ਆਮ ਆਦਮੀ ਪਾਰਟੀ: ਰਾਜ ਸਭਾ ਮੈਂਬਰ ਦੀ ਚੋਣ ਕਿਵੇਂ ਹੁੰਦੀ ਹੈ, ਪੰਜਾਬ ਦੇ ਹਵਾਲੇ ਨਾਲ ਸਮਝੋ

ਤਸਵੀਰ ਸਰੋਤ, Aap social media
ਪੰਜਾਬ ਤੋਂ ਰਾਜ ਸਭਾ ਮੈਂਬਰਾਂ ਲਈ ਆਮ ਆਦਮੀ ਪਾਰਟੀ ਨੇ 5 ਨਾਮ ਤੈਅ ਕਰ ਲਏ ਹਨ।
ਇਨ੍ਹਾਂ ਵਿੱਚ ਆਪ ਆਗੂ ਅਤੇ ਪੰਜਾਬ ਵਿੱਚ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਆਈਆਈਟੀ ਦਿੱਲੀ ਦੇ ਅਸਿਸਟੈਂਟ ਪ੍ਰੋਫੈਸਰ ਸੰਦੀਪ ਪਾਠਕ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਪੰਜਾਬ ਦੇ ਉਦਯੋਗਪਤੀ ਸੰਜੀਵ ਅਰੋੜਾ ਦੇ ਸ਼ਾਮਲ ਹਨ।
ਇਹ ਤਾਂ ਗੱਲ ਹੋ ਗਈ ਇਨ੍ਹਾਂ ਨਾਵਾਂ ਦੀ, ਪਰ ਆਖ਼ਰ ਇਹ ਰਾਜ ਸਭਾ ਚੋਣਾਂ ਕਿਸ ਫਾਰਮੂਲੇ ਨਾਲ ਹੁੰਦੀਆਂ ਹਨ?
ਇਸ ਸਵਾਲ ਦਾ ਜਵਾਬ ਜਾਨਣ ਤੋਂ ਪਹਿਲਾਂ ਜਾਣਦੇ ਹਾਂ ਕਿ ਆਖ਼ਰ ਪੰਜਾਬ 'ਚ ਇਨ੍ਹਾਂ ਸੀਟਾਂ ਦਾ ਸਮੀਕਰਣ ਕੀ ਕਹਿੰਦਾ ਹੈ।
ਰਾਜ ਸਭਾ ਵਿੱਚ ਪੰਜਾਬ ਦੀਆਂ 7 ਸੀਟਾਂ ਹਨ। ਜਿਨ੍ਹਾਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਤੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋਣ ਮਗਰੋਂ ਪੰਜ ਸੀਟਾਂ 9 ਅਪ੍ਰੈਲ ਨੂੰ ਖਾਲੀ ਹੋ ਰਹੀਆਂ ਹਨ।
ਬਾਕੀ ਦੋ ਸੀਟਾਂ ਲਈ ਬਲਵਿੰਦਰ ਸਿੰਘ ਭੂੰਦੜ ਅਤੇ ਅੰਬਿਕਾ ਸੋਨੀ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋਵੇਗਾ ਅਤੇ ਇਨ੍ਹਾਂ ਸੀਟਾਂ ਲਈ ਲਈ ਚੋਣਾਂ ਵੀ ਬਾਅਦ 'ਚੋਂ ਹੋਣਗੀਆਂ।
ਇਹ ਵੀ ਪੜ੍ਹੋ:
ਕਿਸੇ ਸੂਬੇ 'ਚ ਰਾਜ ਸਭਾ ਸੀਟਾਂ ਦਾ ਗਣਿਤ ਕੀ?
ਰਾਜ ਸਭਾ ਵਿੱਚ ਕਿਸ ਰਾਜ ਦੇ ਕਿੰਨੇ ਸੰਸਦ ਮੈਂਬਰ ਹੋਣਗੇ, ਇਹ ਉਸ ਸੂਬੇ ਦੀ ਆਬਾਦੀ ਦੇ ਹਿਸਾਬ ਨਾਲ ਤੈਅ ਹੁੰਦਾ ਹੈ।
ਰਾਜ ਸਭਾ ਦੇ ਮੈਂਬਰਾਂ ਦੀ ਚੋਣ ਸੂਬੇ 'ਚ ਵਿਧਾਨ ਸਭਾ ਦੇ ਚੁਣੇ ਹੋਏ ਵਿਧਾਇਕਾਂ ਦੁਆਰਾ ਕੀਤੀ ਜਾਂਦੀ ਹੈ।
ਹਰੇਕ ਰਾਜ ਦੇ ਨੁਮਾਇੰਦਿਆਂ ਦੀ ਗਿਣਤੀ ਜ਼ਿਆਦਾਤਰ ਇਸ ਦੀ ਆਬਾਦੀ 'ਤੇ ਨਿਰਭਰ ਕਰਦੀ ਹੈ।
ਇਸ ਤਰ੍ਹਾਂ ਉੱਤਰ ਪ੍ਰਦੇਸ਼ ਵੱਲੋਂ ਰਾਜ ਸਭਾ ਵਿੱਚ ਕੁੱਲ 31 ਮੈਂਬਰ ਹਨ।
ਪੰਜਾਬ ਦੀ ਰਾਜ ਸਭਾ 'ਚ 7 ਮੈਂਬਰ ਹਨ ਜਦਕਿ ਅਰੁਣਾਚਲ ਪ੍ਰਦੇਸ਼, ਮਨੀਪੁਰ, ਨਾਗਾਲੈਂਡ, ਮੇਘਾਲਿਆ, ਗੋਆ, ਮਿਜ਼ੋਰਮ, ਸਿੱਕਮ, ਤ੍ਰਿਪੁਰਾ ਆਦਿ ਵਿੱਚ ਸਿਰਫ਼ ਇੱਕ-ਇੱਕ ਮੈਂਬਰ ਹੈ।
ਪਰ ਇਸ ਦੀ ਚੋਣ ਪ੍ਰਕਿਰਿਆ ਬਾਕੀ ਸਾਰੀਆਂ ਚੋਣਾਂ ਨਾਲੋਂ ਵੱਖਰੀ ਹੈ।

ਤਸਵੀਰ ਸਰੋਤ, Getty Images
ਰਾਜ ਸਭਾ ਵਿੱਚ ਪਹੁੰਚਣ ਲਈ ਕਿੰਨੀਆਂ ਵੋਟਾਂ ਦੀ ਲੋੜ ਹੁੰਦੀ ਹੈ?
ਚੁਣੇ ਜਾਣ ਲਈ ਉਮੀਦਵਾਰ ਲਈ ਵੋਟਾਂ ਦੀ ਗਿਣਤੀ ਸੀਟਾਂ ਦੀ ਗਿਣਤੀ 'ਤੇ ਨਿਰਭਰ ਕਰਦੀ ਹੈ।
ਇਸ ਨੂੰ ਸਮਝਣ ਲਈ ਪੰਜਾਬ ਦੀ ਮਿਸਾਲ ਲਈਏ। ਇੱਥੇ ਕੁੱਲ ਵਿਧਾਇਕਾਂ ਦੀ ਗਿਣਤੀ 117 ਹੈ।
ਇੱਥੇਂ 7 ਰਾਜ ਸਭਾ ਮੈਂਬਰ ਦੀਆਂ ਸੀਟਾਂ ਹਨ। ਇਸ ਵਿੱਚ 1 ਜੋੜਨ ਨਾਲ ਇਹ ਸੰਖਿਆ 8 ਬਣ ਜਾਂਦੀ ਹੈ।
ਹੁਣ ਕੁੱਲ ਮੈਂਬਰ 117 ਹਨ, ਇਸ ਲਈ ਇਸ ਨੂੰ 8 ਨਾਲ ਭਾਗ ਕਰਨ ਨਾਲ 14.6 ਦੀ ਗਿਣਤੀ ਮਿਲਦੀ ਹੈ।
ਇਸ ਵਿੱਚ 1 ਨੂੰ ਦੁਬਾਰਾ ਜੋੜਨ ਨਾਲ ਇਹ ਸੰਖਿਆ 15.6 ਬਣ ਜਾਂਦੀ ਹੈ। ਯਾਨੀ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨ ਲਈ ਉਮੀਦਵਾਰ ਨੂੰ 16 ਪ੍ਰਾਇਮਰੀ ਵੋਟਾਂ ਦੀ ਲੋੜ ਹੋਵੇਗੀ।
ਇਸ ਵਾਰ ਦੀ ਗੱਲ ਕਰੀਏ ਤਾਂ ਰਾਜ ਸਭਾ ਦੀਆਂ 5 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ।
ਤੈਅ ਫਾਰਮੂਲੇ ਮੁਤਾਬਕ, ਇਸ ਵਿੱਚ 1 ਜੋੜਨ ਨਾਲ ਇਹ ਸੰਖਿਆ 6 ਬਣ ਜਾਂਦੀ ਹੈ। ਹੁਣ ਕੁੱਲ ਮੈਂਬਰ 117 ਹਨ, ਇਸ ਲਈ ਇਸ ਨੂੰ 6 ਨਾਲ ਭਾਗ ਕਰਨ ਨਾਲ 19.5 ਮਿਲਦਾ ਹੈ।
ਇਸ ਵਿੱਚ 1 ਨੂੰ ਦੁਬਾਰਾ ਜੋੜਨ ਨਾਲ ਇਹ ਸੰਖਿਆ 20.5 ਬਣ ਜਾਂਦੀ ਹੈ। ਯਾਨੀ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨ ਲਈ ਉਮੀਦਵਾਰ ਨੂੰ 21 ਪ੍ਰਾਇਮਰੀ ਵੋਟਾਂ ਦੀ ਲੋੜ ਹੋਵੇਗੀ।
ਇਸ ਤੋਂ ਇਲਾਵਾ ਵੋਟ ਪਾਉਣ ਵਾਲੇ ਹਰ ਵਿਧਾਇਕ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਉਸ ਦੀ ਪਹਿਲੀ ਪਸੰਦ ਅਤੇ ਦੂਜੀ ਪਸੰਦ ਦਾ ਉਮੀਦਵਾਰ ਕੌਣ ਹੈ।
ਇਸ ਨਾਲ ਪਹਿਲ ਦੇ ਆਧਾਰ 'ਤੇ ਵੋਟਾਂ ਪਾਈਆਂ ਜਾਂਦੀਆਂ ਹਨ। ਜੇਕਰ ਉਮੀਦਵਾਰ ਨੂੰ ਪਹਿਲੀ ਤਰਜੀਹ ਵਾਲੀ ਵੋਟ ਮਿਲਦੀ ਹੈ, ਤਾਂ ਉਹ ਜਿੱਤ ਜਾਂਦਾ ਹੈ, ਨਹੀਂ ਤਾਂ ਇਸਦੇ ਲਈ ਚੋਣ ਕਰਵਾਈ ਜਾਂਦੀ ਹੈ।
ਹਾਲਾਂਕਿ ਪੰਜਾਬ 'ਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਹਨ ਤਾਂ ਸਮਰਥਨ ਲਈ ਜ਼ਰੂਰੀ ਸੀਟਾਂ ਦੇ ਲਿਹਾਜ਼ ਨਾਲ ਉਨ੍ਹਾਂ ਲਈ ਆਪਣੇ ਮੈਂਬਰਾਂ ਦੀ ਚੋਣ ਆਸਾਨ ਹੋਵੇਗੀ।

ਤਸਵੀਰ ਸਰੋਤ, PTI
ਰਾਜ ਸਭਾ ਵਿੱਚ ਕਿੰਨੇ ਸੰਸਦ ਮੈਂਬਰ ਹਨ?
ਭਾਰਤੀ ਸੰਸਦ ਦੇ ਦੋ ਸਦਨ ਹਨ, ਲੋਕ ਸਭਾ ਅਤੇ ਰਾਜ ਸਭਾ। ਉਪਰਲੇ ਸਦਨ ਨੂੰ ਰਾਜ ਸਭਾ ਕਿਹਾ ਜਾਂਦਾ ਹੈ।
ਸੰਵਿਧਾਨ ਦੀ ਧਾਰਾ 80 ਅਨੁਸਾਰ ਰਾਜ ਸਭਾ ਵਿੱਚ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ 250 ਰੱਖੀ ਗਈ ਹੈ। ਇਨ੍ਹਾਂ ਵਿੱਚੋਂ 12 ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ ਜਦੋਂ ਕਿ 238 ਮੈਂਬਰ ਯੂਨੀਅਨ ਅਤੇ ਰਾਜ ਦੇ ਨੁਮਾਇੰਦਿਆਂ ਦੁਆਰਾ ਚੁਣੇ ਜਾਂਦੇ ਹਨ।
ਸੰਵਿਧਾਨ ਦੀ ਅਨੁਸੂਚੀ IV ਦੇ ਅਨੁਸਾਰ, ਮੈਂਬਰਾਂ ਦੀ ਚੋਣ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਆਬਾਦੀ ਦੇ ਆਧਾਰ 'ਤੇ ਕੀਤੀ ਜਾਵੇਗੀ।
ਇਸ ਤਰ੍ਹਾਂ ਰਾਜ ਸਭਾ ਦੇ ਕੁੱਲ ਮੈਂਬਰਾਂ ਦੀ ਗਿਣਤੀ ਸਿਰਫ਼ 233 ਹੀ ਰਹਿ ਸਕਦੀ ਹੈ ਜਦਕਿ 12 ਮੈਂਬਰ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ। ਯਾਨੀ ਇਸ ਵੇਲੇ ਰਾਜ ਸਭਾ ਦੇ ਕੁੱਲ ਮੈਂਬਰਾਂ ਦੀ ਗਿਣਤੀ 245 ਹੈ।
ਰਾਜ ਸਭਾ ਕਦੇ ਭੰਗ ਨਹੀਂ ਹੁੰਦੀ
ਰਾਜ ਸਭਾ ਦੇ ਚੇਅਰਮੈਨ ਭਾਰਤ ਦੇ ਉਪ ਰਾਸ਼ਟਰਪਤੀ ਹੁੰਦੇ ਹਨ। ਇਸ ਦੇ ਮੈਂਬਰ ਛੇ ਸਾਲਾਂ ਲਈ ਚੁਣੇ ਜਾਂਦੇ ਹਨ।
ਇਨ੍ਹਾਂ ਵਿੱਚੋਂ ਇੱਕ ਤਿਹਾਈ ਮੈਂਬਰਾਂ ਦਾ ਕਾਰਜਕਾਲ ਹਰ ਦੋ ਸਾਲ ਬਾਅਦ ਪੂਰਾ ਹੁੰਦਾ ਹੈ।
ਇਸ ਦਾ ਮਤਲਬ ਹੈ ਕਿ ਹਰ ਦੋ ਸਾਲ ਬਾਅਦ ਰਾਜ ਸਭਾ ਦੇ ਇੱਕ ਤਿਹਾਈ ਮੈਂਬਰ ਬਦਲਦੇ ਹਨ ਅਤੇ ਇਸ ਤਰ੍ਹਾਂ ਸਦਨ ਕਦੇ ਵੀ ਭੰਗ ਨਹੀਂ ਹੁੰਦਾ। ਯਾਨੀ ਰਾਜ ਸਭਾ ਹਮੇਸ਼ਾ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












