ਪੰਜਾਬ ਚੋਣਾਂ 2022: ਪੰਜਾਬ ਦੇ ਚੋਣ ਮੈਦਾਨ ਵਿੱਚ ਗਰੀਬ ਹੋਣ ਦਾ ਦਾਅਵਾ ਕਰਦੇ ਲੀਡਰ ਅਸਲ ਵਿੱਚ ਕਿੰਨੇ 'ਗਰੀਬ'

    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਸਮੇਂ 'ਗਰੀਬਾਂ ਦਾ ਨੁਮਾਇੰਦਾ' ਕਿਹਾ ਸੀ।

ਦੂਜੇ ਪਾਸੇ ਮੁੱਖ ਮੰਤਰੀ ਦਾ ਉਮੀਦਵਾਰ ਬਣਨ ਦੀ ਦੌੜ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਸਿੱਧੂ ਚੰਨੀ ਤੋਂ ਵੀ ਗਰੀਬ ਹਨ।

ਚਰਨਜੀਤ ਸਿੰਘ ਚੰਨੀ ਵੀ ਖੁਦ ਨੂੰ ਗਰੀਬ ਕਹਿਕੇ ਸੰਬੋਧਨ ਕਰਦੇ ਹਨ।

ਬੀਬੀਸੀ ਪੰਜਾਬੀ ਨੇ ਸਿੱਧੂ, ਚੰਨੀ ਦੇ ਨਾਲ-ਨਾਲ ਸੁਖਬੀਰ ਅਤੇ ਮਜੀਠੀਆ ਦੇ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮਿਆਂ ਦਾ ਅਧਿਐਨ ਕੀਤਾ।

ਤਾਂ ਜੋ ਗਰੀਬ ਸਿਆਸਤਦਾਨਾਂ ਤੇ ਗਰੀਬੀ ਦੀ ਚਰਚਾ ਦਰਮਿਆਨ ਸਿਆਸੀ ਆਗੂਆਂ ਦੇ ਬਿਆਨਾਂ ਤੇ ਤੱਥਾਂ ਵਿਚਲੇ ਫਰਕ ਨੂੰ ਸਮਝਿਆ ਜਾ ਸਕੇ।

ਨਵਜੋਤ ਸਿੰਘ ਸਿੱਧੂ

ਚੋਣ ਕਮਿਸ਼ਨ ਕੋਲ ਨਾਮਜ਼ਦਗੀ ਪਰਚੇ ਨਾਲ ਦਾਖਲ ਕੀਤੇ ਗਏ ਹਲਫ਼ਨਾਮੇ ਮੁਤਾਬਕ ਵਿੱਤੀ ਸਾਲ 2020-21 ਦੌਰਾਨ ਨਵਜੋਤ ਸਿੰਘ ਸਿੱਧੂ ਦੀ ਕੁੱਲ ਸਲਾਨਾ ਆਮਦਨ 22,58,080 ਰੁਪਏ ਸੀ, ਜਦਕਿ ਵਿੱਤੀ ਵਰ੍ਹੇ 2019-20 ਦੌਰਾਨ ਇਹ 17,99,220 ਰੁਪਏ ਸੀ।

ਨਵਜੋਤ ਸਿੱਧੂ ਨੇ ਸਾਲ 2018-19 ਦੌਰਾਨ 2,39,47,660 ਰਪਏ ਦੀ ਸਲਾਨਾ ਆਮਦਨ ਦਿਖਾਈ ਸੀ।

ਸਾਲ 2017-18 ਦੌਰਾਨ 3,81,54,750 ਰੁਪਏ ਸੀ ਅਤੇ 2016-17 ਵਿੱਤੀ ਸਾਲ ਦੌਰਾਨ ਸਿੱਧੂ ਦੀ ਸਲਾਨਾ ਆਮਦਨ 9,41,87,400 ਰੁਪਏ ਸੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਐਲਾਨੀ ਗਈ ਜਾਇਦਾਦ ਦੀ ਕੁੱਲ ਕੀਮਤ 44.63 ਕਰੋੜ ਰੁਪਏ ਹੈ। 2017 ਵਿੱਚ ਇਹ 45.91 ਕਰੋੜ ਸੀ।

ਨਵਜੋਤ ਕੌਰ ਸਿੱਧੂ

ਇਨ੍ਹਾਂ ਸਾਲਾਂ ਦੌਰਾਨ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੀ 2020-21 ਦੌਰਾਨ ਆਮਦਨ 26,56,272 ਰੁਪਏ ਸੀ। ਜਦਕਿ 2019-20 ਦੌਰਾਨ ਉਨ੍ਹਾਂ ਦੀ ਆਮਦਨ 45,47,100 ਰੁਪਏ ਸੀ।

ਸਾਲ 2019-18 ਦੌਰਾਨ ਨਵਜੋਤ ਕੌਰ ਸਿੱਧੂ ਦੀ ਆਮਦਨ 39,55, 670 ਰੁਪਏ ਸੀ ਜਦਕਿ 2018-17 ਵਿਚ ਉਨ੍ਹਾਂ ਨੇ 19,87,330 ਰੁਪਏ ਸੀ।

2016-17 ਦੌਰਾਨ ਨਵਜੋਤ ਕੌਰ ਸਿੱਧੂ ਨੇ 19,10,820 ਰੁਪਏ ਆਮਦਨ ਦੀ ਰਿਟਰਨ ਭਰੀ ਸੀ।

ਚਰਨਜੀਤ ਸਿੰਘ ਚੰਨੀ

ਚੋਣ ਕਮਿਸ਼ਨ ਕੋਲ ਦਾਖਲ ਕੀਤੇ ਹਲਫ਼ਨਾਮੇ ਵਿਚ ਚਰਨਜੀਤ ਸਿੰਘ ਚੰਨੀ ਨੇ ਵਿੱਤੀ ਵਰ੍ਹੇ 2020-21 ਦੀ ਸਲਾਨਾ ਆਮਦਨ 27,84,820 ਰੁਪਏ ਦਿਖਾਈ ਹੈ।

ਸਾਲ 2019-20 ਦੌਰਾਨ ਚਰਨਜੀਤ ਸਿੰਘ ਚੰਨੀ ਦੀ ਸਲਾਨਾ ਆਮਦਨ 27,64,820 ਰੁਪਏ ਸੀ। ਵਿੱਤੀ ਵਰ੍ਹੇ 2018-19 ਦੌਰਾਨ ਇਹ ਆਮਦਨ 51,81,010 ਰੁਪਏ ਸੀ।

ਸਾਲ 2018-17 ਦੌਰਾਨ ਚੰਨੀ ਨੇ 59,22,450 ਰੁਪਏ ਆਮਦਨ ਦਿਖਾਈ ਸੀ। 2016-17 ਦੌਰਾਨ ਇਹ ਆਮਦਨ 41,42, ,280 ਰੁਪਏ ਸੀ।

ਚੰਨੀ ਦੇ ਹਲਫ਼ਨਾਮੇ ਮੁਤਾਬਕ 2015-16 ਵਿਚ ਚੰਨੀ ਦੀ ਸਾਲਾਨਾ ਆਮਦਨ 1,47,20,510 ਰੁਪਏ ਸੀ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੁੱਲ ਜਾਇਦਾਦ ਵੀ ਕਈ ਕਰੋੜ ਰੁਪਏ ਘਟੀ ਹੈ। ਜਿੱਥੇ 2017 ਵਿੱਚ ਇਹ 14.5 ਕਰੋੜ ਸੀ, ਉੱਥੇ ਹੀ 2022 ਵਿੱਚ ਇਹ 9.44 ਕਰੋੜ ਦੇ ਲਗਭਗ ਹੈ।

ਸੁਖਬੀਰ ਸਿੰਘ ਬਾਦਲ

ਚੋਣ ਕਮਿਸ਼ਨ ਕੋਲ ਦਾਖਲ ਕੀਤੇ ਹਲਫ਼ਨਾਮੇ ਵਿਚ ਸੁਖਬੀਰ ਬਾਦਲ ਨੇ ਵਿੱਤੀ ਵਰ੍ਹੇ 2020-21 ਦੀ ਸਲਾਨਾ ਆਮਦਨ 2,14,60,110 ਦਿਖਾਈ ਹੈ, ਜਿਸ ਵਿਚ 8,68,317 ਖੇਤੀ ਆਮਦਨ ਹੈ

ਹਾਲਾਂਕਿ ਸਾਲ 2019-20 ਦੌਰਾਨ ਸੁਖਬੀਰ ਬਾਦਲ ਦੀ ਸਲਾਨਾ ਆਮਦਨ 2,80,45,520 ਰੁਪਏ ਸੀ। ਵਿੱਤੀ ਵਰ੍ਹੇ 2019-18 ਦੌਰਾਨ ਇਹ ਆਮਦਨ 2,56,95,810 ਰੁਪਏ ਸੀ।

ਸਾਲ 2018-17 ਦੌਰਾਨ ਸੁਖਬੀਰ ਬਾਦਲ ਨੇ 2,17,54,600 ਰੁਪਏ ਆਮਦਨ ਦਿਖਾਈ ਹੈ। 2016-17 ਦੌਰਾਨ ਇਹ ਆਮਦਨ 2,17,11,510 ਰੁਪਏ ਸੀ।

ਸੁਖਬੀਰ ਸਿੰਘ ਬਾਦਲ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਦੂਸਰੇ ਸਭ ਤੋਂ ਅਮੀਰ ਉਮੀਦਵਾਰ ਹਨ।

ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੀ ਚੱਲ ਅਚੱਲ ਜਾਇਦਾਦ 122.77 ਕਰੋੜ ਐਲਾਨੀ ਗਈ ਹੈ।

ਇਸ ਵਿੱਚ 51.21 ਕਰੋੜ ਉਨ੍ਹਾਂ ਦੇ ਆਪਣੇ ਅਤੇ 71.56 ਕਰੋੜ ਪਤਨੀ ਹਰਸਿਮਰਤ ਕੌਰ ਬਾਦਲ ਦੇ ਹਨ।

ਭਗਵੰਤ ਮਾਨ

ਚੋਣ ਕਮਿਸ਼ਨ ਕੋਲ ਦਾਖਲ ਕੀਤੇ ਹਲਫ਼ਨਾਮੇ ਵਿਚ ਭਗਵੰਤ ਮਾਨ ਨੇ ਵਿੱਤੀ ਵਰ੍ਹੇ 2020-21 ਦੀ ਸਲਾਨਾ ਆਮਦਨ 18,34,350 ਰੁਪਏ ਦਿਖਾਈ ਹੈ।

ਪਰ ਸਾਲ 2019-20 ਦੌਰਾਨ ਭਗਵੰਤ ਮਾਨ ਦੀ ਸਲਾਨਾ ਆਮਦਨ 27,17,750 ਰੁਪਏ ਸੀ। ਵਿੱਤੀ ਵਰ੍ਹੇ 2019-18 ਦੌਰਾਨ ਇਹ ਆਮਦਨ 25,93,670 ਰੁਪਏ ਸੀ।

ਵੀਡੀਓ:ਭਵਗਵੰਤ ਮਾਨ ਨਾਲ ਬੀਬੀਸੀ ਪੰਜਾਬੀ ਦੀ ਗੱਲਬਾਤ

ਸਾਲ 2018-17 ਦੌਰਾਨ ਭਗਵੰਤ ਮਾਨ ਨੇ 14,70,520 ਰੁਪਏ ਆਮਦਨ ਦਿਖਾਈ ਹੈ। 2016-17 ਦੌਰਾਨ ਇਹ ਆਮਦਨ 15,99,640 ਰੁਪਏ ਸੀ।

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਦੀ ਜਾਇਦਾਦ ਵੀ ਪਿਛਲੇ ਪੰਜ ਸਾਲਾਂ ਵਿੱਚ ਘਟੀ ਹੈ।

2022 ਵਿੱਚ ਇਹ 1.97 ਕਰੋੜ ਹੈ ਜਦੋਂ ਕਿ 2017 ਵਿੱਚ ਇਹ 1.99 ਕਰੋੜ ਸੀ। ਭਗਵੰਤ ਦੇ ਹਲਫ਼ੀਆ ਬਿਆਨ ਮੁਤਾਬਕ ਉਹ 48,17,174.06 ਰੁਪਏ ਦੀ ਜਾਇਦਾਦ ਦੇ ਮਾਲਕ ਹਨ।

ਬਿਕਰਮ ਸਿੰਘ ਮਜੀਠੀਆ

ਚੋਣ ਕਮਿਸ਼ਨ ਕੋਲ ਦਾਖਲ ਕੀਤੇ ਹਲਫ਼ਨਾਮੇ ਵਿਚ ਬਿਕਰਮ ਸਿੰਘ ਮਜੀਠੀਆ ਨੇ ਵਿੱਤੀ ਵਰ੍ਹੇ 2020-21 ਦੀ ਸਲਾਨਾ ਆਮਦਨ ਸਿਰਫ਼ 6,04,127 ਰੁਪਏ ਦਿਖਾਈ ਹੈ।

ਜਦਕਿ ਸਾਲ 2019-20 ਦੌਰਾਨ ਬਿਕਰਮ ਮਜੀਠੀਆ ਦੀ ਸਲਾਨਾ ਆਮਦਨ 5,48,509 ਰੁਪਏ ਸੀ। ਵਿੱਤੀ ਵਰ੍ਹੇ 2019-18 ਦੌਰਾਨ ਇਹ ਆਮਦਨ 7,48,370 ਰੁਪਏ ਸੀ।

ਸਾਲ 2018-17 ਦੌਰਾਨ ਮਜੀਠੀਆ ਨੇ 8,58,150 ਰੁਪਏ ਆਮਦਨ ਦਿਖਾਈ ਹੈ। 2016-17 ਦੌਰਾਨ ਇਹ ਆਮਦਨ 41,08,820 ਰੁਪਏ ਸੀ।

ਵੀਡੀਓ: ਗਨੀਵ ਕੌਰ ਦੇ ਜੀਵਨ ਬਾਰੇ ਕੁਝ ਤੱਥ

ਬਿਕਰਮ ਸਿੰਘ ਮਜੀਠੀਆ ਦੇ ਨਾਮਜ਼ਦਗੀ ਦੇ ਪਰਚੇ ਮੁਤਾਬਕ ਉਨ੍ਹਾਂ ਕੋਲ ਤਕਰੀਬਨ 12 ਕਰੋੜ ਦੀ ਚੱਲ-ਅਚੱਲ ਜਾਇਦਾਦ ਹੈ। ਇਸ ਵਿੱਚ ਉਨ੍ਹਾਂ ਦੀ ਪਤਨੀ ਗਨੀਵ ਕੌਰ ਦੀ ਜਾਇਦਾਦ ਵੀ ਸ਼ਾਮਿਲ ਹੈ।

ਇਸ ਵਿੱਚੋਂ ਲਗਭਗ 3 ਕਰੋੜ ਦੀ ਚੱਲ ਜਾਇਦਾਦ ਉਨ੍ਹਾਂ ਦੀ ਹੈ ਅਤੇ 3.5 ਕਰੋੜ ਦੀ ਚੱਲ ਜਾਇਦਾਦ ਉਨ੍ਹਾਂ ਦੀ ਪਤਨੀ ਦੀ ਹੈ।

ਉਨ੍ਹਾਂ ਦੀ ਅਤੇ ਉਨ੍ਹਾਂ ਦੀ ਪਤਨੀ ਦੀ ਅਚੱਲ ਜਾਇਦਾਦ ਦੀ ਬਾਜ਼ਾਰ ਵਿੱਚ ਕੀਮਤ ਲਗਭਗ 5.5 ਕਰੋੜ ਰੁਪਏ ਹੈ।

ਬਿਕਰਮ ਮਜੀਠੀਆ ਵਲੋਂ ਦਿੱਤੇ ਵੇਰਵੇ ਮੁਤਾਬਕ ਉਨ੍ਹਾਂ ਉਪਰ ਬੈਂਕ ਅਤੇ ਹੋਰ ਫਾਇਨੈਂਸ ਕੰਪਨੀਆਂ ਦੇ ਲਗਪਗ 66 ਲੱਖ ਰੁਪਏ ਬਕਾਇਆ ਹਨ।

ਕੌਣ ਅਮੀਰ ਕੌਣ ਗਰੀਬ, ਲੋਕਾਂ ਨੂੰ ਫਰਕ ਨਹੀਂ ਪੈਂਦਾ

ਸਿਆਸੀ ਆਗੂਆਂ ਵਿਚਾਲੇ ਕੌਣ ਅਮੀਰ, ਕੌਣ ਗਰੀਬ ਦੀ ਛਿੜੀ ਚਰਚਾ ਨੂੰ ਸਮਾਜਿਕ ਵਿਗਿਆਨੀ ਬੇਤੁਕੀ ਅਤੇ ਲੋਕਾਂ ਨੂੰ ਮੂਰਖ਼ ਬਣਾਉਣ ਵਾਲੀ ਮੰਨਦੇ ਹਨ।

ਪ੍ਰੋ. ਮੁਹੰਮਦ ਖ਼ਾਲਿਦ, ਪੰਜਾਬ ਯੂਨੀਵਿਰਸਿਟੀ ਚੰਡੀਗੜ੍ਹ ਵਿਚ ਸਮਾਜਿਕ ਵਿਗਿਆਨ ਪੜ੍ਹਾਉਂਦੇ ਹਨ।

ਬੀਬੀਸੀ ਪੰਜਾਬੀ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''15 ਸਾਲ ਲਗਾਤਾਰ ਵਿਧਾਇਕ ਰਿਹਾ ਚਰਨਜੀਤ ਸਿੰਘ ਚੰਨੀ ਗਰੀਬ ਕਾਹਦਾ ਰਹਿ ਗਿਆ।''

''ਇਹ ਗਰੀਬੀ ਦੇ ਨਾਂ ਉੱਤੇ ਮਾਰਕੀਟਿੰਗ ਕਰ ਰਹੇ ਹਨ, ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੀ ਮਾਰਕੀਟਿੰਗ ਹੈ, ਜੋ ਖੁਦ ਨੂੰ ਚਾਹ ਵੇਚਣ ਵਾਲੇ ਦੱਸਦੇ ਸਨ, ਜਦਕਿ ਉਹ ਉਸ ਤੋਂ ਪਹਿਲਾਂ 15 ਸਾਲ ਗੁਜਰਾਤ ਦੇ ਮੁੱਖ ਮੰਤਰੀ ਰਹਿ ਕੇ ਆਏ ਸਨ।''

ਖ਼ਾਲਿਦ ਕਹਿੰਦੇ ਹਨ, ''ਸਹੀ ਮਾਅਨਿਆਂ ਵਿਚ ਡਾਕਟਰ ਮਨਮੋਹਨ ਸਿੰਘ ਬਹੁਤ ਗਰੀਬ ਪਰਿਵਾਰ ਤੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ, ਪਰ ਉਨ੍ਹਾਂ ਇਸ ਦੀ ਕਦੇ ਮਾਰਕੀਟਿੰਗ ਨਹੀਂ ਕੀਤੀ । ਉਹ ਆਪਣੇ ਕੰਮਾਂ ਦੀ ਗੱਲ ਕਰਦੇ ਰਹੇ ਹਨ।''

ਖ਼ਾਲਿਦ ਮੁਤਾਬਕ ਕੌਣ ਅਮੀਰ ਹੈ, ਕੌਣ ਗਰੀਬ ਲੋਕਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ, ਇਹ ਸਭ ਫ਼ਜ਼ੂਲ ਹੈ। ਲੋਕ ਤਾਂ ਇਹ ਦੇਖਣਗੇ ਕਿ ਪੰਜਾਬ ਦੀ ਦੁਰਦਸ਼ਾ ਕੌਣ ਠੀਕ ਕਰ ਸਕਦਾ ਹੈ।

ਖ਼ਾਲਿਦ ਖੁਦ ਨੂੰ ਗਰੀਬ ਦੱਸਣ ਵਾਲੇ ਆਗੂਆਂ ਤੋਂ ਸਵਾਲ ਕਰਦੇ ਹਨ ਕਿ ਉਨ੍ਹਾਂ ਦੀਆਂ ਚੋਣਾਂ ਲੜਨ ਲਈ ਕਰੋੜਾਂ ਰੁਪਏ ਦਾ ਬਜਟ ਕਿੱਥੋਂ ਆਉਂਦਾ ਹੈ।

ਚੰਨੀ ਇਹ ਪੈਸਾ ਕਿੱਥੋਂ ਲੈਣਗੇ, ਸਿੱਧੂ ਕਿੱਥੋਂ ਅਤੇ ਮਜੀਠੀਆ ਕਿੱਥੋਂ? ਇਨ੍ਹਾਂ ਦੇ ਹਲਫ਼ਨਾਮਿਆਂ ਦੀ ਆਮਦਨ ਦੇ ਵੇਰਵੇ ਚੋਣਾਂ ਦੇ ਖਰਚਿਆਂ ਨਾਲ ਮੇਲ ਨਹੀਂ ਖਾਂਦੇ।

ਵਿਧਾਇਕ ਦੀ ਤਨਖ਼ਾਹ ਤੇ ਭੱਤੇ

ਪੰਜਾਬ ਦੇ ਇੱਕ ਵਿਧਾਇਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਸੂਬੇ ਵਿਚ ਵਿਧਾਇਕ ਨੂੰ 84000 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ।

ਇਸ ਵਿਚ ਬਿਜਲੀ, ਟੈਲੀਫੋਨ ਅਤੇ ਹੋਰ ਭੱਤੇ ਵੀ ਸ਼ਾਮਲ ਹੁੰਦੇ ਹਨ।

ਪੰਜਾਬ ਵਿਚ 1980ਵਿਆਂ ਦੇ ਖਾੜਕੂਵਾਦ ਦੇ ਦੌਰ ਤੋਂ ਬਾਅਦ ਸੂਬੇ ਵਿਚ ਹਰੇਕ ਵਿਧਾਇਕ ਦੇ 4 ਗੰਨਮੈਨਾਂ ਲਈ ਇੱਕ ਗੱਡੀ ਮਿਲਦੀ ਹੈ। ਇਹੀ ਗੱਡੀ ਵਿਧਾਇਕ ਵਰਤਦੇ ਹਨ।

ਇਸ ਤੋਂ ਇਲਾਵਾ ਨਿੱਜੀ ਗੱਡੀ ਲਈ 3 ਲੱਖ ਰੁਪਏ ਸਲਾਨਾ ਤੇਲ ਖ਼ਰਚਾ ਮਿਲਦਾ ਹੈ ਅਤੇ ਵਿਧਾਨ ਸਭਾ ਤੇ ਸਰਕਾਰੀ ਬੈਠਕਾਂ ਲਈ 1500 ਰੁਪਏ ਭੱਤਾ ਅਤੇ 15 ਰੁਪਏ ਗੱਡੀ ਖ਼ਰਚਾ ਮਿਲਦਾ ਹੈ।

ਸੋ ਇੱਕ ਵਿਧਾਇਕ ਦਾ ਕੁੱਲ ਮਿਲਾ ਕੇ ਸਰਕਾਰ ਨੂੰ ਡੇਢ ਕੂ ਲੱਖ ਰੁਪਏ ਮਹੀਨੇ ਖ਼ਰਚ ਪੈਂਦਾ ਹੈ।

ਇਸ ਤੋਂ ਇਲਾਵਾ ਪਿਛਲੇ ਸਾਲ ਇੱਕ ਮੁੱਦਾ ਵਿਧਾਇਕਾਂ ਦਾ ਆਮਦਨ ਕਰ ਪੰਜਾਬ ਸਰਕਾਰ ਵੱਲੋਂ ਭਰੇ ਜਾਣ ਦਾ ਮੁੱਦਾ ਵੀ ਚਰਚਾ ਵਿੱਚ ਰਿਹਾ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)