ਨਿਊਜ਼ੀਲੈਂਡ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਤਰ੍ਹਾਂ ਸਿਗਰੇਟ 'ਤੇ ਪਾਬੰਦੀ ਲਗਾਏਗਾ - ਪ੍ਰੈੱਸ ਰਿਵੀਊ

ਨਿਊਜ਼ੀਲੈਂਡ ਸਿਗਰਟਨੋਸ਼ੀ ਨੂੰ ਖਤਮ ਕਰਨ ਲਈ ਆਪਣੀ ਅਗਲੀ ਪੀੜ੍ਹੀ ਲਈ ਤੰਬਾਕੂ ਦੀ ਵਿਕਰੀ 'ਤੇ ਪਾਬੰਦੀ ਲਗਾਏਗਾ।

ਬੀਬੀਸੀ ਡਾਟ ਕਾਮ ਦੀ ਖ਼ਬਰ ਮੁਤਾਬਕ, ਇਸ ਕਾਨੂੰਨ ਦੇ ਦੇਸ਼ 'ਚ ਅਗਲੇ ਸਾਲ ਲਾਗੂ ਹੋਣ ਦੀ ਸੰਭਾਵਨਾ ਹੈ। ਇਸ ਦੇ ਮੁਤਾਬਕ, ਸਾਲ 2008 ਤੋਂ ਬਾਅਦ ਪੈਦਾ ਹੋਇਆ ਕੋਈ ਵੀ ਵਿਅਕਤੀ ਆਪਣੇ ਜੀਵਨ ਕਾਲ ਵਿੱਚ ਸਿਗਰੇਟ ਜਾਂ ਤੰਬਾਕੂ ਉਤਪਾਦ ਨਹੀਂ ਖਰੀਦ ਸਕੇਗਾ।

ਸਿਹਤ ਮੰਤਰੀ ਡਾ. ਆਇਸ਼ਾ ਵੇਰਲ ਨੇ ਕਿਹਾ, "ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਨੌਜਵਾਨ ਕਦੇ ਵੀ ਸਿਗਰੇਟ ਪੀਣਾ ਸ਼ੁਰੂ ਨਾ ਕਰਨ।

ਨਿਊਜ਼ੀਲੈਂਡ ਸਰਕਾਰ ਦੇ ਇਸ ਫੈਸਲੇ ਨੂੰ ਮਿਲੀ-ਜੁਲੀ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।

ਦੇਸ਼ ਦੇ ਡਾਕਟਰਾਂ ਅਤੇ ਹੋਰ ਸਿਹਤ ਮਾਹਿਰਾਂ ਨੇ ਇਨ੍ਹਾਂ ਸੁਧਾਰਾਂ ਦਾ ਸੁਆਗਤ ਕੀਤਾ ਹੈ, ਜਿਸ ਨਾਲ ਤੰਬਾਕੂ ਤੱਕ ਪਹੁੰਚ ਘਟੇਗੀ ਅਤੇ ਸਿਗਰੇਟ ਵਿੱਚ ਨਿਕੋਟੀਨ ਦਾ ਪੱਧਰ ਵੀ ਸੀਮਿਤ ਹੋਵੇਗਾ।

ਓਟੈਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਨੇਟ ਹੁੱਕ ਦੇ ਅਨੁਸਾਰ, "ਇਹ ਲੋਕਾਂ ਨੂੰ ਘੱਟ ਹਾਨੀਕਾਰਕ ਉਤਪਾਦਾਂ ਨੂੰ ਛੱਡਣ ਜਾਂ ਬਦਲਣ ਵਿੱਚ ਮਦਦ ਕਰੇਗਾ, ਅਤੇ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੋ ਜਾਵੇਗੀ ਕਿ ਨੌਜਵਾਨ ਨਿਕੋਟੀਨ ਦੇ ਆਦੀ ਹੋ ਜਾਣ।"

ਜਦਕਿ, ਕੁਝ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਕਦਮ ਨਾਲ ਤੰਬਾਕੂ ਦਾ ਇੱਕ ਕਾਲਾ ਬਾਜ਼ਾਰ ਉੱਭਰ ਸਕਦਾ ਹੈ। ਹਾਲਾਂਕਿ ਇਸ ਬਾਰੇ ਸਿਹਤ ਮੰਤਰਾਲੇ ਦੇ ਅਧਿਕਾਰਿਤ ਬਿਆਨ ਵਿੱਚ ਵੀ ਧਿਆਨ ਰੱਖਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ "ਸਰਹੱਦ 'ਤੇ ਨਿਯੰਤਰਣ ਲਾਗੂ ਕਰਨ ਲਈ ਕਸਟਮ ਨੂੰ ਹੋਰ ਸਰੋਤਾਂ ਦੀ ਲੋੜ ਹੋਵੇਗੀ"।

ਨਿਊਜ਼ੀਲੈਂਡ 2025 ਤੱਕ ਆਪਣੀ ਰਾਸ਼ਟਰੀ ਸਿਗਰਟਨੋਸ਼ੀ ਦੀ ਦਰ ਨੂੰ 5% ਤੱਕ ਘਟਾਉਣ ਦੇ ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨ ਲਈ ਦ੍ਰਿੜ ਹੈ।

ਇਹ ਵੀ ਪੜ੍ਹੋ:

ਹਰਿਆਣਾ ਵਿੱਚ ਸ਼ਰਾਬ ਪੀਣ ਦੀ ਉਮਰ ਘਟਾ ਕੇ 25 ਤੋਂ 21 ਸਾਲ ਕੀਤੀ ਗਈ

ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਆਬਕਾਰੀ ਕਾਨੂੰਨ ਵਿੱਚ ਸੋਧ ਕਰਦੇ ਹੋਏ, ਸੂਬੇ ਵਿੱਚ ਸ਼ਰਾਬ ਦੀ ਖਪਤ, ਇਸ ਦੀ ਖਰੀਦ ਜਾਂ ਵਿਕਰੀ ਦੀ ਕਾਨੂੰਨੀ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕਰਨ ਦਾ ਫੈਸਲਾ ਕੀਤਾ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਇਸ ਸਬੰਧ ਵਿੱਚ ਹਰਿਆਣਾ ਆਬਕਾਰੀ (ਸੋਧ) ਬਿੱਲ, 2021 ਨੂੰ ਰਾਜ ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਸੀ।

ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੁਆਰਾ ਪੇਸ਼ ਕੀਤੇ ਗਏ ਬਿਲ ਅਨੁਸਾਰ, ਕੁਝ ਸਮਾਂ ਪਹਿਲਾਂ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਵੀ ਸ਼ਰਾਬ ਪੀਣ ਦੀ ਉਮਰ ਸੀਮਾ ਘਟਾ ਕੇ 21 ਸਾਲ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਬਿੱਲ ਮੁਤਾਬਕ, ਅੱਜ ਦੇ ਸਮਾਜਿਕ ਆਰਥਿਕ ਹਾਲਾਤ ਉਸ ਸਮੇਂ ਤੋਂ ਬਹੁਤ ਬਦਲ ਗਏ ਹਨ ਜਦੋਂ ਆਬਕਾਰੀ ਐਕਟ ਵਿੱਚ ਇਹ ਪਹਿਲੀਆਂ ਵਿਵਸਥਾਵਾਂ ਕੀਤੀਆਂ ਗਈਆਂ ਸਨ।

ਬਿੱਲ ਵਿੱਚ ਕਿਹਾ ਗਿਆ ਹੈ ਕਿ ਲੋਕ ਹੁਣ ਵਧੇਰੇ ਪੜ੍ਹੇ-ਲਿਖੇ ਹਨ ਅਤੇ ਨਵੇਂ ਯਤਨਾਂ ਵਿੱਚ ਹਿੱਸਾ ਲੈ ਰਹੇ ਹਨ ਅਤੇ ਜਦੋਂ ਸ਼ਰਾਬ ਪੀਣ ਸਬੰਧੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਤਾਂ ਉਹ ਤਰਕਸੰਗਤ ਫੈਸਲੇ ਵੀ ਲੈ ਸਕਦੇ ਹਨ।

ਹਰਿਆਣਾ ਵਿਧਾਨ ਸਭਾ ਵਿੱਚ ਬੁੱਧਵਾਰ ਨੂੰ ਆਬਕਾਰੀ ਨਾਲ ਸਬੰਧਤ ਬਿੱਲ ਸਮੇਤ ਕੁੱਲ ਛੇ ਬਿੱਲ ਪਾਸ ਕੀਤੇ ਗਏ।

WHO ਦੀ ਬੂਸਟਰ ਡੋਜ਼ ਬਾਰੇ ਘੋਸ਼ਣਾ ਤੇ ਪੀਐੱਮ ਮੋਦੀ ਦੀ ਕੋਰੋਨਾ ਸਥਿਤੀ ਬਾਰੇ ਬੈਠਕ

ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਘੋਸ਼ਣਾ ਕਰਦਿਆਂ ਕਿਹਾ ਕਿ ਬੂਸਟਰ ਖੁਰਾਕਾਂ, ਗੰਭੀਰ ਬਿਮਾਰੀ ਦੇ ਸਭ ਤੋਂ ਵੱਧ ਜੋਖਮ ਵਾਲੇ ਸਮੂਹਾਂ ਅਤੇ ਫਰੰਟਲਾਈਨ ਹੈਲਥਕੇਅਰ ਵਰਕਰਾਂ ਲਈ ਪ੍ਰਮੁੱਖਤਾ ਨਾਲ ਸ਼ੁਰੂ ਹੋਣੀਆਂ ਚਾਹੀਦੀਆਂ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਬੂਸਟਰ ਖੁਰਾਕ 'ਤੇ ਇਸ ਬਿਆਨ ਦੇ ਭਾਰਤ ਲਈ ਮਹੱਤਵਪੂਰਨ ਪ੍ਰਭਾਵ ਹਨ ਕਿਉਂਕਿ ਭਾਰਤ ਡਬਲਯੂਐਚਓ ਦੀਆਂ ਸਿਫ਼ਾਰਸ਼ਾਂ ਦੀ ਬਹੁਤ ਨੇੜਿਓਂ ਪਾਲਣਾ ਕਰਦਾ ਹੈ ਅਤੇ ਭਾਰਤ ਨੇ ਇਸ ਸਾਲ 16 ਜਨਵਰੀ ਤੋਂ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕਾ ਲਗਾਉਣਾ ਸ਼ੁਰੂ ਕੀਤਾ ਹੈ।

ਇਸ ਦੌਰਾਨ ਦੇਸ਼ ਵਿੱਚ ਵਧ ਰਹੇ ਓਮੀਕਰੋਨ ਦੇ ਮਾਮਲਿਆਂ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦੇਸ਼ ਵਿੱਚ ਮੌਜੂਦਾ ਕੋਵਿਡ-19 ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਬੈਠਕ ਦੀ ਪ੍ਰਧਾਨਗੀ ਕਰਨਗੇ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਭਾਰਤ ਵਿੱਚ ਹੁਣ ਤੱਕ ਓਮੀਕਰੋਨ ਵੇਰੀਐਂਟ ਦੇ 200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਰਾਸ਼ਟਰੀ ਰਾਜਧਾਨੀ ਦਿੱਲੀ ਸਭ ਤੋਂ ਅੱਗੇ ਹੈ। ਬੁੱਧਵਾਰ ਤੱਕ ਇੱਥੇ 57 ਮਾਮਲੇ ਸਾਹਮਣੇ ਆਏ ਹਨ।

ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 54, ਤੇਲੰਗਾਨਾ 'ਚ 24, ਕਰਨਾਟਕ 'ਚ 19, ਰਾਜਸਥਾਨ 'ਚ 18, ਕੇਰਲ 'ਚ 15 ਅਤੇ ਗੁਜਰਾਤ 'ਚ 14 ਮਾਮਲੇ ਹਨ। ਜੰਮੂ ਅਤੇ ਕਸ਼ਮੀਰ ਵਿੱਚ ਓਮੀਕਰੋਨ ਦੇ ਤਿੰਨ ਕੇਸ ਸਾਹਮਣੇ ਆਏ ਹਨ, ਜਦਕਿ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਦੋ-ਦੋ ਮਾਮਲੇ ਹਨ।

ਇਸ ਦੌਰਾਨ, ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 34,758,481 ਹੈ ਜਿਸ ਵਿੱਚ 4,78,325 ਮੌਤਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)