You’re viewing a text-only version of this website that uses less data. View the main version of the website including all images and videos.
ਪੰਜਾਬ ਕਾਂਗਰਸ ਦੀ ਮੀਟਿੰਗ ’ਚ ਚਰਨਜੀਤ ਸਿੰਘ ਚੰਨੀ ਨਾਲ ਹੋਈ ‘ਬਦਸਲੂਕੀ’ ਦੀ ਕਹਾਣੀ
- ਲੇਖਕ, ਮਨਪ੍ਰੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿਧਾਨ ਸਭਾ ਦੇ ਨਤੀਜੇ ਆਉਣ ਤੋਂ ਬਾਅਦ ਵੱਖ - ਵੱਖ ਰਾਜਨੀਤਕ ਪਾਰਟੀਆਂ ਆਪਣੀ ਕਾਰਗੁਜ਼ਾਰੀ ਉੱਪਰ ਮੰਥਨ ਕਰ ਰਹੀਆਂ ਹਨ।
ਜਿੱਥੇ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਬੈਠਕ ਸੱਦੀ ਉੱਥੇ ਹੀ ਮੰਗਲਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਵਿਖੇ ਕਾਂਗਰਸ ਵੱਲੋਂ ਵੀ ਇੱਕ ਅਹਿਮ ਬੈਠਕ ਬੁਲਾਈ ਗਈ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪਾਰਟੀ ਦੀ ਬੈਠਕ ਬੁਲਾਈ ਸੀ ਜਿਸ ਵਿੱਚ ਮਾਲਵੇ ਦੇ ਕਾਂਗਰਸੀ ਆਗੂਆਂ ਨਾਲ ਗੱਲਬਾਤ ਕੀਤੀ ਗਈ ਸੀ।
ਇਸ ਬੈਠਕ ਵਿੱਚ ਨਵਜੋਤ ਸਿੰਘ ਸਿੱਧੂ ਸਣੇ ਕਈ ਉਮੀਦਵਾਰ ਵੀ ਮੌਜੂਦ ਸਨ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਤਸੱਲੀਬਖ਼ਸ਼ ਕਾਰਗੁਜ਼ਾਰੀ ਨਾ ਹੋਣ ’ਤੇ ਕਈ ਉਮੀਦਵਾਰਾਂ ਨੇ ਚਰਨਜੀਤ ਸਿੰਘ ਚੰਨੀ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਇਸ ਬੈਠਕ ਵਿੱਚ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ।
'ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣਾ ਮਹਿੰਗਾ ਪਿਆ’
ਇਨ੍ਹਾਂ ਦੋਹਾਂ ਨੂੰ ਵੀ ਬੈਠਕ ਵਿੱਚ ਮੌਜੂਦ ਕਾਂਗਰਸੀ ਆਗੂਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਬੱਸੀ ਪਠਾਣਾਂ ਵਿਧਾਨ ਸਭਾ ਸੀਟ ਤੋਂ ਹਾਰੇ ਗੁਰਪ੍ਰੀਤ ਸਿੰਘ ਨੇ ਚੋਣਾਂ ਵਿੱਚ ਪਾਰਟੀ ਦੀ ਕਰਾਰੀ ਹਾਰ ਲਈ ਚਰਨਜੀਤ ਸਿੰਘ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ। ਉਸ ਵੇਲੇ ਚਰਨਜੀਤ ਸਿੰਘ ਚੰਨੀ ਨਾਲ ਬਦਸਲੂਕੀ ਦੀ ਵੀ ਖ਼ਬਰ ਹੈ।
ਇਹ ਵੀ ਪੜ੍ਹੋ:
ਗੁਰਪ੍ਰੀਤ ਸਿੰਘ ਨੇ ਕਿਹਾ, "ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਪਸੰਦ ਨਹੀਂ ਕੀਤਾ। ਸਿਹਤ ਸੇਵਾਵਾਂ, ਸਿੱਖਿਆ ਤੇ ਰੁਜ਼ਗਾਰ ਮੁੱਖ ਮੰਤਰੀ ਦੇ ਤਿੰਨ ਮੁੱਖ ਕੰਮ ਹੁੰਦੇ ਹਨ। ਮੁੱਖ ਮੰਤਰੀ ਦਾ ਕੰਮ ਬੱਕਰੀਆਂ ਦਾ ਦੁੱਧ ਕੱਢਣ ਦਾ, ਨੱਚਣ ਦਾ ਜਾਂ ਬਰਸੀਮ ਬੀਜਣਾ ਨਹੀਂ ਹੈ।""ਮੁੱਖ ਮੰਤਰੀ ਨੇ 36000 ਕਰਮਚਾਰੀਆਂ ਨੂੰ ਪੱਕੇ ਕਰਨ ਦੀ ਗੱਲ ਕੀਤੀ, ਰੇਤਾ ਸਸਤਾ ਕਰਨ ਦੀ ਗੱਲ ਕੀਤੀ ਸੀ। ਬਹੁਤ ਘੱਟ ਅਮਲ ਹੋਇਆ ਇਸ ਲਈ ਲੋਕਾਂ ਨੇ ਵੋਟਾਂ ਨਹੀਂ ਦਿੱਤੀਆਂ। ਹਾਈ ਕਮਾਂਡ ਦਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨੇ ਜਾਣਾ ਪਾਰਟੀ ਨੂੰ ਬਹੁਤ ਮਹਿੰਗਾ ਪਿਆ ਹੈ।"
ਸੂਤਰਾਂ ਮੁਤਾਬਕ ਜਦੋਂ ਸਾਬਕਾ ਸੀਐੱਮ ਚੰਨੀ ਕਮਰੇ ਦੇ ਅੰਦਰ ਦਾਖਿਲ ਹੋਏ ਤਾਂ ਚੰਨੀ ਨੇ ਗੁਰਪ੍ਰੀਤ ਸਿੰਘ ਜੀ ਪੀ ਨਾਲ ਹੱਥ ਮਿਲਾਉਣ ਲਈ ਅੱਗੇ ਕੀਤਾ ਤਾਂ ਉਹਨਾਂ ਹੱਥ ਪਰ੍ਹਾਂ ਕਰਨ ਲਈ ਕਿਹਾ ਤੇ ਇਹ ਤੱਕ ਕਹਿ ਦਿੱਤਾ ਕਿ ਕਾਹਦੇ ਸੀਐਮ ਹੋ ਆਪਣੇ ਹੀ ਬੰਦੇ ਨੂੰ ਹਰਾਉਣ ਵਿੱਚ ਲੱਗੇ ਹੋਏ ਸੀ।ਜ਼ਿਕਰਯੋਗ ਹੈ ਕਿ ਗੁਰਪ੍ਰੀਤ ਜੀਪੀ ਨੂੰ ਬੱਸੀ ਪਠਾਣਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੇ ਵਿਰੁੱਧ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਵੀ ਆਜ਼ਾਦ ਉਮੀਦਵਾਰ ਸਨ। ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਆਖਿਆ ਕਿ ਉਨ੍ਹਾਂ ਨੇ ਆਪਣੇ ਚੋਣਾਂ ਦੇ ਤਜਰਬੇ ਨੂੰ ਬੈਠਕ ਦੌਰਾਨ ਸਾਂਝਾ ਕੀਤਾ ਹੈ।ਉੱਧਰ ਵਿਧਾਇਕ ਪਰਗਟ ਸਿੰਘ ਨੇ ਆਖਿਆ ਹੈ, "ਇਸ ਤਰ੍ਹਾਂ ਨਹੀਂ ਹੁੰਦਾ। ਇਹ ਟੀਮਾਂ ਜਿੱਤਦੀਆਂ ਵੀ ਹਨ ਟੀਮਾਂ ਹਾਰਦੀਆਂ ਵੀ ਹਨ। ਸਾਨੂੰ ਸਾਂਝੇ ਤੌਰ 'ਤੇ ਜ਼ਿੰਮੇਦਾਰੀ ਲੈਣੀ ਪਵੇਗੀ। ਕਿਤੇ ਨਾ ਕਿਤੇ ਸਾਡੇ ਤੋਂ ਕੁਤਾਹੀ ਹੋਈ ਹੈ।"
ਚੰਨੀ ਤਕਰੀਬਨ 10 ਮਿੰਟ ਅੰਦਰ ਰਹੇ। ਕਿਸੇ ਨੇ ਵੀ ਉਹਨਾਂ ਨਾਲ ਸਹੀ ਢੰਗ ਨਾਲ ਗੱਲ ਨਹੀਂ ਕੀਤੀ। ਫਿਰ ਉਹ ਪਾਰਟੀ ਦਫਤਰ ਤੋਂ ਚਲੇ ਗਏ।
ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਨਵਜੋਤ ਸਿੰਘ ਸਿੱਧੂ ਨੇ ਦਿੱਤਾ ਅਸਤੀਫਾ
ਉੱਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਬੁੱਧਵਾਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਵੀ ਨਵੀਂ ਦਿੱਲੀ ਵਿਖੇ ਬੈਠਕ ਕੀਤੀ ਹੈ।
ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਐਲਾਨੇ ਗਏ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚੋਂ ਚਾਰ ਵਿੱਚ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਬਾਅਦ ਹਾਈ ਕਮਾਂਡ ਵੱਲੋਂ ਚਾਰਾਂ ਸੂਬਿਆਂ (ਉੱਤਰ ਪ੍ਰਦੇਸ਼. ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ) ਦੇ ਪ੍ਰਧਾਨਾਂ ਨੂੰ ਅਸਤੀਫ਼ੇ ਦੇਣ ਲਈ ਕਿਹਾ ਗਿਆ ਸੀ ਤਾਂ ਜੋਂ ਸੂਬਿਆਂ ਵਿੱਚ ਪਾਰਟੀ ਨੂੰ ਪੁਨਰ ਗਠਿਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ: