ਪੰਜਾਬ ਚੋਣਾਂ 2022: ਚਰਨਜੀਤ ਚੰਨੀ ਵਾਸਤੇ ਚਮਕੌਰ ਸਾਹਿਬ ਤੋਂ ਮੁਕਾਬਲਾ ਕਿੰਨਾ ਮੁਸ਼ਕਿਲ- ਗਰਾਉਂਡ ਰਿਪੋਰਟ

ਵੀਡੀਓ ਕੈਪਸ਼ਨ, ਚਰਨਜੀਤ ਚੰਨੀ ਵਾਸਤੇ ਚਮਕੌਰ ਸਾਹਿਬ ਤੋਂ ਮੁਕਾਬਲਾ ਕਿੰਨਾ ਮੁਸ਼ਕਿਲ- ਗਰਾਊਂਡ ਰਿਪੋਰਟ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਲਗਾਤਾਰ ਤਿੰਨ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਰਹਿ ਚੁੱਕੇ ਚਰਨਜੀਤ ਚੰਨੀ ਦਾ ਕੁਝ ਦਿਨ ਪਹਿਲਾਂ ਹੀ ਚੋਣ ਪ੍ਰਚਾਰ ਦੌਰਾਨ ਭਾਵੁਕ ਹੋਣਾ ਦਰਸਾਉਂਦਾ ਹੈ ਕਿ ਇਹ ਚੋਣ ਵਿਚ ਉਨ੍ਹਾਂ ਵਾਸਤੇ ਕਿੰਨੀ ਅਹਿਮ ਹੈ ਤੇ ਚੁਣੌਤੀ ਵਾਲੀ ਹੈ।

ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣਨ ਤੋਂ ਮਹਿਜ਼ ਤਿੰਨ ਮਹੀਨੇ ਬਾਅਦ ਹੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਹਲਕੇ ਚਮਕੌਰ ਸਾਹਿਬ ਵਿੱਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਹੈ। ਇੱਕ ਚਲਾਕ ਸਿਆਸਤਦਾਨ ਵਾਂਗ, ਚੰਨੀ ਹੁਣ ਆਪਣੀ ਮੁਹਿੰਮ 'ਇੱਕ ਮੁੱਖ ਮੰਤਰੀ ਚੁਣੋ, ਨਾ ਕਿ ਇੱਕ ਵਿਧਾਇਕ' 'ਤੇ ਕੇਂਦਰਿਤ ਕਰ ਰਹੇ ਹਨ।

ਆਮ ਆਦਮੀ ਪਾਰਟੀ (ਆਪ) ਦੇ ਡਾ: ਚਰਨਜੀਤ ਸਿੰਘ ਅਤੇ ਬਹੁਜਨ ਸਮਾਜ ਪਾਰਟੀ ਦੇ ਹਰਮੋਹਨ ਸਿੰਘ ਸੰਧੂ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਦੇ ਰਹੇ ਹਨ. ਭਾਜਪਾ ਨੇ ਦਰਸ਼ਨ ਸਿੰਘ ਸ਼ਿਵ ਜੋਤ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਪੰਜ ਹੋਰ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ।

ਇਹ ਵੀ ਪੜ੍ਹੋ:

'ਸ਼ਹਿਰ ਦੀ ਸਭ ਤੋਂ ਆਲੀਸ਼ਾਨ ਕੋਠੀ ਚਲੇ ਜਾਓ'

ਬੀਬੀਸੀ ਪੰਜਾਬੀ ਟੀਮ ਚਮਕੌਰ ਸਾਹਿਬ ਦੇ ਮੋਰਿੰਡਾ ਸ਼ਹਿਰ ਪੁੱਜੀ ਤਾਂ ਕਿ ਹਲਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਇੱਥੋਂ ਦੇ ਮੁੱਦੇ ਤੇ ਸ਼ਹਿਰ ਦਾ ਹਾਲ ਜਾਣਿਆ ਜਾਵੇ।

ਮੁੱਖ ਮੰਤਰੀ ਸਾਹਿਬ ਦਾ ਘਰ ਲੱਭਣਾ ਬਿਲਕੁਲ ਸੌਖਾ ਸੀ।

ਜਿਸ ਨੂੰ ਵੀ ਇਹ ਸਵਾਲ ਕੀਤਾ ਉਸ ਦਾ ਜਵਾਬ ਸੀ ਕਿ ਸ਼ਹਿਰ ਦੀ ਸਭ ਤੋਂ ਆਲੀਸ਼ਾਨ ਕੋਠੀ ਚਲੇ ਜਾਓ।

ਚਰਨਜੀਤ ਸਿੰਘ ਚੰਨੀ

ਚਿੱਟੇ ਰੰਗ ਦੀ ਆਲੀਸ਼ਾਨ ਮਹਿਲ ਵਰਗੀ ਕੋਠੀ 'ਚ ਪੁੱਜੇ ਤੇ ਕਿਸੇ ਨੇ ਅੰਦਰ ਜਾਣ ਤੋਂ ਨਹੀਂ ਰੋਕਿਆ,ਹਾਲਾਂਕਿ ਚਾਰੇ ਪਾਸੇ ਪੁਲਿਸ ਤੇ ਸੁਰੱਖਿਆ ਕਰਮੀਂ ਮੌਜੂਦ ਸੀ।

ਜੋ ਆਉਣ-ਜਾਣ ਵਾਲੇ ਲੋਕਾਂ ਉੱਤੇ ਕਰੀਬੀ ਨਜ਼ਰ ਤਾਂ ਰੱਖ ਰਹੇ ਸੀ ਪਰ ਕੋਈ ਰੋਕ ਨਹੀਂ ਰਿਹਾ ਸੀ।

ਚੋਣਾਂ ਦਾ ਕੁੱਝ ਫ਼ਾਇਦਾ ਤਾਂ ਹੁੰਦਾ ਹੀ ਹੈ।

ਦਰਅਸਲ ਹੇਠਲੀ ਮੰਜ਼ਿਲ ਸਾਰਿਆਂ ਵਾਸਤੇ ਖੁੱਲ੍ਹੀ ਸੀ ਤੇ ਦਫ਼ਤਰ ਬਣਾਇਆ ਗਿਆ ਸੀ। ਘਰ ਉੱਪਰ ਦੇ ਮੰਜ਼ਲਾਂ 'ਤੇ ਸੀ।

ਘਰ ਦੇ ਅੰਦਰ ਪੂਰਾ ਚੋਣਾਂ ਵਾਲਾਂ ਮਾਹੌਲ ਸੀ। ਬਾਹਰ ਵੱਡੇ 'ਲਾਣ' ਵਿੱਚ ਕੜੀ-ਚੌਲ ਅਤੇ ਚਾਹ -ਪਾਣੀ ਦਾ ਮੁਫ਼ਤ ਇੰਤਜ਼ਾਮ ਸੀ।

ਚਰਨਜੀਤ ਚੰਨੀ

ਤਸਵੀਰ ਸਰੋਤ, CHARANJIT CHANNI/TWITTER

50-60 ਲੋਕ ਬਾਹਰ ਧੁੱਪ ਸੇਕ ਰਹੇ ਸੀ।ਬਹੁਤੇ ਲੋਕ ਚਮਕੌਰ ਸਾਹਿਬ ਤੋਂ ਹੀ ਆਏ ਸੀ ਤੇ ਕੁੱਝ ਭਦੌੜ ਤੋਂ।

ਚੰਨੀ ਭਦੌੜ ਹਲਕੇ ਤੋਂ ਵੀ ਚੋਣ ਲੜ ਰਹੇ ਹਨ। ਕੋਈ ਚੰਨੀ ਦੀ ਇੰਤਜ਼ਾਰ ਕਰ ਰਿਹਾ ਸੀ ਤੇ ਕੋਈ ਵੈਸੇ ਹੀ ਬੈਠਾ ਲੱਗ ਰਿਹਾ ਸੀ।

ਚੰਨੀ ਆਪ ਤਾਂ ਉੱਥੇ ਨਹੀਂ ਸੀ। ਉੱਥੇ ਇਹੀ ਦੱਸਿਆ ਗਿਆ ਕਿ ਹੈਲੀਕਾਪਟਰ ਦੇ ਸਫ਼ਰ ਅਤੇ ਕਿਤੇ ਪ੍ਰਚਾਰ 'ਤੇ ਹਨ। ਉਨ੍ਹਾਂ ਦੀ ਪਤਨੀ ਵੀ ਨੇੜਲੇ ਪਿੰਡਾਂ ਵਿੱਚ ਪ੍ਰਚਾਰ 'ਤੇ ਸੀ।

ਉਨ੍ਹਾਂ ਦੇ ਤਿੰਨ ਭਰਾਵਾਂ ਵਿਚੋਂ ਵੱਡੇ, ਯਾਨੀ ਮਨਮੋਹਨ ਸਿੰਘ, ਆਉਣ-ਜਾਣ ਵਾਲੇ ਉਨ੍ਹਾਂ ਤੋਂ ਪੁੱਛਦੇ ਕਿ ਚੰਨੀ ਸਾਹਿਬ ਦਾ ਪ੍ਰਚਾਰ ਕਿਵੇਂ ਚੱਲ ਰਿਹਾ ਤੇ ਕੁੱਝ ਇਹ ਵੀ ਪੁੱਛਦੇ ਕਿ ਦੂਜੇ ਭਰਾ ਮਨੋਹਰ ਸਿੰਘ ਜੋ ਬਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਹਨ ਉਹ ਕਿਵੇਂ ਚੱਲ ਰਹੇ ਹਨ।

ਮੋਰਿੰਡਾ ਦੀ ਬਾਹਰ ਵਾਲੀ ਖ਼ਾਸ ਸੜਕ ਕੰਮ ਚੱਲ ਰਿਹਾ ਸੀ ਤੇ ਅਜਿਹਾ ਜਾਪਦਾ ਸੀ ਕਿ ਚੋਣਾਂ ਤੋਂ ਪਹਿਲਾਂ ਹੀ ਇਹ ਪੂਰਾ ਕਰ ਲਿਆ ਜਾਵੇਗਾ।

ਮੋਰਿੰਡਾ ਦੀ ਬਾਹਰ ਵਾਲੀ ਖ਼ਾਸ ਸੜਕ ਕੰਮ ਚੱਲ ਰਿਹਾ ਸੀ

ਮੋਰਿੰਡਾ ਦਾ ਬਹੁਤ ਪੁਰਾਣਾ ਬਾਜ਼ਾਰ ਵੇਖਿਆ ਤੇ ਬਾਜ਼ਾਰ ਦੀ ਭੀੜੀ ਗਲੀਆਂ ਦੇ ਦੋਵੇਂ ਪਾਸੇ ਦੁਕਾਨਦਾਰਾਂ ਨਾਲ ਵੀ ਗੱਲ ਕੀਤੀ ਤੇ ਨਾਲ ਹੀ ਇੱਥੋਂ ਦੇ ਹੋਰ ਵਸਨੀਕਾਂ ਨਾਲ ਵੀ।

ਮੋਰਿੰਡਾ ਵਿਖੇ ਬਹੁਤੇ ਲੋਕ ਇੱਥੋਂ ਦੀ ਤਰੱਕੀ ਦੀ ਗਤੀ ਤੋਂ ਖ਼ੁਸ਼ ਨਹੀਂ ਸੀ।

ਜੋ ਕੰਮ 50 ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸੀ ਉਹ ਹੁਣ ਹੋ ਰਹੇ ਹਨ। ਇਹ ਕੋਈ ਵਿਕਾਸ ਤਾਂ ਨਹੀਂ ਹੈ, ਇਹ ਕਹਿਣਾ ਸੀ ਰਵਿੰਦਰ ਸਿੰਘ ਜੋ ਗੁਰਦੁਆਰਾ ਵਿੱਚ 'ਗ੍ਰੰਥੀ' ਹਨ।

ਇੱਕ ਪ੍ਰਾਈਵੇਟ ਸੰਸਥਾ ਵਿੱਚ ਨੌਕਰੀ ਕਰਨ ਵਾਲੇ ਗੁਰਿੰਦਰ ਪਾਲ ਸਿੰਘ, ਜੋ ਪਿਛਲੇ 25 ਸਾਲਾਂ ਤੋ ਮੋਰਿੰਡਾ ਰਹਿ ਰਹੇ ਹਨ, ਦਾ ਕਹਿਣਾ ਸੀ ਕਿ ਨੌਜਵਾਨਾਂ ਦਾ ਸਭ ਤੋਂ ਵੱਡਾ ਮੁੱਦਾ ਸ਼ਹਿਰ ਦਾ ਵਿਕਾਸ ਨਹੀਂ ਹੈ, ਜੋ ਵੈਸੇ ਵੀ ਨਹੀਂ ਹੋਇਆ।

ਬੇਰੁਜ਼ਗਾਰੀ ਹੈ ਸਭ ਤੋਂ ਵੱਡਾ ਮੁੱਦਾ

ਸਭ ਤੋਂ ਵੱਡਾ ਮੁੱਦਾ ਹੈ ਬੇਰੁਜ਼ਗਾਰੀ। ਛੇ ਸਾਲ ਪਹਿਲਾਂ ਬੀ ਟੈੱਕ ਕੀਤੀ ਸੀ ਤੇ ਅਜੇ ਤੱਕ ਕੋਈ ਚੰਗੀ ਨੌਕਰੀ ਨਹੀਂ ਮਿਲੀ। ਜੇ ਲੋਕਾਂ ਨੂੰ ਰੁਜ਼ਗਾਰ ਮਿਲੇ ਤਾਂ ਤਰੱਕੀ ਤੇ ਵਿਕਾਸ ਆਪਣੇ ਆਪ ਹੀ ਹੋ ਜਾਵੇਗਾ।

ਦੀਪਕ ਭਾਟੀਆ ਇੱਕ ਦੁਕਾਨਦਾਰ ਹਨ, ਜੋ ਇੱਥੇ ਦੇ ਹੀ ਜੰਮੇ ਹੋਏ ਸੀ। ਉਹ ਦੱਸਦੇ ਹਨ ਕਿ ਮੋਰਿੰਡਾ ਦਾ ਹਾਲ ਉਨ੍ਹਾਂ ਤੇ ਬਚਪਨ ਵਿੱਚ ਵੀ ਉਹੀ ਸੀ. ਜੋ ਦੋ ਦਹਾਕਿਆਂ ਬਾਅਦ ਅੱਜ ਦੇ ਬੱਚਿਆਂ ਦਾ ਹੈ।

"ਉਦੋਂ ਅਸੀਂ ਚੰਡੀਗੜ੍ਹ ਪੜ੍ਹਨ ਤੇ ਖੇਡਣ ਜਾਂਦੇ ਸੀ, ਜੋ ਅੱਜ ਵੀ ਬੱਚਿਆਂ ਨੂੰ ਕਰਨਾ ਪੈਂਦਾ ਹੈ।"

ਚੰਨੀ ਨੂੰ ਨਿਸ਼ਚਤ ਤੌਰ 'ਤੇ ਉਸ ਵੇਲੇ ਉਤਸ਼ਾਹ ਮਿਲਿਆ ਜਦੋਂ ਰਾਹੁਲ ਗਾਂਧੀ ਨੇ ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਵਜੋਂ ਐਲਾਨਿਆ ਸੀ,ਪਰ ਜੋ ਚੀਜ਼ ਉਨ੍ਹਾਂ ਖ਼ਿਲਾਫ਼ ਹੈ ਉਹ ਹੈ ਐਂਟੀ-ਇਨਕੰਬੈਂਸੀ ਯਾਨੀ ਸੱਤਾ-ਵਿਰੋਧੀ ਹਵਾ ਦਾ ਰੁਖ਼।

ਉਨ੍ਹਾਂ ਦੇ ਵਿਰੋਧੀ, 'ਆਪ' ਦੇ ਅੱਖਾਂ ਦੇ ਸਰਜਨ, ਡਾਕਟਰ ਚਰਨਜੀਤ ਸਿੰਘ, ਵੋਟਰਾਂ ਨੂੰ ਇਹ ਕਹਿ ਰਹੇ ਹਨ ਕਿ ਉਹ ਆਮ ਆਦਮੀ ਹਨ, ਜਦੋਂ ਕਿ ਚੰਨੀ ਖ਼ਾਸ।

2017 ਵਿੱਚ ਚੰਨੀ ਨੇ ਡਾਕਟਰ ਚਰਨਜੀਤ ਨੂੰ 12,308 ਵੋਟਾਂ ਨਾਲ ਹਰਾ ਕੇ ਸੀਟ ਜਿੱਤੀ ਸੀ।

ਡਾਕਟਰ ਚਰਨਜੀਤ ਸਿੰਘ

ਡਾਕਟਰ ਚਰਨਜੀਤ ਕਹਿੰਦੇ ਸੁਣਾਈ ਦਿੰਦੇ ਹਨ ਕਿ ਸੀ ਐੱਮ ਚੰਨੀ ਤਾਂ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਮੈਂ ਸਮਾਜ ਦੀ ਸੇਵਾ ਕੀਤੀ ਹੈ ਅਤੇ ਚੋਣ ਹਾਰਨ ਤੋਂ ਬਾਅਦ ਵੀ ਇਲਾਕੇ ਵਿਚ ਰਿਹਾ ਹਾਂ।.

ਉਹ ਰੇਤ ਦੀ ਕਥਿਤ ਗੈਰ-ਕਾਨੂੰਨੀ ਮਾਈਨਿੰਗ ਦੀ ਗੱਲ ਵੀ ਕਰਦੇ ਹਨ ਤੇ ਨਾਲ ਹੀ ਲੋਕਾਂ ਦੇ ਸਾਹਮਣੇ ਦਾਅਵਾ ਕਰਦੇ ਹਨ ਕਿ ਚੰਨੀ ਨੇ ਹਾਰ ਦੇ ਡਰ ਤੋਂ ਭਦੌੜ ਤੋਂ ਵੀ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।

ਡਾ: ਚਰਨਜੀਤ ਮੁੱਖ ਮੰਤਰੀ ਦੇ ਭਤੀਜੇ ਤੋਂ ਈ ਡੀ ਦੁਆਰਾ ਪੈਸੇ ਦੀ ਵਸੂਲੀ ਨੂੰ ਵੀ ਉਜਾਗਰ ਕਰਦੇ ਹਨ।

ਵਿਰੋਧੀ ਕਰਦੇ ਹਨ ਦਿੱਲੀ ਮਾਡਲ ਦੀ ਗੱਲ

ਇਸ ਤੋਂ ਇਲਾਵਾ ਉਹ ਵੋਟਰਾਂ ਨੂੰ ਯਕੀਨ ਦਿਵਾਉਣ ਲਈ ਵਿਕਾਸ ਦੇ ਦਿੱਲੀ ਮਾਡਲ ਦਾ ਹਵਾਲਾ ਦਿੰਦੇ ਹਨ ਕਿ ਜੇਕਰ 'ਆਪ' ਸੱਤਾ ਵਿੱਚ ਆਉਂਦੀ ਹੈ ਤਾਂ ਉਨ੍ਹਾਂ ਨੂੰ ਵੀ ਅਜਿਹਾ ਹੀ ਮਿਲੇਗਾ।

ਅਕਾਲੀ-ਬਸਪਾ ਉਮੀਦਵਾਰ ਹਰਮੋਹਨ ਸਿੰਘ ਸੰਧੂ, ਜੋ ਸੇਵਾਮੁਕਤ ਪੁਲਿਸ ਅਧਿਕਾਰੀ ਹਨ, ਵੀ ਚੰਨੀ ਨੂੰ ਚੁਨੌਤੀ ਦੇ ਰਹੇ ਹਨ ।

ਸੰਧੂ ਦਾ ਦਾਅਵਾ ਹੈ ਕਿ ਸੂਬੇ ਵਿੱਚ ਵਿਕਾਸ ਸਿਰਫ਼ ਅਕਾਲੀ-ਬਸਪਾ ਹੀ ਲਿਆ ਸਕਦੀ ਹੈ।

ਵੀਡੀਓ ਕੈਪਸ਼ਨ, ਚਰਨਜੀਤ ਸਿੰਘ ਚੰਨੀ: ‘ਅੱਜ ਤੱਕ ਮੇਰੇ ਖ਼ਿਲਾਫ਼ ਕੋਈ ਸ਼ਿਕਾਇਤ ਹੈ, ਐਂਵੇ ਧੂੰਏ ਦੇ ਪਹਾੜ ਬਣਾਈ ਜਾਂਦੇ ਹਨ’

ਉਹ ਇਲਜ਼ਾਮ ਲਾਉਂਦੇ ਹਨ ਕਿ ਚੰਨੀ ਉਨ੍ਹਾਂ ਦੇ ਭਤੀਜੇ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਤੋਂ ਬਾਅਦ ਪਹਿਲਾਂ ਹੀ ਬੇਨਕਾਬ ਹੋ ਚੁੱਕੇ ਹਨ।

ਯਾਦ ਰਹੇ ਕਿ ਚੰਨੀ ਪਹਿਲਾਂ ਤੋ ਹੀ ਕਹਿੰਦੇ ਆ ਰਹੇ ਹਨ ਕਿ ਇਹ ਛਾਪੇ ਚੋਣਾਂ ਤੋ ਪਹਿਲਾਂ ਉਨ੍ਹਾਂ ਨੂੰ ਬਦਨਾਮ ਕਰਨ ਵਾਸਤੇ ਮਾਰੇ ਗਏ ਹਨ ਤੇ ਉਨ੍ਹਾਂ ਨੇ ਕੋਈ ਵੀ ਗ਼ਲਤ ਕੰਮ ਨਹੀਂ ਕੀਤਾ.

ਇਸ ਤੋਂ ਇਲਾਵਾ ਹਰਮੋਹਨ ਸਿੰਘ ਸੰਧੂ ਮਾਈਨਿੰਗ ਮਾਫ਼ੀਆ ਨੂੰ ਖ਼ਤਮ ਕਰਨ ਦਾ ਦਾਅਵਾ ਕਰਦੇ ਹਨ । ਉਹ ਕਹਿੰਦੇ ਹਨ ਕਿ ਬਸਪਾ ਨੂੰ ਵੋਟ ਵਿਕਾਸ ਲਈ ਵੋਟ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)