ਅਮਰੀਕਾ ਦੇ ਵਿਅਕਤੀ ਨੂੰ ਲਗਾਇਆ 'ਸੂਰ' ਦਾ ਦਿਲ, ਦੁਨੀਆਂ 'ਚ ਪਹਿਲੀ ਵਾਰ ਹੋਇਆ ਅਜਿਹਾ ਟ੍ਰਾਂਸਪਲਾਂਟ - ਪ੍ਰੈੱਸ ਰਿਵੀਊ

ਅਮਰੀਕਾ ਦੇ ਇੱਕ ਵਿਅਕਤੀ ਨੂੰ ਜੈਨੇਟਿਕ ਤੌਰ 'ਤੇ ਸੋਧੇ ਹੋਏ ਸੂਰ ਦਾ ਦਿਲ ਲਗਾਇਆ ਗਿਆ ਹੈ ਅਤੇ ਅਜਿਹਾ ਟ੍ਰਾਂਸਪਲਾਂਟ ਕਰਵਾਉਣ ਵਾਲੇ ਉਹ ਦੁਨੀਆ ਦੇ ਪਹਿਲਾ ਵਿਅਕਤੀ ਬਣ ਗਏ ਹਨ।

57 ਸਾਲਾ ਡੇਵਿਡ ਬੇਨੇਟ ਦਾ ਇਹ ਆਪ੍ਰੇਸ਼ਨ ਸੱਤ ਘੰਟਿਆਂ ਤੱਕ ਚੱਲਿਆ ਅਤੇ ਡਾਕਟਰਾਂ ਮੁਤਾਬਕ, ਸਰਜਰੀ ਤੋਂ ਤਿੰਨ ਦਿਨਾਂ ਬਾਅਦ ਡੇਵਿਡ ਦੀ ਹਾਲਤ ਠੀਕ ਹੈ।

ਬੀਬੀਸੀ ਡਾਟ ਕਾਮ ਦੀ ਖ਼ਬਰ ਮੁਤਾਬਕ, ਇਸ ਟ੍ਰਾਂਸਪਲਾਂਟ ਨੂੰ ਡੇਵਿਡ ਦੀ ਜ਼ਿੰਦਗੀ ਬਚਾਉਣ ਦੀ ਆਖਰੀ ਉਮੀਦ ਮੰਨਿਆ ਜਾ ਰਿਹਾ ਸੀ, ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਲੰਮੇਂ ਸਮੇਂ ਤੱਕ ਬਚਣ ਦੀਆਂ ਕੀ ਸੰਭਾਵਨਾਵਾਂ ਹਨ।

ਇਸ ਆਧਾਰ 'ਤੇ ਕਿ ਨਹੀਂ ਤਾਂ ਡੇਵਿਡ ਦੀ ਮੌਤ ਹੋ ਜਾਵੇਗੀ, ਯੂਨੀਵਰਸਿਟੀ ਆਫ਼ ਮੈਰੀਲੈਂਡ ਮੈਡੀਕਲ ਸੈਂਟਰ ਦੇ ਡਾਕਟਰਾਂ ਨੂੰ ਯੂਐਸ ਮੈਡੀਕਲ ਰੈਗੂਲੇਟਰ ਦੁਆਰਾ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇੱਕ ਵਿਸ਼ੇਸ਼ ਛੂਟ ਦਿੱਤੀ ਗਈ ਸੀ।

ਟ੍ਰਾਂਸਪਲਾਂਟ ਕਰਨ ਵਾਲੀ ਮੈਡੀਕਲ ਟੀਮ ਲਈ, ਇਹ ਸਾਲਾਂ ਦੀ ਖੋਜ ਦੇ ਸਿਖਰ ਨੂੰ ਦਰਸਾਉਂਦਾ ਹੈ ਅਤੇ ਦੁਨੀਆ ਭਰ ਦੀਆਂ ਜ਼ਿੰਦਗੀਆਂ ਨੂੰ ਬਦਲ ਸਕਦਾ ਹੈ।

ਇਹ ਵੀ ਪੜ੍ਹੋ:

ਮਾਰਚ ਤੱਕ ਆ ਸਕਦੀ ਹੈ ਓਮੀਕਰੋਨ ਲਈ ਫਾਈਜ਼ਰ ਦੀ ਵੈਕਸੀਨ

ਫਾਈਜ਼ਰ ਕੰਪਨੀ ਦੇ ਮੁਖੀ ਨੇ ਸੋਮਵਾਰ ਨੂੰ ਕਿਹਾ ਕਿ ਸਾਨੂੰ ਉਮੀਦ ਹੈ ਕਿ ਓਮੀਕਰੋਨ ਵੇਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲੀ ਕੋਵਿਡ-19 ਵੈਕਸੀਨ ਮਾਰਚ ਵਿੱਚ ਤਿਆਰ ਹੋ ਜਾਵੇਗੀ।

ਫਾਈਜ਼ਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਲਬਰਟ ਬੋਰਲਾ ਨੇ ਸੀਐੱਨਬੀਸੀ ਨੂੰ ਦੱਸਿਆ ਕਿ ਕੰਪਨੀ ਪਹਿਲਾਂ ਹੀ ਖੁਰਾਕਾਂ ਤਿਆਰ ਕਰ ਰਹੀ ਹੈ ਕਿਉਂਕਿ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ ਅਤੇ ਓਮੀਕਰੋਨ ਕਾਰਨ ਟੀਕਾਕਰਨ ਵਾਲੇ ਲੋਕਾਂ ਵਿੱਚ ਫੈਲ ਰਹੀ ਲਾਗ ਨਾਲ ਸਰਕਾਰਾਂ ਪਰੇਸ਼ਾਨ ਹਨ ਅਤੇ ਇਸ ਵਿੱਚ ਡੂੰਘੀ ਦਿਲਚਸਪੀ ਦਿਖਾ ਰਹੀਆਂ ਹਨ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਬੋਰਲਾ ਨੇ ਕਿਹਾ, ''ਇਹ ਟੀਕਾ ਮਾਰਚ ਵਿੱਚ ਤਿਆਰ ਹੋ ਜਾਵੇਗਾ। ਮੈਨੂੰ ਨਹੀਂ ਪਤਾ ਕਿ ਸਾਨੂੰ ਇਸਦੀ ਲੋੜ ਪਵੇਗੀ ਜਾਂ ਨਹੀਂ। ਮੈਨੂੰ ਨਹੀਂ ਪਤਾ ਕਿ ਇਸਦੀ ਵਰਤੋਂ ਜੇ ਕੀਤੀ ਜਾਵੇਗੀ ਜਾਂ ਕਿਵੇਂ ਕੀਤੀ ਜਾਵੇਗੀ।"

ਉਨ੍ਹਾਂ ਕਿਹਾ ਕਿ ਵੈਕਸੀਨ ਦੀਆਂ ਦੋ ਖੁਰਾਕਾਂ ਅਤੇ ਇੱਕ ਬੂਸਟਰ ਡੋਜ਼ ਨੇ ਓਮੀਕਰੋਨ ਤੋਂ ਗੰਭੀਰ ਸਿਹਤ ਪ੍ਰਭਾਵਾਂ ਦੇ ਵਿਰੁੱਧ "ਵਾਜਬ" ਸੁਰੱਖਿਆ ਪ੍ਰਦਾਨ ਕੀਤੀ ਹੈ।

ਪਰ ਓਮੀਕਰੋਨ ਵੇਰੀਐਂਟ ਲਈ ਖਾਸ ਤੌਰ 'ਤੇ ਤਿਆਰ ਟੀਕਾ ਇਸ ਲਾਗ ਨੂੰ ਰੋਕਣ ਵਿੱਚ ਹੋਰ ਵਧੇਰੇ ਮਦਦ ਕਰੇਗਾ।

ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਕੋਰਟ ਤੋਂ ਰਾਹਤ, ਆਸਟਰੇਲੀਅਨ ਓਪਨ 2022 ਖੇਡਣ ਦੀ ਮਨਜ਼ੂਰੀ ਮਿਲੀ

ਸਰਬੀਆਈ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ ਕਰਨ ਦੇ ਆਸਟਰੇਲੀਆਈ ਸਰਕਾਰ ਦੇ ਫੈਸਲੇ ਨੂੰ ਸੋਮਵਾਰ ਨੂੰ ਮੈਲਬੌਰਨ ਵਿੱਚ ਫ਼ੇਡਰਲ ਸਰਕਟ ਅਤੇ ਫੈਮਿਲੀ ਕੋਰਟ ਨੇ ਰੱਦ ਕਰ ਦਿੱਤਾ ਹੈ।

ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਜੱਜ ਐਂਥਨੀ ਕੈਲੀ ਨੇ ਜੋਕੋਵਿਚ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਦਾ ਪਾਸਪੋਰਟ ਤੇ ਹੋਰ ਯਾਤਰਾ ਦਸਤਾਵੇਜ਼ ਉਨ੍ਹਾਂ ਨੂੰ ਵਾਪਸ ਕਰ ਦਿੱਤੇ, ਜਿਸ ਨਾਲ ਉਨ੍ਹਾਂ ਦੇ ਆਗਾਮੀ ਆਸਟਰੇਲੀਅਨ ਓਪਨ ਵਿੱਚ ਰਿਕਾਰਡ 21ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੀ ਉਮੀਦ ਫਿਰ ਤੋਂ ਜਾਗ ਗਈ ਹੈ।

ਜੋਕੋਵਿਚ ਆਸਟਰੇਲੀਅਨ ਓਪਨ ਵਿੱਚ ਹਿੱਸਾ ਲੈਣ ਲਈ ਆਸਟਰੇਲੀਆ ਪਹੁੰਚੇ ਸਨ ਅਤੇ ਆਸਟਰੇਲੀਆਈ ਸਰਕਾਰ ਨੇ ਉਨ੍ਹਾਂ ਦੇ ਪਹੁੰਚਣ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਸੀ।

ਅਧਿਕਾਰੀਆਂ ਮੁਤਾਬਕ, ਉਨ੍ਹਾਂ ਨੇ ਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਟੀਕਾ ਨਹੀਂ ਲਗਵਾਇਆ ਹੋਇਆ ਸੀ। ਜੋਕੋਵਿਚ ਨੇ ਇਸ ਫੈਸਲੇ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਕੋਵਿਡ-19 ਟੀਕਾਕਰਨ ਤੋਂ ਛੋਟ ਮਿਲੀ ਹੈ।

ਜੋਕੋਵਿਚ ਦੇ ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਉਨ੍ਹਾਂ ਨੂੰ ਟੀਕਾ ਨਹੀਂ ਲੱਗਾ ਹੈ, ਪਰ ਉਨ੍ਹਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਟੀਕਾ ਲਗਵਾਉਣ ਦੇ ਸਬੂਤ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਉਨ੍ਹਾਂ ਨੂੰ ਪਿਛਲੇ ਮਹੀਨੇ ਹੀ ਕੋਰੋਨਵਾਇਰਸ ਹੋਇਆ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)