ਪੰਜਾਬ ਚੋਣਾਂ 2022: ਲੱਖਾ ਸਿਧਾਣਾ ਐੱਮਐੱਲਏ ਕਿਉਂ ਬਣਨਾ ਚਾਹੁੰਦੇ ਹਨ ਤੇ ਵਿਰੋਧੀ ਉਨ੍ਹਾਂ ਨੂੰ ਕਿਉਂ ਘੇਰ ਰਹੇ ਹਨ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਗੈਂਗਸਟਰ ਤੋਂ ਸਿਆਸਤਦਾਨ ਬਣੇ 42 ਸਾਲਾ ਲੱਖਾ ਸਿਧਾਣਾ ਨੂੰ ਸੰਯੁਕਤ ਸਮਾਜ ਮੋਰਚਾ (SSM) ਵੱਲੋਂ ਮੌੜ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਹਾਲਾਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ SSM ਨੂੰ ਮਾਨਤਾ ਮਿਲਣ ਵਿੱਚ ਦੇਰੀ ਕਾਰਨ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

ਸਾਬਕਾ ਗੈਂਗਸਟਰ ਲੱਖਾ ਸਿਧਾਣਾ ਉੱਤੇ ਵੱਖ-ਵੱਖ ਸੂਬਿਆਂ ਵਿਚ 14 ਅਪਰਾਧਿਕ ਮਾਮਲੇ ਦਰਜ ਹਨ। ਇਹਨਾਂ ਵਿਚ ਕਤਲ ਦੀ ਕੋਸ਼ਿਸ਼, ਜੇਲ੍ਹ ਵਿਚ ਮੋਬਾਈਲ ਫ਼ੋਨ ਦੀ ਅਣਅਧਿਕਾਰਤ ਵਰਤੋਂ ਵਰਗੇ ਮਾਮਲੇ ਹਨ। ਸਭ ਤੋਂ ਤਾਜ਼ਾ ਮਾਮਲਿਆਂ ਵਿਚ ਪਿਛਲੇ ਸਾਲ ਦਿੱਲੀ ਵਿਖੇ ਗਣਤੰਤਰ ਦਿਵਸ 'ਤੇ ਕਿਸਾਨਾਂ ਦੇ ਵਿਰੋਧ ਦੌਰਾਨ ਲਾਲ ਕਿਲ੍ਹੇ ਦੀ ਹਿੰਸਾ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਨੂੰ ਲੈ ਕੇ ਸੀ।

ਹੁਣ ਤੱਕ ਉਨ੍ਹਾਂ ਨੂੰ ਦੋ ਮਾਮਲਿਆਂ ਵਿਚ ਸਜ਼ਾ ਹੋ ਚੁੱਕੀ ਹੈ।

ਇਹ ਵੀ ਪੜ੍ਹੋ:

ਵੋਟਰਾਂ ਨੂੰ ਅਪੀਲ

ਕਿਸਾਨੀ ਅੰਦੋਲਨ ਦੀਆਂ ਗੱਲਾਂ ਕਰਦੇ ਲੱਖਾ ਸਿਧਾਣਾ ਲੋਕਾਂ ਨੂੰ ਯਾਦ ਕਰਾਉਂਦੇ ਹਨ ਕਿ ਉਹ ਛੇ ਮਹੀਨੇ ਘਰੋਂ ਬਾਹਰ ਰਹੇ ਜਦੋਂ ਕਿ ਦਿੱਲੀ ਪੁਲਿਸ ਉਨ੍ਹਾਂ ਦੀ ਤਲਾਸ਼ ਕਰ ਰਹੀ ਸੀ ਤੇ ਲੱਖ ਰੁਪਏ ਸਿਰ 'ਤੇ ਇਨਾਮ ਸੀ।

ਉਨ੍ਹਾਂ ਨੇ ਕਿਹਾ,''ਮੈਂ ਵੀ ਬਹਾਨਾ ਬਣਾ ਕੇ ਘਰ ਬੈਠ ਸਕਦਾ ਸੀ ਪਰ ਪੂਰੇ ਪੰਜਾਬ ਗਿਆ ਤੇ ਲੋਕਾਂ ਨੂੰ ਦਿੱਲੀ ਵਲ ਕਾਫ਼ਲੇ ਬੰਨ੍ਹ ਕੇ ਤੋਰਿਆ ਕਿਉਂਕਿ ਕਿਸਾਨੀ ਅੰਦੋਲਨ ਜਿੱਤਣਾ ਬਹੁਤ ਜ਼ਰੂਰੀ ਸੀ। ਇਹ ਅੰਦੋਲਨ ਹਾਰਨ ਦਾ ਮਤਲਬ ਸੀ ਪੰਜਾਬ ਦਾ ਤਬਾਹ ਹੋ ਜਾਣਾ।''

ਉਹ ਇਸ ਪੇਂਡੂ ਸੀਟ ਦੇ ਵੋਟਰਾਂ ਨੂੰ ਅਪੀਲ ਕਰਦੇ ਹਨ ਕਿ ਲੋਕ ਉਨ੍ਹਾਂ ਨੂੰ ਜਿਤਾਉਣ ਤਾਂ ਜੋ ਉਹ 'ਸਰਕਾਰ' ਦਾ ਮੁਕਾਬਲਾ ਕਰ ਸਕਣ।

ਉਹ ਇੱਕ ਰੈਲੀ ਵਿਚ ਕਹਿ ਰਹੇ ਸੀ,''ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਕਦੇ ਤਾਂ ਸਕੂਲਾਂ ਨੂੰ ਘੇਰਿਆ, ਕਦੇ ਅਫ਼ਸਰਾਂ ਨੂੰ ਤੇ ਕਦੇ ਗੰਦਾ ਪਾਣੀ ਫੈਲਾ ਰਹੀਆਂ ਫ਼ੈਕਟਰੀਆਂ ਨੂੰ। "ਪਰ ਲੋਕ ਪੁਲਿਸ ਨੂੰ ਬੁਲਾ ਲੈਂਦੇ ਹਨ…ਜੇ ਤੁਸੀਂ ਮੈਨੂੰ ਐਮ ਐਲ ਏ ਬਣਾ ਦਵੋ ਤਾਂ ਇਸ ਦੇ ਨਾਲ ਮੈਨੂੰ ਤਾਕਤ ਮਿਲੇਗੀ, ਅਧਿਕਾਰ ਮਿਲੇਗਾ ਕਿ ਮੈਂ ਇਹ ਸਾਰੇ ਮੁੱਦੇ ਕਾਨੂੰਨੀ ਤੌਰ ’ਤੇ ਚੁੱਕ ਸਕਾਂ।"

ਵੋਟਰਾਂ ਨੂੰ ਉਹ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਕੱਲਾ ਨਾ ਸਮਝੋ ਕਿਉਂਕਿ ਉਨ੍ਹਾਂ ਦੇ ਨਾਲ ਲੋਕ ਹਨ। "ਜੇ ਮੈਂ ਇਹ ਸਾਰੇ ਕੰਮ ਇਕੱਲਾ ਕਰਦਾ ਰਿਹਾ ਹਾਂ ਤਾਂ ਸੋਚੋ ਐਮ ਐਲ ਏ ਬਣ ਕੇ ਮੈਂ ਕੀ-ਕੀ ਕਰ ਸਕਦਾ ਹਾਂ।"

ਲੱਖਾ ਸਿਧਾਣਾ ਦਾਅਵੇ ਕਰਦੇ ਹਨ ਕਿ ਪਿਛਲੇ ਸਾਲਾਂ ਵਿਚ ਉਨ੍ਹਾਂ ਨੂੰ ਹਲਕੇ ਵਿਚ ਕਈ ਕੰਮ ਕਰਾਏ ਤੇ ਰਿਸ਼ਵਤਖ਼ੋਰੀ ਖ਼ਿਲਾਫ਼ ਆਵਾਜ਼ ਵੀ ਚੁੱਕੀ।

ਉਹ ਕਹਿੰਦੇ ਹਨ ਉਨ੍ਹਾਂ "ਕੋਲ ਜੁਰਅਤ ਵੀ ਹੈ ਤੇ ਇਮਾਨਦਾਰੀ ਵੀ ਤੇ ਉਹ ਕਿਸੇ ਨਾਲ ਵੀ ਭਿੜ ਸਕਦੇ ਹਨ। ਮੈਂ ਕੇਂਦਰ ਸਰਕਾਰ ਤੋਂ ਵੀ ਤੇ ਸੂਬਾ ਸਰਕਾਰ ਤੋਂ ਵੀ ਗਰਾਂਟਾਂ ਵੀ ਲਿਆ ਸਕਦਾ ਹਾਂ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਅਪਰਾਧਿਕ ਅਤੀਤ ਬਾਰੇ ਜਵਾਬ

ਗੈਂਗਸਟਰ ਤੇ ਅਪਰਾਧਿਕ ਮਾਮਲਿਆਂ ਬਾਰੇ ਬੀਬੀਸੀ ਨੇ ਲੱਖਾ ਸਿਧਾਣਾ ਨੂੰ ਪੁੱਛਿਆ ਕਿ ਉਹ ਆਪਣਾ ਅਪਰਾਧਿਕ ਅਤੀਤ ਤੋਂ ਕਿਵੇਂ ਪਿੱਛਾ ਛੁੜਾਉਣਗੇ।

ਜਵਾਬ ਵਿੱਚ ਉਨ੍ਹਾਂ ਨੇ ਕਿਹਾ "ਮੈਂ ਇਸ ਤੋਂ ਕਦੇ ਇਨਕਾਰ ਨਹੀਂ ਕਰਦਾ ਕਿ ਮੈਂ ਗ਼ਲਤ ਕੰਮ ਕੀਤੇ ਹਨ ਪਰ ਮੇਰੇ ਤੋਂ ਇਹ ਗ਼ਲਤ ਕੰਮ ਕਰਾਏ ਗਏ। ਕੁਝ ਸਿਆਸਤਦਾਨਾਂ ਨੇ ਮੇਰੇ ਤੋਂ ਇਹ ਗ਼ਲਤ ਕੰਮ ਕਰਵਾਏ। ਜਦੋਂ ਮੈਨੂੰ ਇਸ ਦਾ ਇਹਸਾਸ ਹੋਇਆ ਤਾਂ ਮੈਂ ਇਹ ਸਾਰਾ ਕੁਝ ਛੱਡ ਕੇ ਹੁਣ ਪੰਜਾਬ ਤੇ ਇੱਥੇ ਦੇ ਲੋਕਾਂ ਲਈ ਸਮਰਪਿਤ ਹਾਂ।"

ਬੀਬੀਸੀ ਪੰਜਾਬੀ ਨੇ ਲੱਖਾ ਸਿਧਾਣਾ ਨਾਲ ਲਗਭਗ ਪੰਜ ਸਾਲ ਪਹਿਲਾਂ ਵੀ ਵਿਸਤਾਰ ਨਾਲ ਗਲ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਹਨਾ ਨੂੰ ਆਪਣੇ ਪਿਛੋਕੜ 'ਤੇ ਪਛਤਾਵਾ ਹੈ।

ਉਨ੍ਹਾਂ ਨੇ ਕਿਹਾ, "ਘਰ ਦੇ ਚਿੰਤਾ ਵਿਚ ਹੁੰਦੇ ਹਨ। ਘਰ ਵਾਲੇ ਗੱਲਾਂ ਕਰਦੇ ਹਨ ਕਿ ਤੂੰ ਤਾਂ ਤੁਰਿਆ ਫਿਰਦਾ, ਅਸੀਂ ਕਿਧਰ ਜਾਈਏ। ਇਹ ਰਾਹ ਸਿਰਫ਼ ਵੇਖਣ ਨੂੰ ਵਧੀਆ ਲਗਦੀ ਹੈ, ਦੂਰੋਂ ਵੇਖਣ ਨੂੰ ਇਸ ਦੀ ਚਮਕ-ਦਮਕ ਬੜੀ ਲਗਦੀ ਹੈ। ਬੜਾ ਲੱਗਦਾ ਹੈ ਕਿ ਬੰਦਾ ਮਸ਼ਹੂਰ ਹੈ ਪਰ ਉਸ ਦੇ ਉੱਪਰ ਕੀ ਬੀਤਦੀ ਹੈ ਇਹ ਉਹੀ ਜਾਣਦਾ ਹੈ ਜੋ ਇਸ ਲਾਈਨ ਤੋਂ ਗੁਜ਼ਰਦਾ ਹੈ।"

ਲੱਖਾ ਸਿਧਾਣਾ ਦੇ ਹਮਾਇਤੀ ਕੀ ਕਹਿੰਦੇ

ਆਖ਼ਿਰ ਕਈ ਲੋਕ ਕਿਉਂ ਲੱਖਾ ਸਿਧਾਣਾ ਦੇ ਨਾਲ ਹਨ? ਇਸ ਦੇ ਜਵਾਬ ਵਿੱਚ ਇੱਕ ਰੈਲੀ ਵਿੱਚ ਲੱਖਾ ਨੂੰ ਸੁਣਨ ਆਏ ਬਰਿੰਦਰ ਜੀਤ ਸਿੰਘ ਦਾ ਕਹਿਣਾ ਹੈ, "ਉਹ ਮਾਂ ਬੋਲੀ ਅਤੇ ਪਾਣੀ ਵਰਗੇ ਮੁੱਦੇ ਚੁੱਕਦੇ ਰਹੇ ਹਨ। ਮੈਂ ਉਸ ਦੇ ਨਾਲ ਨਹੀਂ ਉਸ ਦੀ ਸੋਚ ਨਾਲ ਹਾਂ।"

ਇਸੇ ਤਰ੍ਹਾਂ ਜਿੰਦਰ ਪਾਲ ਕਹਿੰਦੇ ਹਨ ਕਿ ਛੋਟੀ ਉਮਰ ਵਿੱਚ ਲੋਕ ਅਕਸਰ ਗ਼ਲਤੀਆਂ ਕਰ ਜਾਂਦੇ ਹਨ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦਾ ਕੋਈ ਅਤੀਤ ਹੈ ਪਰ ਹੁਣ ਉਹ ਕੁਝ ਗਲਤ ਨਹੀਂ ਕਰਦੇ।"

ਆਪਣੇ ਭਾਸ਼ਣਾਂ ਵਿਚ ਉਨ੍ਹਾਂ ਦੇ ਸਾਥੀ ਇਹ ਕਹਿੰਦੇ ਸੁਣਾਈ ਦਿੰਦੇ ਹਨ ਕਿ ਉਨ੍ਹਾਂ ਨੇ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਕਦੇ ਤੰਗ ਨਹੀਂ ਕੀਤਾ ਬਲਕਿ ਉਨ੍ਹਾਂ ਦੀ ਰੱਖਿਆ ਕੀਤੀ ਹੈ। ਕੋਈ ਉਨ੍ਹਾਂ ਨੂੰ ਸ਼ੇਰ ਕਹਿੰਦਾ ਤੇ ਕੋਈ ਸ਼ਹੀਦ ਭਗਤ ਸਿੰਘ ਨਾਲ ਵੀ ਉਨ੍ਹਾਂ ਦੀ ਤੁਲਨਾ ਕਰਦਾ।

ਵਿਰੋਧੀਆਂ ਦੇ ਤਿੱਖੇ ਹਮਲੇ

ਹਾਲਾਂਕਿ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਤੇ ਤਿੱਖੇ ਹਮਲੇ ਕਰ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੁਝ ਦਿਨ ਪਹਿਲਾਂ ਮੌੜ ਮੰਡੀ 'ਚ ਰੈਲੀ ਵਿਚ ਕਿਹਾ, “ਮੈਂ ਹੈਰਾਨ ਹਾਂ ਕਿ ਉਹ ਇੱਥੋਂ ਉਮੀਦਵਾਰ ਹਨ। ਬਿਨਾਂ ਲੱਖਾ ਸਿਧਾਣਾ ਦਾ ਨਾਂ ਲਏ ਉਨ੍ਹਾਂ ਨੇ ਕਿਹਾ ਕਿ "ਉਹ ਫਿਰੌਤੀਆਂ ਲੈਂਦਾ ਰਿਹਾ ਹੈ, ਬੱਚਿਆਂ ਨੂੰ ਅਗਵਾ ਕਰਦਾ ਰਿਹਾ ਹੈ, ਦੋ ਮਹੀਨੇ ਪਹਿਲਾਂ ਤਰਨਤਾਰਨ ਗੋਲੀ ਚਲਾ ਕੇ ਆਇਆ, ਪਰਚਾ ਹੋਇਆ ਹੈ...ਸਾਰੇ ਡਰਦੇ ਰਹੇ ਹਨ। ਹੁਣ ਇਹ ਇਮਾਨਦਾਰ ਹੋ ਗਏ।"

ਨਾਲੇ ਉਨ੍ਹਾਂ ਨੇ ਗੈਂਗਸਟਰਾਂ ਉੱਪਰ ਵੀ ਹਮਲਾ ਕੀਤਾ ਤੇ ਕਿਹਾ ਦਾਅਵਾ ਕੀਤਾ. "ਸਾਡੀ ਸਰਕਾਰ ਬਣਾ ਦਵੋ, ਇਹ ਸਾਰੇ ਪਹਿਲੇ ਹਫਤੇ ਅੰਦਰ ਹੋਣਗੇ।"

ਲੱਖਾ ਸਿਧਾਣਾ ਪਹਿਲੀ ਵਾਰ ਚੋਣ ਨਹੀਂ ਲੜ ਰਹੇ। ਸਾਲ 2012 ਵਿੱਚ, ਲੱਖਾ ਸਿਧਾਣਾ ਨੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀਪੀਪੀ) ਦੇ ਉਮੀਦਵਾਰ ਵਜੋਂ ਰਾਮਪੁਰਾ ਫ਼ੁਲ ਹਲਕੇ ਤੋਂ ਆਪਣੀ ਪਹਿਲੀ ਚੋਣ ਲੜੀ ਸੀ ਜੋ ਉਹ ਹਾਰ ਗਏ ਸੀ।

ਮੁਕਾਬਲਾ ਇਸ ਵਾਰ ਵੀ ਬਹੁਤ ਫਸਵਾਂ ਹੈ। ਮੌੜ ਤੋਂ ਕੁਲ ਮਿਲਾ ਕੇ 15 ਉਮੀਦਵਾਰ ਮੁਕਾਬਲੇ ਵਿਚ ਹਨ। ਇਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਸੁਖਵੀਰ ਸਿੰਘ, ਕਾਂਗਰਸ ਦੀ ਡਾ਼ ਮਨੋਜ ਬਾਲਾ ਬੰਸਲ, ਭਾਜਪਾ ਦੇ ਦਿਆਲ ਸੋਢੀ ਤੇ ਸ਼ਿਰੋਮਣੀ ਅਕਾਲੀ ਦਲ ਦੇ ਜਗਮੀਤ ਸਿੰਘ ਬਰਾੜ ਸ਼ਾਮਿਲ ਹਨ। ਪੰਜਾਬ ਵਿਧਾਨ ਸਭਾ ਲਈ ਚੋਣਾਂ 20 ਫਰਵਰੀ ਨੂੰ ਹੋਣੀਆਂ ਹਨ ਅਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

ਪੰਜਾਬ ਵਿਚ ਗੈਂਗਸਟਰ

ਪੰਜਾਬ ਵਿਚ ਗੈਂਗਸਟਰ ਇੱਕ ਵੱਡੀ ਸਮੱਸਿਆ ਰਹੇ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਅਦਿਆਂ ਵਿਚ ਇਹ ਵੀ ਕਿਹਾ ਸੀ ਕਿ ਉਹ ਸਰਕਾਰ ਬਣਨ ਤੋਂ ਬਾਅਦ ਗੈਂਗਸਟਰਾਂ ਨੂੰ ਖ਼ਤਮ ਕਰ ਦੇਣਗੇ। ਇਹ ਚੋਣਾਂ ਉਹ ਜਿੱਤ ਗਏ ਸੀ ਤੇ ਮੁੱਖ ਮੰਤਰੀ ਬਣੇ ਸੀ।

ਅਗਲੇ ਕਈ ਸਾਲਾਂ ਵਿਚ ਕਈ ਗੈਂਗਸਟਰ ਪੁਲਿਸ ਨਾਲ ਕਥਿਤ ਮੁੱਠਭੇੜਾਂ ਵਿਚ ਮਾਰੇ ਗਏ ਤੇ ਫੜੇ ਵੀ ਗਏ। ਗੈਂਸਟਰਾਂ 'ਤੇ ਫ਼ਿਲਮਾਂ ਤੇ ਗਾਣੇ ਵੀ ਬਣਦੇ ਰਹੇ ਹਨ ਤੇ ਇਹ ਕਾਫ਼ੀ ਮਸ਼ਹੂਰ ਵੀ ਹੁੰਦੇ ਰਹੇ ਹਨ। ਹਾਲਾਂਕਿ ਗੈਂਗਸਟਰਾਂ ਦਾ ਚੋਣਾਂ ਵਿਚ ਭਾਗ ਲੈਣਾ ਸੂਬੇ ਵਿਚ ਬਹੁਤ ਘੱਟ ਹੀ ਵੇਖਿਆ ਗਿਆ ਹੈ।

ਲੱਖਾ ਸਿਧਾਣਾ ਨੇ ਮੌੜ ਵਿਚ ਆਪਣੀ ਇੱਕ ਰੌਬਿਨਹੁੱਡ ਵਾਲੀ ਇਮੇਜ ਬਣਾਈ ਹੈ ਤੇ ਦਾਅਵਾ ਕਰਦੇ ਹਨ ਕਿ ਉਹ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਹਨ। ਟਰੈਕਟਰ ਤੇ ਉਹ ਜਦੋਂ ਉਹ ਰੈਲੀ ਵਾਲੀ ਥਾਂ 'ਤੇ ਪਹੁੰਚਦੇ ਤਾਂ ਲੋਕ ਉਨ੍ਹਾਂ ਦਾ ਗਰਮ-ਜੋਸ਼ੀ ਨਾਲ ਸਵਾਗਤ ਕਰਦੇ ਤੇ ਉਨ੍ਹਾਂ ਨਾਲ ਸੈਲਫੀਆਂ ਲਈ ਭੀੜ ਵੀ ਲਾਉਂਦੇ।

ਆਪਣੇ ਭਾਸ਼ਣਾਂ ਵਿਚ ਲੱਖਾ ਸਿਧਾਣਾ ਮਾਂ ਬੋਲੀ ਦੀ ਵੀ ਗੱਲ ਕਰਦੇ ਹਨ ਤੇ ਪਾਣੀਆਂ ਨੂੰ ਬਚਾਉਣ ਦੀ ਵੀ, ਜੋ ਕਿ ਇੱਥੇ ਵੱਡਾ ਮੁੱਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ: