You’re viewing a text-only version of this website that uses less data. View the main version of the website including all images and videos.
ਪੁਤਿਨ ਨੇ ਕਿਹਾ, ਪੈਗੰਬਰ ਮੁਹੰਮਦ ਦਾ ਅਪਮਾਨ ਧਾਰਮਿਕ ਅਜ਼ਾਦੀ ਦੀ ਉਲੰਘਣਾ ਹੈ’, ਇਮਰਾਨ ਖ਼ਾਨ ਨੇ ਕੀਤੀ ਸ਼ਲਾਘਾ - ਪ੍ਰੈੱਸ ਰੀਵਿਊ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪਵਿੱਤਰ ਪੈਗੰਬਰ ਮੁਹੰਮਦ ਦਾ ਅਪਮਾਨ ਕਰਨ ਨੂੰ ਕਲਾਤਮਕ ਆਜ਼ਾਦੀ ਦਾ ਪ੍ਰਗਟਾਵਾ ਨਹੀਂ ਗਿਣਿਆ ਜਾਂਦਾ, ਬਲਕਿ ਇਹ "ਧਾਰਮਿਕ ਆਜ਼ਾਦੀ ਦੀ ਉਲੰਘਣਾ" ਹੈ।
ਦਿ ਡਾਅਨ ਦੀ ਖ਼ਬਰ ਮੁਤਾਬਕ, ਸਰਕਾਰੀ ਨਿਊਜ਼ ਏਜੰਸੀ TASS ਅਨੁਸਾਰ ਪੁਤਿਨ ਨੇ ਵੀਰਵਾਰ ਨੂੰ ਮਾਸਕੋ ਵਿੱਚ ਆਪਣੀ ਸਾਲਾਨਾ ਪ੍ਰੈੱਸ ਕਾਨਫਰੰਸ ਦੌਰਾਨ ਇਹ ਟਿੱਪਣੀਆਂ ਕੀਤੀਆਂ।
ਖ਼ਬਰ ਏਜੰਸੀ ਅਨੁਸਾਰ ਇਸ ਦੌਰਾਨ ਰੂਸੀ ਰਾਸ਼ਟਰਪਤੀ ਨੇ ਫਰਾਂਸੀਸੀ ਪਤ੍ਰਿਕਾ ਚਾਰਲੀ ਹੇਬਦੋ ਵਿੱਚ ਪੈਗੰਬਰ ਮੁਹੰਮਦ ਦੇ ਈਸ਼ਨਿੰਦਾ ਸਕੈਚ ਦੇ ਪ੍ਰਕਾਸ਼ਨ ਦੀ ਵੀ ਆਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ਪੈਗੰਬਰ ਮੁਹੰਮਦ (ਸਲ ਅੱਲਲਾਹੋ ਅਲੈਹੇ ਵਸੱਲਮ) ਦਾ ਅਪਮਾਨ "ਇਸਲਾਮ ਨੂੰ ਮੰਨਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ" ਦੀ ਉਲੰਘਣਾ ਸੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੁਤਿਨ ਦੇ ਇਸ ਬਿਆਨ ਦਾ ਸਵਾਗਤ ਕਰਦੇ ਹੋਏ ਕਿਹਾ, "ਇਹ ਮੇਰੇ ਸੰਦੇਸ਼ ਦੀ ਪੁਸ਼ਟੀ ਕਰਦਾ ਹੈ ਕਿ ਪਵਿੱਤਰ ਪੈਗੰਬਰ (ਸਲ ਅੱਲਲਾਹੋ ਅਲੈਹੇ ਵਸੱਲਮ) ਦਾ ਅਪਮਾਨ ਕਰਨਾ 'ਪ੍ਰਗਟਾਵੇ ਦੀ ਆਜ਼ਾਦੀ' ਨਹੀਂ ਹੈ।"
ਆਪਣੇ ਟਵੀਟ ਵਿੱਚ ਉਨ੍ਹਾਂ ਅੱਗੇ ਲਿਖੀਆ, "ਸਾਨੂੰ ਮੁਸਲਮਾਨਾਂ, ਖਾਸ ਤੌਰ 'ਤੇ ਮੁਸਲਿਮ ਆਗੂਆਂ ਨੂੰ ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਲਈ ਗੈਰ-ਮੁਸਲਿਮ ਸੰਸਾਰ ਦੇ ਆਗੂਆਂ ਤੱਕ ਇਸ ਸੰਦੇਸ਼ ਨੂੰ ਫੈਲਾਉਣਾ ਚਾਹੀਦਾ ਹੈ।''
ਇਹ ਵੀ ਪੜ੍ਹੋ:
ਸੀਐੱਮ ਚੰਨੀ ਦੇ ਭਰਾ ਨੇ ਕਿਹਾ- ਕਾਂਗਰਸ ਦੀ ਟਿਕਟ ਲਈ ਅਪਲਾਈ ਕਰਾਂਗਾ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਕਿਹਾ ਹੈ ਕਿ ਉਹ ਕਾਂਗਰਸ ਤੋਂ ਟਿਕਟ ਲੈਣ ਲਈ ਅਪਲਾਈ ਕਰਨਗੇ। ਉਨ੍ਹਾਂ ਦਾ ਇਹ ਬਿਆਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬੱਸੀ ਪਠਾਣਾ ਵਿਖੇ ਇੱਕ ਐਲਾਨ ਤੋਂ ਬਾਅਦ ਆਇਆ ਹੈ।
ਨਵਜੋਤ ਸਿੰਘ ਸਿੱਧੂ ਨੇ ਬੱਸੀ ਪਠਾਣਾ ਵਿਖੇ ਰੈਲੀ ਦੌਰਾਨ ਇਹ ਐਲਾਨ ਕੀਤਾ ਹੈ ਕਿ ਇੱਕ ਪਰਿਵਾਰ ਵਿੱਚ ਇੱਕ ਹੀ ਟਿਕਟ ਦਿੱਤੀ ਜਾਵੇਗੀ।
ਸਿੱਧੂ ਦੇ ਇਸ ਐਲਾਨ ਤੋਂ ਇੱਕ ਦਿਨ ਮਗਰੋਂ ਹੀ ਡਾ. ਮਨੋਹਰ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਨ। ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਰਾਵਾਂ ਅਤੇ ਭੈਣਾਂ ਨੂੰ "ਤੁਰੰਤ ਪਰਿਵਾਰਕ ਮੈਂਬਰ" ਨਹੀਂ ਕਿਹਾ ਜਾ ਸਕਦਾ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਡਾ. ਮਨੋਹਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਭਰਾ ਸਨ ਪਰ ਉਨ੍ਹਾਂ ਦਾ ਆਪਣਾ ਪਰਿਵਾਰ ਸੀ ਅਤੇ ਉਹ ਉਨ੍ਹਾਂ ਤੋਂ ਵੱਖਰੇ ਘਰ ਵਿੱਚ ਰਹਿ ਰਹੇ ਸਨ।
ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ ਉਨ੍ਹਾਂ ਇਸ ਗੱਲ ਦੀ ਵੀ ਜਾਣਕਾਰੀ ਦਿਤੀ ਕਿ ਉਹ ਬੱਸੀ ਪਠਾਣਾਂ ਤੋਂ ਕਾਂਗਰਸ ਦੀ ਟਿਕਟ ਲੈਣ ਲਈ ਅਪਲਾਈ ਕਰਨਗੇ।
ਨਾਲ ਹੀ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਟਿਕਟ ਮੈਰਿਟ ਦੇ ਆਧਾਰ 'ਤੇ ਦਿੱਤੀ ਜਾਵੇ ਕਿਉਂਕਿ ਉਹ ਲੰਬੇ ਸਮੇਂ ਤੋਂ ਹਲਕੇ ਦੀ ਸੇਵਾ ਕਰ ਰਹੇ ਹਨ।
ਕੋਵਿਡ-19 ਦੂਜੀ ਲਹਿਰ ਵਿੱਚ ਨਦੀ ਮਰੇ ਹੋਏ ਲੋਕਾਂ ਲਈ ਡੰਪਿੰਗ ਗਰਾਊਂਡ ਸੀ: ਗੰਗਾ ਮਿਸ਼ਨ ਦੇ ਮੁਖੀ
ਵੀਰਵਾਰ ਨੂੰ ਲਾਂਚ ਕੀਤੀ ਗਈ ਇੱਕ ਨਵੀਂ ਕਿਤਾਬ ਦੇ ਅਨੁਸਾਰ, ਕੋਵਿਡ ਦੀ ਦੂਜੀ ਵਿਨਾਸ਼ਕਾਰੀ ਲਹਿਰ ਦੌਰਾਨ ਗੰਗਾ "ਮੁਰਦਿਆਂ ਲਈ ਇੱਕ ਸੌਖਾ ਡੰਪਿੰਗ ਗਰਾਊਂਡ" ਬਣ ਗਈ ਸੀ।
ਗੰਗਾ: ਰੀਇਮੇਜਿਨਿੰਗ, ਰੀਜੁਵੇਨੇਟਿੰਗ, ਰੀਕਨੈਕਟਿੰਗ ਸਿਰਲੇਖ ਵਾਲੀ ਇਸ ਕਿਤਾਬ ਨੂੰ ਰਾਜੀਵ ਰੰਜਨ ਮਿਸ਼ਰਾ, ਡਾਇਰੈਕਟਰ ਜਨਰਲ, ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ ਅਤੇ ਨਮਾਮੀ ਗੰਗੇ ਦੇ ਮੁਖੀ ਅਤੇ ਐੱਨਐੱਮਸੀਜੀ ਦੇ ਇੱਕ ਆਈਡੀਏਐੱਸ ਅਧਿਕਾਰੀ ਪੁਸਕਲ ਉਪਾਧਿਆਏ ਦੁਆਰਾ ਲਿਖਿਆ ਗਿਆ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਮਿਸ਼ਰਾ 1987-ਬੈਚ ਦੇ ਤੇਲੰਗਾਨਾ-ਕੇਡਰ ਦੇ ਆਈਏਐਸ ਅਧਿਕਾਰੀ ਹਨ। ਉਨ੍ਹਾਂ ਨੇ ਵੱਖ-ਵੱਖ ਅਹੁਦਿਆਂ 'ਤੇ ਐੱਨਐੱਮਸੀਜੀ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਅਤੇ 31 ਦਸੰਬਰ, 2021 ਨੂੰ ਸੇਵਾਮੁਕਤ ਹੋਣ ਵਾਲੇ ਹਨ।
ਕਿਤਾਬ ਦੇ ਇੱਕ ਹਿੱਸੇ "ਫਲੋਟਿੰਗ ਕੋਰਪਸਿਜ਼: ਏ ਰਿਵਰ ਡਿਫਿਲਡ" ਵਿੱਚ, ਇਹ ਕਿਤਾਬ ਗੰਗਾ 'ਤੇ ਮਹਾਂਮਾਰੀ ਦੇ ਪ੍ਰਭਾਵ ਦਾ ਇੱਕ ਬਿਰਤਾਂਤ ਪੇਸ਼ ਕਰਦੀ ਹੈ ਅਤੇ ਦੱਸਦੀ ਹੈ ਕਿ ਨਦੀ ਨੂੰ "ਬਚਾਉਣ" ਲਈ ਪੰਜ ਸਾਲਾਂ ਦਾ ਸਾਰਾ ਕੰਮ ਇਨ੍ਹਾਂ ਦਿਨਾਂ ਵਿੱਚ ਬੇਕਾਰ ਹੁੰਦਾ ਜਾਪਦਾ ਹੈ।
ਕਿਤਾਬ ਕਹਿੰਦੀ ਹੈ, "ਸੰਸਕਾਰ ਸੇਵਾਵਾਂ ਦਾ ਮਾੜਾ ਪ੍ਰਬੰਧਨ, ਭ੍ਰਿਸ਼ਟ ਲੋਕਾਂ ਨੇ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਲਾਸ਼ਾਂ ਦਾ ਸੰਸਕਾਰ ਕਰਨ ਦੀ ਬਜਾਏ ਨਦੀ ਵਿੱਚ ਸੁੱਟ ਦਿੱਤਾ ਅਤੇ ਮੀਡੀਆ ਦੁਆਰਾ ਪ੍ਰਤੀਕੂਲ (ਹਾਨੀਕਾਰਕ) ਪ੍ਰਚਾਰ ਨੇ ਸਾਡੀ ਪੀੜਾ ਅਤੇ ਬੇਵਸੀ ਵਿੱਚ ਵਾਧਾ ਕੀਤਾ।''
ਇਹ ਵੀ ਪੜ੍ਹੋ:
ਇਹ ਵੀ ਦੇਖੋ: