ਪੰਜਾਬ ਚੋਣਾਂ 2022: ਤੁਹਾਡੇ ਹਲਕੇ ਦੇ ਉਮੀਦਵਾਰ ਖ਼ਿਲਾਫ਼ ਹਨ ਕਿੰਨੇ ਅਪਰਾਧਿਕ ਮਾਮਲੇ ਦਰਜ, ਇਸ ਐਪ ਰਾਹੀਂ ਜਾਣੋ

ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਕ ਅਜਿਹੀ ਐਪ ਬਣਾਈ ਗਈ ਹੈ ਜਿਸ ਰਾਹੀਂ ਉਮੀਦਵਾਰਾਂ ਉੱਪਰ ਦਰਜ ਅਪਰਾਧਿਕ ਮਾਮਲਿਆਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।

'ਨੋ ਯੋਰ ਕੈਂਡੀਡੇਟ' ਯਾਨੀ ਆਪਣੇ ਉਮੀਦਵਾਰ ਬਾਰੇ ਜਾਣੋ ਨਾਮ ਦੀ ਇਸ ਐਪ ਨੂੰ ਪਲੇਅ ਸਟੋਰ ਅਤੇ ਐਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਇਸ ਐਪ ਰਾਹੀਂ ਉਹ ਸਾਰੀ ਜਾਣਕਾਰੀ ਇਕ ਜਗ੍ਹਾ 'ਤੇ ਮੁਹੱਈਆ ਕਰਾਈ ਗਈ ਹੈ ਜੋ ਉਮੀਦਵਾਰਾਂ ਨੇ ਆਪਣੀ ਨਾਮਾਂਕਣ ਦੌਰਾਨ ਮੁਹੱਈਆ ਕਰਵਾਈ ਸੀ।

ਇਸ ਐਪ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਵਿੱਚ ਸਕਰੀਨ 'ਤੇ ਦੇਖ ਸਕਦੇ ਹੋ ਕਿ ਤੁਹਾਡੇ ਉਮੀਦਵਾਰ ਦੀ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ ਜਾਂ ਨਹੀਂ।

ਕਿਵੇਂ ਕੰਮ ਕਰਦਾ ਹੈ ਇਹ ਐਪ

ਇਸ ਐਪ ਵਿੱਚ ਜਾ ਕੇ ਤੁਸੀਂ ਜਿਸ ਉਮੀਦਵਾਰ ਬਾਰੇ ਜਾਣਨਾ ਚਾਹੁੰਦੇ ਹੋ ਉਸ ਦਾ ਨਾਮ ਭਰ ਸਕਦੇ ਹੋ ਅਤੇ ਫਿਰ ਉਸ ਬਾਰੇ ਜਾਣਕਾਰੀ ਤੁਹਾਡੀ ਸਕਰੀਨ ਉੱਪਰ ਆ ਜਾਵੇਗੀ।

ਜੇਕਰ ਉਮੀਦਵਾਰ ਖ਼ਿਲਾਫ਼ ਅਪਰਾਧਿਕ ਮਾਮਲੇ ਹਨ ਤਾਂ ਉਹ ਲਾਲ ਰੰਗ ਵਿੱਚ ਹਾਂ ਲਿਖਿਆ ਆ ਜਾਵੇਗਾ ਅਤੇ ਜੇਕਰ ਮਾਮਲੇ ਨਹੀਂ ਹਨ ਤਾਂ ਹਰੇ ਰੰਗ ਵਿੱਚ ਨਹੀਂ ਲਿਖਿਆ ਦਿਖੇਗਾ।

ਜੇਕਰ ਐਪ ਵਿਚ ਸਿਲੈਕਟ ਕੀਤੇ ਗਏ ਉਮੀਦਵਾਰ ਖਿਲਾਫ਼ ਮਾਮਲੇ ਦਰਜ ਹਨ ਉਨ੍ਹਾਂ ਮਾਮਲਿਆਂ ਦੀ ਜਾਣਕਾਰੀ ਵੀ ਇਸ ਐਪ ਵਿਚ ਮੌਜੂਦ ਹੈ।

ਇਹ ਵੀ ਪੜ੍ਹੋ:

ਇਸ ਵਿੱਚ ਮਾਮਲਿਆਂ ਦੀ ਗਿਣਤੀ, ਥਾਣਾ ਅਤੇ ਉਨ੍ਹਾਂ ਦਾ ਮੌਜੂਦਾ ਸਟੇਟਸ ਵੀ ਮੌਜੂਦ ਹੈ।

ਜੇਕਰ ਤੁਸੀਂ ਪੂਰੇ ਸੂਬੇ ਜਾਂ ਕਿਸੇ ਇੱਕ ਵਿਧਾਨ ਸਭਾ ਹਲਕੇ ਬਾਰੇ ਵੀ ਜਾਣਨਾ ਚਾਹੁੰਦੇ ਹੋ ਤਾਂ ਵੀ 'ਸਿਲੈਕਟ ਕ੍ਰਿਟੇਰੀਆ' ਵਿੱਚ ਉਸ ਸੂਬੇ ਅਤੇ ਉਸ ਵਿਧਾਨ ਸਭਾ ਹਲਕੇ ਨੂੰ ਚੁਣ ਕੇ ਉਸ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ।

ਬੀਬੀਸੀ ਨੂੰ ਇਸ ਐਪ ਦੁਆਰਾ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੁੱਲ 314 ਅਜਿਹੇ ਉਮੀਦਵਾਰ ਹਨ ਜਿਨ੍ਹਾਂ ਖ਼ਿਲਾਫ਼ ਮਾਮਲੇ ਦਰਜ ਹਨ।

ਜੇਕਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਬਾਰੇ ਦੇਖਿਆ ਜਾਵੇ ਤਾਂ ਐਪ ਮੁਤਾਬਿਕ

ਕੁੱਲ ਨਾਮਾਂਕਣ 2266

ਕੁੱਲ ਉਮੀਦਵਾਰ 1304

ਉਮੀਦਵਾਰ ਜਿਨ੍ਹਾਂ ਖ਼ਿਲਾਫ਼ ਪੁਲਿਸ ਕੇਸ ਹਨ-314

ਭਾਰਤੀ ਚੋਣ ਕਮਿਸ਼ਨ ਮੁਤਾਬਕ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਉਣ ਅਤੇ ਇਸ ਐਪ ਦਾ ਮੰਤਵ ਹੈ ਕਿ ਲੋਕ ਆਪਣੇ ਉਮੀਦਵਾਰ ਨੂੰ ਜਾਣਨ ਅਤੇ ਵੋਟ ਤੋਂ ਪਹਿਲਾਂ ਸਹੀ ਫ਼ੈਸਲਾ ਲੈ ਸਕਣ।

ਜ਼ਿਕਰਯੋਗ ਹੈ ਕਿ 2021 ਵਿੱਚ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀ ਜਿਸ ਦੇ ਮੁਤਾਬਕ ਇਹ ਆਖਿਆ ਗਿਆ ਸੀ ਕਿ ਰਾਜਨੀਤਿਕ ਦਲ ਆਪਣੀ ਵੈੱਬਸਾਈਟ ਦੇ ਉਪਰ ਆਪਣੇ ਉਮੀਦਵਾਰਾਂ ਉੱਪਰ ਦਰਜ ਕੇਸ ਦੀ ਜਾਣਕਾਰੀ ਦੇਣ ਤਾਂ ਜੋ ਚੋਣਾਂ ਨੂੰ ਹੋਰ ਪਾਰਦਰਸ਼ੀ ਬਣਾਇਆ ਜਾ ਸਕੇ।

ਪੰਜਾਬ ਦੇ ਪ੍ਰਮੁੱਖ ਉਮੀਦਵਾਰਾਂ ਖ਼ਿਲਾਫ਼ ਵੀ ਹਨ ਕੇਸ

ਇਸ ਐਪ ਰਾਹੀਂ ਬੀਬੀਸੀ ਨੇ ਦੇਖਿਆ ਕਿ ਪੰਜਾਬ ਦੇ ਕਈ ਪ੍ਰਮੁੱਖ ਉਮੀਦਵਾਰਾਂ ਖ਼ਿਲਾਫ਼ ਵੀ ਕੇਸ ਹਨ।

ਇਨ੍ਹਾਂ ਵਿੱਚ ਸ਼ੋਮਣੀ ਅਕਾਲੀ ਦਲ ਦੇ ਕਈ ਵੱਡੇ ਚਿਹਰੇ ਜਿਨ੍ਹਾਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਬਿਕਰਮ ਸਿੰਘ ਮਜੀਠੀਆ, ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕੁੱਲ 68 ਉਮੀਦਵਾਰਾਂ ਖ਼ਿਲਾਫ਼ ਕੇਸ ਹਨ।

