ਕਾਂਗਰਸ ਦਾ ਕਲੇਸ਼ : ਚੰਨੀ ਪਾਰਟੀ ਲਈ ਬੋਝ ਹੀ ਰਹੇ, ਉਨ੍ਹਾਂ ਦੇ ਲਾਲਚ ਨੇ ਕਾਂਗਰਸ ਨੂੰ ਰੋਲ਼ਿਆ - ਜਾਖ਼ੜ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂਆਂ ਦੀ ਗੁਪਤ ਖਾਨਾਜੰਗੀ ਹੁਣ ਖੁੱਲ੍ਹ ਕੇ ਮੈਦਾਨ ਵਿੱਚ ਆ ਗਈ ਹੈ।

ਕੀ ਸੁਨੀਲ ਜਾਖੜ, ਕੀ ਨਵਜੋਤ ਸਿੱਧੂ, ਕੀ ਸੁਖਜਿੰਦਰ ਰੰਧਾਵਾ ਅਤੇ ਕੀ ਰਵਨੀਤ ਬਿੱਟੂ - ਹਰ ਕੋਈ ਖੁੱਲ੍ਹ ਕੇ ਦੂਜੇ ਨੂੰ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਐਲਾਨਣ ਉੱਤੇ ਲੱਗਿਆ ਹੋਇਆ ਹੈ।

ਦਿੱਲੀ ਵਿੱਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੀਆਂ ਪੰਜਾਬ ਕਾਂਗਰਸ ਬਾਰੇ ਟਿਪਣੀਆਂ ਨੇ ਇਸ ਲੜਾਈ ਨੂੰ ਹੋਰ ਹਵਾ ਦਿੱਤੀ ਹੈ।

ਪੂਰੇ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਅਜਿਹਾ ਪ੍ਰਭਾਵ ਮਿਲ ਰਿਹਾ ਹੈ ਜਿਵੇਂ ਕਾਂਗਰਸ ਨੂੰ ਵਿਰੋਧੀ ਪਾਰਟੀਆਂ ਨੇ ਨਹੀਂ ਸਗੋਂ ਇਨ੍ਹਾਂ ਨੂੰ ਆਪਸ ਵਿੱਚ ਹਰਾਇਆ ਹੋਵੇ।

ਜਿਸ ਤਰ੍ਹਾਂ ਦੀਆਂ ਤੋਹਮਤਾਂ ਪੰਜਾਬ ਦੇ ਕਾਂਗਰਸੀ ਇੱਕ ਦੂਜੇ ਖ਼ਿਲਾਫ਼ ਲਾ ਰਹੇ ਹਨ, ਉਸ ਤੋਂ ਪ੍ਰਭਾਵ ਵੀ ਅਜਿਹਾ ਹੀ ਲਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨ ਪੰਜਾਬ ਕਾਂਗਰਸ ਲਈ ਬਹੁਤੇ ਸੁਖਾਵੇਂ ਨਹੀਂ ਲੱਗੇ ਰਹੇ।

ਆਓ ਜਾਣਦੇ ਹਾਂ ਕੌਣ ਕੀ ਕਹਿ ਰਿਹਾ ਹੈ...

ਚੰਨੀ ਨੂੰ ਜਾਖੜ ਨੇ ਦੱਸਿਆ ਪਾਰਟੀ ਲਈ ਬੋਝ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚਰਨਜੀਤ ਚੰਨੀ ਅਤੇ ਅੰਬਿਕਾ ਸੋਨੀ ਦਾ ਨਾਮ ਲਿਖੇ ਬਿਨਾ ਹੀ ਉਨ੍ਹਾਂ ਉੱਤੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਆਪਣੇ ਤਾਜ਼ਾ ਟਵੀਟ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਲਈ ਬੋਝ ਕਰਾਰ ਦਿੱਤਾ ਹੈ।

ਜਾਖੜ ਨੇ ਟਵੀਟ ਰਾਹੀਂ ਉਨ੍ਹਾਂ ਆਗਆਂ ਉੱਤੇ ਵੀ ਨਿਸ਼ਾਨਾ ਸਾਧਿਆ, ਜਿਨ੍ਹਾਂ ਨੇ ਮੁੱਖ ਮੰਤਰੀ ਅਹੁਦੇ ਲਈ ਚੰਨੀ ਦੇ ਨਾਮ ਦੀ ਵਕਾਲਤ ਕੀਤੀ ਸੀ।

ਕਾਂਗਰਸ ਦੀ ਇੱਕ ਆਗੂ ਵੱਲੋਂ ਚੰਨੀ ਨੂੰ ਪਾਰਟੀ ਲਈ 'ਜਾਇਦਾਦ' ਕਿਹਾ ਗਿਆ ਸੀ ਅਤੇ ਇਸੇ ਦੇ ਜਵਾਬ ਵਿੱਚ ਸੁਨੀਲ ਜਾਖੜ ਨੇ ਆਪਣੇ ਤਾਜ਼ਾ ਟਵੀਟ ਲਿਖਿਆ ਹੈ।

ਜਾਖੜ ਨੇ ਕਿਹਾ, ''ਜਾਇਦਾਦ, ਕੀ ਤੁਸੀਂ ਮਜ਼ਾਕ ਕਰ ਰਹੇ ਹੋ? ਸ਼ੁਕਰ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਉਨ੍ਹਾਂ ਨੂੰ ਉਸ 'ਪੰਜਾਬੀ' ਔਰਤ ਵੱਲੋਂ ਕੌਮੀ ਖ਼ਜ਼ਾਨਾ ਨਹੀਂ ਐਲਾਨਿਆ ਗਿਆ, ਜਿਨ੍ਹਾਂ ਨੇ ਉਨ੍ਹਾਂ ਦਾ ਨਾਮ ਮੁੱਖ ਮੰਤਰੀ ਅਹੁਦੇ ਲਈ ਸਭ ਤੋਂ ਪਹਿਲਾਂ ਲਿਆ ਸੀ''

''ਉਹ ਸਿਰਫ਼ ਉਸ ਆਗੂ ਲਈ ਜਾਇਦਾਦ ਹੋ ਸਕਦੇ ਹਨ, ਪਰ ਪਾਰਟੀ ਲਈ ਉਹ ਬੋਝ ਹੀ ਰਹੇ ਹਨ। ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਲਾਲਚ ਨੇ ਪਾਰਟੀ ਨੂੰ ਹੇਠਾਂ ਰੋਲ਼ਿਆ ਹੈ।''

ਉਧਰ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਜੇ ਪਾਰਟੀ ਦਾ ਅੱਜ ਇਹ ਹਸ਼ਰ ਹੋਇਆ ਹੈ ਤਾਂ ਇਸ ਪਿੱਛੇ ਕਾਰਨ ਇਹ ਸੀ ਕਿ ਲੋਕ ਬਦਲਾਅ ਚਾਹੁੰਦੇ ਸਨ।

ਚੰਨੀ ਉੱਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੀ ਬਿਮਾਰੀ ਦਾ ਇਲਾਜ ਜਿਸ ਸ਼ਖ਼ਸ ਨੂੰ ਸੌਂਪਿਆ ਉਹ ਗਲਤ ਸੀ।

ਇਹ ਵੀ ਪੜ੍ਹੋ:

ਦੋ - ਤਿੰਨ ਬੰਦਿਆਂ ਦੀ ਮੁੱਖ ਮੰਤਰੀ ਕੁਰਸੀ ਦੀ ਲੜਾਈ ਕਰਕੇ 'ਆਪ' ਸਰਕਾਰ ਬਣੀ - ਬਿੱਟੂ

ਰਵਨੀਤ ਬਿੱਟੂ ਨੇ ਬਕਾਇਦਾ ਫੇਸਬੁੱਕ ਉੱਤੇ ਲਾਈਵ ਹੋ ਕੇ ਤਾਂ ਪੰਜਾਬ ਵਿੱਚ ਕਾਂਗਰਸ ਦੀ ਹਾਰ ਨੂੰ ਲੀਡਰਾਂ ਦੀ ਹਾਰ ਦੱਸਿਆ ਹੈ।

ਉਨ੍ਹਾਂ ਕਿਹਾ, ''ਜਿਹੜੇ ਬਨਾਵਟੀ ਤੇ ਨਕਲੀ ਲੀਡਰ ਇਸ ਪਾਰਟੀ (ਕਾਂਗਰਸ) ਵਿੱਚ ਵੜ ਗਏ ਤੇ ਵਰਕਰਾਂ ਨੂੰ ਪੰਜ ਸਾਲ ਨਹੀਂ ਪੁੱਛਿਆ। ਸਾਡੇ ਲੀਡਰਾਂ ਦੀਆਂ ਨਲਾਇਕੀਆਂ ਸੀ ਕਿ ਪ੍ਰਿਅੰਕਾ ਗਾਂਧੀ ਆਏ ਹੋਣ ਅਤੇ ਪਾਰਟੀ ਦੇ ਪ੍ਰਧਾਨ ਨੂੰ ਮੰਚ ਉੱਤੇ ਆਉਣ ਲਈ ਕਿਹਾ ਜਾਵੇ ਤੇ ਉਹ ਨਾ ਆਉਣ।''

''ਦੋ-ਤਿੰਨ ਬੰਦਿਆਂ ਦੀ ਜਿਹੜੀ ਮੁੱਖ ਮੰਤਰੀ ਗੱਦੀ ਦੀ ਲੜਾਈ ਸੀ, ਉਸੇ ਕਰਕੇ ਸਾਡੇ ਵਰਕਰਾਂ ਨੂੰ ਝੱਲਣਾ ਪਿਆ। ਇਹ 'ਆਪ' ਸਰਕਾਰ ਸਾਡੀ ਲੀਡਰਾਂ ਦੀ ਲੜਾਈ ਕਰਕੇ ਬਣੀ ਹੈ।''

