ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ, ਕੈਨੇਡਾ ਤੇ ਮਲੇਸ਼ੀਆ ਨਾਲ ਜੁੜੇ ਤਾਰ

ਵੀਡੀਓ ਕੈਪਸ਼ਨ, ਕਬੱਡੀ ਖਿਡਾਰੀ ਸੰਦੀਪ ਦੇ ਕਤਲ ਦਾ ਕੈਨੇਡਾ ਤੇ ਮਲੇਸ਼ੀਆ ਕਨੈਕਸ਼ਨ

ਪੰਜਾਬ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਉਰਫ਼ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਮਾਮਲਾ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।

ਡੀਜੀਪੀ ਪੰਜਾਬ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਤਿੰਨ ਮੁੱਖ ਸਾਜਿਸ਼ਕਾਰਾਂ ਦੀ ਨਿਸ਼ਾਨਦੇਹੀ ਕਰ ਲਈ ਹੈ।

ਜਲੰਧਰ ਸ਼ਹਿਰ ਨੇੜੇ ਪਿੰਡ ਮੱਲੀਆਂ ਕਲਾਂ ਵਿੱਚ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਨੂੰ ਸੋਮਵਾਰ 14 ਮਾਰਚ ਦੀ ਸ਼ਾਮ ਨੂੰ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਸੰਦੀਪ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਨੰਗਲ ਅੰਬੀਆਂ ਵਿੱਚ ਸ਼ਨਿੱਚਰਵਾਰ ਨੂੰ ਕਰ ਦਿੱਤਾ ਗਿਆ।

ਕੌਣ-ਕੌਣ ਕੀਤੇ ਗਏ ਹਨ ਗ੍ਰਿਫ਼ਤਾਰ?

ਕਬੱਡੀ ਖਿਡਾਰੀ ਸੰਦੀਪ ਅੰਬੀਆਂ

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਬੱਡੀ ਖਿਡਾਰੀ ਸੰਦੀਪ ਸਿੰਘ ਦੇ ਕਤਲ ਕੇਸ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਲੋਕ ਹਨ-

  • ਸੰਗਰੂਰ ਦਾ ਫ਼ਤਹਿ ਸਿੰਘ ਉਰਫ਼ ਯੁਵਰਾਜ
  • ਹਰਿਆਣਾ ਦੇ ਗੁਰੂਗ੍ਰਾਮ ਦੇ ਨਾਹਰਪੁਰ ਰੂਪਾ ਦਾ ਕੌਸ਼ਲ ਚੌਧਰੀ
  • ਹਰਿਆਣਾ ਦੇ ਪਿੰਡ ਮਹੇਸ਼ਪੁਰ ਪਲਵਨ ਦਾ ਅਮਿਤ ਡਾਗਰ
  • ਯੂਪੀ ਦੇ ਪੀਲੀਭੀਤ ਦਾ ਸਿਮਰਨਜੀਤ ਸਿੰਘ ਉਰਫ਼ ਜੁਝਾਰ ਸਿੰਘ

ਪੁਲਿਸ ਨੇ ਦੱਸਿਆ ਕਿ ਚਾਰੇ ਮੁਲਜ਼ਮਾਂ ਦਾ ਅਪਰਾਧਕ ਪਿਛੋਕੜ ਹੈ ਅਤੇ ਇਨ੍ਹਾਂ ਉੱਪਰ 20 ਅਪਰਾਧਿਕ ਮੁਕੱਦਮੇ ਚੱਲ ਰਹੇ ਹਨ।

ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੇਸ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਹਨ। ਇਨ੍ਹਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟਾਂ 'ਤੇ ਵੱਖ-ਵੱਖ ਜੇਲ੍ਹਾਂ ਤੋਂ ਲਿਆਂਦਾ ਗਿਆ ਸੀ।

ਸੰਦੀਪ ਅੰਬੀਆਂ ਦੇ ਕਤਲ ਦੀ LIVEਵੀਡੀਓ

ਵੀਡੀਓ ਕੈਪਸ਼ਨ, ਕਬੱਡੀ ਖਿਡਾਰੀ ਸੰਦੀਪ ਦਾ ਕਤਲ, ਗੋਲੀਕਾਂਡ ਦਾ LIVE ਵੀਡੀਓ

ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਕਤਲ ਕੇਸ ਦਾ ਸਬੰਧ ਕੈਨੇਡਾ ਅਤੇ ਮਲੇਸ਼ੀਆ ਵਿੱਚ ਰਹਿੰਦੇ ਕੁਝ ਲੋਕਾਂ ਨਾਲ ਵੀ ਹੈ।

ਪੁਲਿਸ ਮੁਤਾਬਕ ਤਿੰਨ ਮੁੱਖ ਸਾਜਿਸ਼ਕਾਰਾਂ ਦੀ ਵੀ ਇਸ ਕੇਸ ਵਿੱਚ ਪਛਾਣ ਕੀਤੀ ਗਈ ਹੈ।

ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ ਪਛਾਣ ਕੀਤੇ ਗਏ ਲੋਕਾਂ ਵਿੱਚੋਂ ਅੰਮ੍ਰਿਤਸਰ ਦਾ ਸਨੋਵਰ ਢਿੱਲੋਂ ਹੈ ਜੋ ਕਿ ਕੈਨੇਡਾ ਦੇ ਬਰੈਪਟਨ ਵਿੱਚ ਰਹਿੰਦਾ ਹੈ, ਉਹ ਟੀਵੀ ਪ੍ਰੋਡਿਊਸਰ ਤੇ ਡਾਇਰੈਕਟਰ ਹੈ।

ਸੰਦੀਪ ਨੰਗਲ ਅੰਬੀਆਂ

ਤਸਵੀਰ ਸਰੋਤ, PArdeep pandit/bbc

ਤਸਵੀਰ ਕੈਪਸ਼ਨ, ਸੰਦੀਪ ਅੰਬੀਆਂ ਆਪਣੇ ਪਿੱਛੇ ਦੋ ਪੁੱਤਰ ਅਤੇ ਪਤਨੀ ਛੱਡ ਗਏ ਹਨ

ਦੂਜਾ ਨਾਮ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੁੱਨੇਕੇ ਦਾ ਵੀ ਆਇਆ ਹੈ ਜੋ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਸੁੱਖਾ ਮੋਗਾ ਜ਼ਿਲ੍ਹੇ ਦੇ ਦੁੱਨੇਕੇ ਪਿੰਡ ਦਾ ਰਹਿਣ ਵਾਲਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਤੀਜਾ ਸ਼ਖਸ ਲੁਧਿਆਣਾ ਦੇ ਡੇਹਲੋਂ ਨਾਲ ਸਬੰਧਤ ਜਗਜੀਤ ਸਿੰਘ ਉਰਫ਼ ਗਾਂਧੀ ਹੈ ਜੋ ਫਿਲਹਾਲ ਮਲੇਸ਼ੀਆ ਵਿੱਚ ਰਹਿ ਰਿਹਾ ਹੈ।

ਪੁਲਿਸ ਦੇ ਦਾਅਵੇ ਮੁਤਾਬਕ ਇਨ੍ਹਾਂ ਲੋਕਾਂ ਵੱਲੋਂ ਮਿਲ ਕੇ ਸੰਦੀਪ ਅੰਬੀਆਂ ਨੰ ਮਰਵਾਉਣ ਦੀ ਸਾਜਿਸ਼ ਰਚੀ ਗਈ ਸੀ।

ਇਹ ਵੀ ਪੜ੍ਹੋ:

ਪੁਲਿਸ ਨੇ ਮਾਮਲਾ ਕਿਵੇਂ ਸੁਲਝਾਇਆ?

ਜਲੰਧਰ ਦੇਹਾਤੀ ਦੇ ਐੱਸਐੱਸਪੀ ਸਤਿੰਦਰ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਜਲੰਧਰ ਦੇਹਾਤੀ ਦੇ ਐੱਸਐੱਸਪੀ ਸਤਿੰਦਰ ਸਿੰਘ

ਡੀਜੀਪੀ ਪੰਜਾਬ ਵੱਲੋਂ ਜਾਰੀ ਬਿਆਨ ਮੁਤਾਬਕ ਫਤਹਿ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ।

ਪੁੱਛਗਿੱਛ ਦੌਰਾਨ ਫਤਹਿ ਨੇ ਖੁਲਾਸਾ ਕੀਤਾ ਕਿ ਸਨੋਵਰ ਢਿੱਲੋਂ ਨੇ ਕੈਨੇਡਾ ਵਿੱਚ ''ਨੈਸ਼ਨਲ ਕਬੱਡੀ ਫੈਡਰੇਸ਼ਨ ਓਂਟਾਰੀਓ'' ਬਣਾਈ ਸੀ।

ਸਨੋਵਰ ਨੇ ਕਈ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਨਾਲ ਜੁੜਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਬਹੁਤ ਸਾਰੇ ਉੱਘੇ ਕਬੱਡੀ ਖਿਡਾਰੀ ਪਹਿਲਾਂ ਹੀ ਮਰਹੂਮ ਸੰਦੀਪ ਅੰਬੀਆਂ ਦੀ ''ਮੇਜਰ ਲੀਗ ਕਬੱਡੀ'' ਨਾਲ ਜੁੜੇ ਹੋਏ ਸਨ।

ਵੀਡੀਓ: ਸੰਦੀਪ ਅੰਬੀਆਂ ਨਾਲ ਬੀਬੀਸੀ ਪੰਜਾਬੀ ਦੀ ਵਿਸ਼ੇਸ਼ ਗੱਲਬਾਤ

ਵੀਡੀਓ ਕੈਪਸ਼ਨ, ਕਬੱਡੀ ਖਿਡਾਰੀ ਸੰਦੀਪ ਤੋਂ ਸੁਣੋ ਉਸ ਦੇ ਸੰਘਰਸ਼ ਅਤੇ ਸਫ਼ਲਤਾ ਦੀ ਕਹਾਣੀ- ਬੀਬੀਸੀ ਇੰਟਰਵਿਊ

ਫ਼ਤਹਿ ਨੇ ਪੁਲਿਸ ਨੂੰ ਦੱਸਿਆ ਕਿ ਸਨੋਵਰ ਕਬੱਡੀ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਨਾਲ ਜੋੜਨ ਵਿੱਚ ਸਫ਼ਲ ਨਹੀਂ ਹੋ ਰਹੇ ਸਨ।

ਫ਼ਤਹਿ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਵੀ ਕਈ ਖਿਡਾਰੀਆਂ ਉੱਪਰ ਸਨੋਵਰ ਦੀ ਫੈਡਰੇਸ਼ਨ ਜੁਆਇਨ ਕਰਨ ਲਈ ਦਬਾਅ ਪਾਇਆ ਸੀ।

ਪੁਲਿਸ ਦੇ ਬਿਆਨ ਮੁਤਾਬਕ ਐੱਸਐੱਸਪੀ ਸਤਿੰਦਰ ਸਿੰਘ ਦੀ ਜਾਂਚ ਵਿੱਚ ਸਿਮਰਜੀਤ ਸਿੰਘ ਉਰਫ਼ ਜੁਝਾਰ ਨੇ ਦੱਸਿਆ ਕਿ ਸਨੋਵਰ ਦੇ ਇਸ਼ਾਰਿਆਂ ਉੱਤੇ ਉਸਨੇ ਆਪਣੇ ਸਾਥੀਆਂ ਸਣੇ ਸੰਦੀਪ ਨੰਗਲ ਦੇ ਕਤਲ ਦੀ ਤਰਕੀਬ ਘੜੀ।

ਸੁੱਖਾ ਦੁੱਨੇਕੇ ਨੇ ਸ਼ੂਟਰਾਂ ਨੂੰ ਆਪਣੇ ਅੰਮ੍ਰਿਤਸਰ ਸਥਿਤ ਇੱਕ ਰਿਸ਼ਤੇਦਾਰ ਕੋਲ ਰੱਖਿਆ ਸੀ।

ਪੁਲਿਸ ਨੇ ਸੁੱਖਾ ਦੁੱਨੇਕੇ ਦੇ ਰਿਸਤੇਦਾਰ ਦੇ ਰਿਸਤੇਦਾਰ ਦੇ ਘਰੋਂ 18 ਜ਼ਿੰਦਾ ਕਾਰਤੂਸ ਅਤੇ ਇੱਕ 12 ਬੋਰ ਦੀ ਰਾਈਫ਼ਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਵੀਡੀਓ ਕੈਪਸ਼ਨ, ਸੰਦੀਪ ਨੰਗਲ ਅੰਬੀਆਂ ਦਾ ਸਸਕਾਰ, ਕਬੱਡੀ ਦੇ ਮੈਦਾਨ ਤੋਂ ਨਿਕਲੀ ਆਖ਼ਰੀ ਯਾਤਰਾ

ਭਗੌੜਾ ਚੱਲ ਰਹੇ ਸੁੱਖਾ ਦੁੱਨੇਕੇ ਦਾ ਰਿਸ਼ਤੇਦਾਰ ਵੀ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਸ਼ੂਟਰਾਂ ਦੀ ਵੀ ਸ਼ਨਾਖ਼ਤ ਕਰ ਲਈ ਗਈ ਹੈ ਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)