ਕਸ਼ਮੀਰ ਵਿੱਚ ਪੁਲਿਸ ਦੀ ਬੱਸ ’ਤੇ ਫਾਇਰਿੰਗ, 10 ਤੋਂ ਵਧੇਰੇ ਪੁਲਿਸ ਮੁਲਾਜ਼ਮ ਜ਼ਖਮੀ 2 ਦੀ ਮੌਤ

ਸ਼੍ਰੀਨਗਰ ਦੇ ਵਿੱਚ ਇੱਕ ਪੁਲਿਸ ਬੱਸ 'ਤੇ ਸੋਮਵਾਰ ਸ਼ਾਮੀਂ ਹੋਏ ਅੱਤਵਾਦੀ ਹਮਲੇ ਬਾਰੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਮਾਰੇ ਗਏ ਮੁਲਾਜ਼ਮਾਂ ਪ੍ਰਤੀ ਦੁੱਖ ਦਾ ਪ੍ਰਗਟਵਾ ਕੀਤਾ ਹੈ।

ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਜੇਵਲ ਇਲਾਕੇ ਵਿੱਚ ਇੱਕ ਪੁਲਿਸ ਗੱਡੀ 'ਤੇ ਸੋਮਵਾਰ ਸ਼ਾਮ ਨੂੰ ਅੱਤਵਾਦੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਹਮਲੇ ਵਿੱਚ ਦਸ ਤੋਂ ਵਧੇਰੇ ਮੁਲਾਜ਼ਮ ਜਖ਼ਮੀ ਹੋਏ ਸਨ ਤੇ ਦੋ ਦੀ ਮੌਤ ਹੋ ਗਈ ਸੀ।

ਸੂਬੇ ਦੇ ਲੈਫ਼ੀਟੀਨੈਂਟ ਨੇ ਜ਼ਖਮੀਆਂ ਲਈ ਵਧੀਆ ਤੋਂ ਵਧੀਆ ਇਲਾਜ ਅਤੇ ਮੁਲਜ਼ਮਾਂ ਨੂੰ ਸਜ਼ਾ ਦਵਾਉਣ ਦੀ ਗੱਲ ਆਖੀ ਹੈ।

ਇਸ ਦੇ ਨਾਲ ਹੀ ਸੂਬੇ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਰੋਕਣ ਲਈ ਸਰਕਾਰ ਨੂੰ ਲੋਕਾਂ ਦੇ ਦਿੱਲ ਜਿੱਤਣੇ ਚਾਹੀਦੇ ਹਨ।

ਸੋਮਵਾਰ ਸ਼ਾਮ ਨੂੰ ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕਰਕੇ ਅੱਤਵਾਦੀ ਹਮਲੇ ਦੀ ਪੁਸ਼ਟੀ ਕੀਤੀ ਗਈ।

ਟਵੀਟ ਅਨੁਸਾਰ, "ਸ਼੍ਰੀਨਗਰ ਦੇ ਜੇਵਨ ਇਲਾਕੇ ਵਿੱਚ ਚਾਰ ਅੱਤਵਾਦੀਆਂ ਨੇ ਪੁਲਿਸ ਦੀ ਗੱਡੀ 'ਤੇ ਫਾਇਰਿੰਗ ਕੀਤੀ ਹੈ। ਹਮਲੇ ਵਿੱਚ 14 ਜਵਾਨ ਜ਼ਖ਼ਮੀ ਹੋਏ ਹਨ। ਸਾਰਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ।"

ਕਸ਼ਮੀਰ ਜ਼ੋਨ ਪੁਲਿਸ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਇੱਕ ਏਐਸਆਈ ਅਤੇ ਇੱਕ ਸਿਲੈਕਸ਼ਨ ਗਰੇਡ ਕਾਂਸਟੇਬਲ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ ਹੈ।

ਖ਼ਬਰ ਏਜੰਸੀ ਏਐਨਆਈ ਨੇ ਕਸ਼ਮੀਰ ਜ਼ੋਨ ਪੁਲਿਸ ਦੇ ਹਵਾਲੇ ਨਾਲ ਦੱਸਿਆ ਹੈ ਕਿ ਘਟਨਾ ਸ੍ਰੀਨਗਰ ਦੇ ਪੰਥਾ ਚੌਕ ਵਿੱਚ ਵਾਪਰੀ।

ਹਮਲੇ ਵਿੱਚ 14 ਜਣਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਇਲਾਕੇ ਨੂੰ ਕੁਆਰਡਨ ਆਫ਼ ਕਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਕੀਤੇ ਗਏ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਦੇ ਵੇਰਵਿਆਂ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨੇ ਜ਼ਖਮੀਆਂ ਅਤੇ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ।

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਸ੍ਰੀਨਗਰ ਵਿੱਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਕਿ ਸਮੁੱਚੇ ਦੇਸ਼ ਦੀ ਇੱਛਾ ਹੈ ਕਿ ਸੁੰਦਰ ਘਾਟੀ ਵਿੱਚ ਮੁੜ ਤੋਂ ਅਮਨੋ-ਅਮਾਨ ਹੋਵੇ ਅਤੇ ਆਤੰਕ ਦਾ ਅੰਤ ਹੋਵੇ।

ਜੰਮੂ-ਕਸ਼ਮੀਰ ਦੇ ਗਵਰਨਰ ਨੇ ਕੀ ਕਿਹਾ

ਜੰਮੂ-ਕਸ਼ਮੀਰ ਦੇ ਗਵਰਨਰ ਮਨੋਜ ਸਿਨਹਾ ਨੇ ਕਿਹਾ ਪੁਲਿਸ ਬੱਸ ਉੱਪਰ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਉਨ੍ਹਾਂ ਨੇ ਮਾਰੇ ਗਏ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਕਿਹਾ ਹੈ ਕਿ ਮੁਲਜ਼ਿਮਾਂ ਨੂੰ ਸਜ਼ਾ ਜ਼ਰੂਰ ਦਵਾਈ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਜ਼ਖਮੀਆਂ ਨੂੰ ਜਿੰਨਾ ਹੋ ਸਕੇ ਵਧੀਆ ਤੋਂ ਵਧੀਆ ਇਲਾਜ ਮੁਹਈਆ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਸਾਡੀ ਪੁਲਿਸ ਅਤੇ ਸੁਰੱਖਿਆ ਦਸਤੇ ਦਹਸ਼ਤਗਰਦ ਸ਼ਕਤੀਆਂ ਨੰ ਖ਼ਤਮ ਕਰਨ ਲਈ ਦ੍ਰਿੜ ਹਨ।

ਫਾਰੂਕ ਅਬਦੁੱਲਾ ਨੇ ਕੀ ਕਿਹਾ

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਮਾਰੇ ਗਏ ਜਵਾਨਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਏਐਨਆਈ ਮੁਤਾਬਕ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੇ ਇਹ ਸਭ ਬੰਦ ਕਰਵਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਦਿੱਲ ਜਿੱਤਣ ਦੀ ਗੱਲ ਕਰਨੀ ਚਾਹੀਦੀ ਹੈ। ਫਿਰ ਅਜਿਹਾ ਕੁਝ ਨਹੀਂ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਤੁਸੀਂ ਚੀਨ ਨਾਲ ਗੱਲ ਕਰ ਸਕਦੇ ਹੋ ਜੋ ਸਾਡੇ ਇਲਾਕੇ ਤੇ ਵਧ ਰਿਹਾ ਹੈ, ਸਾਡੇ ਜਵਾਨ ਮਾਰੇ ਹਨ... ਤੁਸੀਂ ਉਨ੍ਹਾਂ ਨਾਲ ਕਿਉਂ ਨਹੀਂ ਲੜਦੇ?

ਤੁਸੀਂ (ਚੀਨ) ਨਾਲ ਗੱਲ ਕਰ ਸਕਦੇ ਹੋ ਤਾਂ ਤੁਸੀਂ ਉਨ੍ਹਾਂ ਨਾਲ (ਪਾਕਿਸਤਾਨ) ਨਾਲ ਗੱਲ ਕਿਉਂ ਨਹੀਂ ਕਰ ਸਕਦੇ?

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)