ਪੰਜਾਬ ਚੋਣਾਂ 'ਚ ਜਿਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਉਸ ਤੋਂ ਕਿੰਨਾ ਪੈਸਾ ਇਕੱਠਾ ਹੋਇਆ- ਪ੍ਰੈੱਸ ਰੀਵਿਊ

ਪੰਜਾਬ ਦੇ 117 ਹਲਕਿਆਂ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ 1,304 ਉਮੀਦਵਾਰਾਂ ਵਿੱਚੋਂ 997 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਪ੍ਰਤੀ ਉਮੀਦਵਾਰ 10,000 ਰੁਪਏ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰ ਦੁਆਰਾ 5,000 ਰੁਪਏ ਤੋਂ ਜਮ੍ਹਾਂ ਕੀਤੀ ਰਾਸ਼ੀ ਜ਼ਬਤ ਕਰਨ ਤੋਂ ਬਾਅਦ ਕੁੱਲ 85.90 ਲੱਖ ਰੁਪਏ ਇਕੱਠੇ ਕੀਤੇ ਗਏ ਹਨ।

997 ਉਮੀਦਵਾਰਾਂ ਤੋਂ ਇਹ ਰਕਮ ਇਕੱਠੀ ਹੋਈ ਜਿਨ੍ਹਾਂ ਦੀਆਂ ਜ਼ਮਾਨਤਾ ਜ਼ਬਤ ਹੋਈਆਂ।

ਜ਼ਮਾਨਤ ਜ਼ਬਤ ਹੋਣ ਵਾਲਿਆਂ ਵਿੱਚ ਇੱਕ ਸਾਬਕਾ ਮੁੱਖ ਮੰਤਰੀ ਅਤੇ ਪੰਜ ਸਾਬਕਾ ਮੰਤਰੀ ਸ਼ਾਮਲ ਹਨ। ਕਾਂਗਰਸ ਦੇ 33 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ।

ਸਾਰੇ ਹਲਕਿਆਂ ਵਿੱਚੋਂ ਪਟਿਆਲਾ ਦਿਹਾਤੀ ਵਿੱਚ ਸਭ ਤੋਂ ਵੱਧ 18 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਬੱਸੀ ਪਠਾਣਾਂ ਅਤੇ ਸੁਨਾਮ ਵਿੱਚ ਸਿਰਫ਼ ਜੇਤੂ ਉਮੀਦਵਾਰਾਂ ਨੇ ਹੀ ਆਪਣੀ ਜ਼ਮਾਨਤ ਬਚਾਈ।

ਬਠਿੰਡਾ ਸ਼ਹਿਰੀ ਤੋਂ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ 2,360 ਵੋਟਾਂ ਦੇ ਮਾਮੂਲੀ ਫਰਕ ਨਾਲ ਆਪਣੀ ਜ਼ਮਾਨਤ ਜ਼ਬਤ ਹੋਣ ਤੋਂ ਬਚਾਉਣ ਵਿੱਚ ਕਾਮਯਾਬ ਰਹੇ।

ਇਹ ਵੀ ਪੜ੍ਹੋ:

WHO ਨੇ ਕੋਵਿਡ ਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ -19 ਦੇ ਮਾਮਲਿਆਂ ਵਿੱਚ ਵਿਸ਼ਵਵਿਆਪੀ ਵਾਧੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਕਿਉਂਕਿ ਕੁਝ ਦੇਸ਼ਾਂ ਵਿੱਚ ਟੈਸਟਿੰਗ ਦਰਾਂ ਵਿੱਚ ਵੀ ਗਿਰਾਵਟ ਰਿਪੋਰਟ ਕੀਤੀ ਗਈ ਹੈ।

ਪਿਛਲੇ ਹਫ਼ਤੇ, ਉਸਤੋਂ ਪਹਿਲਾਂ ਦੇ ਹਫ਼ਤੇ ਦੇ ਮੁਕਾਬਲੇ ਵਿਸ਼ਵ ਪੱਧਰ 'ਤੇ ਨਵੀਂ ਲਾਗਾਂ ਵਿੱਚ 8% ਦਾ ਵਾਧਾ ਹੋਇਆ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਡਬਲਯੂਐੱਚਓ ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਪੱਤਰਕਾਰਾਂ ਨੂੰ ਦੱਸਿਆ, "ਵਿਸ਼ੇਸ਼ ਤੌਰ 'ਤੇ ਉਨ੍ਹਾਂ ਖੇਤਰਾਂ ਵਿੱਚ ਵਾਧੇ ਦੀ ਉਮੀਦ ਕੀਤੀ ਜਾਂਦੀ ਹੈ ਜਿੱਥੇ ਫੈਲਾਅ ਨੂੰ ਰੋਕਣ ਦੇ ਉਪਾਅ ਹਟਾ ਦਿੱਤੇ ਗਏ ਹਨ। ਹਾਲਾਂਕਿ, ਬਹੁਤ ਸਾਰੇ ਦੇਸ਼ਾਂ ਵਿੱਚ ਮੌਤ ਦਰ ਬਹੁਤ ਉੱਚੀ ਹੈ।"

ਮਹਾਂਮਾਰੀ 'ਤੇ ਡਬਲਯੂਐੱਚਓ ਦੀ ਤਕਨੀਕੀ ਅਗਵਾਈ ਕਰਨ ਵਾਲੀ ਮਾਰੀਆ ਵੈਨ ਕੇਰਖੋਵ ਨੇ ਕਿਹਾ, "ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਦੁਨੀਆ ਨੂੰ ਕੋਵਿਡ -19 ਤੋਂ ਅੱਗੇ ਵਧਣ ਦੀ ਜ਼ਰੂਰਤ ਹੈ, ਦੁਨੀਆ ਕੋਵਿਡ -19 ਤੋਂ ਅੱਗੇ ਵਧਣਾ ਚਾਹੁੰਦੀ ਹੈ, ਪਰ ਇਹ ਵਾਇਰਸ ਲੋਕਾਂ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ।"

ਭਾਰਤ ਨੇ156 ਦੇਸ਼ਾਂ ਲਈ ਵੈਧ ਈ-ਵੀਜ਼ਾ ਸਣੇ ਸਾਰੇ ਦੇਸ਼ਾਂ ਲਈ ਨਿਯਮਤ ਵੀਜ਼ਾ ਕੀਤੇ ਬਹਾਲ

ਭਾਰਤ ਨੇ ਕੋਵਿਡ ਮਹਾਂਮਾਰੀ ਦੇ ਕਾਰਨ ਦੋ ਸਾਲਾਂ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ 156 ਦੇਸ਼ਾਂ ਦੇ ਨਾਗਰਿਕਾਂ ਨੂੰ ਦਿੱਤੇ ਗਏ ਸਾਰੇ ਵੈਧ ਪੰਜ-ਸਾਲ ਦੇ ਈ-ਟੂਰਿਸਟ ਵੀਜ਼ਾ ਅਤੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਨਿਯਮਤ ਵੀਜ਼ੇ ਬਹਾਲ ਕਰ ਦਿੱਤੇ ਹਨ।

ਮੰਗਲਵਾਰ ਨੂੰ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਕੋਵਿਡ ਦੀ ਸਥਿਤੀ ਬਿਹਤਰ ਹੋਣ ਦੇ ਮੱਦੇਨਜ਼ਰ ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਅਮਰੀਕਾ ਅਤੇ ਜਾਪਾਨ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਵੈਧ ਲੰਬੇ ਸਮੇਂ ਦੇ (10-ਸਾਲ) ਨਿਯਮਤ ਟੂਰਿਸਟ ਵੀਜ਼ੇ ਵੀ ਬਹਾਲ ਕਰ ਦਿੱਤੇ ਗਏ ਹਨ।

ਨਵੇਂ ਲੰਬੇ ਸਮੇਂ ਦੇ (10-ਸਾਲ) ਟੂਰਿਸਟ ਵੀਜ਼ੇ ਹੁਣ ਅਮਰੀਕੀ ਅਤੇ ਜਾਪਾਨੀ ਨਾਗਰਿਕਾਂ ਨੂੰ ਵੀ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)