ਕੋਰੋਨਾਵਾਇਰਸ: ਬੂਸਟਰ ਡੋਜ਼ ਕਿਸ ਨੂੰ, ਕਿੱਥੇ ਅਤੇ ਕਿਵੇਂ ਮਿਲੇਗੀ, ਸਮਝੋ ਪੂਰੀ ਪ੍ਰਕਿਰਿਆ

ਭਾਰਤ 'ਚ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼, ਜਿਸ ਨੂੰ ਪ੍ਰਿਕੋਸ਼ਨ ਡੋਜ਼ ਜਾਂ ਸਾਵਧਾਨੀ ਵਾਲੀ ਖੁਰਾਕ ਵੀ ਕਿਹਾ ਜਾ ਰਿਹਾ ਹੈ, 10 ਜਨਵਰੀ ਤੋਂ ਲੱਗਣੀ ਸ਼ੁਰੂ ਹੋ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ, 2021 ਨੂੰ ਸਿਹਤ ਸੰਭਾਲ ਕਰਮਚਾਰੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਡੋਜ਼ ਦਾ ਐਲਾਨ ਕੀਤਾ ਸੀ।

ਦੇਸ਼ ਦੀ ਕੋਵਿਡ ਟਾਸਕ ਫੋਰਸ ਦੇ ਮੁਖੀ ਅਤੇ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀਕੇ ਪਾਲ ਨੇ ਦੱਸਿਆ ਕਿ ਬੂਸਟਰ ਖੁਰਾਕ ਉਹੀ ਲੱਗੇਗੀ, ਜੋ ਕਿ ਪਹਿਲੀਆਂ ਦੋ ਖੁਰਾਕਾਂ ਲੱਗੀਆਂ ਹਨ।

ਜਿਵੇਂ, ਜੇ ਕਿਸੇ ਨੂੰ ਪਹਿਲੀ ਅਤੇ ਦੂਜੀ ਖੁਰਾਕ ਕੋਵੀਸ਼ੀਲਡ ਦੀ ਲੱਗੀ ਹੈ ਤਾਂ, ਤੀਜੀ ਖੁਰਾਕ ਵੀ ਕੋਵੀਸ਼ੀਲਡ ਦੀ ਹੀ ਲੱਗੇਗੀ।

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਐੱਨਐੱਚਐੱਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਰੋਨਾਵਾਇਰਸ, ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਪਹਿਲੀਆਂ ਦੋ ਖੁਰਾਕਾਂ ਤੋਂ ਮਿਲੀ ਸੁਰੱਖਿਆ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੀ ਹੈ।

ਇਹ ਤੁਹਾਨੂੰ ਕੋਵਿਡ-19 ਕਾਰਨ ਗੰਭੀਰ ਰੂਪ 'ਚ ਬਿਮਾਰ ਹੋਣ ਤੋਂ ਲੰਮੇ ਸਮੇਂ ਤੱਕ ਬਚਾਉਂਦੀ ਹੈ।

ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿੰਨ੍ਹਾਂ ਲੋਕਾਂ ਨੂੰ ਪਹਿਲਾਂ ਕੋਵੀਸ਼ੀਲਡ ਦਾ ਟੀਕਾ ਲੱਗਿਆ ਹੈ, ਉਨ੍ਹਾਂ ਨੂੰ ਕੋਵੀਸ਼ੀਲਡ ਦੀ ਹੀ ਬੂਸਟਰ ਖੁਰਾਕ ਦਿੱਤੀ ਜਾਵੇਗੀ ਅਤੇ ਜਿੰਨ੍ਹਾਂ ਲੋਕਾਂ ਨੂੰ ਪਹਿਲਾਂ ਕੋਵੈਕਸਿਨ ਲੱਗੀ ਹੈ, ਉਨ੍ਹਾਂ ਨੂੰ ਕੋਵੈਕਸਿਨ ਦੀ ਹੀ ਬੂਸਟਰ ਖੁਰਾਕ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:

ਫਿਲਹਾਲ ਭਾਰਤ 'ਚ ਕੋਵੀਸ਼ੀਲਡ, ਕੋਵੈਕਸਿਨ ਅਤੇ ਸਪੁਤਨਿਕ ਟੀਕੇ ਲਗਾਏ ਜਾ ਰਹੇ ਹਨ। ਇਹ ਟੀਕੇ ਤੁਹਾਡੇ ਸਰੀਰ ਨੂੰ ਬਿਮਾਰੀ ਜਾਂ ਵਾਇਰਲ ਇਨਫੈਕਸ਼ਨ ਨਾਲ ਲੜਨ ਦੀ ਤਾਕਤ ਦਿੰਦੇ ਹਨ।

ਪਰ ਅਸਲ 'ਚ ਬੂਸਟਰ ਖੁਰਾਕ ਹੈ ਕੀ, ਇਹ ਓਮੀਕ੍ਰੋਨ ਖਿਲਾਫ ਕਿਵੇਂ ਅਤੇ ਕਿੰਨੀ ਪ੍ਰਭਾਵਸ਼ਾਲੀ ਹੈ? ਅਤੇ ਭਾਰਤ ਨੇ ਇਸ ਨੂੰ ਹੁਣ ਹੀ ਦੇਣ ਦਾ ਫੈਸਲਾ ਕਿਉਂ ਕੀਤਾ ਹੈ?

ਅਤੇ ਜੇਕਰ ਤੁਸੀਂ ਇਸ ਨੂੰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੀ ਕਰਨਾ ਪਵੇਗਾ?

ਆਓ ਜਾਣਦੇ ਹਾਂ ਅਜਿਹੇ ਹੀ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ...

ਬੂਸਟਰ ਡੋਜ਼ ਕੀ ਹੈ ?

ਜਦੋਂ ਅਸੀਂ ਕਿਸੇ ਬਿਮਾਰੀ ਤੋਂ ਬਚਣ ਲਈ ਟੀਕਾ ਲਗਵਾਉਂਦੇ ਹਾਂ ਤਾਂ ਅਸੀਂ ਆਪਣੇ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਨੂੰ ਉਸ ਬਿਮਾਰੀ ਨਾਲ ਲੜਨ ਲਈ ਤਿਆਰ ਕਰਦੇ ਹਾਂ। ਪਰ ਕਈ ਵਾਰ ਟੀਕੇ ਦੀਆਂ ਇੱਕ ਤੋਂ ਵੱਧ ਖੁਰਾਕਾਂ ਲੈਣੀਆਂ ਪੈਂਦੀਆਂ ਹਨ।

ਕੋਵਿਡ ਬੂਸਟਰ ਡੋਜ਼, ਵੈਕਸੀਨ ਦੀ ਇੱਕ ਵਾਧੂ ਖੁਰਾਕ ਹੈ, ਜਿਸ ਨੂੰ ਉਸ ਸਮੇਂ ਦਿੱਤਾ ਜਾਂਦਾ ਹੈ ਜਦੋਂ ਟੀਕੇ ਦੇ ਅਸਲ ਸ਼ਾਟ (ਬੂਸਟਰ ਡੋਜ਼ ਤੋਂ ਪਹਿਲਾਂ ਵਾਲੀ ਖੁਰਾਕ) ਤੋਂ ਮਿਲੀ ਸੁਰੱਖਿਆ ਸਮੇਂ ਦੇ ਨਾਲ ਘੱਟ ਹੋਣ ਲੱਗਦੀ ਹੈ।

ਆਮ ਤੌਰ 'ਤੇ ਸ਼ੁਰੂਆਤੀ ਖੁਰਾਕ ਤੋਂ ਮਿਲੀ ਪ੍ਰਤੀਰੋਧਕ ਸ਼ਕਤੀ ਹੌਲੀ-ਹੌਲੀ ਘੱਟ ਹੋਣ ਦੀ ਸੂਰਤ 'ਚ ਬੂਸਟਰ ਡੋਜ਼ ਦਿੱਤੀ ਜਾਂਦੀ ਹੈ ਅਤੇ ਬੂਸਟਰ ਖੁਰਾਕ ਉਸ ਪ੍ਰਤੀਰੋਧਕ ਸ਼ਕਤੀ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਣ 'ਚ ਮਦਦਗਾਰ ਹੁੰਦੀ ਹੈ।

ਭਾਰਤ 'ਚ ਬੂਸਟਰ ਡੋਜ਼ ਨੂੰ 'ਸਾਵਧਾਨੀ ਵਾਲੀ ਖੁਰਾਕ' ਕਿਹਾ ਜਾ ਰਿਹਾ ਹੈ। 25 ਦਸੰਬਰ, 2021 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸਾਵਧਾਨੀ ਵਰਤਦਿਆਂ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਟੀਕੇ ਦੀ ਪ੍ਰਿਕੋਸ਼ਨ ਡੋਜ਼ ਵੀ ਸ਼ੁਰੂ ਕੀਤੀ ਜਾਵੇਗੀ।"

ਬੀਬੀਸੀ ਦੇ ਸਿਹਤ ਅਤੇ ਵਿਗਆਨ ਪੱਤਰਕਾਰ ਜੇਮਸ ਗੈਲਾਹਰ ਦਾ ਕਹਿਣਾ ਹੈ ਕਿ ਇਹ ਕਿਸੇ ਹੱਦ ਤੱਕ ਸਾਡੇ ਸਕੂਲ ਵਰਗਾ ਹੈ।

ਜੇਮਸ ਕਹਿੰਦੇ ਹਨ, " ਪਹਿਲੀ ਖੁਰਾਕ ਤੁਹਾਡਾ ਐਲੀਮੈਂਟਰੀ ਸਕੂਲ ਹੈ, ਜਿਸ 'ਚ ਤੁਸੀਂ ਵਰਣਮਾਲਾ ਸਿੱਖਦੇ ਹੋ। ਤੁਹਾਨੂੰ ਕਈ ਵਿਸ਼ਿਆਂ ਦਾ ਮੁਢਲਾ ਗਿਆਨ ਇੱਥੋਂ ਹੀ ਮਿਲਦਾ ਹੈ। ਪਰ ਇਹ ਕਾਫ਼ੀ ਨਹੀਂ ਹੈ। ਇਸ ਲਈ ਤੁਸੀਂ ਮਿਡਲ ਸਕੂਲ ਅਤੇ ਕਾਲਜ ਜਾਂ ਯੂਨੀਵਰਸਿਟੀ 'ਚ ਜਾਂਦੇ ਹੋ।"

ਕਿਸ ਨੂੰ ਮਿਲੇਗੀ ਬੂਸਟਰ ਡੋਜ਼?

ਕਈ ਦੇਸ਼ਾਂ 'ਚ ਸਾਰੇ ਨਾਗਰਿਕਾਂ ਲਈ ਬੂਸਟਰ ਖੁਰਾਕ ਸ਼ੁਰੂ ਕਰ ਦਿੱਤੀ ਗਈ ਹੈ। ਪਰ ਭਾਰਤ 'ਚ ਫਿਲਹਾਲ ਬੂਸਟਰ ਖੁਰਾਕ ਡਾਕਟਰਾਂ, ਸਿਹਤ ਮੁਲਾਜ਼ਮਾਂ ਅਤੇ ਫਰੰਟਲਾਈਨ ਵਰਕਰਾਂ ਨੂੰ ਹੀ ਦਿੱਤੀ ਜਾਵੇਗੀ।

60 ਸਾਲ ਤੋਂ ਵੱਧ ਉਮਰ ਦੇ ਕੋਮੋਰਬਿਡੀਟੀ ਵਾਲੇ (ਹੋਰ ਪੁਰਾਣੇ ਰੋਗਾਂ ਵਾਲੇ) ਨਾਗਰਿਕਾਂ ਕੋਲ ਵੀ ਉਨ੍ਹਾਂ ਦੇ ਡਾਕਟਰ ਦੀ ਸਲਾਹ 'ਤੇ ਇਸ ਬੂਸਟਰ ਖੁਰਾਕ ਦਾ ਬਦਲ ਮੌਜੂਦ ਹੋਵੇਗਾ।

ਬੂਸਟਰ ਡੋਜ਼ ਲਗਾਉਣ ਦਾ ਕੰਮ 10 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ।

ਤੁਸੀਂ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਕਦੋਂ ਤੋਂ ਲੈ ਸਕਦੇ ਹੋ?

10 ਜਨਵਰੀ ਤੋਂ ਬੂਸਟਰ ਡੋਜ਼ ਲੱਗਣੀ ਸ਼ੁਰੂ ਹੋ ਗਈ ਹੈ।

ਕੇਂਦਰ ਸਰਕਾਰ ਨੇ ਇਸ ਨਾਲ ਸਬੰਧਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਪ੍ਰਿਕੋਸ਼ਨ ਡੋਜ਼ ਨੂੰ ਲੈਣ ਸਬੰਧੀ ਯੋਗਤਾ ਅਤੇ ਸਲਾਟ ਬੁਕਿੰਗ ਬਾਰੇ ਸਥਿਤੀ ਸਪੱਸ਼ਟ ਕੀਤੀ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸਿਹਤ ਸੰਭਾਲ ਕਰਮਚਾਰੀ, ਫਰੰਟਲਾਈਨ ਵਰਕਰ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਇਸ ਬੂਸਟਰ ਡੋਜ਼ ਨੂੰ ਲੈਣ ਦੇ ਯੋਗ ਹਨ।

ਇਸ ਤੋਂ ਇਲਾਵਾ ਇਹ ਖੁਰਾਕ ਦੂਜੀ ਖੁਰਾਕ ਲੈਣ ਤੋਂ 9 ਮਹੀਨੇ ਬਾਅਦ, ਭਾਵ ਦੂਜੀ ਖੁਰਾਕ ਦੀ ਮਿਤੀ ਤੋਂ 39 ਹਫ਼ਤਿਆਂ ਬਾਅਦ ਹੀ ਦਿੱਤੀ ਜਾਵੇਗੀ।

ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਬੂਸਟਰ ਡੋਜ਼ ਦੇ ਲਾਭਪਾਤਰੀਆਂ ਨੂੰ ਕੋਵਿਨ ਵੱਲੋਂ ਇੱਕ ਟੈਕਸਟ ਮੈਸੇਜ ਭੇਜਿਆ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਵੈਕਸੀਨ ਦੀ ਤੀਜੀ ਖੁਰਾਕ ਲੈਣੀ ਹੈ।

ਕੋਵਿਡ-19 ਦੀ ਬੂਸਟਰ ਡੋਜ਼ ਲੈਣ ਲਈ ਕਿਵੇਂ ਰਜਿਸਟਰ ਕੀਤਾ ਜਾਵੇ?

ਬੂਸਟਰ ਖੁਰਾਕ ਦੇ ਯੋਗ ਲੋਕ ਕੋਵਿਨ ਪਲੇਟਫਾਰਮ (CoWIN) 'ਤੇ ਵੈਕਸੀਨੇਸ਼ਨ ਸਲਾਟ ਬੁੱਕ ਕਰ ਸਕਦੇ ਹਨ। ਖੁਰਾਕ ਲੈਣ ਲਈ ਟੀਕਾਕਰਨ ਕੇਂਦਰ 'ਚ ਜਾ ਕੇ ਵੀ ਸਲਾਟ ਬੁੱਕ ਕੀਤਾ ਜਾ ਸਕਦਾ ਹੈ ਅਤੇ ਬੂਸਟਰ ਖੁਰਾਕ ਲਗਵਾਈ ਜਾ ਸਕਦੀ ਹੈ।

ਹਾਲਾਂਕਿ ਇਸ ਦੇ ਲਈ ਯੋਗ ਵਿਅਕਤੀ ਨੂੰ ਪਹਿਲਾਂ ਤੋਂ ਹੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜਿਸ ਕੇਂਦਰ 'ਚ ਉਹ ਜਾਣਾ ਚਾਹੁੰਦਾ ਹੈ, ਉੱਥੇ ਵਾਕ-ਇਨ ਦੀ ਸਹੂਲਤ ਮੌਜੂਦ ਹੈ ਜਾਂ ਨਹੀਂ।

60 ਸਾਲ ਤੋਂ ਵੱਧ ਉਮਰ ਦੇ ਯੋਗ ਲੋਕਾਂ ਨੂੰ ਸਿਰਫ ਡਾਕਟਰ ਦੀ ਸਲਾਹ ਦੇ ਅਧਾਰ 'ਤੇ ਹੀ 'ਪ੍ਰਿਕੋਸ਼ਨਰੀ ਡੋਜ਼' ਦਿੱਤੀ ਜਾਵੇਗੀ। ਅਜਿਹੇ 'ਚ ਉਨ੍ਹਾਂ ਨੂੰ ਬੂਸਟਰ ਖੁਰਾਕ ਲੈਣ ਲਈ ਟੀਕਾਕਰਨ ਕੇਂਦਰ ਵਿਖੇ ਕੋਮੋਰਬਿਡੀਟੀ ਦਾ ਸਰਟੀਫਿਕੇਟ ਲੈ ਕੇ ਜਾਣਾ ਪਵੇਗਾ।

ਕੋਵਿਡ-19 ਬੂਸਟਰ ਖੁਰਾਕ 'ਚ ਕਿਹੜਾ ਟੀਕਾ ਲਗਾਇਆ ਜਾਵੇਗਾ?

ਭਾਰਤ ਦੀ ਕੋਵਿਡ ਟਾਸਕ ਫੋਰਸ ਦੇ ਮੁਖੀ ਅਤੇ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪਾਲ ਨੇ ਦੱਸਿਆ ਕਿ ਟੀਕਾ ਲਗਵਾਉਣ ਯੋਗ ਲੋਕਾਂ ਨੂੰ ਉਸੇ ਕੰਪਨੀ ਦੀ ਬੂਸਟਰ ਡੋਜ਼ ਦਿੱਤੀ ਜਾਵੇਗੀ, ਜਿੰਨ੍ਹਾਂ ਦੀ ਪਹਿਲੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਜਿੰਨ੍ਹਾਂ ਲੋਕਾਂ ਨੂੰ ਪਹਿਲਾਂ ਕੋਵੀਸ਼ੀਲਡ ਦਾ ਟੀਕਾ ਲੱਗਿਆ ਹੈ, ਉਨ੍ਹਾਂ ਨੂੰ ਕੋਵੀਸ਼ੀਲਡ ਦੀ ਹੀ ਬੂਸਟਰ ਖੁਰਾਕ ਦਿੱਤੀ ਜਾਵੇਗੀ ਅਤੇ ਜਿੰਨ੍ਹਾਂ ਲੋਕਾਂ ਨੂੰ ਪਹਿਲਾਂ ਕੋਵੈਕਸਿਨ ਲੱਗੀ ਹੈ, ਉਨ੍ਹਾਂ ਨੂੰ ਕੋਵੈਕਸਿਨ ਦੀ ਹੀ ਬੂਸਟਰ ਖੁਰਾਕ ਦਿੱਤੀ ਜਾਵੇਗੀ।

ਬੂਸਟਰ ਖੁਰਾਕ ਦੇ ਲਈ ਕੋਵਿਡ ਵੈਕਸੀਨ ਨੂੰ ਮਿਸ਼ਰਤ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਅੱਗੇ ਚਰਚਾ ਕੀਤੀ ਜਾਵੇਗੀ, ਕਿਉਂਕਿ ਇਸ ਵਿਸ਼ੇ 'ਤੇ ਅਜੇ ਹੋਰ ਅਧਿਐਨ ਜਾਰੀ ਹੈ।

ਬੂਸਟਰ ਖੂਰਾਕ ਕਿੰਨੀ ਸੁਰੱਖਿਆ ਪ੍ਰਦਾਨ ਕਰੇਗੀ?

ਬੂਸਟਰ ਖੁਰਾਕ ਤੋਂ ਬਾਅਦ ਤੁਹਾਨੂੰ ਇੰਨ੍ਹੀ ਸੁਰੱਖਿਆ ਮਿਲਦੀ ਹੈ ਜੋ ਕਿ ਬਹੁਤ ਲੰਮੇ ਸਮੇਂ ਤੱਕ ਕਾਇਮ ਰਹਿੰਦੀ ਹੈ। ਇੱਕੋ ਜਿਹੇ ਅਧਿਐਨਾਂ ਤੋਂ ਇਸ ਦਾ ਪ੍ਰਭਾਵ ਸਪੱਸ਼ਟ ਹੈ ਕਿ ਦੋ ਖੁਰਾਕਾਂ ਓਮੀਕ੍ਰੋਨ ਖਿਲਾਫ ਕਮਜ਼ੋਰ ਹਨ।

ਬੂਸਟਰ ਖੁਰਾਕ ਲੈਣ ਤੋਂ ਬਾਅਦ ਕਿਸੇ ਵੀ ਕੋਵਿਡ ਦੇ ਲੱਛਣਾਂ ਦੇ ਵਿਰੁੱਧ 75% ਤੱਕ ਦੀ ਸੁਰੱਖਿਆ ਵੇਖੀ ਗਈ ਹੈ।

ਬੂਸਟਰ ਖੁਰਾਕ ਸਾਡੀ ਪ੍ਰਤੀਰੋਧਕ ਪ੍ਰਣਾਲੀ ਨੂੰ ਭਵਿੱਖ ਦੇ ਕਿਸੇ ਵੀ ਵੈਰੀਐਂਟ ਖਿਲਾਫ ਸਰੀਰ ਨੂੰ ਇੱਕ ਤਾਕਤ ਦਿੰਦੀ ਹੈ।

ਓਮੀਕ੍ਰੋਨ ,ਜੋ ਕਿ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ, ਦੇ ਖ਼ਤਰੇ ਵਿਚਕਾਰ ਭਾਰਤ ਸਰਕਾਰ ਨੇ ਬੂਸਟਰ ਖੁਰਾਕ ਲਗਾਉਣ ਦਾ ਕਦਮ ਚੁੱਕਿਆ ਹੈ।

ਕੀ ਉਨ੍ਹਾਂ ਲੋਕਾਂ ਨੂੰ ਵੀ ਬੂਸਟਰ ਖੁਰਾਕ ਦੀ ਜ਼ਰੂਰਤ ਹੈ, ਜਿੰਨ੍ਹਾਂ ਨੂੰ ਕੋਰੋਨਾ ਹੋ ਚੁੱਕਾ ਹੈ?

ਇੱਕ ਵਾਰ ਵਾਇਰਸ ਦੀ ਲਾਗ ਤੋਂ ਬਾਅਦ, ਸਰੀਰ 'ਚ ਵਾਇਰਸ ਨਾਲ ਲੜਨ ਦੀ ਸਮਰੱਥਾ ਵਿਕਸਿਤ ਹੋ ਜਾਂਦੀ ਹੈ।

ਜੇਕਰ ਕੋਈ ਕੋਰੋਨਾਵਾਇਰਸ ਦੀ ਲਾਗ ਨਾਲ ਪੀੜਿਤ ਹੋ ਚੁੱਕਾ ਹੈ ਤਾਂ ਉਸ ਦੇ ਸਰੀਰ 'ਚ ਵਾਇਰਸ ਖਿਲਾਫ ਐਂਟੀਬਾਡੀ ਵਿਕਸਤਿ ਹੋ ਜਾਂਦੇ ਹਨ।

ਬੂਸਟਰ ਖੁਰਾਕ ਲੈਣ ਨਾਲ ਸਰੀਰ ਦਾ ਇਮਿਊਨ ਸਿਸਟਮ ਲੰਮੇ ਸਮੇਂ ਤੱਕ ਮਜ਼ਬੂਤ ਰਹਿੰਦਾ ਹੈ, ਇਸ ਲਈ ਸਿਹਤ ਮਾਹਰਾਂ ਦੀ ਸਲਾਹ ਹੈ ਕਿ ਕੋਵਿਡ ਨਾਲ ਪੀੜਤ ਹੋਣ ਤੋਂ ਕੁਝ ਦਿਨ ਬਾਅਦ ਡਾਕਟਰ ਦੀ ਸਲਾਹ ਅਨੁਸਾਰ ਬੂਸਟਰ ਖੁਰਾਕ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)