ਅਟਲ ਬਿਹਾਰੀ ਵਾਜਪਾਈ: ਅਣਲਿਖਤ ਪ੍ਰੇਮ ਕਹਾਣੀ ਜੋ ਉਨ੍ਹਾਂ ਲੁਕਾਈ ਨਹੀਂ ਪਰ ਉਸ ਨੂੰ ਕੋਈ ਨਾਮ ਵੀ ਨਹੀਂ ਮਿਲਿਆ

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਜਪਾਈ ਨੇ ਇੱਕ ਜਲਸੇ ਵਿੱਚ ਕਿਹਾ ਸੀ,' ਕੁਆਰਾ ਹਾਂ ਬ੍ਰਹਮਚਾਰੀ ਨਹੀਂ ਹਾਂ'
    • ਲੇਖਕ, ਰੇਹਾਨ ਫ਼ਜਲ
    • ਰੋਲ, ਬੀਬੀਸੀ ਪੱਤਰਕਾਰ

1940 ਦੇ ਦਹਾਕੇ 'ਚ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਜ਼ਿਆਦਾਤਰ ਲੋਕਾਂ ਦੇ ਨਿੱਜੀ ਸਬੰਧ ਲਕੀਰ ਦੇ ਫਕੀਰ ਵਰਗੇ ਨਹੀਂ ਸਨ।

ਗਾਂਧੀ ਖੁੱਲ੍ਹੇਆਮ ਬ੍ਰਹਮਚਾਰੀ ਜੀਵਨ ਦੇ ਨਾਲ ਆਪਣੇ ਤਜਰਬੇ ਕਰ ਰਹੇ ਸਨ। ਕਿਹਾ ਜਾਂਦਾ ਹੈ ਕਿ ਬਜ਼ੁਰਗ ਹੋਣ ਦੇ ਬਾਵਜੂਦ ਵੀ ਜਵਾਹਰ ਲਾਲ ਨਹਿਰੂ ਦੇ ਐਡਵਿਨਾ ਮਾਊਂਟਬੈਟਨ ਅਤੇ ਪਦਮਜਾ ਨਾਇਡੂ ਨਾਲ ਸਬੰਧ ਸਨ।

ਸਮਾਜਵਾਦੀ ਨੇਤਾ ਰਾਮ ਮਨੋਹਰ ਲੋਹੀਆ ਐਲਾਨੀਆ ਰਾਮ ਮਿੱਤਰਾ ਦੇ ਨਾਲ ਰਹਿ ਰਹੇ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਕਦੇ ਵਿਆਹ ਨਹੀਂ ਕਰਵਾਇਆ।

ਇਸੇ ਲੜੀ 'ਚ ਇੱਕ ਨਾਂਅ ਅਟਲ ਬਿਹਾਰੀ ਵਾਜਪਾਈ ਦਾ ਵੀ ਆਉਂਦਾ ਹੈ, ਜਿਨ੍ਹਾਂ ਦੇ ਜੀਵਨ 'ਚ ਰਾਜਕੁਮਾਰੀ ਕੌਲ ਲਈ ਇੱਕ ਖਾਸ ਥਾਂ ਸੀ।

ਗਵਾਲੀਅਰ ਦੇ ਵਿਕਟੋਰੀਆ ਕਾਲਜ (ਹੁਣ ਮਹਾਰਾਣੀ ਲਕਸ਼ਮੀਬਾਈ ਕਾਲਜ) ਵਿੱਚ ਪੜ੍ਹਦਿਆਂ ਵਾਜਪਾਈ ਦੀ ਮੁਲਾਕਾਤ ਰਾਜਕੁਮਾਰੀ ਹਕਸਰ ਨਾਲ ਹੋਈ, ਜਿਨ੍ਹਾਂ ਵੱਲ ਉਹ ਖਿੱਚੇ ਚਲੇ ਗਏ।

ਇਹ ਵੀ ਪੜ੍ਹੋ:

ਹਾਲ ਹੀ ਵਿੱਚ ਪ੍ਰਕਾਸ਼ਿਤ ਵਾਜਪਾਈ ਦੀ ਜੀਵਨੀ ਦੇ ਲੇਖਕ ਅਤੇ ਪ੍ਰਸਿੱਧ ਪੱਤਰਕਾਰ ਸਾਗਰਿਕਾ ਘੋਸ਼ ਦੱਸਦੇ ਹਨ, "ਉਨ੍ਹਾਂ ਦਿਨਾਂ ਵਿੱਚ ਦੋਵਾਂ ਦੀਆਂ ਸ਼ਖ਼ਸੀਅਤਾਂ ਪ੍ਰਭਾਵਿਤ ਕਰਨ ਵਾਲੀਆਂ ਹੁੰਦੀਆਂ ਸਨ। ਰਾਜਕੁਮਾਰੀ ਹਕਸਰ ਬਹੁਤ ਸੁੰਦਰ ਸਨ, ਖਾਸ ਕਰਕੇ ਉਨ੍ਹਾਂ ਦੀਆਂ ਅੱਖਾਂ।

ਉਨ੍ਹਾਂ ਦਿਨਾਂ ਵਿੱਚ ਬਹੁਤ ਘੱਟ ਕੁੜੀਆਂ ਕਾਲਜ ਵਿੱਚ ਪੜ੍ਹਦੀਆਂ ਸਨ। ਵਾਜਪਾਈ ਉਨ੍ਹਾਂ ਵੱਲ ਆਕਰਸ਼ਿਤ ਹੋਏ ਗਏ। ਰਾਜਕੁਮਾਰੀ ਵੀ ਉਨ੍ਹਾਂ ਨੂੰ ਪਸੰਦ ਕਰਨ ਲੱਗੇ।''

ਉਹ ਦੱਸਦੇ ਹਨ, "ਪਹਿਲਾਂ ਉਨ੍ਹਾਂ ਦੀ ਦੋਸਤੀ ਰਾਜਕੁਮਾਰੀ ਦੇ ਭਰਾ ਚੰਦ ਹਕਸਰ ਨਾਲ ਹੋਈ, ਪਰ ਜਦੋਂ ਵਿਆਹ ਦੀ ਗੱਲ ਆਈ ਤਾਂ ਰਾਜਕੁਮਾਰੀ ਦੇ ਪਰਿਵਾਰ ਨੇ ਸ਼ਿੰਦੇ ਦੀ ਛਾਉਣੀ ਵਿੱਚ ਰਹਿਣ ਵਾਲੇ ਅਤੇ ਹਰ ਰੋਜ਼ ਆਰਐੱਸਐੱਸ ਦੀ ਸ਼ਾਖਾ ਵਿੱਚ ਜਾਣ ਵਾਲੇ ਵਾਜਪਾਈ ਨੂੰ ਆਪਣੀ ਧੀ ਦੇ ਯੋਗ ਨਹੀਂ ਸਮਝਿਆ। ਰਾਜਕੁਮਾਰੀ ਹਕਸਰ ਦਾ ਵਿਆਹ ਦਿੱਲੀ ਦੇ ਰਾਮਜਸ ਕਾਲਜ ਵਿੱਚ ਦਰਸ਼ਨ ਸ਼ਾਸਤਰ ਪੜ੍ਹਾਉਣ ਵਾਲੇ ਬ੍ਰਜ ਨਰਾਇਣ ਕੌਲ ਨਾਲ ਕਰ ਦਿੱਤਾ ਗਿਆ।

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Juggernaut

ਤਸਵੀਰ ਕੈਪਸ਼ਨ, ਲੇਖਿਕਾ ਅਤੇ ਪੱਤਰਕਾਰ ਸਾਗਰਿਕਾ ਘੋਸ਼ ਨੇ ਵਾਜਪਾਈ ਦੀ ਜੀਵਨੀ ਲਿਖੀ ਹੈ

ਰਾਜਕੁਮਾਰੀ ਕੌਲ ਨੇ ਵਾਜਪਾਈ ਨਾਲ ਆਪਣੇ ਰਿਸ਼ਤੇ ਨੂੰ ਸਵੀਕਾਰ ਕੀਤਾ

ਅਟਲ ਬਿਹਾਰੀ ਵਾਜਪਾਈ ਦੇ ਇੱਕ ਹੋਰ ਜੀਵਨੀਕਾਰ ਕਿੰਗਸ਼ੁਕ ਨਾਗ ਆਪਣੀ ਕਿਤਾਬ 'ਅਟਲ ਬਿਹਾਰੀ ਵਾਜਪਾਈ ਦਿ ਮੈਨ ਫਾਰ ਆਲ ਸੀਜ਼ਨਜ਼' ਵਿੱਚ ਲਿਖਦੇ ਹਨ, "ਨੌਜਵਾਨ ਅਟਲ ਨੇ ਰਾਜਕੁਮਾਰੀ ਲਈ ਲਾਇਬ੍ਰੇਰੀ ਦੀ ਇੱਕ ਕਿਤਾਬ ਵਿੱਚ ਇੱਕ ਪ੍ਰੇਮ ਪੱਤਰ ਰੱਖ ਦਿੱਤਾ ਸੀ। ਪਰ ਉਨ੍ਹਾਂ ਨੂੰ ਉਸਦਾ ਜਵਾਬ ਨਹੀਂ ਮਿਲਿਆ। ਦਰਅਸਲ, ਰਾਜਕੁਮਾਰੀ ਨੇ ਉਸ ਪੱਤਰ ਦਾ ਜਵਾਬ ਦਿੱਤਾ ਸੀ ਪਰ ਉਹ ਪੱਤਰ ਵਾਜਪਾਈ ਤੱਕ ਨਹੀਂ ਪਹੁੰਚ ਸਕਿਆ।''

ਜਦੋਂ ਵਾਜਪਾਈ ਸੰਸਦ ਮੈਂਬਰ ਵਜੋਂ ਦਿੱਲੀ ਆਏ ਤਾਂ ਰਾਜਕੁਮਾਰੀ ਨੂੰ ਮਿਲਣ ਦਾ ਉਨ੍ਹਾਂ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਹੋ ਗਿਆ।

ਭਾਰਤੀ ਵਿਦੇਸ਼ ਸੇਵਾ ਦੇ ਸੀਨੀਅਰ ਅਧਿਕਾਰੀ ਅਤੇ ਇਸ ਸਮੇਂ ਨਰਿੰਦਰ ਮੋਦੀ ਕੈਬਨਿਟ ਦੇ ਮੈਂਬਰ ਹਰਦੀਪ ਪੁਰੀ ਦੀ ਅਟਲ ਬਿਹਾਰੀ ਵਾਜਪਾਈ ਨਾਲ ਪਹਿਲੀ ਮੁਲਾਕਾਤ ਪ੍ਰੋਫੈਸਰ ਬ੍ਰਜ ਨਰਾਇਣ ਕੌਲ ਦੇ ਘਰ ਹੋਈ ਸੀ, ਜੋ ਉਨ੍ਹਾਂ ਦੇ ਗੁਰੂ ਹੁੰਦੇ ਸਨ।

ਅੱਸੀ ਦੇ ਦਹਾਕੇ 'ਚ ਇੱਕ ਪਤ੍ਰਿਕਾ ਸੈਵੀ ਨੂੰ ਦਿੱਤੇ ਗਏ ਇੱਕ ਇੰਟਰਵਿਊ 'ਚ ਰਾਜਕੁਮਾਰੀ ਕੌਲ ਨੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਅਤੇ ਵਾਜਪਾਈ ਵਿਚਕਾਰ ਗਹਿਰੇ ਸਬੰਧ ਸਨ, ਜਿਸ ਨੂੰ ਬਹੁਤ ਘੱਟ ਲੋਕ ਸਮਝ ਸਕਣਗੇ।

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, penguin Viking

ਤਸਵੀਰ ਕੈਪਸ਼ਨ, ਵਾਜਪਾਈ ਦੇ ਇੱਕ ਹੋਰ ਜੀਵਨੀਕਾਰ ਕਿੰਗਸ਼ੁਕ ਨਾਗ ਮੁਤਾਬਕ ਵਾਜਪਾਈ ਨੇ ਪ੍ਰੇਮ ਪੱਤਰ ਵੀ ਲਿਖਿਆ ਉਸ ਦਾ ਜਵਾਬ ਵੀ ਆਇਆ ਪਰ ਉਨ੍ਹਾਂ ਨੂੰ ਮਿਲ ਨਾ ਸਕਿਆ

ਇਸ ਇੰਟਰਵਿਊ ਮੁਤਾਬਕ ਉਨ੍ਹਾਂ ਨੇ ਕਿਹਾ ਸੀ, "ਵਾਜਪਾਈ ਅਤੇ ਮੈਨੂੰ ਕਦੇ ਵੀ ਆਪਣੇ ਪਤੀ ਨੂੰ ਇਸ ਰਿਸ਼ਤੇ ਬਾਰੇ ਸਮਝਾਉਣ ਦੀ ਲੋੜ ਨਹੀਂ ਪਈ। ਮੇਰੇ ਪਤੀ ਅਤੇ ਮੇਰਾ ਵਾਜਪਾਈ ਨਾਲ ਰਿਸ਼ਤਾ ਬਹੁਤ ਮਜ਼ਬੂਤ ਸੀ।"

ਵਾਜਪਾਈ ਦੇ ਸਭ ਤੋਂ ਕਰੀਬੀ ਦੋਸਤ, ਅੱਪਾ ਘਟਾਟੇ ਨੇ ਸਾਗਰਿਕਾ ਘੋਸ਼ ਨੂੰ ਦੱਸਿਆ ਸੀ ਕਿ "ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਸਬੰਧ ਸਿਰਫ਼ ਦੋਸਤੀ ਤੱਕ ਸਨ ਜਾਂ ਉਸ ਤੋਂ ਵੱਧ ਕੁਝ ਹੋਰ, ਅਸਲ ਵਿੱਚ ਇਸ ਨਾਲ ਕੋਈ ਫਰਕ ਵੀ ਨਹੀਂ ਪੈਂਦਾ।"

ਪੂਰੀ ਦੁਨੀਆ ਇਸ ਰਿਸ਼ਤੇ ਨੂੰ ਗੈਰ-ਰਵਾਇਤੀ ਅਤੇ ਅਜੀਬ ਜ਼ਰੂਰ ਸਮਝਦੀ ਸੀ, ਪਰ ਅਸਲ ਵਿੱਚ ਇਹ ਦੋਵਾਂ ਵਿਚਕਾਰ ਉਸ ਦੋਸਤੀ ਦਾ ਸੁਭਾਵਿਕ ਵਿਸਥਾਰ ਸੀ, ਜੋ ਗਵਾਲੀਅਰ ਵਿੱਚ ਕਾਲਜ ਦੇ ਸਹਿਪਾਠੀਆਂ ਵਜੋਂ ਸ਼ੁਰੂ ਹੋਈ ਸੀ।

ਰਾਜਕੁਮਾਰੀ ਕੌਲ ਪਤੀ ਸਹਿਤ ਵਾਜਪਾਈ ਦੇ ਘਰ ਸ਼ਿਫਟ ਹੋ ਗਏ

ਬਾਅਦ ਵਿੱਚ ਜਦੋਂ ਵਾਜਪਾਈ ਨੂੰ ਦਿੱਲੀ ਵਿੱਚ ਵੱਡਾ ਸਰਕਾਰੀ ਘਰ ਮਿਲਿਆ ਤਾਂ ਰਾਜਕੁਮਾਰੀ ਕੌਲ, ਉਨ੍ਹਾਂ ਦੇ ਪਤੀ ਬ੍ਰਜ ਨਰਾਇਣ ਕੌਲ ਅਤੇ ਉਨ੍ਹਾਂ ਦੀਆਂ ਧੀਆਂ ਵਾਜਪਾਈ ਦੇ ਘਰ ਵਿੱਚ ਸ਼ਿਫਟ ਹੋ ਗਏ। ਉਨ੍ਹਾਂ ਦੇ ਘਰ ਵਿੱਚ, ਉਨ੍ਹਾਂ ਸਾਰਿਆਂ ਦੇ ਆਪਣੇ-ਆਪਣੇ ਸੌਣ ਵਾਲੇ ਕਮਰੇ ਹੁੰਦੇ ਸਨ।

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, penguin Viking

ਤਸਵੀਰ ਕੈਪਸ਼ਨ, ਜਦੋਂ ਅਟਲ ਪ੍ਰਧਾਨ ਮੰਤਰੀ ਸਨ ਤਾਂ ਰਾਜਕੁਮਾਰੀ ਕੌਲ ਆਪਣੇ ਪਤੀ ਤੇ ਪਰਿਵਾਰ ਦੇ ਨਾਲ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੀ ਆ ਕੇ ਰਹਿਣ ਲੱਗੇ ਸਨ

ਸਾਗਰਿਕਾ ਘੋਸ਼ ਦੱਸਦੇ ਹਨ, ''ਵਾਜਪਾਈ ਦੇ ਬਹੁਤ ਕਰੀਬੀ ਰਹੇ ਬਲਬੀਰ ਪੁੰਜ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜਦੋਂ ਉਹ ਪਹਿਲੀ ਵਾਰ ਵਾਜਪਾਈ ਦੇ ਘਰ ਗਏ, ਤਾਂ ਉੱਥੇ ਕੌਲ ਜੋੜੇ ਨੂੰ ਦੇਖ ਕੇ ਉਨ੍ਹਾਂ ਨੂੰ ਥੋੜ੍ਹਾ ਅਜੀਬ ਲੱਗਾ ਸੀ, ਪਰ ਜਦੋਂ ਉਨ੍ਹਾਂ ਦੇਖਿਆ ਕਿ ਇਹ ਉਨ੍ਹਾਂ ਲਈ ਆਮ ਗੱਲ ਸੀ ਤਾਂ ਉਨ੍ਹਾਂ ਨੇ ਵੀ ਇਸ ਬਾਰੇ ਸੋਚਣਾ ਛੱਡ ਦਿੱਤਾ।''

"ਜਦੋਂ ਵਾਜਪਾਈ ਦੇ ਸਭ ਤੋਂ ਨਜ਼ਦੀਕੀ ਦੋਸਤ ਅੱਪਾ ਘਟਾਟੇ ਵਾਜਪਾਈ ਨੂੰ ਆਪਣੇ ਘਰ ਰਾਤ ਦੇ ਖਾਣੇ ਲਈ ਬੁਲਾਉਂਦੇ, ਤਾਂ ਵਾਜਪਾਈ, ਰਾਜਕੁਮਾਰੀ ਕੌਲ ਅਤੇ ਬ੍ਰਜ ਨਰਾਇਣ ਕੌਲ ਤਿੰਨੇ ਇਕੱਠੇ ਉਨ੍ਹਾਂ ਦੇ ਘਰ ਜਾਂਦੇ। ਬਲਬੀਰ ਪੁੰਜ ਕਹਿੰਦੇ ਹਨ ਕਿ ਵਾਜਪਾਈ ਇੱਕ ਅਧਿਆਪਕ ਦੇ ਰੂਪ 'ਚ ਬੀਐੱਨ ਕੌਲ ਦਾ ਬਹੁਤ ਸਤਿਕਾਰ ਕਰਦੇ ਸਨ। ਬ੍ਰਜ ਨਰਾਇਣ ਕੌਲ ਨੇ ਨਾ ਸਿਰਫ ਰਾਜਕੁਮਾਰੀ ਅਤੇ ਵਾਜਪਾਈ ਦੀ ਦੋਸਤੀ ਨੂੰ ਸਵੀਕਾਰ ਕਰ ਲਿਆ ਸੀ, ਸਗੋਂ ਉਹ ਵਾਜਪਾਈ ਨੂੰ ਬਹੁਤ ਪਸੰਦ ਕਰਨ ਲੱਗ ਪਏ ਸਨ। ਉਹ ਅਕਸਰ ਪੁੱਛਦੇ ਸਨ ਕਿ ਅਟਲ ਨੇ ਖਾਣਾ ਖਾਧਾ ਜਾਂ ਨਹੀਂ? ਉਨ੍ਹਾਂ ਦਾ ਭਾਸ਼ਣ ਕਿਵੇਂ ਸੀ? ਉਨ੍ਹਾਂ ਦੇ ਭਾਸ਼ਣ ਵਿੱਚ ਜੋਸ਼ ਸੀ ਜਾਂ ਨਹੀਂ?"

ਮਸ਼ਹੂਰ ਪੱਤਰਕਾਰ ਕਰਨ ਥਾਪਰ ਇੱਕ ਵਾਰ ਇੰਟਰਵਿਊ ਲਈ ਵਾਜਪਾਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਗੱਲ ਨਹੀਂ ਬਣੀ ਸਕੀ।

ਕਰਨ ਥਾਪਰ ਆਪਣੀ ਸਵੈ-ਜੀਵਨੀ 'ਡੇਵਿਲਜ਼ ਐਡਵੋਕੇਟ' ਵਿੱਚ ਲਿਖਦੇ ਹਨ, "ਮੈਂ ਥੱਕ-ਹਾਰ ਕੇ ਵਾਜਪਾਈ ਦੇ ਰਾਇਸੀਨਾ ਰੋਡ ਵਾਲੇ ਘਰ 'ਤੇ ਫੋਨ ਮਿਲਾਇਆ। ਕਾਫੀ ਮਸ਼ੱਕਤ ਤੋਂ ਬਾਅਦ ਸ਼੍ਰੀਮਤੀ ਕੌਲ ਲਾਈਨ 'ਤੇ ਆਏ। ਜਦੋਂ ਮੈਂ ਉਨ੍ਹਾਂ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਨ੍ਹਾਂ ਕਿਹਾ- ਮੈਨੂੰ ਉਨ੍ਹਾਂ ਨਾਲ ਗੱਲ ਕਰਨ ਦਿਓ। ਹੋਣ ਦਿਓ। ਇੰਟਰਵਿਊ ਹੋ ਜਾਣਾ ਚਾਹੀਦਾ ਹੈ। ਅਗਲੇ ਦਿਨ ਵਾਜਪਾਈ ਇੰਟਰਵਿਊ ਦੇਣ ਲਈ ਰਾਜ਼ੀ ਹੋ ਗਏ ਸਨ। ਉਨ੍ਹਾਂ ਦੇ ਪਹਿਲੇ ਸ਼ਬਦ ਸਨ, ਤੁਸੀਂ ਤਾਂ ਹਾਈ ਕਮਾਂਡ ਨਾਲ ਗੱਲ ਕਰ ਲਈ, ਹੁਣ ਮੈਂ ਤੁਹਾਨੂੰ ਕਿਵੇਂ ਇਨਕਾਰ ਕਰ ਸਕਦਾ ਹਾਂ।''

ਕਰਨ ਥਾਪਰ

ਤਸਵੀਰ ਸਰੋਤ, HarperCollins

ਤਸਵੀਰ ਕੈਪਸ਼ਨ, ਕਰਨ ਥਾਪਰ ਨੂੰ ਇੰਟਰਵਿਊ ਦੇਣ ਲਈ ਰਾਜਕੁਮਾਰੀ ਕੌਲ ਨੇ ਮਨਾਇਆ

'ਕੁੰਵਾਰਾ ਹਾਂ ਬ੍ਰਹਮਚਾਰੀ ਨਹੀਂ'

ਕਹਾਣੀ ਮਸ਼ਹੂਰ ਹੈ ਕਿ ਸੱਠ ਦੇ ਦਹਾਕੇ 'ਚ ਸ਼੍ਰੀਮਤੀ ਕੌਲ ਆਪਣੇ ਪਤੀ ਨੂੰ ਤਲਾਕ ਦੇ ਕੇ ਵਾਜਪਾਈ ਨਾਲ ਵਿਆਹ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਦੀ ਪਾਰਟੀ ਅਤੇ ਆਰਐੱਸਐੱਸ ਦਾ ਮੰਨਣਾ ਸੀ ਕਿ ਜੇਕਰ ਵਾਜਪਾਈ ਨੇ ਅਜਿਹਾ ਕੀਤਾ ਤਾਂ ਇਸ ਦਾ ਉਨ੍ਹਾਂ ਦੇ ਸਿਆਸੀ ਕਰੀਅਰ 'ਤੇ ਬੁਰਾ ਅਸਰ ਪਵੇਗਾ।

ਵਾਜਪਾਈ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਪਰ ਸ਼੍ਰੀਮਤੀ ਕੌਲ ਉਨ੍ਹਾਂ ਦੇ ਨਿੱਜੀ ਜੀਵਨ ਦਾ ਅਹਿਮ ਹਿੱਸਾ ਬਣੇ ਰਹੇ।

ਇੱਕ ਪ੍ਰੋਗਰਾਮ ਦੌਰਾਨ ਵਾਜਪਾਈ ਨੇ ਸਵੀਕਾਰ ਕੀਤਾ ਸੀ, "ਮੈਂ ਕੁੰਵਾਰਾ ਹਾਂ, ਬ੍ਰਹਮਚਾਰੀ ਨਹੀਂ।"

ਵਾਜਪਾਈ ਦੀ ਜੀਵਨੀ 'ਹਾਰ ਨਹੀਂ ਮਾਨੂੰਗਾ' ਵਿੱਚ ਵਿਜੇ ਤ੍ਰਿਵੇਦੀ ਲਿਖਦੇ ਹਨ, "ਦੋਹਰੇ ਮਾਨਦੰਡਾਂ ਵਾਲੀ ਰਾਜਨੀਤੀ ਵਿੱਚ ਇਹ ਅਣਲਿਖਤ ਪ੍ਰੇਮ ਕਹਾਣੀ ਲਗਭਗ ਪੰਜਾਹ ਸਾਲ ਤੱਕ ਚੱਲੀ ਅਤੇ ਜਿਹੜੀ ਲੁਕਾਈ ਨਹੀਂ ਗਈ। ਪਰ ਉਸ ਨੂੰ ਕੋਈ ਨਾਮ ਵੀ ਨਹੀਂ ਮਿਲਿਆ। ਹਿੰਦੂਸਤਾਨ ਦੀ ਰਾਜਨੀਤੀ ਵਿੱਚ ਸ਼ਾਇਦ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ ਕਿ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਅਜਿਹੀ ਸ਼ਖ਼ਸੀਅਤ ਰਹਿ ਰਹੀ ਹੋਵੇ, ਜੋ ਪ੍ਰਧਾਨ ਮੰਤਰੀ ਦੇ ਅਧਿਕਾਰਤ ਪਰਿਵਾਰਕ ਮੈਂਬਰਾਂ ਵਿੱਚ ਕੋਈ ਥਾਂ ਨਾ ਦਿੱਤੀ ਗਈ ਹੋਵੇ, ਪਰ ਜਿਸ ਦੀ ਮੌਜੂਦਗੀ ਸਭ ਨੂੰ ਮਨਜ਼ੂਰ ਹੋਵੇ।''

ਆਰਐੱਸਐੱਸ ਨੇ ਇੱਕ ਵਿਆਹੁਤਾ ਮਹਿਲਾ ਨਾਲ ਵਾਜਪਾਈ ਦੇ ਰਿਸ਼ਤੇ 'ਤੇ ਕਦੇ ਵੀ ਮੋਹਰ ਨਹੀਂ ਲਗਾਈ।

अटल बिहारी वाजपेयी

ਤਸਵੀਰ ਸਰੋਤ, Harper Hindi

ਤਸਵੀਰ ਕੈਪਸ਼ਨ, ਸੰਘ ਨੇ ਕਦੇ ਵੀ ਰਾਜਕੁਮਾਰ ਅਤੇ ਵਾਜਪਾਈ ਦੇ ਰਿਸ਼ਤਿਆਂ ਉੱਪਰ ਮੋਹਰ ਨਹੀਂ ਲਗਾਈ ਪਰ ਉਹ ਦੋਵਾਂ ਨੂੰ ਨਿਖੇੜ ਵੀ ਨਹੀਂ ਸਕੇ

ਪਰ ਉਹ ਉਨ੍ਹਾਂ ਦਾ ਕੁਝ ਵਿਗਾੜ ਵੀ ਨਹੀਂ ਸਕੇ, ਕਿਉਂਕਿ ਚੋਣਾਵੀ ਸਿਆਸਤ ਵਿੱਚ ਉਹ ਉਨ੍ਹਾਂ ਦੇ ਸਭ ਤੋਂ ਵੱਡੇ ਹਰਮਨ ਪਿਆਰੇ ਆਗੂ ਸਨ, ਜਿਸ ਕੋਲ ਭੀੜ ਇਕੱਠੀ ਕਰਨ ਦੀ ਸਮਰੱਥਾ ਸੀ।

ਵਾਜਪਾਈ ਅਤੇ ਸ਼੍ਰੀਮਤੀ ਕੌਲ ਦੇ ਸਬੰਧਾਂ 'ਤੇ ਗੁਲਜ਼ਾਰ ਦਾ ਖਾਮੋਸ਼ੀ ਫਿਲਮ ਲਈ ਲਿਖਿਆ ਉਹ ਗੀਤ ਬਿਲਕੁਲ ਫਿੱਟ ਬੈਠਦਾ ਹੈ -

"ਹਮਨੇ ਦੇਖੀ ਹੈ ਉਨ ਆਂਖੋਂ ਕੀ ਮਹਿਕਤੀ ਖੁਸ਼ਬੂ

ਹਾਥ ਸੇ ਛੂਹ ਕੇ ਇਸੇ ਰਿਸ਼ਤੋਂ ਕਾ ਇਲਜ਼ਾਮ ਨਾ ਦੋ

ਸਿਰਫ ਅਹਿਸਾਸ ਹੈ ਯੇ ਰੂਹ ਸੇ ਮਹਿਸੂਸ ਕਰੋ

ਪਿਆਰ ਕੋ ਪਿਆਰ ਹੀ ਰਹਿਨੇ ਦੋ ਕੋਈ ਨਾਮ ਨਾ ਦੋ''

ਸ਼੍ਰੀਮਤੀ ਕੌਲ ਦੇ ਦੇਹਾਂਤ 'ਤੇ ਸੋਨੀਆ ਗਾਂਧੀ ਨੇ ਜਤਾਇਆ ਸੋਗ

ਸਾਲ 2014 ਵਿੱਚ, ਜਦੋਂ ਰਾਜਕੁਮਾਰੀ ਕੌਲ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋਇਆ, ਤਾਂ ਉਸ ਤੋਂ ਬਾਅਦ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ ਸ਼੍ਰੀਮਤੀ ਕੌਲ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੇ ਪਰਿਵਾਰ ਦੇ ਮੈਂਬਰ ਸਨ।

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਜਪਾਈ ਖਾਣ-ਪੀਣ ਦੇ ਬਹੁਤ ਸ਼ੌਕੀਨ ਸਨ, ਚੀਨ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਦਿਨ ਚੌਪ ਸਟਿਕਸ ਨਾਲ ਖਾਣ ਦਾ ਅਭਿਆਸ ਕੀਤਾ

ਇੰਡੀਅਨ ਐਕਸਪ੍ਰੈਸ ਨੇ ਉਨ੍ਹਾਂ ਨੂੰ ਵਾਜਪਾਈ ਦਾ ਸਭ ਤੋਂ 'ਅਣਜਾਣ ਅਦਰ ਹਾਫ਼' ਦੱਸਿਆ।

ਹਾਲਾਂਕਿ ਉਸ ਸਮੇਂ ਚੋਣ ਪ੍ਰਚਾਰ ਆਪਣੇ ਸਿਖਰ 'ਤੇ ਸੀ, ਪਰ ਸੋਨੀਆ ਗਾਂਧੀ ਨੇ ਚੁੱਪਚਾਪ ਵਾਜਪਾਈ ਦੀ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ।

ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਨਾ ਸਿਰਫ ਭਾਜਪਾ ਦੇ ਚੋਟੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ, ਅਮਿਤ ਸ਼ਾਹ, ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਮੌਜੂਦ ਸਨ, ਸਗੋਂ ਆਰਐੱਸਐੱਸ ਨੇ ਵੀ ਆਪਣੇ ਦੋ ਨੁਮਾਇੰਦਿਆਂ ਸੁਰੇਸ਼ ਸੋਨੀ ਅਤੇ ਰਾਮ ਲਾਲ ਨੂੰ ਉੱਥੇ ਭੇਜਿਆ ਸੀ।

2009 ਤੋਂ ਬਾਅਦ ਗੰਭੀਰ ਰੂਪ ਨਾਲ ਬਿਮਾਰ ਹੋਏ ਅਟਲ ਬਿਹਾਰੀ ਵਾਜਪਾਈ ਰਾਜਕੁਮਾਰੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਹੋ ਸਕੇ ਸਨ।

ਬਾਅਦ ਵਿੱਚ ਕਿੰਗਸ਼ੁਕ ਨਾਗ ਨੇ ਲਿਖਿਆ, "ਰਾਜਕੁਮਾਰੀ ਕੌਲ ਦੇ ਦੇਹਾਂਤ ਨਾਲ ਭਾਰਤੀ ਸਿਆਸਤ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ ਹਮੇਸ਼ਾ ਲਈ ਸਮਾਪਤ ਹੋ ਗਈ। ਇਹ ਪ੍ਰੇਮ ਕਹਾਣੀ ਕਈ ਦਹਾਕਿਆਂ ਤੱਕ ਵਧੀ-ਫੁੱਲੀ ਪਰ ਬਹੁਤੇ ਲੋਕ ਇਸ ਤੋਂ ਅਣਜਾਣ ਹੀ ਰਹੇ।"

ਸ਼੍ਰੀਮਤੀ ਕੌਲ ਵਾਜਪਾਈ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਸਨ

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਜਪਾਈ ਹਮੇਸ਼ਾ ਰਾਜਕੁਮਾਰੀ ਨੂੰ ਸ਼੍ਰੀਮਤੀ ਕੌਲ ਕਹਿ ਕੇ ਬੁਲਾਉਂਦੇ ਸਨ। ਵਾਜਪਾਈ ਦੇ ਖਾਣੇ, ਦਵਾਈਆਂ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਦੀ ਜ਼ਿੰਮੇਦਾਰੀ ਸ਼੍ਰੀਮਤੀ ਕੌਲ ਦੀ ਹੀ ਸੀ।

ਵਾਜਪਾਈ ਹਮੇਸ਼ਾ ਰਾਜਕੁਮਾਰੀ ਨੂੰ ਸ਼੍ਰੀਮਤੀ ਕੌਲ ਕਹਿ ਕੇ ਬੁਲਾਉਂਦੇ ਸਨ। ਵਾਜਪਾਈ ਦਾ ਘਰ ਉਹੀ ਚਲਾਉਂਦੇ ਸਨ। ਉਨ੍ਹਾਂ ਦੇ ਖਾਣੇ, ਦਵਾਈਆਂ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਦੀ ਜ਼ਿੰਮੇਦਾਰੀ ਸ਼੍ਰੀਮਤੀ ਕੌਲ ਦੀ ਹੀ ਸੀ।

ਇੱਕ ਵਾਰ ਅਟਲ ਬਿਹਾਰੀ ਵਾਜਪਾਈ ਨੇ ਯਾਦ ਕੀਤਾ ਸੀ, ਜਦੋਂ ਉਹ ਰਾਜੇਂਦਰ ਪ੍ਰਸਾਦ ਰੋਡ 'ਤੇ ਰਹਿੰਦੇ ਸਨ ਤਾਂ ਸ਼੍ਰੀਮਤੀ ਕੌਲ ਉਨ੍ਹਾਂ ਦੇ ਘਰ ਆਏ ਸਨ।

