ਹਰਮਨਪ੍ਰੀਤ ਕੌਰ ਦੇ ਭੰਗੜੇ ਨੇ ਪਾਈਆਂ ਧੂਮਾਂ, ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਸ਼ੇਅਰ ਹੋਇਆ ਵੀਡੀਓ

ਭਾਰਤੀ ਮਹਿਲਾ ਕ੍ਰਿਕਟ ਟੀਮ 4 ਮਾਰਚ ਤੋਂ ਨਿਊਜ਼ੀਲੈਂਡ ਵਿਖੇ ਸ਼ੁਰੂ ਹੋਣ ਵਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹੈ। ਟੀਮ ਐਤਵਾਰ ਨੂੰ ਆਪਣੇ ਟੂਰਨਾਮੈਂਟ ਦੀ ਸ਼ੁਰੁਆਤ ਵਿਰੋਧੀ ਟੀਮ ਪਾਕਿਸਤਾਨ ਦੇ ਖਿਲਾਫ ਮੈਚ ਨਾਲ ਕਰੇਗੀ।

ਅਮਰ ਉਜਾਲਾ ਦੀ ਖ਼ਬਰ ਮੁਤਾਬਕ, ਇਸ ਤੋਂ ਪਹਿਲਾਂ ਖਿਡਾਰੀ ਅਧਿਕਾਰਤ ਪ੍ਰੀ-ਟੂਰਨਾਮੈਂਟ ਫੋਟੋਸ਼ੂਟ ਲਈ ਇਕੱਠੇ ਹੋਏ। ਆਈਸੀਸੀ ਨੇ ਇਨ੍ਹਾਂ ਕੁਝ ਪਲਾਂ ਨੂੰ ਕ੍ਰਿਕੇਟ ਪ੍ਰੇਮੀਆਂ ਲਈ ਵੀ ਸ਼ੇਅਰ ਕੀਤਾ, ਜਿਨ੍ਹਾਂ ਵਿੱਚ ਭਾਰਤੀ ਟੀਮ ਪੂਰੇ ਜੋਸ਼ 'ਚ ਦਿਖਾਈ ਦੇ ਰਹੀ ਹੈ।

ਇਸ ਵੀਡੀਓ 'ਚ ਟੀਮ ਦੀ ਉਪ-ਕਪਤਾਨ ਹਰਮਨਪ੍ਰੀਤ ਕੌਰ ਵੱਲੋਂ ਪਾਏ ਗਏ "ਭੰਗੜੇ" ਦੇ ਇੱਕ ਰਵਾਇਤੀ ਡਾਂਸ ਸਟੈੱਪ ਨੂੰ ਬੜਾ ਪਸੰਦ ਕੀਤਾ ਜਾ ਰਿਹਾ ਹੈ।

ਵੀਡੀਓ ਦੀ ਸ਼ੁਰੂਆਤ ਹਰਮਨਪ੍ਰੀਤ ਦੇ ਇਸੇ ਸਟੈੱਪ ਨਾਲ ਹੁੰਦੀ ਹੈ, ਉਹ ਆਪਣੇ ਹੱਥਾਂ ਨੂੰ ਉੱਪਰ ਚੁੱਕਦੇ ਹਨ ਅਤੇ ਪੰਜਾਬੀ ਲੋਕ ਨਾਚ ਕਰਦੇ ਹਨ। ਨੱਚਦੇ ਹੋਏ ਉਹ ਕਹਿੰਦੇ ਹਨ "ਮੈਨੂੰ ਸਿਰਫ ਇਹੀ ਪਤਾ ਹੈ, ਮੈਂ ਜਿੱਥੇ ਵੀ ਜਾਂਦੀ ਹਾਂ ਇਹ ਕਰਦੀ ਹਾਂ"।

ਆਈਸੀਸੀ ਨੇ ਇਸ ਪੂਰੇ ਵੀਡੀਓ ਦਾ ਕੈਪਸ਼ਨ ਦਿੱਤਾ ਹੈ, "ਕੁਝ ਸ਼ਾਨਦਾਰ ਡਾਂਸਿੰਗ ਨਾਲ ਹਾਸੇ ਦੀ ਇੱਕ ਖੁਰਾਕ। #CWC22 ਤੋਂ ਪਹਿਲਾਂ ਕੈਂਪ ਖੁਸ਼ੀ ਨਾਲ ਭਰ ਗਿਆ ਹੈ।"

ਇਹ ਵੀ ਪੜ੍ਹੋ:

ਪੂਰਬੀ ਯੂਕਰੇਨ ਦੇ ਸੁਮੀ ਵਿੱਚ ਫਸੇ ਵਿਦਿਆਰਥੀਆਂ ਦੀ ਗੁਹਾਰ: "ਰੂਸ ਰਾਹੀਂ ਸਾਨੂੰ ਕੱਢੋ"

ਲਗਭਗ 500 ਭਾਰਤੀ ਵਿਦਿਆਰਥੀ ਰੂਸ ਦੀ ਸਰਹੱਦ ਤੋਂ ਸਿਰਫ਼ ਦੋ ਘੰਟੇ ਦੀ ਦੂਰੀ 'ਤੇ ਪੂਰਬੀ ਯੂਕਰੇਨ ਦੇ ਕਸਬੇ ਸੁਮੀ ਵਿੱਚ ਫਸੇ ਹੋਏ ਹਨ। ਜਿੱਥੇ ਭਾਰਤ ਆਪਣੇ ਨਾਗਰਿਕਾਂ ਦੀ ਨਿਕਾਸੀ ਲਈ ਪੱਛਮੀ ਪਾਸਿਓਂ ਯਤਨ ਕਰ ਰਿਹਾ ਹੈ, ਸੁਮੀ ਦੇ ਵਿਦਿਆਰਥੀਆਂ ਨੇ ਮਦਦ ਲਈ ਇੱਕ ਜ਼ਰੂਰੀ ਅਪੀਲ ਭੇਜੀ ਹੈ।

ਐੱਨਡੀਟੀਵੀ ਦੀ ਰਿਪੋਰਟ ਮੁਤਾਬਕ, ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਲਈ ਪੱਛਮ ਵੱਲ 20 ਘੰਟੇ ਦਾ ਸਫ਼ਰ ਤੈਅ ਕਰਨਾ ਸੰਭਵ ਨਹੀਂ ਹੈ, ਕਿਉਂਕਿ ਰੇਲਗੱਡੀ ਦੀਆਂ ਪੱਟੜੀਆਂ ਟੁੱਟ ਗਈਆਂ ਹਨ ਅਤੇ ਸੜਕ ਦਾ ਰਸਤਾ ਬਾਰੂਦੀ ਸੁਰੰਗਾਂ ਨਾਲ ਭਰਿਆ ਹੋਇਆ ਹੈ, ਘੱਟੋ-ਘੱਟ ਕੀਵ ਤੱਕ।

ਐੱਨਡੀਟੀਵੀ ਨੂੰ ਵੀਡੀਓ ਅਪੀਲ ਭੇਜਣ ਵਾਲੇ ਪੰਜ ਵਿਦਿਆਰਥੀਆਂ ਵਿੱਚੋਂ ਇੱਕ ਨੇ ਕਿਹਾ, "ਅਸੀਂ ਭਾਰਤੀ ਦੂਤਾਵਾਸ ਨੂੰ ਜਲਦੀ ਤੋਂ ਜਲਦੀ ਸਾਨੂੰ ਬਚਾਉਣ ਦੀ ਬੇਨਤੀ ਕਰ ਰਹੇ ਹਾਂ।''

ਇੱਕ ਵਿਦਿਆਰਥੀ ਨੇ ਕਿਹਾ, "ਅਸੀਂ ਆਪਣੀਆਂ ਰਾਤਾਂ ਬੰਕਰ (ਕਾਲਜ ਵਿੱਚ) ਵਿੱਚ ਬਿਤਾ ਰਹੇ ਹਾਂ। ਇੱਥੇ ਬਹੁਤ ਠੰਡ ਹੈ। ਸਾਡੇ ਸ਼ਹਿਰ ਵਿੱਚ ਅਕਸਰ ਗੋਲਾਬਾਰੀ ਅਤੇ ਹਮਲੇ ਹੁੰਦੇ ਹਨ। ਇੱਥੋਂ ਤੱਕ ਕਿ ਨਾਗਰਿਕ ਵੀ ਹਥਿਆਰਬੰਦ ਹਨ। ਇੱਥੇ ਭੋਜਨ ਅਤੇ ਪਾਣੀ ਦੀ ਵੀ ਕਮੀ ਹੈ।''

ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕੱਲ੍ਹ ਕਿਹਾ, "ਅਸੀਂ ਯੂਕਰੇਨ ਵਿੱਚ ਖਾਰਕਿਵ, ਸੁਮੀ ਅਤੇ ਹੋਰ ਸੰਘਰਸ਼ ਖੇਤਰਾਂ ਵਿੱਚ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਾਂ।" ਉਨ੍ਹਾਂ ਨੇ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨਾਲ ਗੱਲ ਕਰਨ ਦੀ ਵੀ ਜਾਣਕਾਰੀ ਦਿੱਤੀ।

ਪੰਜਾਬ ਦੇ ਸੀਐੱਮ ਚੰਨੀ ਨੂੰ ਬਿਨਾਂ ਜਨਮ ਦਿਨ ਹੀ ਸਭ ਨੇ ਦਿੱਤੀਆਂ ਵਧਾਈਆਂ, ਬੋਲੇ - 'ਮੇਰਾ ਜਨਮ ਦਿਨ ਨਹੀਂ'

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਲੰਘੇ ਦਿਨੀਂ ਕਾਂਗਰਸ ਪਾਰਟੀ ਸਮੇਤ ਹੋਰ ਕਈ ਵੱਡੇ ਆਗੂਆਂ ਨੇ ਉਨ੍ਹਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਪਰ ਕੱਲ੍ਹ ਉਨ੍ਹਾਂ ਦਾ ਜਨਮ ਦਿਨ ਨਹੀਂ ਸੀ, ਇਹ ਗੱਲ ਆਪ ਸੀਐੱਮ ਚੰਨੀ ਨੇ ਸਪੱਸ਼ਟ ਕੀਤੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਚੌਧਰੀ, ਜੋ ਪੰਜਾਬ ਦੇ ਇੰਚਾਰਜ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਸਨ।

ਸਾਰੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਚੰਨੀ ਨੇ ਆਪਣੇ ਟਵੀਟ ਵਿੱਚ ਕਿਹਾ, "ਅੱਜ ਮੇਰੇ ਲਈ ਦਿੱਤੀਆਂ ਗਈਆਂ ਸਾਰੀਆਂ ਸ਼ੁਭਕਾਮਨਾਵਾਂ ਲਈ ਧੰਨਵਾਦੀ ਹਾਂ, ''ਹਾਲਾਂਕਿ ਅੱਜ ਮੇਰਾ ਜਨਮ ਦਿਨ ਨਹੀਂ ਹੈ''।''

"ਤੁਹਾਡੇ ਆਸ਼ੀਰਵਾਦ ਮੇਰੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੇ ਹਨ ਅਤੇ ਮੈਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ। ਮੇਰੇ ਪ੍ਰਤੀ ਇਸ ਪਿਆਰ ਲਈ ਮੈਂ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)