਸੀ।
ਉਨ੍ਹਾਂ ਨੇ ਅਕਾਲੀ ਦਲ ਨਾਲ ਇਸ ਦੀ ਤੁਲਨਾ ਕਰਦਿਆਂ ਕਿਹਾ ਕਿ ਅਕਾਲੀ ਦਲ ਜਿਸ ਨੂੰ ਕਿ ਸਿੱਖਾਂ ਦੀ ਪਾਰਟੀ ਵੀ ਕਿਹਾ ਜਾਂਦਾ ਹੈ, ਇਸ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਲਈ ਭੇਜੇ ਗਏ ਮੈਂਬਰ ਗੂੰਗੇ ਪਹਿਲਵਾਨ ਵਾਂਗ ਰਹੇ ਹਨ, ਜਿੰਨ੍ਹਾਂ ਨੇ ਕਦੇ ਵੀ ਸੂਬੇ ਦੇ ਮਸਲਿਆਂ ਨੂੰ ਸੰਸਦ 'ਚ ਨਹੀਂ ਚੁੱਕਿਆ ਹੈ। ਅਤੇ ਕਾਂਗਰਸ ਪਾਰਟੀ ਦਾ ਵੀ ਇਹੀ ਇਤਿਹਾਸ ਰਿਹਾ ਹੈ।
ਗੁਰਚਰਨ ਸਿੰਘ ਟੌਹੜਾ ਅਤੇ ਪ੍ਰਤਾਪ ਸਿੰਘ ਬਾਜਵਾ ਹੀ ਅਜਿਹੇ ਆਗੂ ਰਹੇ ਹਨ ਜਿੰਨ੍ਹਾਂ ਨੇ ਪੰਜਾਬ ਦੇ ਮਸਲਿਆਂ ਨੂੰ ਕੇਂਦਰ 'ਚ ਚੁੱਕਣ ਲਈ ਆਪਣੀ ਪੂਰੀ ਵਾਹ ਲਗਾਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਕਈ ਅਜਿਹੇ ਰਾਜ ਸਭਾ ਮੈਂਬਰ ਪੰਜਾਬ ਦੀ ਨੁਮਾਇੰਦਗੀ ਤਾਂ ਕਰ ਚੁੱਕੇ ਹਨ ਪਰ ਅਸੀਂ ਉਨ੍ਹਾਂ ਤੋਂ ਜਾਣੂ ਨਹੀਂ ਹਾਂ ਕਿਉਂਕਿ ਉਨ੍ਹਾਂ ਦੀ ਕਾਰਗੁਜ਼ਾਰੀ ਜ਼ੀਰੋ ਹੈ।
ਸ਼ਵੇਤ ਮਲਿਕ, ਸ਼ਮਸ਼ੇਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਅੰਬੀਕਾ ਸੋਨੀ, ਬਲਵਿੰਦਰ ਸਿੰਘ ਭੁੰਦੜ ਅਜਿਹੇ ਹੀ ਕੁਝ ਰਾਜ ਸਭਾ ਮੈਂਬਰਾਂ ਦੇ ਨਾਮ ਹਨ ਜਿਨ੍ਹਾਂ ਦੀ ਕਾਰਗੁਜ਼ਾਰੀ ਨਾਂਹ ਦੇ ਬਰਾਬਰ ਰਹੀ ਹੈ।
ਇਸ ਲਈ ਰਾਜ ਸਭਾ 'ਚ ਕਿਸ ਤਰ੍ਹਾਂ ਦੇ ਉਮੀਦਵਾਰ ਭੇਜੇ ਜਾਣੇ ਚਾਹੀਦੇ ਹਨ, ਇਸ 'ਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਵੀ ਵੇਖਣਾ ਜ਼ਰੂਰੀ ਹੈ ਕਿ ਹੁਣ ਤੱਕ ਅਕਾਲੀ ਦਲ ਜਾਂ ਕਾਂਗਰਸ ਨੇ ਇਸ ਸਬੰਧ 'ਚ ਕੀ ਕੀਤਾ ਹੈ।

ਤਸਵੀਰ ਸਰੋਤ, AAP Punjab/Facebook
ਪੰਜਾਬ ਦੇ ਨਜ਼ਰੀਏ ਤੋਂ ਕੀ ਆਮ ਆਦਮੀ ਪਾਰਟੀ 'ਚ ਲੀਡਰਸ਼ਿਪ ਦੀ ਘਾਟ ਸੀ
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਤਾਂ ਅਸੰਬਲੀ 'ਚ ਖੜ੍ਹੇ ਕਰਨ ਲਈ ਵੀ ਆਪਣੇ ਉਮੀਦਵਾਰ ਨਹੀਂ ਸਨ। ਜਿਸ ਕਰਕੇ ਇਨ੍ਹਾਂ ਨੇ ਉਨ੍ਹਾਂ ਪਾਰਟੀਆਂ ਤੋਂ ਉਮੀਦਵਾਰ ਲਏ ਜਿੰਨ੍ਹਾਂ ਪਾਰਟੀਆਂ ਨੂੰ ਲੋਕ ਪਹਿਲਾਂ ਹੀ ਨਾਮਨਜ਼ੂਰ ਕਰ ਚੁੱਕੇ ਸਨ। ਪਾਰਟੀ ਦਾ ਆਪਣਾ ਤਾਂ ਕੋਈ ਠੋਸ ਢਾਂਚਾ ਨਹੀਂ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਇੱਕ ਪਲੇਟਫਾਰਮ ਵੱਜੋਂ ਇਸਤੇਮਾਲ ਕਰਕੇ ਆਪਣੀ ਪਾਰਟੀ ਨੂੰ ਕੌਮੀ ਪੱਧਰ 'ਤੇ ਲਿਜਾਣਾ ਚਾਹੁੰਦੇ ਹਨ ਅਤੇ ਹੁਣ ਉਨ੍ਹਾਂ ਦਾ ਅਗਲਾ ਟੀਚਾ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ 'ਚ ਆਪਣੀ ਸਥਿਤੀ ਨੂੰ ਮਜਬੂਤ ਕਰਨਾ ਅਤੇ ਆਪਣੀ ਪਾਰਟੀ ਦੀ ਸਰਕਾਰ ਲਿਆਉਣਾ ਹੈ।
ਆਮ ਆਦਮੀ ਪਾਰਟੀ ਪੰਜਾਬ 'ਚ ਭਗਤ ਸਿੰਘ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਹੋਕਾ ਦੇ ਕੇ ਸੱਤਾ 'ਚ ਆਈ ਹੈ ਪਰ ਹੁਣ ਉਨ੍ਹਾਂ ਨੂੰ ਇਸ ਹੋਕੇ ਦੇ ਲਾਇਕ ਬਣਨ ਦੀ ਜ਼ਰੂਰਤ ਹੈ।

ਤਸਵੀਰ ਸਰੋਤ, AAP Punjab/Facebook
ਪੰਜ ਉਮੀਦਵਾਰਾਂ ਦੀ ਨਾਮਜ਼ਦਗੀ- ਲੋਕ ਸੰਤੁਸ਼ਟ ਜਾਂ ਅਸੰਤੁਸ਼ਟ
ਜਗਤਾਰ ਸਿੰਘ ਨੇ ਅੱਗੇ ਕਿਹਾ ਕਿ ਮੈਂ ਤਾਂ ਪਾਰਟੀ ਦੇ ਇਸ ਫੈਸਲੇ ਨਾਲ ਬਿਲਕੁੱਲ ਵੀ ਸੰਤੁਸ਼ਟ ਨਹੀਂ ਹਾਂ। ਇਹ ਪੰਜੇ ਉਮੀਦਵਾਰ ਪੰਜਾਬ ਦੀ ਰੂਹ ਦੀ ਨੁਮਾਇੰਦਗੀ ਨਹੀਂ ਕਰਦੇ ਹਨ।
ਇਸ ਤੋਂ ਪਹਿਲਾਂ ਜਿੰਨ੍ਹੇ ਵੀ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਹਨ, ਉਹ ਭਾਵੇਂ ਕਿ ਪੰਜਾਬ ਦੇ ਮਸਲਿਆਂ ਨੂੰ ਨਹੀਂ ਚੁੱਕਦੇ ਸਨ, ਪਰ ਉਨ੍ਹਾਂ ਨੂੰ ਘੱਟ ਤੋਂ ਘੱਟ ਪੰਜਾਬ, ਪੰਜਾਬ ਦੀ ਸਿਆਸਤ ਦੀ ਸਮਝ ਤਾਂ ਸੀ।
ਕੀ ਇਹ ਪੰਜੇ ਨਾਮਜ਼ਦ ਉਮੀਦਵਾਰ ਪੰਜਾਬ ਦੇ ਮਸਲਿਆਂ ਨੂੰ ਸੰਸਦ 'ਚ ਚੁੱਕਣ 'ਚ ਅਸਫਲ ਰਹਿਣਗੇ ਦੇ ਸਵਾਲ 'ਤੇ ਜਗਤਾਰ ਸਿੰਘ ਨੇ ਕਿਹਾ ਕਿ ਇਸ 'ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਪਹਿਲਾਂ ਵੀ ਕਦੇ ਕਿਸੇ ਮੈਂਬਰ ਨੇ ਅਜਿਹਾ ਨਹੀਂ ਕੀਤਾ ਹੈ। ਇਸ ਲਈ ਇਹ ਪੰਜੇ ਵੀ ਪਹਿਲਾਂ ਤੋਂ ਚੱਲੀ ਆ ਰਹੀ ਰਿਵਾਇਤ ਨੂੰ ਹੀ ਅੱਗੇ ਤੋਰਨਗੇ।
ਆਮ ਆਦਮੀ ਪਾਰਟੀ ਦੇ ਪੰਜੇ ਨਾਮਜ਼ਦ ਉਮੀਦਵਾਰ ਪੰਜਾਬ ਦੇ ਤਾਂ ਨਹੀਂ ਪਰ ਦਿੱਲੀ ਤੋਂ ਜੋ ਵੀ ਮੁੱਦੇ ਦਿੱਤੇ ਜਾਣਗੇ, ਉਨ੍ਹਾਂ ਨੂੰ ਹੀ ਪੇਸ਼ ਕਰਨਗੇ। ਜਿਸ ਨਾਲ ਕਿ ਪੰਜਾਬ ਕਿਤੇ ਨਾ ਕਿਤੇ ਪਿਛਾਂਹ ਰਹਿ ਜਾਵੇਗਾ।
(ਇਹ ਲੇਖ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਹੋਈ ਗੱਲਬਾਤ ਉੱਤੇ ਅਧਾਰਿਤ ਹੈ ਅਤੇ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ )
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