ਪੰਜ ਸੂਬਿਆਂ ਵਿੱਚ ਕਾਂਗਰਸੀ ਹਾਰ ਵਾਸਤੇ ਗਾਂਧੀ ਜ਼ਿੰਮੇਵਾਰ- ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਨੂੰ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਗਾਂਧੀ ਪਰਿਵਾਰ 'ਤੇ ਨਿਸ਼ਾਨੇ ਸਾਧੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜ ਸੂਬਿਆਂ ਵਿੱਚ ਕਾਂਗਰਸ ਦੀ ਹਾਰ ਲਈ ਗਾਂਧੀ ਜ਼ਿੰਮੇਵਾਰ ਹਨ। ਉਨ੍ਹਾਂ ਆਖਿਆ ਕਿ ਦੇਸ਼ ਭਰ ਵਿਚ ਲੋਕਾਂ ਦਾ ਗਾਂਧੀ ਪਰਿਵਾਰ ਦੀ ਅਗਵਾਈ ਉਪਰੋਂ ਭਰੋਸਾ ਚੁੱਕਿਆ ਗਿਆ ਹੈ।

ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਹਾਰ ਲਈ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਪ੍ਰਧਾਨ ਬਣਾਉਣਾ ਅਤੇ ਚਰਨਜੀਤ ਸਿੰਘ ਚੰਨੀ ਵਰਗੇ 'ਭ੍ਰਿਸ਼ਟ' ਨੇਤਾ ਨੂੰ ਮੁੱਖ ਮੰਤਰੀ ਬਣਾਏ ਜਾਣਾ ਵੀ ਜ਼ਿੰਮੇਵਾਰ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਵਿਚ ਕਾਂਗਰਸ ਦੀ ਹਾਰ ਦਾ ਅਸਲੀ ਕਾਰਨ ਹਾਈ ਕਮਾਂਡ ਦੀ ਅਸਫਲਤਾ ਹੈ ਜੋ ਨਵਜੋਤ ਸਿੰਘ ਸਿੱਧੂ ਵਰਗੇ ਲੋਕਾਂ ਨੂੰ ਰੋਕ ਨਹੀਂ ਪਾਏ।

ਚੰਨੀ ਸਾਹਿਬ ਕੁਝ ਕਹਿੰਦੇ ਸੀ ਤਾਂ ਸਿੱਧੂ ਸਾਹਿਬ ਅਗਲੇ ਦਿਨ ਸੁਆਹ ਪਾ ਦਿੰਦੇ ਸੀ - ਸੁਖਜਿੰਦਰ ਰੰਧਾਵਾ

ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਪਾਰਟੀ ਦੀਆਂ ਕਮੀਆਂ ਬਾਰੇ ਗੱਲ ਕੀਤੀ।

ਸੁਖਜਿੰਦਰ ਰੰਧਾਵਾ ਨੇ ਕਿਹਾ, ''ਕਾਂਗਰਸ ਨੂੰ ਲੋਕ ਨਹੀਂ ਕਦੇ ਹਰਾਉਂਦੇ, ਕਾਂਗਰਸ ਨੂੰ ਕਾਂਗਰਸੀ ਹੀ ਮਾਰਦੇ ਹਨ। ਕਾਂਗਰਸ ਦੀਆਂ ਬਾਗੀ ਸੁਰਾਂ ਕਰਕੇ ਲੋਕਾਂ ਦਾ ਸਾਡੇ ਤੋਂ ਵਿਸ਼ਵਾਸ ਉੱਠ ਗਿਆ। ਕਾਂਗਰਸ ਵਿੱਚ ਅਨੁਸ਼ਾਸਨ ਬਹੁਤ ਜ਼ਰੂਰੀ ਸੀ, ਜੋ ਬਣਿਆ ਨਹੀਂ ਰਹਿ ਸਕਿਆ।''

''ਕਾਂਗਰਸ ਅੰਦਰ ਨਿਰਾਸ਼ਾ ਦਾ ਕਰਨ ਅਸੀਂ ਲੀਡਰ ਹਾਂ ਅਤੇ ਲੋਕਾਂ ਨੂੰ ਇਹ ਕਹਿ ਹੀ ਨਹੀਂ ਸਕੇ ਕਿ ਅਸੀਂ ਕਾਂਗਰਸੀ ਹਾਂ। ਲੋਕਾਂ ਦੇ ਦਿਮਾਗ 'ਚ ਇਹ ਗੱਲ ਆ ਗਈ ਕਿ ਕਾਂਗਰਸ ਨੂੰ ਮਾਰਨ ਲਈ ਲੀਡਰ ਇਕੱਠੇ ਹੋ ਗਏ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)