"ਉਹ ਇਹ ਦੇਖ ਕੇ ਹੈਰਾਨ ਰਹਿ ਗਏ ਸਨ ਕਿ ਵਾਜਪਾਈ ਕੱਪੜੇ ਧੋਣ ਵਾਲੇ ਸਾਬਣ ਦਾ ਇਸਤੇਮਾਲ ਆਪਣੇ ਸਰੀਰ ਨੂੰ ਸਾਫ਼ ਕਰਨ ਲਈ ਕਰ ਰਹੇ ਸਨ।"

ਸਾਗਰਿਕਾ ਘੋਸ਼ ਇੱਕ ਕਿੱਸਾ ਸੁਣਾਉਂਦੇ ਹਨ, "ਬਲਬੀਰ ਪੁੰਜ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਇੱਕ ਵਾਰ ਜਦੋਂ ਉਹ ਵਾਜਪਾਈ ਦੇ ਘਰ ਗਏ ਤਾਂ ਸ਼੍ਰੀਮਤੀ ਕੌਲ ਘਰ ਨਹੀਂ ਸਨ। ਮੇਜ਼ 'ਤੇ ਵਾਜਪਾਈ ਲਈ ਖਾਣਾ ਲੱਗਿਆ ਹੋਇਆ ਸੀ, ਸੁੱਕੀਆਂ ਰੋਟੀਆਂ ਅਤੇ ਇੱਕ ਸਬਜ਼ੀ। ਖਾਣੇ ਨੂੰ ਦੇਖ ਕੇ ਵਾਜਪਾਈ ਨੇ ਮੂੰਹ ਬਣਾਇਆ ਅਤੇ ਆਪ ਰਸੋਈ 'ਚ ਜਾ ਕੇ ਸ਼ੁੱਧ ਘਿਓ ਵਿਚ ਪੂਰੀਆਂ ਤਲਣ ਲੱਗੇ।

ਰਾਜਕੁਮਾਰੀ ਕੌਲ

ਤਸਵੀਰ ਸਰੋਤ, Google

ਤਸਵੀਰ ਕੈਪਸ਼ਨ, ਰਾਜਕੁਮਾਰੀ ਕੌਲ

"ਜਦੋਂ ਸ਼੍ਰੀਮਤੀ ਕੌਲ ਵਾਪਸ ਆਏ ਤਾਂ ਉਨ੍ਹਾਂ ਨੂੰ ਮੇਜ਼ 'ਤੇ ਪੂਰੀਆਂ ਪਈਆਂ ਦਿਖਾਈ ਦਿੱਤੀਆਂ। ਉਹ ਗੁੱਸੇ ਵਿੱਚ ਆ ਗਏ ਅਤੇ ਵਾਜਪਾਈ ਨੂੰ ਬੋਲੇ - ਇਹ ਕੀ ਹੈ? ਤੁਸੀਂ ਤੇਲ ਵਾਲੀਆਂ ਪੂਰੀਆਂ ਖਾ ਰਹੇ ਹੋ? ਤੁਸੀਂ ਸ਼ੁੱਧ ਘਿਓ ਦੀਆਂ ਪੂਰੀਆਂ ਕਿਵੇਂ ਖਾ ਸਕਦੇ ਹੋ? ਵਾਜਪਾਈ, ਜਿਨ੍ਹਾਂ ਨੇ ਅਜੇ ਖਾਣਾ ਸ਼ੁਰੂ ਵੀ ਨਹੀਂ ਕੀਤਾ ਸੀ, ਤੁਨਕ ਕੇ ਜਵਾਬ ਦਿੱਤਾ - ਤੁਸੀਂ ਤਾਂ ਮੈਨੂੰ ਅਸ਼ੁੱਧ ਖਾਣਾ ਦੇਣ 'ਤੇ ਤੁਲੇ ਹੋਏ ਹੋ।''

ਊਮਾ ਸ਼ਰਮਾ ਨਾਲ ਵਾਜਪਾਈ ਦੀ ਦੋਸਤੀ ਸੀ

ਵਾਜਪਾਈ ਨੂੰ ਖੂਬਸੂਰਤ ਔਰਤਾਂ ਦਾ ਸਾਥ ਬਹੁਤ ਪਸੰਦ ਸੀ। ਉਨ੍ਹਾਂ ਦੀਆਂ ਮਹਿਲਾ ਮਿੱਤਰਾਂ ਵਿੱਚ ਮਸ਼ਹੂਰ ਕਥਕ ਡਾਂਸਰ ਊਮਾ ਸ਼ਰਮਾ ਵੀ ਸ਼ਾਮਲ ਸਨ।

ਕਥਕ ਡਾਂਸਰ ਊਮਾ ਸ਼ਰਮਾ
ਤਸਵੀਰ ਕੈਪਸ਼ਨ, ਵਾਜਪਾਈ ਦੀਆਂ ਮਹਿਲਾ ਮਿੱਤਰਾਂ ਵਿੱਚ ਮਸ਼ਹੂਰ ਕਥਕ ਡਾਂਸਰ ਊਮਾ ਸ਼ਰਮਾ ਵੀ ਸ਼ਾਮਲ ਸਨ

ਜਦੋਂ ਸਾਗਰਿਕਾ ਘੋਸ਼ ਨੇ ਊਮਾ ਸ਼ਰਮਾ ਨੂੰ ਵਾਜਪਾਈ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, "ਵਾਜਪਾਈ ਮੇਰੇ ਡਾਂਸ ਪਸੰਦ ਕਰਦੇ ਸਨ। ਉਹ ਅਕਸਰ ਮੇਰੇ ਸ਼ੋਅ ਵਿੱਚ ਆਉਂਦੇ ਸਨ। ਸਾਡੇ ਦੋਵਾਂ ਵਿਚਕਾਰ ਬਹੁਤ ਹਾਸਾ-ਮਜ਼ਾਕ ਚੱਲਦਾ ਸੀ। ਉਹ ਕਲਾ ਪ੍ਰੇਮੀ ਸਨ। ਅਸੀਂ ਦੋਵੇਂ ਗਵਾਲੀਅਰ ਧੌਲਪੁਰ ਦੇ ਇਲਾਕੇ ਤੋਂ ਆਉਂਦੇ ਸੀ। ਇੱਕ ਵਾਰ ਜਦੋਂ ਮੈਂ ਹਰੀਵੰਸ਼ ਰਾਏ ਬੱਚਨ ਦੀ ਕਵਿਤਾ ਮਧੂਸ਼ਾਲਾ ਅਤੇ ਗੋਪਾਲ ਦਾਸ ਨੀਰਜ ਦੀ ਕਵਿਤਾ 'ਤੇ ਡਾਂਸ ਕੀਤਾ ਤਾਂ ਵਾਜਪਾਈ ਨੇ ਮੈਨੂੰ ਕਿਹਾ ਸੀ- 'ਸਾਡੇ 'ਤੇ ਵੀ ਕਿਰਪਾ ਕਰੋ ਊਮਾਜੀ'। ਫਿਰ ਮੈਂ ਉਨ੍ਹਾਂ ਦੀ ਕਵਿਤਾ 'ਮ੍ਰਿਤਯੂ ਸੇ ਠਨ ਗਈ' 'ਤੇ ਪਰਫ਼ਾਰਮ ਕੀਤਾ।''

ਸਾਗਰਿਕਾ ਘੋਸ਼ ਦੱਸਦੇ ਹਨ, "2001 'ਚ ਊਮਾ ਸ਼ਰਮਾ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਤੋਂ ਬਾਅਦ ਹੋਈ ਚਾਹ ਪਾਰਟੀ 'ਚ ਉਹ ਕਾਫੀ ਦੇਰ ਤੱਕ ਸੋਨੀਆ ਗਾਂਧੀ ਨਾਲ ਗੱਲਬਾਤ ਕਰਦੇ ਰਹੇ। ਇਸ ਦੌਰਾਨ ਵਾਜਪਾਈ ਲਗਾਤਾਰ ਉਨ੍ਹਾਂ ਨੂੰ ਦੇਖਦੇ ਰਹੇ। ਜਦੋਂ ਉਹ (ਉਮਾ ਸ਼ਰਮਾ) ਵਾਜਪਾਈ ਦੇ ਕੋਲ ਗਏ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਲਾਂਭਾ ਦਿੱਤਾ, ਉਮਾਜੀ ਗੈਰਾਂ ਨਾਲ ਗੱਲ ਕਰਦੇ ਹੋ ਅਤੇ ਸਾਡੇ ਤੋਂ ਪਦਮ ਭੂਸ਼ਣ ਲੈਂਦੇ ਹੋ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵਾਜਪਾਈ ਖਾਣ-ਪੀਣ ਦੇ ਸ਼ੌਕੀਨ ਸਨ

ਆਪਣੇ ਮੁਢਲੇ ਦਿਨਾਂ ਵਿੱਚ ਵਾਜਪਾਈ ਵਾਈਨ ਤੇ ਸਕੌਚ ਦੇ ਸ਼ੌਕੀਨ ਸਨ। ਉਹ ਗਵਾਲੀਅਰ ਦਾ ਚਿੜਵਾ, ਚਾਂਦਨੀ ਚੌਂਕ ਦੀਆਂ ਜਲੇਬੀਆਂ ਅਤੇ ਲਖਨਊ ਦੀ ਚਾਟ ਅਤੇ ਠੰਢਾਈ ਪਸੰਦ ਕਰਦੇ ਸਨ।

ਉਨ੍ਹਾਂ ਦੀ ਪਸੰਦ ਸਨ ਰਸਗੁੱਲਾ, ਮੁਰਗਾ, ਖੀਰ, ਖਿਚੜੀ ਅਤੇ ਤਲੇ ਹੋਏ ਝੀਂਗੇ ਤੇ ਮੱਛੀ।

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਗੇ ਜਾ ਕੇ ਡਾਕਟਰਾਂ ਨੇ ਉਨ੍ਹਾਂ ਦੀਆਂ ਬੀਮਾਰੀਆਂ ਅਤੇ ਗੋਡਿਆਂ ਦੇ ਦਰਦ ਕਾਰਨ ਸ਼ਾਰਬ ਪੀਣ 'ਤੇ ਰੋਕ ਲਗਾ ਦਿੱਤੀ ਸੀ।

ਉਹ ਅਕਸਰ ਦਿੱਲੀ ਦੀ ਸ਼ਾਹ ਜਹਾਂ ਰੋਡ ਉੱਪਰ ਯੂਪੀਐਸਸੀ ਦੇ ਦਫ਼ਤਰ ਕੋਲ ਚਾਟ ਖਾਣ ਪਹੁੰਚ ਜਾਂਦੇ ਸਨ।

ਜਾਰਜ ਫਰਨਾਂਡਿਸ ਜਦੋਂ ਰੱਖਿਆ ਮੰਤਰੀ ਸਨ ਤਾਂ ਉਹ ਹਰ ਕ੍ਰਿਸਮਿਸ ਮੌਕੇ ਬੰਗਲੌਰ (ਅਜੋਕਾ ਬੰਗਲੂਰੂ) ਦੀ ਬੇਕਰੀ ਕੋਸ਼ੀਜ਼ ਤੋਂ ਖ਼ਾਸ ਤੌਰ 'ਤੇ ਵਾਜਪਾਈ ਲਈ ਕੇਕ ਮੰਗਵਾਉਂਦੇ ਸਨ। ਕਨਾਟ ਪਲੇਸ ਦੇ ਇੰਡੀਅਨ ਕਾਫ਼ੀ ਹਾਊਸ ਵਿੱਚ ਵਾਜਪਾਈ ਅਕਸਰ ਡੋਸਾ ਖਾਣ ਤੋਂ ਬਾਅਦ ਕੋਲਡ ਕਾਫ਼ੀ ਪੀਂਦੇ ਦੇਖੇ ਜਾ ਸਕਦੇ ਸਨ।

ਉਨ੍ਹਾਂ ਨੂੰ ਚੀਨੀ ਖਾਣਾ ਇਸ ਹੱਦ ਤੱਕ ਪਸੰਦ ਸੀ ਕਿ ਸਾਲ 1979 ਵਿੱਚ ਵਿਦੇਸ਼ ਮੰਤਰੀ ਵਜੋਂ ਚੀਨ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਦਿਨਾਂ ਤੱਕ ਚੌਪ ਸਟਿਕਸ ਨਾਲ ਖਾਣ ਦਾ ਅਭਿਆਸ ਕੀਤਾ ਸੀ।

ਵਿਜੇ ਤ੍ਰਿਵੇਦੀ ਵਾਜਪਾਈ ਦੀ ਜੀਵਨੀ ਵਿੱਚ ਲਿਖਦੇ ਹਨ, ਪ੍ਰਕਾਸ਼ ਜਾਵਡੇਕਰ ਨੇ ਮੈਨੂੰ ਦੱਸਿਆ ਸੀ ਕਿ ਵਾਜਪਾਈ ਨੂੰ ਠੰਢਾ ਕੋਕਾ ਕੋਲਾ ਬਹੁਤ ਪਸੰਦ ਸੀ। ਇੱਕ ਵਾਰ ਜਾਵਡੇਕਰ ਨੇ ਵਾਜਪਾਈ ਤੋਂ ਪੁੱਛਿਆ ਕਿ ਇੰਨਾ ਠੰਢਾ ਪੀਣ ਨਾਲ ਤੁਹਾਡਾ ਗਲਾ ਨਹੀਂ ਬੈਠਦਾ? ਵਾਜਪਾਈ ਨੇ ਆਪਣੇ ਅੰਦਾਜ਼ ਵਿੱਚ ਕਿਹਾ ਸੀ- ਮੇਰਾ ਗਲ਼ਾ ਤਾਂ ਇਸ ਨਾਲ ਖੁੱਲ੍ਹ ਜਾਂਦਾ ਹੈ।''

ਕਿਤਾਬ

ਤਸਵੀਰ ਸਰੋਤ, Rupa Publications India

ਸਾਲ 2000 ਵਿੱਚ ਜਦੋਂ ਵਾਜਪਾਈ ਇਟਲੀ ਗਏ ਸਨ ਤਾਂ ਪ੍ਰੈੱਸ ਸਕੱਤਰ ਐਚਕੇ ਦੂਆ ਨੇ ਉਨ੍ਹਾਂ ਤੋਂ ਪੁੱਛਿਆ ਕਿ ਉੱਥੇ ਤੁਹਾਨੂੰ ਖਾਣਾ ਕਿਹੋ-ਜਿਹਾ ਮਿਲ ਰਿਹਾ ਹੈ, ਜਵਾਬ ਸੀ- ਬੈਂਗਣ ਬਹੁਤ ਖਾਣਾ ਪੈ ਰਿਹਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸਕੱਤਰ ਰਹੇ ਐਨਕੇ ਸਿੰਘ ਆਪਣੀ ਸਵੈਜੀਵਨੀ ਵਿੱਚ ਲਿਖਦੇ ਹਨ,''ਇੱਕ ਵਾਰ ਵਾਜਪਾਈ ਦੀ ਰਿਹਾਇਸ਼ 'ਤੇ ਬੈਠਕ ਰਾਤ ਦੇ ਖਾਣੇ ਤੱਕ ਖਿੱਚੀ ਗਈ। ਉਨ੍ਹਾਂ ਨੇ ਸਾਡੇ ਵੱਲ ਦੇਖਿਆ ਤੇ ਕਿਹਾ, ਮੈਨੂੰ ਤਾਂ ਪਰਹੇਜ਼ੀ ਖਾਣਾ, ਖਾਣਾ ਪੈ ਰਿਹਾ ਹੈ ਪਰ ਇਨ੍ਹਾਂ ਲੋਕਾਂ ਦਾ ਕੀ ਹੋਵੇਗਾ?''

''ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਇਨ੍ਹਾਂ ਲਈ ਖਾਣੇ ਦਾ ਇੰਤਜ਼ਾਮ ਕਰੋ, ਤੁਰੰਤ ਹੀ ਸਾਡੇ ਲਈ ਬਿਹਤਰੀਨ ਖਾਣੇ ਦਾ ਇੰਤਜ਼ਾਮ ਕੀਤਾ ਗਿਆ।''

ਵਾਜਪਾਈ ਦੀ ਰੋਜ਼ਾਨਾ ਜਿੰਦਗੀ

ਜਦੋਂ ਵਾਜਪਾਈ ਪ੍ਰਧਾਨ ਮੰਤਰੀ ਬਣ ਗਏ ਤਾਂ ਸਵੇਰੇ ਛੇ ਵਜੇ ਉਹ ਉੱਠ ਜਾਇਆ ਕਰਦੇ ਸਨ। ਉੱਠਦੇ ਹੀ ਉਹ ਸ਼ਹਿਦ ਤੇ ਨਿੰਬੂ ਮਿਲਿਆ ਗਰਮ ਪਾਣੀ ਦਾ ਇੱਕ ਗਲਾਸ ਪੀਂਦੇ ਸਨ।

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Harper Hindi

ਤਸਵੀਰ ਕੈਪਸ਼ਨ, ਵਾਜਪਾਈ ਧਰਮਿਕ ਭੇਦ-ਭਾਵ ਨਹੀਂ ਕਰਦੇ ਸਨ ਲੰਬਾ ਸਮਾਂ ਉਨ੍ਹਾਂ ਦਾ ਡਰਾਈਵਰ ਇੱਕ ਮੁਸਲਮਾਨ ਵਿਅਕਤੀ ਰਿਹਾ

ਇਸ ਤੋਂ ਬਾਅਦ ਉਹ 8 ਵਜੇ ਤੱਕ ਅਖ਼ਬਾਰ ਪੜ੍ਹਦੇ ਸਨ। ਅੱਠ ਵਜੇ ਤੋਂ ਸਾਢੇ ਅੱਠ ਵਜੇ ਤੱਕ ਜਾਂ ਤਾਂ ਉਹ ਆਪਣੀ ਟਰੈਡਮੇਲ 'ਤੇ ਵਾਕ ਕਰਦੇ ਸਨ ਜਾਂ ਫਿਰ ਆਪਣੇ ਕੁੱਤਿਆਂ ਬਬਲੀ ਤੇ ਲਾਲੀ ਨਾਲ ਸੈਰ ਕਰਦੇ ਸਨ।

ਨਸ਼ਾਤੇ ਵਿੱਚ ਉਹ ਇੱਕ ਆਂਡੇ ਦਾ ਆਮਲੇਟ, ਟੋਸਟ ਜਾਂ ਇਡਲੀ ਖਾਇਆ ਕਰਦੇ ਸਨ। ਇਸ ਦੇ ਨਾਲ ਉਹ ਪਪੀਤਾ, ਅੰਗੂਰ, ਤਰਬੂਜ਼ ਅਤੇ ਸੰਤਰੇ ਖਾਂਦੇ ਸਨ।

ਸਾਗਰਿਕਾ ਘੋਸ਼ ਦੱਸਦੇ ਹਨ,''ਵਾਜਪਾਈ ਆਪਣੇ ਦਿਨ ਦਾ ਖਾਣਾ ਦੁਪਹਿਰੇ ਡੇਢ ਵਜੇ ਖਾਂਦੇ ਸਨ। ਦਿਨ ਦੇ ਖਾਣੇ ਵਿੱਚ ਉਹ ਸਬਜ਼ੀਆਂ, ਫੁਲਕੇ ਅਤੇ ਰਾਇਤਾ ਖਾਂਦੇ ਸਨ। ਇਸ ਤੋਂ ਬਾਅਦ ਜਾਂ ਤਾਂ ਉਹ ਖੀਰ ਖਾਂਦੇ ਸਨ ਜਾਂ ਗੁਲਾਬਜਾਮਣ, ਖਾਣ ਤੋਂ ਬਾਅਦ ਉਹ ਚਾਰ ਵਜੇ ਤੱਕ ਆਰਾਮ ਕਰਦੇ ਸਨ।''

ਇਸ ਤੋਂ ਬਾਅਦ ਉਨ੍ਹਾਂ ਦੇ ਦਿਨ ਦਾ ਦੂਜਾ ਹਿੱਸਾ ਸ਼ੁਰੂ ਹੁੰਦਾ ਸੀ ਜੋ ਰਾਤ ਸਾਢੇ ਅੱਠ ਵਜੇ ਤੱਕ ਚਲਦਾ ਸੀ। ਪੰਜ ਵਜੇ ਕਾਕਟੇਲ ਸਮੋਸੇ, ਕਾਜੂ ਜਾਂ ਪਾਪੜੀ ਦੇ ਨਾਲ ਚਾਹ ਪੇਸ਼ ਕੀਤੀ ਜਾਂਦੀ ਸੀ। ਰਾਤ ਦੇ ਖਾਣੇ ਵਿੱਚ ਉਹ ਹਲਕਾ ਵੈਜੀਟੇਬਲ ਸੂਪ, ਚੀਨੀ ਤਰੀਕੇ ਦੇ ਝੀਂਗੇ ਜਾਂ ਚਿਕਨ ਖਾਂਦੇ ਸਨ ਮਿੱਠੇ ਵਿੱਚ ਕੁਲਫ਼ੀ ਹੁੰਦੀ ਸੀ ਜਾਂ ਆਈਸਕ੍ਰੀਮ।''

ਡਾਕਟਰਾਂ ਦੀ ਸਲਾਹ 'ਤੇ ਛੱਡੀ ਸ਼ਰਾਬ

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Harper Hindi

ਤਸਵੀਰ ਕੈਪਸ਼ਨ, ਇੰਦਰਾ ਗਾਂਧੀ ਦੇ ਨਾਲ ਵਾਜਪਾਈ

ਆਪਣੇ ਸ਼ੁਰੂਆਤੀ ਕਰੀਅਰ ਵਿੱਚ ਜਸਵੰਤ ਸਿੰਘ ਵਾਂਗ ਹੀ ਵਾਜਪਾਈ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸਨ ਪਰ ਆਪਣੇ ਜੀਵਨ ਦੇ ਆਖ਼ਰੀ ਸਾਲਾਂ ਵਿੱਚ ਖ਼ਾਸ ਕਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਾਜਪਾਈ ਨੇ ਸ਼ਰਾਬ ਪੀਣੀ ਬੰਦ ਕਰ ਦਿੱਤੀ ਸੀ।

ਅਸਲ ਵਿੱਚ ਡਾਕਟਰਾਂ ਨੇ ਉਨ੍ਹਾਂ ਦੀਆਂ ਬੀਮਾਰੀਆਂ ਅਤੇ ਗੋਡਿਆਂ ਦੇ ਦਰਦ ਕਾਰਨ ਸ਼ਾਰਬ ਪੀਣ 'ਤੇ ਰੋਕ ਲਗਾ ਦਿੱਤੀ ਸੀ।

ਸਾਗਰਿਕਾ ਘੋਸ਼ ਦੱਸਦੇ ਹਨ,''ਪਵਨ ਵਰਮਾ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਇੱਕ ਵਾਰ ਸਾਈਪ੍ਰਸ ਫੇਰੀ ਦੌਰਾਨ ਜਿੱਥੇ ਉਹ ਰਾਜਦੂਤ ਸਨ ਉਨ੍ਹਾਂ ਨੇ ਵਾਜਪਾਈ ਲਈ ਉੱਥੇ ਦੇ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਖਾਣੇ ਦੀ ਦਾਅਵਤ ਦਿੱਤੀ। ਵਰਮਾਨ ਨੇ ਵਾਜਪਾਈ ਨੂੰ ਕਿਹਾ ਕਿ ਮਾਹੌਲ ਵਧੀਆ ਹੈ। ਤੁਸੀਂ ਕਿਉਂ ਨਹੀਂ ਛੋਟੀ ਜਿਹੀ ਡ੍ਰਿੰਕ ਲੈ ਲੈਂਦੇ? ਵਾਜਪਾਈ ਦੀਆਂ ਅੱਖਾਂ ਵਿੱਚ ਚਮਕ ਆ ਗਈ ਪਰ ਉਸੇ ਸਮੇਂ ਐਸਪੀਜੀ ਦੇ ਅਫ਼ਸਰ ਜੀਪੀ ਲੇਪਚਾ ਨੇ ਅੱਗੇ ਵਧ ਕੇ ਕਿਹਾ,'ਨੋ ਡ੍ਰਿੰਕਸ ਪਲੀਜ਼, ਓਨਲੀ ਸਪ੍ਰਾਈਟ।' ਵਾਜਪਾਈ ਨੇ ਭਰੇ ਮਨ ਨਾਲ ਆਪਣੇ-ਆਪ ਨੂੰ ਰੋਕ ਲਿਆ।''

ਵਾਜਪਾਈ, ਮੰਦਰਾਂ ਅਤੇ ਧਾਰਮਿਕ ਸਮਾਗਮਾਂ ਤੋਂ ਦੂਰ

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਜਪਾਈ ਵਿੱਚ ਭਾਰਤ ਉੱਪਰ ਆਪਣਾ ਨਿਸ਼ਾਨ ਛੱਡ ਜਾਣ ਦੀ ਮਹੱਤਵਕਾਂਸ਼ਾ ਬਹੁਤ ਪ੍ਰਬਲ ਸੀ

ਵਾਜਪਾਈ ਦੇ ਸਕੱਤਰ ਰਹੇ ਸ਼ਕਤੀ ਸਿਨ੍ਹਾ ਨੇ ਇੱਕ ਵਾਰ ਮੈਨੂੰ ਦੱਸਿਆ ਸੀ ਉਹ ਅਭਿਆਸੀ ਹਿੰਦੂ ਨਹੀਂ ਸਨ।

ਸਾਗਰਿਕਾ ਘੋਸ਼ ਦੱਸਦੇ ਹਨ,''ਉਹ ਮੰਦਰ ਨਹੀਂ ਜਾਂਦੇ ਸਨ ਅਤੇ ਇਸ ਕਿਤਾਬ ਦੇ ਅਧਿਐਨ ਦੌਰਾਨ ਮੈਨੂੰ ਕੋਈ ਸਬੂਤ ਨਹੀਂ ਮਿਲਿਆ ਕਿ ਉਹ ਰੋਜ਼ਾਨਾ ਪੂਜਾ ਕਰਦੇ ਸਨ। 1995 ਵਿੱਚ ਜਦੋਂ ਖ਼ਬਰ ਆਈ ਕੇ ਗਣੇਸ਼ ਦੀਆਂ ਮੂਰਤੀਆਂ ਦੁੱਧ ਪੀ ਰਹੀਆਂ ਹਨ ਤਾਂ ਵਾਜਪਾਈ ਨੇ ਉਸ ਦਾ ਮਜ਼ਾਕ ਉਡਾਇਆ। ਉਨ੍ਹਾਂ ਦੇ ਦੋਸਤ ਘਟਾਟੇ ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਧਾਰਮਿਕ ਦੁਸ਼ਮਣੀ ਨਹੀਂ ਸੀ। ਬਹੁਤ ਸਮੇਂ ਤੱਕ ਉਨ੍ਹਾਂ ਦਾ ਡਰਾਈਵਰ ਰਿਹਾ ਮੁਜੀਬ ਇੱਕ ਮੁਸਲਮਾਨ ਸੀ।''

ਵੀਡੀਓ:ਗੁਜਰਾਤ ਦੰਗਿਆਂ ਤੋਂ ਬਾਅਦ ਮੋਦੀ ਨੂੰ ਵਾਜਪਾਈ ਦੀ ਨਸੀਹਤ

ਵੀਡੀਓ ਕੈਪਸ਼ਨ, ਗੁਜਰਾਤ ਦੰਗਿਆਂ ਤੋਂ ਬਾਅਦ ਮੋਦੀ ਨੂੰ ਵਾਜਪਾਈ ਦੀ ਨਸੀਹਤ

''ਸਾਲ 1980 ਵਿੱਚ ਜਦੋਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਸਤਾਰ ਉਨ੍ਹਾਂ ਲਈ ਰਾਸ਼ਟਰਪਤੀ ਜ਼ਿਆ ਉੱਲ ਹੱਕ ਵੱਲੋਂ ਪਠਾਣੀ ਸੂਟ ਦਾ ਤੋਹਫ਼ਾ ਲਿਆਏ ਸਨ ਤਾਂ ਉਨ੍ਹਾਂ ਨੇ ਬਹੁਤ ਸ਼ੌਂਕ ਨਾਲ ਉਹ ਪਾਇਆ ਸੀ। ਜਦੋਂ ਕਈ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਤਾਂ ਵਾਜਪਾਈ ਨੇ ਜਵਾਬ ਦਿੱਤਾ ਸੀ- ''ਮੈਂ ਦੇਸ ਦਾ ਗੁਲਾਮ ਹਾਂ ਭੇਸ ਦਾ ਨਹੀਂ''। ਸ਼ੀਆ ਨੇਤਾ ਮੌਲਾਨਾ ਕਲਬੇ ਸਾਦਿਕ ਵੀ ਕਿਹਾ ਕਰਦੇ ਸਨ ਕਿ ਵਾਜਪਾਈ ਨੇ ਕਦੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਭੇਦ ਨਹੀਂ ਕੀਤਾ। ਆਪਣੇ ਪੂਰੇ ਸਿਆਸੀ ਜੀਵਨ ਦੌਰਾਨ ਪਾਕਿਸਤਾਨ ਨਾਲ ਰਿਸ਼ਤੇ ਸੁਧਾਰਨ ਨੂੰ ਉਨ੍ਹਾਂ ਨੇ ਹਮੇਸ਼ਾ ਪਹਿਲ ਦਿੱਤੀ।''

ਅਟਲ ਬਿਹਾਰੀ ਵਾਜਪਾਈ-ਇੱਕ ਸਮਾਵੇਸ਼ੀ ਲੀਡਰ

ਇੱਕ ਦੱਖਣਪੰਥੀ ਪਾਰਟੀ ਦੇ ਮੈਂਬਰ ਹੁੰਦਿਆਂ ਵੀ ਕਮਿਊਨਿਸਟ ਆਗੂ ਹਿਰੇਨ ਮੁਖਰਜੀ, ਭੂਭੇਸ਼ ਗੁਪਤਾ ਅਤੇ ਇੰਦਰਜੀਤ ਗੁਪਤਾ ਵਾਜਪਾਈ ਦੇ ਨਜ਼ਦੀਕੀ ਦੋਸਤ ਹੋਇਆ ਕਰਦੇ ਸਨ।

ਅਟਲ ਬਿਹਾਰੀ ਵਾਜਪਾਈ ਤੇ ਪੀਵੀ ਨਰਸਿੰਮ੍ਹਾ ਰਾਓ

ਤਸਵੀਰ ਸਰੋਤ, penguin viking

ਤਸਵੀਰ ਕੈਪਸ਼ਨ, ਅਟਲ ਬਿਹਾਰੀ ਵਾਜਪਾਈ ਪੀਵੀ ਨਰਸਿੰਮ੍ਹਾ ਰਾਓ ਨੂੰ ਆਪਣਾ ਗੁਰੂ ਮੰਨਦੇ ਸਨ

ਉਨ੍ਹਾਂ ਨੂੰ ਨੇੜਿਓਂ ਜਾਨਣ ਵਾਲੇ ਸੀਐਨ ਅੰਨਾਦੁਰਾਈ, ਕਰੁਣਾਨਿਧੀ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਨਰਸਿੰਮ੍ਹਾ ਰਾਓ ਵੀ ਹੁੰਦੇ ਸਨ, ਜਿਨ੍ਹਾਂ ਨੂੰ ਉਹ ਆਪਣਾ ਗੁਰੂ ਮੰਨਦੇ ਸਨ।

ਮਸ਼ਹੂਰ ਪੱਤਰਕਾਰ ਵਿਨੋਦ ਮਹਿਤਾ ਨੇ ਆਪਣੀ ਆਤਮਕਥਾ 'ਲਖਨਊ ਬੁਆਏਟ ਵਿੱਚ ਲਿਖਿਆ ਸੀ,''ਮੈਂ ਨਿੱਜੀ ਰੂਪ ਵਿੱਚ ਜ਼ਿਆਦਾਤਰ ਸਿਆਸਤਦਾਨਾਂ ਨੂੰ ਪਸੰਦ ਨਹੀਂ ਕਰਦਾ ਪਰ ਵਾਜਪਾਈ ਉਨ੍ਹਾਂ ਕੁਝ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਮੈਂ ਪਸੰਦ ਕਰਦਾ ਸੀ। ਮੈਂ ਇਸ ਮਾਮਲੇ ਵਿੱਚ ਮਸ਼ਹੂਰ ਕਾਨੂੰਨਦਾਨ ਫ਼ਾਜ਼ੀ ਨਾਰੀਮਨ ਨਾਲ ਪੂਰਾ ਸਹਿਮਤ ਹਾਂ ਜੋ ਕਹਿੰਦੇ ਸਨ, ਉਨ੍ਹਾਂ ਦੀਆਂ ਅਸੰਗਤੀਆਂ ਦੇ ਬਾਵਜੂਦ ਮੈਂ ਉਸ ਬੁੱਢੇ ਵਿਅਕਤੀ ਨੂੰ ਪਸੰਦ ਕਰਦਾ ਹਾਂ।)''

ਸਾਗਰਿਕਾ ਘੋਸ਼ ਉਨ੍ਹਾਂ ਦਾ ਮੁਲਾਂਕਣ ਕਰਦਿਆਂ ਕਹਿੰਦੇ ਹਨ, ''ਨੈਤਿਕਤਾਵਾਦੀ ਅਤੇ ਅਨੁਸ਼ਾਸਨਸ਼ੀਲ ਸੰਘ ਪਰਿਵਾਰ ਵਿੱਚ ਵਾਜਪਾਈ ਮੀਟ ਖਾਣ ਅਤੇ ਸ਼ਰਾਬ ਪੀਣ ਵਾਲੇ ਗੈਰ-ਰਵਾਇਤਵਾਦੀ ਸਨ। ਉਨ੍ਹਾਂ ਦੇ ਸਭ ਤੋਂ ਕਰੀਬੀ ਦੋਸਤ ਬ੍ਰਿਜੇਸ਼ ਮਿਸ਼ਰਾ ਅਤੇ ਜਸਵੰਤ ਸਿੰਘ ਸਨ ਜਿਨ੍ਹਾਂ ਦਾ ਸੰਘ ਪਰਿਵਾਰ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਸੀ। ਵਾਜਪਾਈ ਦੀ ਸ਼ਖ਼ਸ਼ੀਅਤ ਵਿੱਚ ਕਈ ਪਰਤਾਂ ਅਤੇ ਵਿਰੋਧਾਭਾਸ ਸਨ। ਫਿਰ ਵੀ ਇੱਕ ਚੀਜ਼ ਉਨ੍ਹਾਂ ਵਿੱਚ ਹਮੇਸ਼ਾ ਬਣੀ ਰਹੀ, ਉਹ ਸੀ ਭਾਰਤ ਉੱਪਰ ਆਪਣਾ ਨਿਸ਼ਾਨ ਛੱਡ ਜਾਣ ਦੀ ਮਹੱਤਵਕਾਂਸ਼ਾ।''

ISOWTY

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)