ਓਮੀਕਰੋਨ: ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਜੇ ਟੀਕੇ ਦੀਆਂ ਦੋਵੇਂ ਡੋਜ਼ ਨਹੀਂ ਲਗਵਾਈਆਂ ਤਾਂ ਘਰੇ ਬੈਠੋ, ਜਾਣੋ ਕਿੱਥੇ ਕੀ ਹਨ ਪਾਬੰਦੀਆਂ

ਦੇਸ਼ ਅਤੇ ਦੁਨੀਆਂ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਫ਼ੈਲਾਅ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਭਾਰਤ ਵਿੱਚ ਓਮੀਕਰੋਨ ਦੇ ਪੁਸ਼ਟ ਮਾਮਲਿਆਂ ਦੀ ਗਿਣਤੀ 358 ਪਹੁੰਚ ਚੁੱਕੀ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਕੇਂਦਰੀ ਸਿਹਤ ਸਕੱਤਰ ਨੇ ਮੀਡੀਆ ਬ੍ਰੀਫਿੰਗ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਦੱਸਿਆ ਕਿ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਦੇ 181 ਮਰੀਜ਼ਾਂ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਬੈਠਕ ਕੀਤੀ ਹੈ।

"ਉਨ੍ਹਾਂ ਵਿੱਚ ਤਿੰਨ ਵਿਅਕਤੀਆਂ ਨੇ ਕੋਵਿਡ ਦੇ ਦੋਵੇਂ ਟੀਕੇ ਲਗਵਾਏ ਹੋਏ ਸਨ। 121 ਲੋਕਾਂ ਨੇ ਵਿਦੇਸ਼ ਸਫ਼ਰ ਕੀਤਾ ਸੀ। 44 ਜਣੇ ਵਿਦੇਸ਼ ਤਾਂ ਨਹੀਂ ਗਏ ਸਨ ਪਰ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਤੋਂ ਆਏ ਕਿਸੇ ਯਾਤਰੀ ਦੇ ਸੰਪਰਕ ਵਿੱਚ ਆਏ ਸਨ।"

"87 ਜਣਿਆਂ ਦੇ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੱਗੀਆਂ ਸਨ ਅਤੇ ਤਿੰਨ ਅਜਿਹੇ ਸਨ ਜਿਨ੍ਹਾਂ ਨੇ ਤਿੰਨ ਖ਼ੁਰਾਕਾਂ ਵੀ ਲਗਵਾਈਆਂ ਸਨ।"

ਇਹ ਵੀ ਪੜ੍ਹੋ:

ਹੁਣ ਨਜ਼ਰ ਮਾਰਦੇ ਹਾਂ ਕੋਰੋਨਾਵਇਰਸ ਬਾਰੇ ਚੰਡੀਗੜ੍ਹ ਤੋਂ ਦੇਸ਼ ਤੇ ਦੁਨੀਆਂ ਦੀਆਂ ਵੱਡੀਆਂ ਅਪਡੇਟਸ ਉੱਪਰ-

  • ਚੰਡੀਗੜ੍ਹ ਵਿੱਚ ਓਮੀਕਰੋਨ ਦੀ ਸੰਭਾਵੀ ਲਹਿਰ ਦੇ ਮੱਦੇ ਨਜ਼ਰ ਪ੍ਰਸ਼ਾਸਨ ਨੇ ਆਪਣੇ ਇੱਕ ਹੁਕਮ ਵਿੱਚ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਦਾ ਟੀਕਾ ਨਹੀਂ ਲਗਵਾਇਆ ਹੈ ਉਹ ਘਰ ਹੀ ਰਹਿਣ ਅਤੇ ਜਨਤਕ ਥਾਵਾਂ 'ਤੇ ਨਾ ਜਾਣ।
  • ਪ੍ਰਸ਼ਾਸਨ ਨੇ ਕਿਹਾ ਹੈ ਕਿ ਅਜਿਹਾ ਕਦਮ ਉਨ੍ਹਾਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਜਾ ਰਿਹਾ ਹੈ ਜਿਨ੍ਹਾਂ ਦੇ ਅਜੇ ਤੱਕ ਕੋਈ ਵੀ ਟੀਕਾ ਨਹੀਂ ਲੱਗਿਆ ਹੈ।
  • ਜੇ ਕੋਈ ਵੀ ਬਾਲਗ਼ ਵਿਅਕਤੀ ਉਪਰੋਕਤ ਹੁਕਮਾਂ ਦੀ ਉਲੰਘਣਾ ਵਿੱਚ ਜਨਤਕ ਥਾਵਾਂ ਜਿਵੇਂ ਸਬਜ਼ੀ ਮੰਡੀ/ ਅਨਾਜ ਮੰਡੀ/ ਜਨਤਕ ਟਰਾਂਸਪੋਰਟ/ਧਾਰਮਿਕ ਥਾਵਾਂ ਆਦਿ 'ਤੇ ਫੜਿਆ ਗਿਆ ਜਿਸ ਦੇ ਦੋਵੇਂ ਟੀਕੇ ਨਹੀਂ ਲੱਗੇ ਹਨ, ਉਨ੍ਹਾਂ ਨੂੰ 500 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।
  • ਜੁਰਮਾਨਾ ਨਾ ਤਾਰਨ ਦੀ ਸੂਰਤ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।
  • ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਜਿਹੜੇ ਸਰਕਾਰੀ ਮੁਲਾਜ਼ਮਾਂ ਨੇ ਕੋਵਿਡ ਦੇ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਨਹੀਂ ਲਗਵਾਈਆਂ ਹਨ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੇਗੀ।
  • ਗੁਜਰਾਤ ਦੇ ਕਈ ਸ਼ਹਿਰਾਂ- ਅਹਿਮਦਾਬਾਦ, ਸੂਰਤ, ਰਾਜਕੋਟ, ਭਾਵਨਗਰ, ਜਾਮਨਗਰ, ਗਾਂਧੀਨਗਰ ਤੇ ਜੂਨਾਗੜ੍ਹ ਵਿੱਚ ਹਰ ਰੋਜ਼ ਰਾਤ ਦੇ 11 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰਫਿਊ ਦੇ ਹੁਕਮ ਦਿੱਤੇ ਗਏ ਹਨ।
  • ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਸੂਬੇ ਵਿੱਚ ਬਿਨਾਂ ਟੀਕੇ ਵਾਲੇ ਵਿਅਕਤੀ ਪਹਿਲੀ ਜਨਵਰੀ ਤੋਂ ਜਨਤਕ ਥਾਵਾਂ 'ਤੇ ਦਾਖ਼ਲ ਨਹੀਂ ਹੋ ਸਕਣਗੇ। ਸਰਕਾਰ ਰਾਤ ਦੇ ਕਰਫਿਊ ਉੱਪਰ ਵਿਚਾਰ ਕਰ ਰਹੀ ਹੈ।
  • ਮੁੰਬਈ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 683 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਮੌਤ ਹੋਈ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਪਾਰ ਹੋ ਗਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 97% ਹੈ।
  • ਕੋਰੋਨਾਵਾਇਰਸ ਦੇ ਬਾਵਜੂਦ ਕ੍ਰਿਸਮਿਸ ਦੇ ਮੱਦੇ ਨਜ਼ਰ ਲੱਖਾਂ ਲੋਕ ਇੱਕ ਤੋਂ ਦੂਜੇ ਦੇਸ਼ ਸਫ਼ਰ ਕਰ ਰਹੇ ਹਨ। ਇਸ ਲਿਹਾਜ਼ ਨਾਲ ਕੌਮਾਂਤਰੀ ਸੁਰੱਖਿਆ ਸਖ਼ਤ ਕੀਤੀ ਜਾ ਰਹੀ ਹੈ।
  • ਇਟਲੀ ਸਪੇਨ ਅਤੇ ਗਰੀਸ ਨੇ ਘਰਾਂ ਤੋਂ ਬਾਹਰ ਨਿਕਲਣ ਸਮੇਂ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ।
  • ਉੱਤਰੀ ਸਪੇਨ ਦੇ ਕੈਟੇਲੋਨੀਆ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ।
  • ਨੀਦਰਲੈਂਡ ਵਿੱਚ ਸਖ਼ਤ ਲੌਕਡਾਊਨ ਦੀ ਘੋਸ਼ਣਾ ਕਰ ਦਿੱਤੀ ਗਈ ਹੈ।
  • ਬ੍ਰਿਟੇਨ, ਫਰਾਂਸ ਅਤੇ ਇਟਲੀ ਵਿੱਚ ਵੀਰਵਾਰ ਨੂੰ ਲਾਗ ਦੇ ਰਿਕਾਰਡ ਮਾਮਲੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)