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਵੀ ਕੇਸ ਹਨ।

ਐਪ ਦੁਆਰਾ ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਕੇਸ ਨਹੀਂ ਹਨ।

ਕਈ ਮਹਿਲਾ ਉਮੀਦਵਾਰ ਵੀ ਹਨ, ਜਿਨ੍ਹਾਂ ਖ਼ਿਲਾਫ਼ ਪੁਲਿਸ ਕੇਸ ਹਨ।

ਇਨ੍ਹਾਂ ਵਿੱਚ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਬੀਬੀ ਜਗੀਰ ਕੌਰ,ਸੰਗਰੂਰ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਨਰਿੰਦਰ ਕੌਰ ਭਰਾਜ, ਮਲੋਟ ਤੋਂ ਕਾਂਗਰਸ ਉਮੀਦਵਾਰ ਰੁਪਿੰਦਰ ਰੂਬੀ, ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਬਲਜਿੰਦਰ ਕੌਰ ਦਾ ਨਾਮ ਸ਼ਾਮਲ ਹੈ।

ਸ਼ਿਕਾਇਤ ਦਰਜ ਕਰਵਾਉਣ ਲਈ ਵੀ ਹੈ ਐਪ

'ਨੋ ਯੂਅਰ ਕੈਂਡੀਡੇਟ' ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਦੇ ਹੋਰ ਵੀ ਐਪ ਹਨ ਜੋ ਮਤਦਾਤਾ ਦੀ ਸਹਾਇਤਾ ਕਰਦੇ ਹਨ।

ਇਨ੍ਹਾਂ ਵਿੱਚੋਂ ਇੱਕ ਹੈ-'ਵੋਟਰ ਹੈਲਪਲਾਈਨ'।ਇਸ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਆਪਣੇ ਵਿਧਾਨ ਸਭਾ ਹਲਕੇ ਬਾਰੇ,ਪਿਛਲੀਆਂ ਚੋਣਾਂ ਦੇ ਨਤੀਜੇ ਬਾਰੇ, ਈਵੀਐਮ ਮਸ਼ੀਨ ਬਾਰੇ, ਮਤਦਾਤਾ ਦੇ ਤੌਰ ਤੇ ਆਪਣੀ ਪੰਜੀਕਰਨ ਬਾਰੇ, ਉਮੀਦਵਾਰਾਂ ਬਾਰੇ ਅਤੇ ਆਉਣ ਵਾਲੀਆਂ ਚੋਣਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ।

ਇਸ ਦੇ ਨਾਲ ਹੀ 'ਸੀ ਵਿਜਲ' ਨਾਮ ਦੀ ਐਪ ਵੀ ਮੌਜੂਦ ਹੈ ਜਿਸ ਰਾਹੀਂ ਤੁਸੀਂ ਆਦਰਸ਼ ਚੋਣ ਜ਼ਾਬਤੇ ਵਿੱਚ ਹੋ ਰਹੀ ਕੁਤਾਹੀ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਇਸ ਐਪ ਰਾਹੀਂ ਘਟਨਾ ਬਾਰੇ ਫੋਟੋ ਜਾਂ ਵੀਡੀਓ ਬਣਾਈ ਜਾ ਸਕਦੀ ਹੈ।

ਇਨ੍ਹਾਂ ਸ਼ਿਕਾਇਤਾਂ ਵਿੱਚ ਪੈਸਿਆਂ ਦੀ ਵੰਡ, ਤੋਹਫ਼ੇ ਕੂਪਨ ਸ਼ਰਾਬ ਵੰਡਣਾ, ਬਿਨਾਂ ਇਜਾਜ਼ਤ ਦੇ ਪੋਸਟਰ, ਹਥਿਆਰਾਂ ਦੀ ਨੁਮਾਇਸ਼, ਬਿਨਾਂ ਇਜਾਜ਼ਤ ਗੱਡੀਆਂ ਦੇ ਕਾਫ਼ਲੇ, ਪੇਡ ਨਿਊਜ਼, ਪਾਬੰਦੀਸ਼ੁਦਾ ਇਲਾਕੇ ਵਿੱਚ ਪ੍ਰਚਾਰ, ਪ੍ਰਚਾਰ ਦੌਰਾਨ ਧਾਰਮਿਕ ਫਿਰਕਾਪ੍ਰਸਤੀ ਨਾਲ ਜੁੜੇ ਭਾਸ਼ਣ ਦੇਣੇ ਸ਼ਾਮਲ ਹਨ।

ਇਸ ਦੇ ਨਾਲ ਹੀ ਸੁਵਿਧਾ ਐਪ ਵੀ ਹੈ ਜਿਸ ਰਾਹੀਂ ਰਾਜਨੀਤਿਕ ਦਲ ਰੈਲੀ ਅਤੇ ਚੋਣਾਂ ਸਬੰਧੀ ਬੈਠਕ ਬਾਰੇ ਕਮਿਸ਼ਨ ਤੋਂ ਇਜਾਜ਼ਤ ਲੈ ਸਕਦੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)